
ਦੇਸ਼ ਨੂੰ ਦਿਸ਼ਾ ਵਿਖਾਉਣ ਵਾਲੇ ਪੰਜਾਬੀ ਅੱਜ ਅਪਣੇ ਕਿਰਦਾਰ ਨੂੰ ਕਿਸ ਤਰ੍ਹਾਂ ਮੁੜ ਠੀਕ ਕਰਨਗੇ? ਇਹ ਮੁੱਦਾ ਸੰਜੀਦਗੀ ਨਾਲ ਵਿਚਾਰਨ ਵਾਲਾ ਹੈ
ਅਸੀ ਬਚਪਨ ਤੋਂ ਇਕ ਗੱਲ ਸੁਣਦੇ ਪੜ੍ਹਦੇ ਆ ਰਹੇ ਹਾਂ ਕਿ ਪੰਜਾਬੀਆਂ ਤੇ ਸਿੱਖਾਂ ਨੇ ਦਿੱਲੀ ਨੂੰ ਵਾਰ ਵਾਰ ਫ਼ਤਿਹ ਕੀਤਾ ਹੈ ਤੇ ਇਸੇ ਕਰ ਕੇ ਅਸੀ ਲਾਲ ਕਿਲ੍ਹੇ ਤੇ ਅਪਣਾ ਹੱਕ ਜਤਾਉਂਦੇ ਆ ਰਹੇ ਹਾਂ ਕਿਉਂਕਿ ਇਸ ਨੂੰ ਜਿੱਤਣਾ ਸਾਡੇ ਇਤਿਹਾਸ ਵਿਚ ਬੜਾ ਵੱਡਾ ਮਾਅਰਕਾ ਮੰਨਿਆ ਜਾਂਦਾ ਸੀ। ਪਰ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਨੇ ਦਿੱਲੀ ਦੀ ਗੱਦੀ ’ਤੇ ਰਾਜ ਕਰਨ ਵਾਲੇ ਨੂੰ ਪੰਜਾਬ ਆ ਕੇ ਇਸ ਨੂੰ ਬਚਾਉਣ ਵਾਸਤੇ ਬੁਲਾਇਆ ਹੈ। ਸਾਡੇ ਬਚਪਨ ਦੇ ਸਰਦਾਰ ਐਸੇ ਕਿਰਦਾਰ ਵਾਲੇ ਹੁੰਦੇ ਸਨ ਕਿ ਹਨੇਰੇ ਵਿਚ ਇਕ ਸਿੱਖ ਨੂੰ ਨਾਲ ਚਲਦਾ ਵੇਖ ਕੇ ਅਸੀਂ ਨਿਡਰ ਹੋ ਜਾਂਦੇ ਸੀ। ਪਰ ਪਿਛਲੇ 15-20 ਸਾਲਾਂ ਵਿਚ ਪੰਜਾਬ ਅਤੇ ਸਿੱਖ ਕਿਰਦਾਰ ’ਤੇ ਵਿਸ਼ਵਾਸ ਘੱਟ ਗਿਆ ਹੈ।
ਇਹ ਨਸ਼ੇ ਦੇ ਵਪਾਰ ਤੋਂ ਸ਼ੁਰੂ ਹੋ ਕੇ ਥੱਲੇ ਹੀ ਥੱਲੇ ਜਾਂਦਾ ਗਿਆ। ਜਲਦੀ ਪੈਸਾ ਬਣਾਉਣ ਦੀ ਐਸੀ ਬੀਮਾਰੀ ਲੱਗੀ ਕਿ ਜਿਹੜਾ ਨਸ਼ੇ ਦਾ ਵਪਾਰ ਨਹੀਂ ਸੀ ਕਰ ਪਾ ਰਿਹਾ, ਉਹ ਸ਼ਰਾਬ ਦੇ ਮਾਫ਼ੀਆ ਵਿਚ ਵੜ ਗਿਆ, ਅਪਣੀ ਜ਼ਮੀਨ ਦੀ ਰੇਤ ਨੂੰ ਵੇਚ ਕੇ ਰੇਤ ਮਾਫ਼ੀਆ ਬਣਾ ਲਿਆ। ਸਰਕਾਰ ਵਿਚ ਬੈਠੇ ਸੱਤਾਧਾਰੀਆਂ ਨੇ ਉਦਯੋਗਾਂ ਨੂੰ ਚੂਸ ਚੂਸ ਕੇ ਉਨ੍ਹਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਕਰ ਦਿਤਾ। ਆਟਾ ਦਾਲ ਮੁਫ਼ਤ ਦੇਣ ਦੇ ਮਾਮਲੇ ਵਿਚ ਵੀ ਲਾਲਚ ਏਨਾ ਪਸਰ ਗਿਆ ਕਿ ਅਮੀਰ ਘਰਾਂ ਵਾਲਿਆਂ ਨੇ ਵੀ ਅਪਣੇ ਨੀਲੇ ਕਾਰਡ ਬਣਾ ਕੇ ਗ਼ਰੀਬ ਦੇ ਮੂੰਹ ’ਚੋਂ ਰੋਟੀ ਖਿੱਚਣ ਵਿਚ ਸ਼ਰਮ ਨਾ ਕੀਤੀ।
ਜਿਸ ਅਧਰਮ ਨੂੂੰ ਵੇਖ ਕੇ ਬਾਬਾ ਨਾਨਕ ਨੇ ਮਨੁੱਖ ਨੂੰ ਪੂਰੀ ਤਰ੍ਹਾਂ ਬਦਲ ਦੇਣ ਵਾਲਾ ਫਲਸਫ਼ਾ ਦਿਤਾ ਸੀ, ਉਹ ਅਧਰਮ ਅੱਜ ਪੰਜਾਬ ਵਿਚ ਪੂਰੀ ਤਰ੍ਹਾਂ ਪਸਰ ਰਿਹਾ ਹੈ। ਲੰਗਰ ਲਈ ਸੰਗਤ ਵਲੋਂ ਦਿਤੀ ਸਮਗਰੀ ਚੁਕ ਕੇ ਸਿਆਸਤਦਾਨ ਅਪਣੇ ਭੋਗਾਂ ਅਤੇ ਰੈਲੀਆਂ ਵਿਚ ਲਿਜਾਣ ਤੋਂ ਲੈ ਕੇ ਗੋਲਕ ਦੇ ਪੈਸੇ ਨੂੰ ਅਪਣੀਆਂ ਤਿਜੋਰੀਆਂ ਵਿਚ ਭਰਨ ਦਾ ਕੰਮ ਕਰਦੇ ਹਨ। ਜਿਹੜੇ ਬਾਬਾ ਨਾਨਕ ਨੇ ਪੁਜਾਰੀਵਾਦ ਵਿਰੁਧ ਬਗ਼ਾਵਤ ਕੀਤੀ, ਉਨ੍ਹਾਂ ਦੀ ਜਨਮ ਧਰਤੀ ’ਤੇ ਬਾਬਾਵਾਦ ਸੱਭ ਤੋਂ ਵਧ ਫੱਲ ਫੁੱਲ ਰਿਹਾ ਹੈ ਤੇ ਜਿਹੜੇ ਫਲਸਫ਼ੇ ਨੇ ਲੋਕਾਂ ਨੂੰ ਅਪਣੇ ਆਪ ਉਤੇ ਵਿਸ਼ਵਾਸ ਕਰ ਕੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਲਈ ਤਿਆਰ ਕੀਤਾ, ਉਥੇ ਕਾਲੇ ਜਾਦੂ ਤੇ ਅੰਧ-ਵਿਸ਼ਵਾਸ ਦੀਆਂ ਦੁਕਾਨਾਂ ਚੱਲ ਰਹੀਆਂ ਹਨ।
ਕਲ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਨਹੀਂ ਬਲਕਿ ਪੰਜਾਬ ਦੇ ਲੀਡਰਾਂ ਦੇ ਕਿਰਦਾਰ ਨੂੰ ਨਕਾਰ ਕੇ ਪੰਜਾਬ ਦੀ ਵਾਗਡੋਰ ਅਰਵਿੰਦ ਕੇਜਰੀਵਾਲ ਨੂੰ ਸੌਂਪੀ ਹੈ। ਇਹ ਸਰਕਾਰ ਦਿੱਲੀ ਤੋਂ ਚਲਣ ਵਾਲੀ ਹੈ ਤੇ ਲੋਕਾਂ ਨੇ ਇਹ ਜਾਣਦੇ ਸਮਝਦੇ ਹੋਏ, ਇਹ ਫ਼ੈਸਲਾ ਲਿਆ ਹੈ ਕਿਉਂਕਿ ਉਨ੍ਹਾਂ ਨੂੰ ਅਪਣੇ ਕਿਸੇ ਅਗੂ ਦੇ ਕਿਰਦਾਰ ਤੇ ਭਰੋਸਾ ਨਹੀਂ ਰਿਹਾ। ਭਾਵੇਂ ਨਵਜੋਤ ਸਿੰਘ ਸਿੱਧੂ ਨੇ 75-25 ਦੀ ਸਾਂਝ ਦੀ ਅਸਲੀਅਤ ਲੋਕਾਂ ਸਾਹਮਣੇ ਨਸ਼ਰ ਕੀਤੀ ਪਰ ਲੋਕਾਂ ਨੇ ਉਨ੍ਹਾਂ ਤੇ ਵੀ ਭਰੋਸਾ ਨਾ ਕੀਤਾ। ਕਾਂਗਰਸ ਨੇ ਕੈਪਟਨ ਨੂੰ ਹਟਾ ਕੇ ਸਰਕਾਰ ਨੂੰ 75-25 ਤੋਂ ਅਲੱਗ ਕੀਤਾ।
ਲੋਕਾਂ ਦੇ ਮਨ ਵਿਚ ਡਰ ਜ਼ਰੂਰ ਸੀ ਕਿ ਸਰਕਾਰ ਵਿਚ ਆ ਕੇ ਇਹ ਫਿਰ 75-25 ਦੀ ਸਾਂਝ ਬਣਾ ਲੈਣਗੇ। 40 ਫ਼ੀ ਸਦੀ ਕਾਂਗਰਸੀ, ਕਾਂਗਰਸ ਵਿਰੁਧ ਆਖ਼ਰੀ ਸਮੇਂ ਬਗ਼ਾਵਤ ਕਰ ਕੇ ‘ਆਪ’ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਜਿਨ੍ਹਾਂ ਨੂੰ ਪਤਾ ਸੀ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਬਣਾਉਣਗੇ ਪਰ ਜੇ ਕੇਜਰੀਵਾਲ ਰਾਘਵ ਚੱਢਾ ਨੂੰ ਵੀ ਮੁੱਖ ਮੰਤਰੀ ਥਾਪ ਦੇਂਦੇ ਤਾਂ ਲੋਕਾਂ ਨੂੰ ਕੋਈ ਤਕਲੀਫ਼ ਨਹੀਂ ਸੀ ਹੋਣੀ ਕਿਉਂਕਿ ਪੰਜਾਬ ਨੇ ਕੇਜਰੀਵਾਲ ਦੇ ਕਿਰਦਾਰ ’ਤੇ ਵਿਸ਼ਵਾਸ ਕੀਤਾ ਹੈ।
ਦੇਸ਼ ਨੂੰ ਦਿਸ਼ਾ ਵਿਖਾਉਣ ਵਾਲੇ ਪੰਜਾਬੀ ਅੱਜ ਅਪਣੇ ਕਿਰਦਾਰ ਨੂੰ ਕਿਸ ਤਰ੍ਹਾਂ ਮੁੜ ਠੀਕ ਕਰਨਗੇ? ਇਹ ਮੁੱਦਾ ਸੰਜੀਦਗੀ ਨਾਲ ਵਿਚਾਰਨ ਵਾਲਾ ਹੈ ਤੇ ਇਹ ਕੰਮ ਕਿਸੇ ਸਰਕਾਰ ਨੇ ਨਹੀਂ ਕਰਨਾ। ਪੰਜਾਬ ਨੂੰ ਇਸ ’ਤੇ ਗ਼ੌਰ ਕਰਨ ਦੀ ਲੋੜ ਹੈ।
- ਨਿਮਰਤ ਕੌਰ