ਇਕ ਕੁੜੀ ਦੀ ਹਾਕਮ ਧਿਰ ਦੇ ਆਗੂ ਨੇ ਪੱਤ ਲੁੱਟ ਲਈ
Published : Apr 12, 2018, 3:31 am IST
Updated : Apr 12, 2018, 3:31 am IST
SHARE ARTICLE
kuldeep singh sengar
kuldeep singh sengar

ਫਿਰ ਕੀ ਹੋਇਆ, ਇਹ ਨਾ ਪੁਛੋ,  ਸੁਣ ਕੇ ਕੰਬ ਉਠੋਗੇ!

ਜਿਸ ਤਰ੍ਹਾਂ ਇਕ ਗ਼ਰੀਬ ਪ੍ਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਇਸ ਖ਼ਤਾ ਬਦਲੇ ਖ਼ਤਮ ਕੀਤਾ ਜਾ ਰਿਹਾ ਹੈ ਕਿ ਉਸ ਪ੍ਰਵਾਰ ਨੇ ਅਪਣੀ ਧੀ ਦੀ ਪੱਤ ਲੁੱਟਣ ਵਾਲੇ ਰਾਜਸੀ ਲੋਕਾਂ ਵਿਰੁਧ ਆਵਾਜ਼ ਕਿਉਂ ਉੱਚੀ ਕੀਤੀ, ਉਸ ਨੂੰ ਵੇਖ ਕੇ ਲਗਦਾ ਹੈ ਜਿਵੇਂ ਕੋਈ ਬੰਬਈਆ ਫ਼ਿਲਮ ਵੇਖ ਰਹੇ ਹਾਂ। ਫ਼ਿਲਮਾਂ ਵੀ ਤਾਂ ਸਮਾਜ ਦੀ ਸੱਚਾਈ ਪੇਸ਼ ਕਰਦੀਆਂ ਹਨ। ਇਕ ਸਿਰੜੀ ਪ੍ਰਵਾਰ ਨੇ ਅਪਣੇ ਲਈ ਨਿਆਂ ਲੈਣ ਦੀ ਕੋਸ਼ਿਸ਼ ਕੀਤੀ ਅਤੇ ਉੱਤਰ ਪ੍ਰਦੇਸ਼ ਦੀ ਸਾਰੀ ਸਰਕਾਰ ਅਤੇ ਪੁਲਿਸ ਵਲੋਂ ਉਸ ਪ੍ਰਵਾਰ ਨੂੰ ਇਸ 'ਗੁਸਤਾਖ਼ੀ' (ਹਾਕਮਾਂ ਵਿਰੁਧ ਨਿਆਂ ਮੰਗਣ ਜਾਂ ਉਨ੍ਹਾਂ ਨੂੰ ਕਟਹਿਰੇ ਵਿਚ ਖੜਿਆਂ ਕਰਨ ਦੀ) ਦਾ ਉਹ ਸਬਕ ਸਿਖਾਇਆ ਜਾ ਰਿਹਾ ਹੈ ਕਿ ਸੁਣ ਕੇ ਹੀ ਹੋਸ਼ ਟਿਕਾਣੇ ਨਹੀਂ ਰਹਿੰਦੇ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉੱਤਰ ਪ੍ਰਦੇਸ਼ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ ਵਿਰੁਧ ਇਕ ਕੁੜੀ ਨੇ ਬਲਾਤਕਾਰ ਦਾ ਇਲਜ਼ਾਮ ਲਾਇਆ ਸੀ। ਪਰ ਇਸ ਮਾਮਲੇ ਦੀ ਨਾ ਤਾਂ ਕੋਈ ਜਾਂਚ ਹੀ ਹੋਈ, ਨਾ ਪਰਚਾ ਦਰਜ ਹੋਇਆ ਅਤੇ ਪੀੜਤ ਅਤੇ ਉਸ ਦਾ ਪ੍ਰਵਾਰ ਅਦਾਲਤ ਦਾ ਦਰਵਾਜ਼ਾ ਖਟਖਟਾਉਣ ਲਈ ਮਜਬੂਰ ਹੋ ਗਏ। ਅਦਾਲਤ ਕੋਲੋਂ ਵੀ ਉਨ੍ਹਾਂ ਨੂੰ ਅਜੇ ਤਕ ਕੋਈ ਰਾਹਤ ਨਹੀਂ ਮਿਲ ਸਕੀ ਬਲਕਿ ਇਸ ਤੋਂ ਬਾਅਦ ਉਸ ਵਿਧਾਇਕ ਵਲੋਂ ਪੀੜਤ ਦੇ ਪ੍ਰਵਾਰ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨ ਵਾਲੀ ਆਡੀਉ ਕਲਿੱਪ ਸਾਹਮਣੇ ਆ ਗਈ। ਇਸ ਵਿਧਾਇਕ ਅਤੇ ਉਸ ਦੇ ਕੁੱਝ ਹਮਾਇਤੀਆਂ ਨੇ ਪੀੜਤ ਪ੍ਰਵਾਰ ਦੇ ਘਰ ਜਾ ਕੇ ਉਨ੍ਹਾਂ ਨੂੰ ਮਾਰਿਆ-ਕੁਟਿਆ। ਇਸ ਤੋਂ ਬਾਅਦ ਵੀ ਪੁਲਿਸ ਨੇ ਸਿਆਸਤਦਾਨ ਵਿਰੁਧ ਕੋਈ ਕਾਰਵਾਈ ਕਰਨ ਦੀ ਬਜਾਏ ਸਗੋਂ ਪੀੜਤ ਦੇ ਪ੍ਰਵਾਰ ਨੂੰ ਹਿਰਾਸਤ ਵਿਚ ਲੈ ਲਿਆ। ਜੇਲ ਵਿਚ ਪਿਤਾ ਨੂੰ ਏਨਾ ਮਾਰਿਆ ਕੁਟਿਆ ਗਿਆ ਕਿ ਉਹ ਆਖ਼ਰ ਵਿਚ ਅਪਣੇ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਪ੍ਰਾਣ ਹੀ ਤਿਆਗ ਗਿਆ। ਪਰ ਅਤਿਆਚਾਰ ਦੀ ਕਹਾਣੀ ਇਥੇ ਹੀ ਆ ਕੇ ਖ਼ਤਮ ਨਹੀਂ ਹੋ ਜਾਂਦੀ। ਇਕ ਹੋਰ ਵੀਡੀਉ ਸਾਹਮਣੇ ਆਇਆ ਹੈ ਜਿਸ ਵਿਚ ਪੀੜਤਾ ਦਾ ਪਿਤਾ ਖ਼ੂਨ ਨਾਲ ਲਥਪਥ ਹਾਲਤ ਵਿਚ ਲੇਟਿਆ ਦਿਸ ਰਿਹਾ ਹੈ ਅਤੇ ਕੁੱਝ ਲੋਕਾਂ ਨੇ ਉਸ ਨੂੰ ਘੇਰਿਆ ਹੋਇਆ ਹੈ। ਉਹ ਉਸ ਨੂੰ ਦਵਾਈ ਜਾਂ ਇਲਾਜ ਨਹੀਂ ਦੇ ਰਹੇ ਸਗੋਂ ਉਸ ਦੇ ਅੰਗੂਠੇ ਦੇ ਨਿਸ਼ਾਨ ਕਾਗ਼ਜ਼ਾਂ ਉਤੇ ਲੈ ਰਹੇ ਹਨ।ਅਪਣੀ ਬੇਟੀ ਲਈ ਨਿਆਂ ਮੰਗਣ ਦੀ ਹਿੰਮਤ ਜੁਟਾਣ ਵਾਲੇ ਪਿਤਾ ਨੂੰ ਪੁਲਿਸ ਹਿਰਾਸਤ ਵਿਚ ਮਾਰ ਦਿਤਾ ਗਿਆ ਅਤੇ ਪਿੱਛੇ ਰਹਿ ਗਈਆਂ ਚਾਰ ਭੈਣਾਂ ਅਤੇ ਉਨ੍ਹਾਂ ਦਾ ਇਕ ਭਰਾ ਜੋ ਕੁਰਲਾ-ਕੁਰਲਾ ਕੇ ਪੁੱਛ ਰਹੇ ਹਨ ਕਿ ਉਨ੍ਹਾਂ ਨਾਲ ਕੌਣ ਖੜਾ ਹੈ? ਕੁਲਦੀਪ ਸਿੰਘ ਸੈਂਗਰ ਨੂੰ ਹਿਰਾਸਤ ਵਿਚ ਤਾਂ ਨਹੀਂ ਲਿਆ ਗਿਆ ਪਰ ਉਸ ਦਾ ਇਕ ਬਿਆਨ ਸਾਹਮਣੇ ਆਇਆ ਹੈ ਜੋ ਦਸਦਾ ਹੈ ਕਿ ਅੱਜ ਦੇ ਸਿਆਸਤਦਾਨਾਂ ਦੀ ਸੋਚ ਕਿੰਨੀ ਹੋਛੀ ਤੇ ਨੀਵੇਂ ਪੱਧਰ ਦੀ ਹੋ ਗਈ ਹੈ। ਅਪਣੇ ਆਪ ਨੂੰ 'ਉੱਚ' ਜਾਤ ਦਾ ਠਾਕੁਰ ਅਖਵਾਉਣ ਵਾਲਾ ਇਹ ਵਿਧਾਇਕ ਆਖਦਾ ਹੈ ਕਿ ਇਹ 'ਨੀਵੀਂ ਜਾਤ ਦੇ ਲੋਕ' ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਤ-ਪਾਤ ਦੀ ਸਿਆਸਤ ਦਾ ਕੌੜਾ ਸੱਚ ਸਾਹਮਣੇ ਆ ਰਿਹਾ ਹੈ। ਇਕ ਪਾਸੇ ਤਾਂ ਪ੍ਰਧਾਨ ਮੰਤਰੀ ਆਖਦੇ ਹਨ ਕਿ ਉਨ੍ਹਾਂ ਦੇ ਸਾਰੇ ਵਿਧਾਇਕ ਅਪਣੇ ਅਪਣੇ ਹਲਕਿਆਂ ਵਿਚ ਜਾ ਕੇ ਦਲਿਤਾਂ ਦੇ ਘਰਾਂ ਵਿਚ ਰਹਿਣ ਅਤੇ ਦੂਜੇ ਪਾਸੇ ਉਨ੍ਹਾਂ ਦੀ ਸਰਕਾਰ ਦੇ ਲੋਕ 'ਨੀਵੀਂ ਜਾਤੀ' ਦੀ ਇਕ ਬੇਟੀ ਨੂੰ ਅਪਣੇ ਨਾਲ ਹੋਏ ਬਲਾਤਕਾਰ ਵਾਸਤੇ ਨਿਆਂ ਮੰਗਣ ਦੀ ਏਨੀ ਵੱਡੀ ਸਜ਼ਾ ਦੇਂਦੇ ਹਨ। 'ਬੇਟੀ ਬਚਾਉ' ਦਾ ਨਾਹਰਾ ਤਾਂ ਬੜਾ ਲੁਭਾਵਣਾ ਲਗਦਾ ਹੈ ਪਰ ਕੀ ਸਾਡੀਆਂ ਸੰਸਥਾਵਾਂ ਨੂੰ ਬੇਟੀਆਂ ਬਚਾਉਣੀਆਂ ਆਉਂਦੀਆਂ ਵੀ ਹਨ? ਜੇ ਉਹ ਅਪਣੇ ਹੀ ਵਿਧਾਇਕਾਂ ਦੀ ਹਵਸ ਵਾਸਤੇ ਕੁੜੀਆਂ ਨੂੰ ਬਚਾ ਰਹੇ ਹਨ ਤਾਂ ਚੰਗਾ ਹੋਵੇਗਾ ਕਿ ਬੇਟੀਆਂ ਨੂੰ ਕੁੱਖਾਂ ਵਿਚ ਹੀ ਮਾਰ ਦਿਤਾ ਜਾਵੇ। 

YogiYogi

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੱਤਾ ਸੰਭਾਲਦਿਆਂ ਹੀ ਆਖਿਆ ਸੀ ਕਿ ਜਿਹੜਾ ਕੋਈ ਵੀ ਅਪਰਾਧ ਕਰੇਗਾ, ਉਸ ਨੂੰ 'ਠੋਕ ਦਿਤਾ' ਜਾਵੇਗਾ। ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਸੀ ਕੀਤਾ ਕਿ ਅਪਰਾਧੀ ਦਾ ਮਤਲਬ ਕੀ ਹੈ? ਅਪਰਾਧੀ ਤੋਂ ਸ਼ਾਇਦ ਉਨ੍ਹਾਂ ਦਾ ਉਹ ਮਤਲਬ ਨਹੀਂ ਸੀ ਜੋ ਅਸੀ ਆਮ ਲੋਕ ਕਾਨੂੰਨੀ ਘੇਰੇ ਵਿਚ ਰਹਿ ਕੇ ਮੰਨਦੇ ਹਾਂ। ਉਹ ਅਪਰਾਧੀ ਉਸ ਨੂੰ ਮੰਨਦੇ ਹਨ ਜੋ ਸੱਤਾਧਾਰੀ ਲੋਕਾਂ ਵਿਰੁਧ ਆਵਾਜ਼ ਚੁੱਕ ਕੇ ਉਨ੍ਹਾਂ ਦੀ ਨੀਂਦ ਵਿਚ ਖ਼ਲਲ ਪਾਉਂਦੇ ਹਨ। ਸੋ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਤਾਂ ਅਪਣੇ ਅਤੇ ਅਪਣੇ ਮੰਤਰੀਆਂ ਵਿਰੁਧ ਕਾਨੂੰਨੀ ਅਪਰਾਧਾਂ ਦਾ ਵਰਕਾ ਪਾੜ ਸੁਟਿਆ ਅਤੇ ਫਿਰ ਅਪਣੇ ਵਿਧਾਇਕਾਂ ਨੂੰ ਪੂਰੀ ਖੁੱਲ੍ਹ ਦੇ ਦਿਤੀ ਕਿ ਜਾਉ ਜੋ ਮਰਜ਼ੀ ਕਰੋ ਤੇ ਰਾਜ ਨੂੰ ਅਪਣਾ ਹੀ ਸੇਵਾਦਾਰ ਸਮਝੋ। ਉੱਤਰ ਪ੍ਰਦੇਸ਼ ਵਿਚ ਕਾਨੂੰਨ ਅਤੇ ਪੁਲਿਸ ਦਾ ਕੋਈ ਮਤਲਬ ਨਹੀਂ ਰਹਿ ਗਿਆ। ਹੁਣ ਉਨ੍ਹਾਂ ਵਿਰੁਧ ਜੋ ਵੀ ਕੋਈ ਨਿਆਂ ਦੀ ਗੱਲ ਕਰੇਗਾ, ਉਸ ਨੂੰ ਠੋਕ ਦਿਤਾ ਜਾਵੇਗਾ। ਜਿਸ ਤਰ੍ਹਾਂ ਜੇਲ ਵਿਚ ਇਸ ਪੀੜਤ ਦੇ ਪਿਤਾ ਦੇ ਹਰ ਅੰਗ ਤੇ ਡੰਡਿਆਂ ਨਾਲ ਕਹਿਰ ਢਾਹਿਆ ਗਿਆ, ਉਸ ਨਾਲ ਉਨ੍ਹਾਂ ਨੇ ਅਪਣੇ 'ਠੋਕ ਦੋ' ਦਾ ਮਤਲਬ ਸਾਫ਼ ਕਰ ਦਿਤਾ ਹੈ। ਅਤੇ ਸਾਡੇ ਪ੍ਰਧਾਨ ਮੰਤਰੀ ਅਪਣੇ ਚਹੇਤੇ ਮੁੱਖ ਮੰਤਰੀ ਦੇ ਸੂਬੇ ਵਿਚ 'ਨੀਵੀਂ' ਜਾਤੀ ਨਾਲ ਹੋ ਰਹੇ ਇਸ ਵਿਤਕਰੇ ਬਾਰੇ ਚੁੱਪ ਵੱਟੀ ਬੈਠੇ ਹਨ। ਇਸ ਤਰ੍ਹਾਂ ਬੇਟੀਆਂ ਨਹੀਂ ਬਚਦੀਆਂ, ਪਰ ਛੜਿਆਂ ਨੂੰ ਕੀ ਪਤਾ ਹੋਵੇ ਕਿ ਬੇਟੀਆਂ ਦਾ ਦੁਖ ਇਕ ਬਾਪ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ? -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement