
ਜੇ ਹਰ ਸੂਬੇ ਵਿਚ ‘ਘੱਟ-ਗਿਣਤੀ’ ਵਖਰੀ-ਵਖਰੀ ਨਿਸ਼ਚਿਤ ਕਰਨੀ ਹੈ ਤਾਂ ਹਿੰਦੁਸਤਾਨ ਨੂੰ ਵੱਡਾ ਘਾਟਾ ਪਵੇਗਾ
ਸਬਰਾਮਨੀਅਮ ਸਵਾਮੀ ਨੇ ਪਾਕਿਸਤਾਨ ਦੇ 800 ਹਿੰਦੂਆਂ ਨੂੰ ਭਾਰਤ ਕੋਲੋਂ ਸ਼ਰਨ ਨਾ ਮਿਲਣ ਜਾਂ ਖ਼ਾਹਮਖ਼ਾਹ ਦੀ ਦੇਰ ਕਰਨ ਤੇ ਹੋਈ ਨਿਰਾਸ਼ਾ ’ਤੇ ਰੋਸ ਜਤਾਇਆ ਹੈ। ਜਿਹੜੀ ਭਾਜਪਾ ਸਰਕਾਰ, ਭਾਰਤ ਨੂੰ ਹਿੰਦੂਆਂ ਤੇ ਸਿੱਖਾਂ ਦੀ ਜਨਮ ਭੂਮੀ ਆਖਦੀ ਹੈ, ਉਸ ਨੇ ਪਾਕਿਸਤਾਨੀ ਹਿੰਦੂਆਂ ਨੂੰ ਵਾਪਸ ਕਿਉਂ ਜਾਣ ਦਿਤਾ? ਕੇਂਦਰ ਸਰਕਾਰ ਦਾ ਇਸ ਮੁੱਦੇ ਨੂੰ ਲੈ ਕੇ ਪੇਸ਼ ਕੀਤਾ ਪੱਖ ਸੁਪ੍ਰੀਮ ਕੋਰਟ ਦੀ ਸਮਝ ਤੋਂ ਵੀ ਬਾਹਰ ਹੈ ਤੇ ਉਨ੍ਹਾਂ ਨੇ ਵੀ ਕੇਂਦਰ ਸਰਕਾਰ ਨੂੰ ਫਿਟਕਾਰਿਆ ਹੈ ਤੇ ਆਖ਼ਰ ਉਥੇ ਸਰਕਾਰ ਨੂੰ ਇਸ ਮੁੱਦੇ ’ਤੇ ਅਪਣਾ ਪੱਖ ਸਪੱਸ਼ਟ ਕਰਨਾ ਹੀ ਪਿਆ।
ਕੇਂਦਰ ਸਰਕਾਰ ਨੇ ਮਾਰਚ ਵਿਚ ਹਿੰਦੂਆਂ ਨੂੰ 10 ਸੂਬਿਆਂ ਵਿਚ ਘੱਟ ਗਿਣਤੀ ਐਲਾਨਣ ਦੀ ਜ਼ਿੰਮੇਵਾਰੀ ਸੂਬਿਆਂ ’ਤੇ ਪਾ ਦਿਤੀ ਸੀ ਪਰ ਹੁਣ ਉਸ ਨੇ ਆਖਿਆ ਹੈ ਕਿ ਅਜਿਹਾ ਉਹ (ਕੇਂਦਰ ਸਰਕਾਰ) ਸੂਬਿਆਂ ਨਾਲ ਗੱਲਬਾਤ ਕਰਨ ਮਗਰੋਂ ਆਪ ਨਿਸ਼ਚਿਤ ਕਰੇਗੀ। ਮਾਰਚ ਵਿਚ ਕੇਂਦਰ ਨੇ ਸੂਬਿਆਂ ਵਿਚ ਘੱਟ ਗਿਣਤੀ ਐਲਾਨ ਦੇਣ ਦੀ ਮੰਗ ਨੂੰ ਖ਼ਾਰਜ ਕਰਨ ਵਾਸਤੇ ਆਖਿਆ ਸੀ ਕਿਉਂਕਿ ਉਸ ਵਕਤ, ਸਰਕਾਰ ਦੀ ਨਜ਼ਰ ਵਿਚ ਇਹ ਰਾਸ਼ਟਰ ਹਿਤ ਵਿਚ ਨਹੀਂ ਸੀ। ਪਰ ਫਿਰ ਸੋਮਵਾਰ ਨੂੰ ਉਨ੍ਹਾਂ ਅਪਣੀ ਸੋਚ ਬਦਲ ਲਈ। ਇਸ ਪਿੱਛੇ ਸ਼ਾਇਦ ਕਿਸੇ ਤਾਕਤ ਦਾ ਦਬਾਅ ਕੰਮ ਕਰਦਾ ਹੋਵੇਗਾ ਜਾਂ ਸਰਕਾਰ ਨੂੰ ਚੋਣਾਂ ਵਿਚ ਇਸ ਦਾ ਫ਼ਾਇਦਾ ਮਿਲਦਾ ਪ੍ਰਤੀਤ ਹੁੰਦਾ ਦਿਸਦਾ ਹੋਣੈ ਪਰ ਅੱਜ ਇਸ ਤਰ੍ਹਾਂ ਦੀ ਗੱਲ ਚੁਕੇ ਜਾਣ ਅਤੇ ਜ਼ਮੀਨੀ ਹਕੀਕਤ ਵਿਚਲੇ ਅੰਤਰ ਨੂੰ ਸੁਬਰਾਮਨੀਅਮ ਸਵਾਮੀ ਨੇ ਪ੍ਰਤੱਖ ਵਿਖਾ ਦਿਤਾ ਹੈ।
ਹਿੰਦੂ ਰਾਸ਼ਟਰ ਵਿਚ ਜੇ ਵਿਦੇਸ਼ ਤੋਂ ਹਿੰਦੂ ਵੀ ਨਹੀਂ ਆ ਸਕਦੇ ਤਾਂ ਕੀ ਹਿੰਦੁਸਤਾਨ ਅਸਲ ਵਿਚ ਹਿੰਦੂ ਰਾਸ਼ਟਰ ਹੈ? ਇਹ ਕਿਹੋ ਜਿਹਾ ਹਿੰਦੂ ਰਾਸ਼ਟਰ ਹੈ ਜਿਸ ਵਿਚ ਪਾਕਿਸਤਾਨ ਦੇ ਹਿੰਦੂ ਸ਼ਰਨ ਨਹੀਂ ਲੈ ਸਕਦੇ? ਜਾਂ ਹਿੰਦੂ ਰਾਸ਼ਟਰ ਅਸਲ ਵਿਚ ਸਿਰਫ਼ ਹਿੰਦੂ ਵੋਟਰ ਨੂੰ ਅਸਲ ਮੁੱਦੇ ਤੋਂ ਭਟਕਾਉਣ ਦਾ ਸਾਧਨ ਮਾਤਰ ਹੀ ਤਾਂ ਨਹੀਂ ਹੈ? ਦੇਸ਼ ਵਿਚ ਅੱਜ ਹਿੰਦੂ, ਸਿੱਖ, ਮੁਸਲਮਾਨ ਫਿਰ ਤੋਂ ਇਕ ਦੂਜੇ ਤੇ ਸ਼ੱਕ ਕਰਨ ਲੱਗ ਪਏ ਹਨ ਤੇ ਦੂਰੀਆਂ ਦਿਨ-ਬਦਿਨ ਵੱਧ ਰਹੀਆਂ ਹਨ ਜਦਕਿ ਵੋਟਰ ਨੂੰ ਪਤਾ ਹੀ ਨਹੀਂ ਲੱਗਣ ਦਿਤਾ ਜਾ ਰਿਹਾ ਕਿ ਦੇਸ਼ ਦੀ ਆਰਥਕਤਾ ਰਸਾਤਲ ਵਿਚ ਜਾ ਪੁੱਜੀ ਹੈ ਤੇ ਉਸੇ ਰਸਤੇ ਜਾ ਰਹੀ ਹੈ ਜਿਸ ਰਸਤੇ ਸ੍ਰੀਲੰਕਾ ਦੀ ਆਰਥਕਤਾ ਗਈ ਹੈ ਪਰ ਉਸ ਵਲੋਂ ਧਿਆਨ ਹਟਾਉਣ ਲਈ ਸਾਨੂੰ ਫ਼ਿਰਕੂ ਗੈਸ ਸੁੰਘਾ ਕੇ ਬੇਹੋਸ਼ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੂੰ ਨਫ਼ਰਤ ਦੀਆਂ ਹਵਾਵਾਂ ਵਿਚ ਪੀਂਘਾਂ ਝੂਟਣ ਲਾ ਦਿਤਾ ਗਿਆ ਹੈ ਤੇ ਅਸੀ ਅਸਲੀਅਤ ਨੂੰ ਸਮਝ ਹੀ ਨਹੀਂ ਰਹੇ।
