
Nepal Protests: ਰਾਸ਼ਟਰਪਤੀ ਰਾਮ ਚੰਦਰ ਪੌਡੇਲ ਸਿਰਫ਼ ਨਾਮ ਦੇ ਰਾਜ-ਪ੍ਰਮੁੱਖ ਹਨ। ਹਕੂਮਤ ਦੀ ਅਸਲ ਵਾਗਡੋਰ ਥਲ ਸੈਨਾ ਮੁਖੀ, ਜਨਰਲ ਅਸ਼ੋਕ ਰਾਜ ਸਿਗਦੇਲ ਦੇ ਹੱਥਾਂ ਵਿਚ ਹੈ।
The rebellious spirit of the new generation... Nepal Protests: ਨੇਪਾਲ ਅਜੇ ਵੀ ਸੁਲਗ਼ ਰਿਹਾ ਹੈ। ਤਿੰਨ ਦਿਨਾਂ ਦੀ ਹਿੰਸਾ ਤੋਂ ਬਾਅਦ ਵੀਰਵਾਰ ਨੂੰ ਅਰਾਜਕਤਾ ਵਿਚ ਕਮੀ ਦੇਖਣ ਨੂੰ ਮਿਲੀ ਜਿਸ ਕਾਰਨ ਫ਼ੌਜ ਨੇ ਦੇਸ਼-ਵਿਆਪੀ ਕਰਫ਼ਿਊ ਵਿਚ ਵੱਖ-ਵੱਖ ਥਾਵਾਂ ’ਤੇ ਕੁੱਝ ਸਮੇਂ ਲਈ ਢਿੱਲ ਦਿਤੀ। ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣਾਂ ਵੀ ਆਰੰਭ ਹੋਈਆਂ ਜਿਨ੍ਹਾਂ ਸਦਕਾ ਉਸ ਮੁਲਕ ਵਿਚ ਫਸੇ ਗ਼ੈਰ-ਨੇਪਾਲੀਆਂ ਦੀ ਵਤਨ-ਵਾਪਸੀ ਦਾ ਅਮਲ ਸ਼ੁਰੂ ਹੋ ਗਿਆ। ਇਸ ਸਭ ਦੇ ਬਾਵਜੂਦ ‘ਸਭ ਖ਼ੈਰੀਅਤ’ ਵਾਲੀ ਸਥਿਤੀ ਅਜੇ ਦੂਰ ਦੀ ਗੱਲ ਜਾਪਦੀ ਹੈ।
ਰਾਸ਼ਟਰਪਤੀ ਰਾਮ ਚੰਦਰ ਪੌਡੇਲ ਸਿਰਫ਼ ਨਾਮ ਦੇ ਰਾਜ-ਪ੍ਰਮੁੱਖ ਹਨ। ਹਕੂਮਤ ਦੀ ਅਸਲ ਵਾਗਡੋਰ ਥਲ ਸੈਨਾ ਮੁਖੀ, ਜਨਰਲ ਅਸ਼ੋਕ ਰਾਜ ਸਿਗਦੇਲ ਦੇ ਹੱਥਾਂ ਵਿਚ ਹੈ। ਉਨ੍ਹਾਂ ਨੇ ਮੁਲਕ ਦੀ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੂੰ ਬੰਗਲਾਦੇਸ਼ ਵਾਲੀ ਤਰਜ਼ ’ਤੇ ਮੁਲਕ ਦੀ ਚੀਫ਼ ਐਗਜ਼ੀਕਿਊਟਿਵ (ਸੀ.ਈ.ਓ.) ਬਣਨ ਲਈ ਰਾਜ਼ੀ ਕਰ ਲਿਆ ਹੈ। 71 ਵਰਿ੍ਹਆਂ ਦੀ ਕਾਰਕੀ ਦਾ ਨਾਮ, ਮੁਲਕ ਵਿਚ ਰਾਜਪਲਟਾ ਸੰਭਵ ਬਣਾਉਣ ਵਾਲੀ ਨੌਜਵਾਨ ਧਿਰ (ਜੈੱਨ-ਜ਼ੀ) ਦੇ ਕੁੱਝ ਆਗੂਆਂ ਨੇ ਉਭਾਰਿਆ ਸੀ। ਸੁਪਰੀਮ ਕੋਰਟ ਦੀ ਜੱਜ ਤੇ ਚੀਫ਼ ਜਸਟਿਸ ਵਜੋਂ ਉਹ ਭ੍ਰਿਸ਼ਟਾਚਾਰ ਨਾਲ ਕਰੜੇ ਹੱਥੀਂ ਸਿੱਝਣ ਵਾਸਤੇ ਮਸ਼ਹੂਰ ਰਹੀ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਬਹੁਤੇ ਸਿਆਸਤਦਾਨ ਖ਼ੁਦ ਨੂੰ ਕਸੂਤਾ ਫਸਿਆ ਮਹਿਸੂਸ ਕਰਦੇ ਰਹੇ ਸਨ ਅਤੇ ਦੋ ਉੱਚ ਰਾਜਨੇਤਾਵਾਂ ਨੂੰ ਸਜ਼ਾਵਾਂ ਵੀ ਹੋਈਆਂ ਸਨ।
ਨੇਪਾਲ ਵਿਚ ਲੋਕਤੰਤਰ ਰਾਜਾਸ਼ਾਹੀ ਖ਼ਿਲਾਫ਼ ਲੋਕ ਵਿਦਰੋਹ ਦੇ ਜ਼ਰੀਏ ਆਇਆ ਸੀ, ਪਰ ਇਕ ਦਸ਼ਕ ਤੋਂ ਵੱਧ ਲੰਮੇ ਸਮੇਂ ਦੌਰਾਨ ਲੋਕਤੰਤਰੀ ਆਗੂਆਂ, ਖ਼ਾਸ ਕਰ ਕੇ ਲੋਕਾਂ ਵਲੋਂ ਚੁਣੇ ਵਿਧਾਨਕ ਪ੍ਰਤੀਨਿਧਾਂ (ਸੰਸਦ ਮੈਂਬਰਾਂ) ਦਾ ਕਾਰ-ਵਿਹਾਰ ਮਾਯੂਸਕੁਨ ਰਿਹਾ। ਉਨ੍ਹਾਂ ਵਲੋਂ ਦਰਸਾਏ ਸੱਤਾ-ਮੋਹ, ਭ੍ਰਿਸ਼ਟਾਚਾਰ, ਬਦਗ਼ੁਮਾਨੀ ਤੇ ਬਦਇਖ਼ਲਾਕੀ ਨੇ ਆਰਥਿਕ ਕਠਿਨਾਈਆਂ ਝੇਲ ਰਹੀ ਨੌਜਵਾਨੀ ਅੰਦਰ ਰੋਹ ਦਾ ਬਲਵਾ ਪੈਦਾ ਕੀਤਾ।
ਇਸ ਪੀੜ੍ਹੀ ਵਲੋਂ ਅਪਣੀ ਕੁੰਠਾ ਤੇ ਭੜਾਸ ਕੱਢਣ ਲਈ ਵਰਤੇ ਜਾਂਦੇ 26 ਸੋਸ਼ਲ ਮੀਡੀਆ ਐਪਾਂ ਉਪਰ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਸਰਕਾਰ ਵਲੋਂ ਪਿਛਲੇ ਦਿਨੀਂ ਲਾਈ ਪਾਬੰਦੀ ਨੇ ਨੌਜਵਾਨੀ ਅੰਦਰ ਰੋਹ ਏਨਾ ਪ੍ਰਚੰਡ ਕਰ ਦਿਤਾ ਕਿ ਸੰਸਦ ਭਵਨ, ਸੁਪਰੀਮ ਕੋਰਟ ਤੇ ਸਰਕਾਰੀ ਸਕੱਤਰੇਤ ਸਮੇਤ ਰਾਜ-ਸੱਤਾ ਦਾ ਹਰ ਪ੍ਰਤੀਕ ਅੱਗਜ਼ਨੀ ਤੇ ਪਥਰਾਓ ਦਾ ਨਿਸ਼ਾਨਾ ਬਣ ਗਿਆ। ਕਈ ਸਾਬਕਾ ਪ੍ਰਧਾਨ ਮੰਤਰੀਆਂ ਦੇ ਜੱਦੀ ਘਰ ਸਾੜੇ ਗਏ, ਉਨ੍ਹਾਂ ਦੀ ਜਨਤਕ ਤੌਰ ’ਤੇ ਮਾਰ-ਕੁੱਟ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਰਕਾਰੀ ਤੇ ਨਿੱਜੀ ਗੱਡੀਆਂ ਫੂਕ ਦਿਤੀਆਂ ਗਈਆਂ।
ਸਰਕਾਰ ਨੇ ਅਜਿਹੀ ਅਰਾਜਕਤਾ ਉੱਤੇ ਕਾਬੂ ਪਾਉਣ ਲਈ ਸੁਰੱਖਿਆ ਬਲਾਂ ਨੂੰ ਹਰ ਤਰ੍ਹਾਂ ਦੀ ਸਖ਼ਤੀ ਕਰਨ ਦਾ ਅਖ਼ਤਿਆਰ ਦੇ ਦਿਤਾ। ਲਿਹਾਜ਼ਾ, ਪੁਲੀਸ ਫਾਇਰਿੰਗ ਦੀਆਂ ਘਟਨਾਵਾਂ ਵਿਚ 11 ਮੌਤਾਂ ਦੀਆਂ ਖ਼ਬਰਾਂ ਨੇ ਲੋਕ ਰੋਹ ਹੋਰ ਪ੍ਰਚੰਡ ਕੀਤਾ। ਇਸੇ ਕਾਰਨ ਫ਼ੌਜ ਨੂੰ ਸਿੱਧਾ ਦਖ਼ਲ ਦੇਣਾ ਪਿਆ। ਦੂਜੇ ਪਾਸੇ, ਜਨਤਕ ਵਿਦਰੋਹ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਵੀ ਅਹਿਸਾਸ ਹੋਇਆ ਕਿ ਸਰਕਾਰੀ ਤੇ ਗ਼ੈਰ-ਸਰਕਾਰੀ ਅਸਾਸਿਆਂ ਦੀ ਭੰਨ-ਤੋੜ ਤੇ ਸਾੜ-ਫੂਕ, ਦੇਸ਼ ਨੂੰ ਹੀ ਸਿੱਧਾ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਹੈ। ਇਸੇ ਲਈ ਉਨ੍ਹਾਂ ਨੇ ਅੰਦੋਲਨ ਮੁਅੱਤਲ ਕਰ ਕੇ ਨਵੀਂ ਸਰਕਾਰ ਦੀ ਸਥਾਪਨਾ ਵਿਚ ਫ਼ੌਜ ਨੂੰ ਸਹਿਯੋਗ ਦੇਣ ਪ੍ਰਤੀ ਸਹਿਮਤੀ ਜਤਾਈ। ਹੁਣ ਜਦੋਂ ਜਸਟਿਸ ਸੁਸ਼ੀਲਾ ਕਾਰਕੀ, ਸਰਕਾਰ ਦੀ ਮੁਖੀ ਬਣਨ ਲਈ ਤਿਆਰ ਹਨ ਤਾਂ ਉਮੀਦ ਇਹੋ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਟੀਮ ਵਿਚ ਆਗੂ ਉਹ ਸ਼ਾਮਲ ਕੀਤੇ ਜਾਣਗੇ ਜੋ ਸੱਚਮੁੱਚ ਹੀ ਬੇਦਾਗ਼ ਤੇ ਕਾਰਜ-ਕੁਸ਼ਲ ਹਨ।
