ਤੇਲਗੂ ਫ਼ਿਲਮਾਂ ਦੇ ਇਕ ਅਦਾਕਾਰ ਅਤੇ ਫ਼ਿਲਮਾਂ ਦੇ ਆਲੋਚਕ ਕਾਥੀ ਮਹੇਸ਼ ਨੂੰ ਬਜਰੰਗ ਦਲ ਦੀ ਇਕ ਸ਼ਿਕਾਇਤ ਦੇ ਆਧਾਰ ਤੇ ਹੈਦਰਾਬਾਦ ਦੇ ਡੀ.ਜੀ.ਪੀ. ਵਲੋਂ ਛੇ ਮਹੀਨਿਆਂ..........
ਤੇਲਗੂ ਫ਼ਿਲਮਾਂ ਦੇ ਇਕ ਅਦਾਕਾਰ ਅਤੇ ਫ਼ਿਲਮਾਂ ਦੇ ਆਲੋਚਕ ਕਾਥੀ ਮਹੇਸ਼ ਨੂੰ ਬਜਰੰਗ ਦਲ ਦੀ ਇਕ ਸ਼ਿਕਾਇਤ ਦੇ ਆਧਾਰ ਤੇ ਹੈਦਰਾਬਾਦ ਦੇ ਡੀ.ਜੀ.ਪੀ. ਵਲੋਂ ਛੇ ਮਹੀਨਿਆਂ ਲਈ ਸ਼ਹਿਰ 'ਚੋਂ ਬਾਹਰ ਕੱਢ ਦਿਤਾ ਗਿਆ ਹੈ। ਕਾਥੀ ਮਹੇਸ਼ ਇਕ ਦਲਿਤ ਹਨ ਜਿਨ੍ਹਾਂ ਇਕ ਟੀ.ਵੀ. ਚੈਨਲ ਉਤੇ ਚਲ ਰਹੇ ਵਿਚਾਰ-ਵਟਾਂਦਰੇ ਵਿਚ ਰਮਾਇਣ ਬਾਰੇ ਕੁੱਝ ਸਵਾਲ ਖੜੇ ਕੀਤੇ ਸਨ। ਇਸ ਬਹਿਸ ਵਿਚ ਬਜਰੰਗ ਦਲ ਦੇ ਹਿੰਦੂ ਮਹਾਰਾਜ ਵੀ ਹਾਜ਼ਰ ਸਨ ਜਿਨ੍ਹਾਂ ਨੂੰ ਇਹ ਗੱਲਾਂ ਬਰਦਾਸ਼ਤ ਨਾ ਹੋਈਆਂ ਅਤੇ ਲੋਕਾਂ ਵਿਚ ਨਫ਼ਰਤ ਫੈਲਾਉਣ ਅਤੇ ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ ਦੇ ਇਰਾਦੇ ਦਾ ਦੋਸ਼ ਲਾ ਕੇ 295-ਏ ਹੇਠ ਮਾਮਲਾ ਦਰਜ ਕਰ ਦਿਤਾ ਗਿਆ।
ਮਾਮਲਾ ਅਦਾਲਤ ਵਿਚ ਪੁੱਜਣ ਤੋਂ ਪਹਿਲਾਂ ਹੀ ਪੁਲਿਸ ਵਲੋਂ ਸ਼ਾਂਤੀ ਬਰਕਰਾਰ ਰੱਖਣ ਦਾ ਬਹਾਨਾ ਲਾ ਕੇ, ਇਨ੍ਹਾਂ ਨੂੰ ਸ਼ਹਿਰ 'ਚੋਂ ਬਾਹਰ ਕੱਢ ਕੇ ਆਂਧਰ ਪ੍ਰਦੇਸ਼ ਭੇਜ ਦਿਤਾ ਗਿਆ। ਦੂਜੇ ਪਾਸੇ ਇਕ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਬਜਰੰਗ ਦਲ ਦੇ ਆਗੂਆਂ ਨੂੰ ਮਿਲਣ ਅਤੇ ਸਨਮਾਨ ਦੇਣ ਜੇਲ ਜਾ ਪੁੱਜੇ। ਇਹ ਕਾਰਕੁਨ ਜੇਲ ਵਿਚ ਪਿਛਲੇ ਸਾਲ ਰਾਮਨੌਮੀ ਮੌਕੇ ਹੋਏ ਦੰਗਿਆਂ ਵਿਚ ਸ਼ਾਮਲ ਸਨ। ਮੰਤਰੀ ਗਿਰੀਰਾਜ ਸਿੰਘ ਅਪਣੀ ਆਲੋਚਨਾ ਕਰਨ ਵਾਲਿਆਂ ਨੂੰ ਸਵਾਲ ਪੁਛਦੇ ਹਨ ਕਿ ਕੀ ਉਹ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂਆਂ ਨੂੰ ਮਿਲਣ ਜੇਲ ਵਿਚ ਜਾਂ ਉਨ੍ਹਾਂ ਦੇ ਘਰ ਨਹੀਂ ਜਾ ਸਕਦੇ? ਇਹ ਦੋਵੇਂ ਘਟਨਾਵਾਂ ਦਸਦੀਆਂ ਹਨ
ਕਿ ਅੱਜ ਦੇ ਸਿਆਸੀ 'ਬਾਦਸ਼ਾਹ' ਕਿਸ ਵਰਗ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਪਾਸੇ ਆਜ਼ਾਦ ਦੇਸ਼ ਵਿਚ ਇਕ ਦਲਿਤ ਅਪਣੇ ਧਰਮ ਗ੍ਰੰਥਾਂ ਬਾਰੇ ਵਿਚਾਰ ਵਟਾਂਦਰਾ ਵੀ ਨਹੀਂ ਕਰ ਸਕਦਾ ਅਤੇ ਦੂਜੇ ਪਾਸੇ ਦੰਗੇ ਭੜਕਾਉਣ ਵਾਲੇ ਅਪਰਾਧੀਆਂ ਨੂੰ ਮੰਤਰੀ ਹਾਰ ਪਾ ਰਹੇ ਹਨ। ਪ੍ਰਧਾਨ ਮੰਤਰੀ ਤਾਂ ਅਪਣੀ ਚੁੱਪੀ ਦੀ ਆੜ ਵਿਚ ਲੁਕ ਕੇ ਬੈਠੇ ਹੋਏ ਹਨ, ਦੇਸ਼-ਵਿਦੇਸ਼ ਦੇ ਆਗੂਆਂ ਦੇ ਜਨਮਦਿਨ ਯਾਦ ਰਖਦੇ ਹਨ, ਅਪਣੇ ਬਗ਼ੀਚੇ ਵਿਚ ਅਪਣੀ ਤੰਦਰੁਸਤੀ ਵਾਸਤੇ ਰੋਜ਼ ਕਸਰਤ ਕਰਦੇ ਹਨ ਪਰ ਜਿਸ ਲੋਕਤੰਤਰ ਦੇ ਕਾਰਨ ਅੱਜ ਉਹ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਸ ਨਾਲ ਹੋ ਰਹੇ ਖਿਲਵਾੜ ਬਾਰੇ ਬਿਲਕੁਲ ਚੁਪ ਹਨ।
ਦੇਸ਼ ਵਿਚ ਨਫ਼ਰਤ ਦੇ ਫੈਲਣ ਦੀ ਜ਼ਿੰਮੇਵਾਰੀ ਅੱਜ ਸਿੱਧੀ ਸਰਕਾਰ ਦੇ ਆਗੂਆਂ ਉਤੇ ਪੈਂਦੀ ਹੈ ਜੋ ਦੰਗੇ ਭੜਕਾਉਣ ਵਾਲਿਆਂ ਨੂੰ ਸਨਮਾਨਤ ਕਰਨ ਵਿਚ ਫ਼ਖਰ ਮਹਿਸੂਸ ਕਰਦੇ ਹਨ। ਪ੍ਰਧਾਨ ਮੰਤਰੀ ਦੀ ਚੁੱਪੀ ਜ਼ਾਹਰ ਕਰਦੀ ਹੈ ਕਿ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਸਤੇ ਉਹ ਦੇਸ਼ ਵਿਚ ਨਫ਼ਰਤ ਦੀ ਸਿਆਸਤ ਉਤੇ ਅਪਣੇ ਆਪ ਨੂੰ ਪੂਰੀ ਤਰ੍ਹਾਂ ਨਿਰਭਰ ਸਮਝਦੇ ਹਨ। ਇਨ੍ਹਾਂ ਹਾਲਾਤ ਵਿਚ ਹੁਣ ਆਉਣ ਵਾਲੇ ਸਾਲ ਵਿਚ ਇਨ੍ਹਾਂ ਸੰਸਥਾਵਾਂ ਨਾਲ ਵਿਚਾਰ-ਵਟਾਂਦਰਾ ਕਰਨਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਜਾਪਦਾ। -ਨਿਮਰਤ ਕੌਰ