
ਸਿੱਧੂ ਸਾਹਿਬ ਹੁਣ ਰੋਡ ਮੈਪ ਦਸ ਸਕਣਗੇ?
ਪੰਜਾਬ ਕੈਬਨਿਟ ਵਿਚ ਹੁਣ ਸੱਭ ਅੱਛਾ ਹੀ ਅੱਛਾ ਹੈ। ਏ.ਜੀ. ਨੂੰ ਹਟਾਇਆ ਜਾ ਰਿਹਾ ਹੈ ਤੇ ਨਵਾਂ ਡੀ.ਜੀ.ਪੀ. ਲਿਆਂਦਾ ਜਾ ਰਿਹਾ ਹੈ। ਹੁਣ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਅਪਣੀ ਕੁਰਸੀ ਤੇ ਬੈਠ ਜਾਣਗੇ। ਇਸ ‘ਲੈ ਦੇ’ ਦੇ ਸਮਝੌਤੇ ਨਾਲ ਅਥਵਾ ਦੋ ਅਫ਼ਸਰਾਂ ਦੀ ਬਲੀ ਦੇ ਕੇ, ਕਾਂਗਰਸ ਸਰਕਾਰ ਹੁਣ ਅਪਣੀਆਂ ਆਪਸੀ ਲੜਾਈਆਂ ਦੇ ਸੇਕ ਤੋਂ ਤਾਂ ਬਚੀ ਰਹੇਗੀ ਤੇ ਇਕ ਦੂਜੇ ਵਿਰੁਧ ਗਰਮ ਤੇ ਸੀਤ ਯੁਧ ਰੁਕ ਜਾਣਗੇ, ਸਰਕਾਰ ਸ਼ਾਇਦ ਅਪਣੇ ਅਸਲ ਕੰਮ ਤੇ ਵੀ ਲੱਗ ਜਾਵੇਗੀ। ਪਰ ਜਨਤਾ ਨੂੰ ਸਮਝਣਾ ਪਵੇਗਾ ਕਿ ਇਸ ਵੇਲੇ ਫ਼ਰਜ਼ੀ ਜਾਂ ਅਸਲੀ ਏਕਤਾ ਦਾ ਮਨੋਰਥ ਸਰਕਾਰ ਚਲਾਉਣਾ ਨਹੀਂ ਬਲਕਿ ਚੋਣਾਂ ਜਿੱਤਣ ਲਈ ਡੰਡ ਬੈਠਕਾਂ ਕਢਣਾ ਹੀ ਹੋਵੇਗਾ।
PUNJAB CABINET
ਇਸ ਵਾਰ ਚੋਣ ਬੁਖ਼ਾਰ ਤੇ ਕ੍ਰਿਸਮਿਸ ਦੀ ਸਜਾਵਟ, ਦਸੰਬਰ ਦੇ ਅੰਤ ਵਿਚ ਰਲ ਕੇ ਜੋ ਊਧਮ ਮਚਾਉਣਗੇ, ਉਸ ਨਾਲ ਸਾਰੇ ਤਿਉਹਾਰ ਇਸ ਚੋਣ ਮੇਲੇ ਸਾਹਮਣੇ ਫਿੱਕੇ ਪੈ ਜਾਣਗੇ। ਪਟਰੌਲ ਡੀਜ਼ਲ ਤੇ ਵੈਟ ਮਾਫ਼, ਘੱਟ ਤੋਂ ਘੱਟ ਆਮਦਨ ਦਾ ਵਧਾਇਆ ਜਾਣਾ, ਬਿਜਲੀ ਦਾ ਬਿਲ ਘਟਾਇਆ ਜਾਣਾ, ਰੇਤ ਦੀ ਕੀਮਤ ਤੈਅ ਕਰਨੀ, ਨੌਕਰੀਆਂ ਪੱਕੀਆਂ ਕਰਨੀਆਂ ਤੇ ਪਤਾ ਨਹੀਂ ਕੀ ਕੀ ਹੋਰ ਮਿਲਣ ਦੀ ਉਮੀਦ ਜਗਾਈ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਜੋ ਹਮੇਸ਼ਾ ਸਰਕਾਰ ਨੂੰ ਪੁਛਦੇ ਆ ਰਹੇ ਸਨ ਕਿ ਇਸ ਖ਼ਜ਼ਾਨੇ ਨੂੰ ਕਿਸ ਤਰ੍ਹਾਂ ਭਰਿਆ ਜਾਵੇਗਾ, ਕੌਣ ਯੋਜਨਾ ਬਣਾਏਗਾ, ਕਿਤੇ ਲੋਕਾਂ ਨੂੰ ਲੌਲੀਪੋਪ ਤਾਂ ਨਹੀਂ ਮਿਲ ਰਹੇ?