ਨੇਪਾਲ ਦੇ ਸੰਵਿਧਾਨ ਵਿਚ ਸੀ.ਈ.ਓ. ਦੀ ਅਗਵਾਈ ਵਾਲੀ ਸਰਕਾਰ ਦੀ ਸਥਾਪਨਾ ਦੀ ਕੋਈ ਵਿਵਸਥਾ ਨਹੀਂ। ਬੰਗਲਾਦੇਸ਼ ਵਿਚ ਵੀ ਅਜਿਹਾ ਹੀ ਸੀ। ਪਰ ਅਸਾਧਾਰਨ ਹਾਲਾਤ ਵਿਚ ਅਸਾਧਾਰਨ ਪ੍ਰਬੰਧਾਂ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਅਵੱਸ਼ ਹਾਸਿਲ ਹੋ ਜਾਂਦੀ ਹੈ। ਇਹ ਕੁੱਝ ਬੰਗਲਾਦੇਸ਼ ਵਿਚ ਵੀ ਵਾਪਰਿਆ ਅਤੇ ਤੀਜੀ ਦੁਨੀਆਂ ਦੇ ਕਈ ਹੋਰਨਾਂ ਮੁਲਕਾਂ ਵਿਚ ਵੀ। ਨੌਜਵਾਨੀ ਵਲੋਂ ਸੰਭਵ ਬਣਾਏ ਰਾਜਪਲਟਿਆਂ ਦਾ ਆਗਾਜ਼ ਤਾਂ ਅਕਸਰ ਚੰਗਾ ਰਹਿੰਦਾ ਹੈ, ਪਰ ਅੰਜਾਮ ਹਮੇਸ਼ਾਂ ਸਿਹਤਮੰਦ ਨਹੀਂ ਸਾਬਤ ਹੁੰਦਾ। ਇਸ ਦੀ ਵਜ੍ਹਾ ਹੈ ਕਿ ਇਨ੍ਹਾਂ ਰਾਹੀਂ ਜੋ ਆਗੂ ਰਾਜਸੱਤਾ ਵਿਚ ਆਉਂਦੇ ਹਨ, ਉਹ ਅਸੂਲਪ੍ਰਸਤੀ ’ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਲੋਭਾਂ-ਲਾਲਚਾਂ ਤੇ ਵਿਕਾਰਾਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਦੇ ਖ਼ਿਲਾਫ਼ ਜਨ-ਵਿਦਰੋਹ ਉਨ੍ਹਾਂ ਨੇ ਖ਼ੁਦ ਲਾਮਬੰਦ ਕੀਤਾ ਸੀ।
ਅਜਿਹਾ ਰੁਝਾਨ ਰਵਾਇਤੀ ਸਿਆਸਤਦਾਨਾਂ ਦੀ ਵਾਪਸੀ ਦਾ ਆਧਾਰ ਬਣ ਜਾਂਦਾ ਹੈ। ਬੰਗਲਾਦੇਸ਼ ਵਿਚ ਸੀ.ਈ.ਓ. ਮੁਹੰਮਦ ਯੂਨੁਸ ਦੀ ਸਰਕਾਰ ਵਿਧਾਨਕ ਤੇ ਸਿਆਸੀ ਸੁਧਾਰ ਸੰਭਵ ਬਣਾਉਣ ਦੀ ਥਾਂ ਅਪਣਾ ਕਾਰਜਕਾਲ ਵਧਾਉਣ ਦੇ ਪੈਂਤੜੇ ਖੇਡਦੀ ਆ ਰਹੀ ਹੈ। ਇੰਡੋਨੇਸ਼ੀਆ ਵਿਚ ਵੀ ਨੇਪਾਲ ਵਰਗਾ ਘਟਨਾਕ੍ਰਮ ਵਾਪਰ ਰਿਹਾ ਹੈ ਪਰ ਉੱਥੇ ਵੀ ਰਵਾਇਤੀ ਸਿਆਸਤਦਾਨ ਅਪਣੇ ਦਾਅ-ਪੇਚਾਂ ਰਾਹੀਂ ਜਨ-ਵਿਦਰੋਹ ਦੀ ਲੀਡਰਸ਼ਿਪ ਨੂੰ ਮਾਤ ਦੇਣ ਦੀ ਸਥਿਤੀ ਵਿਚ ਜਾਪਦੇ ਹਨ। ਅਰਬ ਜਗਤ ਵਿਚ ਇਸ ਸਦੀ ਦੇ ਸ਼ੁਰੂ ਵਿਚ ‘ਅਰਬੀ ਬਸੰਤਾਂ’ (ਅਰਬ ਸਪਰਿੰਗਜ਼) ਤਾਂ ਇਕ ਦਰਜਨ ਮੁਲਕਾਂ ਵਿਚ ਆਈਆਂ, ਪਰ ਬਹੁਤ ਸੀਮਤ ਸਮੇਂ ਲਈ। ਬਹੁਤੀ ਥਾਈਂ ਮਹਿਜ਼ ਇਕ ਵਰ੍ਹੇ ਦੇ ਅੰਦਰ ਸੁਧਾਰ ਦਾ ਉਲਾਰ, ਗ਼ਰਦ ਗ਼ੁਬਾਰ ਵਿਚ ਬਦਲ ਗਿਆ।
ਨੇਪਾਲ ਦੀ ਮਰਜ਼ ਰਾਜਸੀ ਘੱਟ ਅਤੇ ਆਰਥਿਕ ਵੱਧ ਹੈ। ਉਸ ਮੁਲਕ ਦੀ ਨੌਜਵਾਨੀ ਨੌਕਰੀਆਂ ਤੇ ਕੰਮ ਦੇ ਅਵਸਰਾਂ ਦੀ ਘਾਟ ਕਾਰਨ ਵਿਦੇਸ਼ਾਂ ਵਲ ਹਿਜਰਤ ਲਈ ਮਜਬੂਰ ਹੈ। ਰੋਜ਼ਾਨਾ ਔਸਤ 1400 ਯੁਵਕ, ਉਸ ਦੇਸ਼ ਤੋਂ ਵਿਦੇਸ਼ ਜਾ ਰਹੇ ਹਨ। ਭਾਰਤ ਵਿਚ ਨੇਪਾਲੀ ਵਸੋਂ ਨੇਪਾਲ ਅੰਦਰਲੀ ਵਸੋਂ (2.97 ਕਰੋੜ) ਜਿੰਨੀ ਹੀ ਹੈ। ਬਹੁਤੇ ਨੇਪਾਲੀ ਤਾਂ ਪੀੜ੍ਹੀਆਂ ਤੋਂ ਇੱਥੇ ਵਸੇ ਹੋਏ ਹਨ। ਲਿਹਾਜ਼ਾ, ਨਵੀਂ ਪੀੜ੍ਹੀ ਲਈ ਰੁਜ਼ਗਾਰ ਦੇ ਅਵਸਰ ਇੱਥੇ ਵੀ ਬਹੁਤ ਘੱਟ ਹਨ। ਇਸ ਵੇਲੇ ਨੇਪਾਲੀ, ਦੁਨੀਆਂ ਦੇ 189 ਮੁਲਕਾਂ ਵਿਚ ਪੁੱਜੇ ਹੋਏ ਹਨ। ਉਨ੍ਹਾਂ ਵਲੋਂ ਭੇਜਿਆ ਪੈਸਾ ਨੇਪਾਲ ਦੀ ਕੁਲ ਕੌਮੀ ਆਮਦਨ ਦਾ 33.9 ਫ਼ੀਸਦੀ ਬਣਦਾ ਹੈ। ਉਨ੍ਹਾਂ ਦੀ ਕਿਰਤ ਕਮਾਈ ਦੀ ਰਾਜਨੇਤਾਵਾਂ ਵਲੋਂ ਐਸ਼ੋ-ਇਸ਼ਰਤ ਲਈ ਵਰਤੋਂ ਨੇ ਰੋਹ ਦੇ ਭਾਂਬੜ ਤਾਂ ਬਾਲਣੇ ਹੀ ਸਨ। ਹੁਣ ਇਨ੍ਹਾਂ ਦੀ ਰਾਖ਼ ਵਿਚੋਂ ਕੁੱਝ ਸਾਰਥਿਕ ਸਿਰਜਣਾ ਨੇਪਾਲ ਦੀ ਨਵੀਂ ਪੀੜ੍ਹੀ ਲਈ ਅਵਸਰ ਵੀ ਹੈ ਅਤੇ ਚੁਣੌਤੀ ਵੀ।