ਅਸਲੀਅਤ ਇਹ ਹੈ ਕਿ ਅਸੀਂ (ਹਿੰਦੂ, ਮੁਸਲਮਾਨ, ਸਿੱਖ) ਗ਼ਰੀਬ ਤੇ ਖ਼ਾਲੀ ਹੁੰਦੇ ਜਾ ਰਹੇ ਖ਼ਜ਼ਾਨੇ ਵਾਲੇ ਦੇਸ਼ ਦੇ ਬਰਾਬਰ ਦੇ ਨਾਗਰਿਕ ਹਾਂ। ਅੱਜ ਜਿਵੇਂ ਸ੍ਰੀਲੰਕਾ ਦੀ ਅਰਥ-ਵਿਵਸਥਾ ਤਹਿਸ-ਨਹਿਸ ਹੋਈ ਹੈ, ਉਹ ਸੱਭ ਨੂੰ ਇਕ ਤਰ੍ਹਾਂ ਹੀ ਬਰਬਾਦ ਕਰ ਰਹੀ ਹੈ। ਨਾ ਕੋਵਿਡ ਨੇ ਸਾਡੇ ਧਰਮ ਨੂੰ ਵੇਖਿਆ, ਨਾ ਗ਼ਰੀਬੀ ਹੀ ਕਿਸੇ ਨੂੰ ਨਜ਼ਰ ਆਉਂਦੀ ਹੈ। ਇਹ ਤਾਂ ਅਸੀਂ ਹੀ ਹਾਂ ਜੋ ਆਰਥਕਤਾ ਦੇ ਦੈਂਤ ਨੂੰ ਨਹੀਂ ਵੇਖ ਰਹੇ ਪਰ ਹਰ ਦੂਜੇ ਬੰਦੇ ਨੂੰ ਹਿੰਦੂ, ਮੁਸਲਿਮ, ਸਿੱਖ ਦੇ ਰੂਪ ਵਿਚ ਹੀ ਵੇਖਣ ਲੱਗ ਪਏ ਹਾਂ ਤੇ ਅੱਖਾਂ ਵਿਚ ਹਿੰਦੂ ਰਾਸ਼ਟਰ ਦਾ ਖ਼ਵਾਬ ਸਜਾਈ, ਅਸਲੀਅਤ ਵਲੋਂ ਭਟਕਦੇ ਜਾ ਰਹੇ ਹਾਂ।
ਉਨ੍ਹਾਂ ਪਾਕਿਸਤਾਨੀ ਹਿੰਦੂਆਂ ਨੂੰ ਕੋਈ ਪੁੱਛੇ ਕਿ ਉਨ੍ਹਾਂ ਵਾਸਤੇ ‘‘ਹਿੰਦੂ ਰਾਸ਼ਟਰ’’ ਨੇ ਦਰਵਾਜ਼ੇ ਕਿਉਂ ਬੰਦ ਕਰ ਦਿਤੇ ਹਨ? ਇਹ ਦੇਸ਼ ਇਕ ਹੈ ਤੇ ਸੱਭ ਕੁੱਝ ਦੇਸ਼ ਨੂੰ ਆਧਾਰ ਬਣਾ ਕੇ ਗੱਲ ਕੀਤੀ ਜਾਏ ਤਾਂ ਵੱਖ-ਵੱਖ ਸੂਬਿਆਂ ਵਿਚ ਘੱਟ ਗਿਣਤੀ ਕਿਉਂ ਨਿਸ਼ਚਿਤ ਕਰਨੀ ਪੈ ਰਹੀ ਹੈ? ਇਕ ਹਿੰਦੁਸਤਾਨ ਵਿਚ ਇਕ ਬਹੁਗਿਣਤੀ ਹੈ ਤੇ ਕੁੱਝ ਘੱਟ-ਗਿਣਤੀਆਂ। ਕੋਈ ਵਖਰਾ ਫ਼ਾਰਮੂਲਾ, ਹਿੰਦੂ ਬਹੁਗਿਣਤੀ ਲਈ ਲਾਭਦਾਇਕ ਤਾਂ ਹੋ ਸਕਦਾ ਹੈ ਪਰ ਦੇਸ਼ ਲਈ ਬੜਾ ਖ਼ਤਰਨਾਕ ਸਾਬਤ ਹੋਵੇਗਾ। ਹਿੰਦੁਸਤਾਨ ਦੁਨੀਆਂ ਦੇ ਹਰ ਹਿੰਦੂ ਵਾਸਤੇ ਹਿੰਦੂ ਰਾਸ਼ਟਰ ਹੋਵੇਗਾ ਜਾਂ ਸਿਰਫ਼ ਵੋਟਰਾਂ ਵਾਸਤੇ?
- ਨਿਮਰਤ ਕੌਰ