
ਨਾਗਰਿਕ ਦੀ ਆਜ਼ਾਦੀ ਸਬੰਧੀ ਸੁਪ੍ਰੀਮ ਕੋਰਟ ਦਾ ਫ਼ੈਸਲਾ ਠੀਕ ਪਰ ਨਿਜੀ ਜ਼ਿੰਦਗੀ ਬਾਰ ਖ਼ਬਰਾਂ ਉਤੇ ਵੀ ਰੋਕ ਲਗਣੀ ਚਾਹੀਦੀ ਹੈ...
ਸੁਪਰੀਮ ਕੋਰਟ ਵਲੋਂ ਨਾਗਰਿਕਾਂ ਦੀ ਆਜ਼ਾਦੀ ਬਾਰੇ ਟਿਪਣੀ ਬੜੀ ਮਹੱਤਵਪੂਰਨ ਹੈ। ਅਦਾਲਤ ਦੇ ਕਹਿਣ ਮੁਤਾਬਕ, ਸਰਕਾਰ ਤੇ ਪੁਲਿਸ ਕਿਸੇ ਵੀ ਨਾਗਰਿਕ ਦੀ ਆਜ਼ਾਦੀ ਤੇ ਹਮਲਾ ਨਹੀਂ ਕਰ ਸਕਦੀ। ਇਕ ਪੱਤਰਕਾਰ ਨੇ ਯੋਗੀ ਆਦਿਤਿਆਨਾਥ ਬਾਰੇ ਜੋ ਲਿਖਿਆ ਸੀ, ਉਹ ਯੋਗੀ ਦੇ ਨਿਜੀ ਜੀਵਨ ਬਾਰੇ ਕੁੱਝ ਟਿਪਣੀ ਕਰਦਾ ਸੀ ਅਤੇ ਅਜੀਬ ਗੱਲ ਇਹ ਹੈ ਕਿ ਇਸ ਮੁੱਦੇ ਤੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਦੋ ਹੋਰ ਲੋਕ ਹਿਰਾਸਤ ਵਿਚ ਲਏ ਗਏ ਹਨ। ਪਰ ਜਿਸ ਲੜਕੀ ਨੇ ਯੋਗੀ ਅਤੇ ਅਪਣੇ ਵਿਚਕਾਰ ਕਿਸੇ ਰਿਸ਼ਤੇ ਦਾ ਵੀਡੀਉ ਪਾਇਆ, ਉਸ ਵਿਰੁਧ ਕੋਈ ਕਦਮ ਨਹੀਂ ਚੁਕਿਆ ਗਿਆ।
Supreme Court Of India
ਯੋਗੀ ਆਦਿਤਿਆਨਾਥ ਦੇ ਨਿਜੀ ਜੀਵਨ ਬਾਰੇ ਟਿਪਣੀ ਮਗਰੋਂ ਅੱਧੀ ਰਾਤ ਨੂੰ ਹੋਈ ਗ੍ਰਿਫ਼ਤਾਰੀ, ਭਾਰਤ ਵਿਚ ਪਹਿਲੀ ਵਾਰੀ ਨਹੀਂ ਹੋਈ ਅਤੇ ਇਹ ਸਿਰਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਹੇਠ ਹੀ ਨਹੀਂ ਹੋਇਆ। ਅੱਜ ਦੇ ਦਿਨ ਇਹੀ ਸੋਚ ਕਰਨਾਟਕ ਵਿਚ ਦੋ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੇ ਰੂਪ ਵਿਚ ਸਾਹਮਣੇ ਆਈ ਹੈ। ਪੰਜਾਬ 'ਚ ਰੋਜ਼ਾਨਾ ਸਪੋਕਸਮੈਨ ਨੂੰ ਅਕਾਲੀ ਦਲ ਦੀ ਸਰਕਾਰ ਨੇ 10 ਸਾਲ ਵਾਸਤੇ ਆਰਥਕ ਨਾਕੇਬੰਦੀ ਸਮੇਤ ਮਾਨਸਕ ਤੇ ਕਾਨੂੰਨੀ ਉਲਝਣਾਂ 'ਚ ਪਾਈ ਰਖਿਆ।
Yogi Adityanath
ਸੋ ਸਰਕਾਰਾਂ ਦੀ ਇਹ ਸੋਚ ਰਹਿੰਦੀ ਹੀ ਰਹਿੰਦੀ ਹੈ ਕਿ ਉਹ ਅਪਣੇ ਆਲੋਚਕਾਂ ਨੂੰ ਦਬਾ ਕੇ ਰੱਖਣ ਅਤੇ ਪੁਲਿਸ ਉਨ੍ਹਾਂ ਦਾ ਡੰਡਾ ਬਣ ਜਾਂਦੀ ਹੈ। ਯੋਗੀ ਜੇ ਅਪਣੇ ਨਿਜੀ ਜੀਵਨ ਉਤੇ ਹੋਈ ਟਿਪਣੀ ਤੋਂ ਨਾਖ਼ੁਸ਼ ਸਨ ਤਾਂ ਉਹ ਇਸ ਵਿਅਕਤੀ ਉਤੇ ਪਰਚਾ ਦਰਜ ਕਰਵਾਉਣ ਲਈ ਆਜ਼ਾਦ ਹਨ, ਮਾਣਹਾਨੀ ਦਾ ਮਾਮਲਾ ਬਣਦਾ ਹੈ ਅਤੇ ਹੁਣ ਵੀ ਚਲੇਗਾ। ਪਰ ਅਪਣੀ ਤਾਕਤ ਦੇ ਦੁਰਉਪਯੋਗ ਦੀ ਪ੍ਰਥਾ ਨੂੰ ਰੋਕਣ ਦਾ ਸੁਪਰੀਮ ਕੋਰਟ ਦਾ ਕਦਮ ਬਹੁਤ ਹੀ ਸਖ਼ਤ ਹੈ। ਪਰ ਇਕ ਹੋਰ ਤੱਥ ਵੀ ਅਜਿਹਾ ਹੈ ਜਿਸ ਬਾਰੇ ਵਿਚਾਰ ਕਰਨੀ ਜ਼ਰੂਰੀ ਬਣਦੀ ਹੈ।
Prashant Kanojia
ਸੋਸ਼ਲ ਮੀਡੀਆ, ਪੱਤਰਕਾਰੀ ਇਕ ਵਿਅਕਤੀ ਦੇ ਨਿਜੀ ਜੀਵਨ ਤੇ ਵਾਰ ਕਰਨ ਦਾ ਜ਼ਰੀਆ ਕਿਉਂ ਬਣ ਰਹੀ ਹੈ? ਯੋਗੀ ਨੇ ਅਪਣੀ ਤਾਕਤ ਵਿਖਾ ਕੇ ਡਰ ਤਾਂ ਫੈਲਾ ਦਿਤਾ ਪਰ ਆਮ ਇਨਸਾਨ ਅਪਣੇ ਬਾਰੇ ਅਫ਼ਵਾਹਾਂ ਨੂੰ ਕਿਸ ਤਰ੍ਹਾਂ ਰੋਕਦਾ? ਹਰ ਸਨਸਨੀਖ਼ੇਜ਼ ਅਤੇ ਚਟਪਟੀ ਖ਼ਬਰ ਅੱਗ ਵਾਂਗ ਫੈਲਦੀ ਹੈ। ਯੋਗੀ ਆਦਿਤਿਆਨਾਥ ਦੇ ਰਾਜ 'ਚ ਬਲਾਤਕਾਰ ਦਾ ਸਿਲਸਿਲਾ ਦੁਗਣਾ ਹੋ ਗਿਆ ਹੈ ਅਤੇ ਪਿਛਲੇ ਸਾਲ ਹੀ ਯੂ.ਪੀ. 'ਚ 5000 ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ। ਇਸ ਅੰਕੜੇ ਬਾਰੇ ਯੋਗੀ ਕਿੰਨੇ ਕੁ ਚਿੰਤਤ ਹਨ? ਯੂ.ਪੀ. ਦਾ ਇਕ ਪੱਤਰਕਾਰ ਵੀ ਚਿੰਤਿਤ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਕਿਸੇ ਲੜਕੀ ਨਾਲ ਨਿਜੀ ਸਬੰਧ ਹਨ ਜਾਂ ਹਜ਼ਾਰਾਂ ਬੱਚੀਆਂ ਦਾ ਬਲਾਤਕਾਰ ਕਿਉਂ ਹੋ ਰਿਹਾ ਹੈ?
Prashant Kanojia & Yogi Adityanath
ਯੋਗੀ ਤਾਂ ਇਕ ਜਾਣਿਆ-ਪਛਾਣਿਆ ਇਨਸਾਨ ਹੈ ਅਤੇ ਉਸ ਦੀ ਨਿਜੀ ਜ਼ਿੰਦਗੀ ਬਾਰੇ ਲੋਕਾਂ ਨੂੰ ਦਿਲਚਸਪੀ ਹੋ ਸਕਦੀ ਹੈ ਪਰ ਅੱਜ ਤਾਂ ਹਰ ਆਮ ਇਨਸਾਨ ਦੀ ਜ਼ਿੰਦਗੀ 'ਚ ਵੀ ਮੁਸੀਬਤਾਂ ਨੂੰ ਸੋਸ਼ਲ ਮੀਡੀਆ ਨੇ ਇਕ ਖੁੱਲ੍ਹਾ ਪਲੇਟਫ਼ਾਰਮ ਦੇ ਦਿਤਾ ਹੈ। ਕੋਈ ਅਪਣੇ ਘਰ ਵਾਲਿਆਂ ਤੋਂ ਨਾਰਾਜ਼ ਹੈ ਤੇ ਦੋਸਤ ਨਾਲ ਲੜਾਈ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਜਾਵੇ ਤਾਂ ਉਹੋ ਜਹੀ ਖ਼ਬਰ ਫੈਲਣ ਵਿਚ ਦੇਰ ਨਹੀਂ ਲਗਦੀ। ਆਜ਼ਾਦੀ ਕੀ ਸਿਰਫ਼ ਨਾਗਰਿਕ ਦੀ ਹੈ ਜਾਂ ਇਕ ਚਰਚਿਤ ਨਾਗਰਿਕ ਵੀ ਉਸ ਸ਼੍ਰੇਣੀ ਵਿਚ ਸ਼ਾਮਲ ਹੈ? ਕਿਸੇ ਇਨਸਾਨ ਦੀ ਨਿਜੀ ਜ਼ਿੰਦਗੀ ਬਾਰੇ ਖ਼ਬਰ ਬਣਾਉਣੀ ਕੀ ਮਿਆਰੀ ਪੱਤਰਕਾਰੀ ਆਖੀ ਜਾ ਸਕਦੀ ਹੈ? -ਨਿਮਰਤ ਕੌਰ