Charanjit Singh Channi
ਅੱਜ ਉਹ ਇਨ੍ਹਾਂ ਸਾਰੇ ਤੋਹਫ਼ਿਆਂ ਵਲ ਵੇਖ ਕੇ ਮੁਸਕਰਾ ਰਹੇ ਹਨ ਜਦਕਿ ਰਸਤਾ ਜਾਂ ਰੋਡ-ਮੈਪ ਅੱਜ ਵੀ ਸਾਫ਼ ਨਹੀਂ ਕਿ ਖੁਲ੍ਹਦਿਲੀ ਨਾਲ ਵੰਡਿਆ ਜਾ ਰਿਹਾ ਇਹ ਪੈਸਾ ਆਵੇਗਾ ਕਿਥੋਂ? ਇਹ ਸਾਰੇ ਤੋਹਫ਼ੇ ਜਨਤਾ ਨੂੰ ਦੇਣ ਲਗਿਆਂ ਸਰਕਾਰ ਹਜ਼ਾਰਾਂ ਕਰੋੜ ਦਾ ਨੁਕਸਾਨ ਝੱਲ ਰਹੀ ਹੈ। ਸਸਤੀ ਬਿਜਲੀ ਨਾਲ ਸੂਬੇ ਦੇ ਖ਼ਜ਼ਾਨੇ ਨੂੰ 3316 ਕਰੋੜ ਦਾ ਨੁਕਸਾਨ ਹੋਵੇਗਾ। ਪਟਰੌਲ ਡੀਜ਼ਲ ਨਾਲ ਸੂਬੇ ਦੇ ਖ਼ਜ਼ਾਨੇ ਨੂੰ 6000 ਕਰੋੜ ਦਾ ਨੁਕਸਾਨ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿਣ ਦੇ ਸਮੇਂ ਤਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਮੇਸ਼ਾ ਆਖਦੇ ਰਹਿੰਦੇ ਸਨ ਕਿ ਖ਼ਜ਼ਾਨਾ ਖ਼ਾਲੀ ਹੈ ਜਿਸ ਕਾਰਨ ਇਹ ਸਾਰੀਆਂ ਲੌਲੀਪੋਪਾਂ ਨਹੀਂ ਮਿਲ ਰਹੀਆਂ ਸਨ। ਨਾ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾ ਰਿਹਾ ਸੀ ਤੇ ਨਾ ਹੀ ਪਟਰੌਲ ਡੀਜ਼ਲ ਦੀ ਕੀਮਤ ਘਟਾਈ ਹੀ ਜਾ ਰਹੀ ਸੀ।
Navjot Singh Sidhu
‘‘ਖ਼ਜ਼ਾਨਾ ਖ਼ਾਲੀ ਹੈ’’ ਕਹਿ ਕੇ ਇਹ ਸੱਭ ਕਰਨ ਦਾ ਫ਼ਾਇਦਾ ਇਹ ਸੀ ਕਿ ਪੰਜਾਬ ਹੋਰ ਕਰਜ਼ਾ ਨਹੀਂ ਚੁਕ ਰਿਹਾ ਸੀ। ਪੰਜਾਬ ਤੇ ਵਧਦੇ ਕਰਜ਼ੇ ਬਾਰੇ ਚਿੰਤਿਤ ਤਾਂ ਨਵਜੋਤ ਸਿੱਧੂ ਵੀ ਸਨ ਪਰ ਹੁਣ ਜਦ ਏ.ਜੀ.ਅਤੇ ਡੀ.ਜੀ.ਪੀ. ਬਦਲੇ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਲੌਲੀਪੋਪਾਂ ਦੇ ਖ਼ਰਚੇ ਬਾਰੇ ਉਫ਼ ਤਕ ਨਹੀਂ ਕੀਤੀ। ਇਨ੍ਹਾਂ ਸਾਰੇ ਤੋਹਫ਼ਿਆਂ ਨੂੰ ਦੇਣ ਵਾਸਤੇ ਹੁਣ ਦੀ ਸਰਕਾਰ ਅਗਲੇ ਸਾਲ ਦੀ ਕਮਾਈ ਬਦਲੇ 4 ਫ਼ੀ ਸਦੀ ਕਰਜ਼ਾ ਲੈ ਰਹੀ ਹੈ। ਵਿੱਤ ਮੰਤਰੀ ਆਖਦੇ ਸਨ ਕਿ ਅਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਕਰਜ਼ਾ ਲੈ ਕੇ ਅਜਿਹਾ ਖ਼ਰਚਾ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਅਪਣੇ ਗਹਿਣੇ ਗਿਰਵੀ ਰੱਖ ਕੇ ਸੈਰ ਸਪਾਟੇ ਲਈ ਜਾਣਾ ਚਾਹੁੰਦੇ ਹੋ। ਪਰ ਅੱਜ ਸਾਰੇ ਮਿਲ ਕੇ ਚੋਣਾਂ ਜਿੱਤਣ ਵਾਸਤੇ ਉਹੀ ਕੁੱਝ ਕਰ ਰਹੇ ਹਨ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਸੀ।
Navjot Singh Sidhu
ਫਿਰ ਨਵਜੋਤ ਸਿੱਧੂ ਦੇ ਅੰਦਾਜ਼ ਵਿਚ ਜਵਾਬ ਦੇਂਦੇ ਹਾਂ, ‘‘ਇਹ ਕਰਜ਼ਾ ਤੁਸੀਂ, ਯਾਨੀ ਪੰਜਾਬ ਦੇ ਆਮ ਲੋਕਾਂ ਨੇ ਚੁਕਾਉਣਾ ਹੈ।’’ ਜਿਹੜਾ ਤੁਹਾਨੂੰ ਕੁੱਝ ਹਜ਼ਾਰਾਂ ਵਿਚ ਫ਼ਾਇਦਾ ਹੋਵੇਗਾ, ਉਸ ਦੀ ਕੀਮਤ ਤੁਸੀਂ ਕਰੋੜਾਂ ਵਿਚ ਚੁਕਾਉਣ ਵਾਸਤੇ ਤਿਆਰ ਹੋ ਜਾਉ। ਚੋਣਾਂ ਦੇ ਬਾਅਦ ਪੰਜਾਬ ਸਰਕਾਰ ਅਕਾਲੀ ਸਰਕਾਰ ਵਲੋਂ ਚੁੱਕੇ ਕਰਜ਼ੇ ਨੂੰ ਦੁਗਣੇ ਤੋਂ ਵੱਧ ਕਰ ਕੇ ਛੱਡ ਜਾਵੇਗੀ। ਜ਼ਰੂਰ ਕੋਵਿਡ ਦਾ ਬਹਾਨਾ ਵਰਤਿਆ ਜਾਵੇਗਾ ਪਰ ਯਾਦ ਰਖਿਉ ਕਿ ਖੇਤੀ ਸੈਕਟਰ ਵਿਚ ਵਾਧਾ ਕੋਵਿਡ ਦੌਰਾਨ ਹੋਇਆ ਅਤੇ ਇਹ ਕਰਜ਼ਾ ਮੁਫ਼ਤ ਲੌਲੀਪਾਪ ਨੂੰ ਦੇਣ ਵਾਸਤੇ ਲਿਆ ਜਾ ਰਿਹਾ ਹੈ। ਅਪਣੇ ਹੀ ਸ਼ਬਦਾਂ ਤੇ ਲਟਕੀ ਸਰਕਾਰ ਲੋਕਾਂ ਨੂੰ ਕੀ ਦਿਸ਼ਾ ਵਿਖਾਵੇਗੀ, ਇਹ ਤਾਂ ਸਮਾਂ ਹੀ ਦਸੇਗਾ। -ਨਿਮਰਤ ਕੌਰ