ਜੇਕਰ ਚੈਂਪੀਅਨਜ਼ ਟਰਾਫ਼ੀ ਨੂੰ ਪਾਕਿਸਤਾਨ ਦੀ ਥਾਂ ਕਿਸੇ ਹੋਰ ਮੁਲਕ ਵਿਚ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ ਤਾਂ ਪਾਕਿਸਤਾਨੀ ਟੀਮ ਉਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਵੇਗੀ।
Editorial: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਧਮਕੀ ਦਿੱਤੀ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੰਗ ਅੱਗੇ ਝੁਕਦਿਆਂ ਕੌਮਾਂਤਰੀ ਕ੍ਰਿਕਟ ਕਾਨਫ਼ਰੰਸ (ਆਈਸੀਸੀ) ਜੇਕਰ ਚੈਂਪੀਅਨਜ਼ ਟਰਾਫ਼ੀ ਨੂੰ ਪਾਕਿਸਤਾਨ ਦੀ ਥਾਂ ਕਿਸੇ ਹੋਰ ਮੁਲਕ ਵਿਚ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ ਤਾਂ ਪਾਕਿਸਤਾਨੀ ਟੀਮ ਉਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਵੇਗੀ।
ਚੈਂਪੀਅਨਜ਼ ਟਰਾਫ਼ੀ ਦੇ ਮੈਚ ਅਗਲੇ ਸਾਲ 19 ਫ਼ਰਵਰੀ ਤੋਂ 9 ਮਾਰਚ ਤਕ ਲਾਹੌਰ, ਕਰਾਚੀ ਤੇ ਰਾਵਲਪਿੰਡੀ ਵਿਚ ਖੇਡੇ ਜਾਣੇ ਤੈਅ ਕੀਤੇ ਗਏ ਸਨ, ਪਰ ਭਾਰਤੀ ਬੋਰਡ ਨੇ ਅਪਣੀ ਟੀਮ ਪਾਕਿਸਤਾਨ ਭੇਜਣ ਤੋਂ ਨਾਂਹ ਕਰ ਦਿੱਤੀ ਹੈ। ਇਸ ਨੇ ਆਈ.ਸੀ.ਸੀ ਨੂੰ ਬੇਨਤੀ ਕੀਤੀ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਭਾਰਤੀ ਟੀਮ ਨਾਲ ਸਬੰਧਤ ਸਾਰੇ ਮੈਚ ਪਾਕਿਸਤਾਨ ਦੀ ਥਾਂ ਕਿਸੇ ਹੋਰ ਮੁਲਕ (ਸੰਭਾਵੀ ਤੌਰ ’ਤੇ ਯੂ.ਏ.ਈ) ਵਿਚ ਕਰਵਾਏ ਜਾਣ।
ਦੂਜੇ ਪਾਸੇ, ਪਾਕਿਸਤਾਨੀ ਬੋਰਡ ਨੇ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਸਿਰਫ਼ ਇਸ ਸ਼ਰਤ ’ਤੇ ਸਵੀਕਾਰ ਕੀਤੀ ਸੀ ਕਿ ਸਾਰੇ ਮੈਚ ਪਾਕਿਸਤਾਨੀ ਭੂਮੀ ’ਤੇ ਹੀ ਹੋਣਗੇ ਅਤੇ ਉਸ ਨੂੰ ਆਖਰੀ ਮੌਕੇ ਕਿਸੇ ਹੋਰ ਮੁਲਕ ਨਾਲ ਸਾਂਝੀ-ਮੇਜ਼ਬਾਨੀ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਪਾਕਿਸਤਾਨੀ ਬੋਰਡ ਦੇ ਪ੍ਰਧਾਨ ਮੋਹਸਿਨ ਨਕਵੀ ਨੇ ਅਪਣੇ ਮੁਲਕ ਦੇ ਅੰਗਰੇਜ਼ੀ ਅਖ਼ਬਾਰ ‘ਡਾਅਨ’ ਨਾਲ ਇਕ ਇੰਟਰਵਿਊ ਵਿਚ ਕਿਹਾ ਕਿ, ‘‘ਜੇਕਰ ਆਈ.ਸੀ.ਸੀ. ਨੇ ਭਾਰਤੀ ਦਬਾਅ ਹੇਠ ਆ ਕੇ ਪਾਕਿਸਤਾਨ ਨਾਲ ਵਾਅਦਾ-ਖ਼ਿਲਾਫ਼ੀ ਕੀਤੀ ਤੇ ਟੂਰਨਾਮੈਂਟ ਕਿਸੇ ਹੋਰ ਮੁਲਕ ਵਿਚ ਤਬਦੀਲ ਕੀਤਾ ਗਿਆ ਤਾਂ ਪਾਕਿਸਤਾਨ ਰੋਸ ਵਜੋਂ ਉੱਥੇ ਅਪਣੀ ਟੀਮ ਨਹੀਂ ਭੇਜੇਗਾ।’’
ਨਕਵੀ ਦਾ ਇਹ ਪੱਖ ਜ਼ਾਹਰਾ ਤੌਰ ’ਤੇ ਜਾਇਜ਼ ਵੀ ਜਾਪਦਾ ਹੈ। ਦਰਅਸਲ, 2012 ਤੋਂ ਬਾਅਦ ਕੋਈ ਵੀ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਵਿਚ ਖੇਡਣ ਨਹੀਂ ਗਈ। ਦੂਜੇ ਪਾਸੇ, ਪਾਕਿਸਤਾਨੀ ਟੀਮ ਪਿਛਲੇ ਸਾਲ ਇਕ-ਰੋਜ਼ਾ ਕੌਮਾਂਤਰੀ ਮੈਚਾਂ ਵਾਲੇ ਵਿਸ਼ਵ ਕੱਪ ਟੂਰਨਾਮੈਂਟ ਦੇ ਮੈਚ ਖੇਡਣ ਭਾਰਤ ਆਈ ਸੀ। ਉਸ ਨੇ ਹੈਦਰਾਬਾਦ ਤੇ ਅਹਿਮਦਾਬਾਦ ਵਿਚ ਮੈਚ ਖੇਡੇ ਸਨ ਅਤੇ ਇਨ੍ਹਾਂ ਮੈਚਾਂ ਦੌਰਾਨ ਸੁਰੱਖਿਆ ਪਖੋਂ ਉਸ ਟੀਮ ਨੂੰ ਕੋਈ ਦਿਕੱਤ ਪੇਸ਼ ਨਹੀਂ ਸੀ ਆਈ।
ਉਸ ਤੋਂ ਉਮੀਦ ਉੱਭਰੀ ਸੀ ਕਿ ਭਵਿੱਖ ਵਿਚ ਭਾਰਤੀ ਟੀਮ ਵੀ ਬੇਝਿਜਕ ਹੋ ਕੇ ਪਾਕਿਸਤਾਨ ਜਾਏਗੀ। ਪਰ ਭਾਰਤੀ ਬੋਰਡ ਦੀ ਹਾਲੀਆ ਦਰਖ਼ਾਸਤ ਨੇ ਸਾਰੀਆਂ ਉਮੀਦਾਂ ਉੱਤੇ ਪਾਣੀ ਫੇਰ ਦਿਤਾ ਹੈ। ਪਹਿਲਾਂ ਪਿਛਲੇ ਸਾਲ ਭਾਰਤ ਨੇ ਏਸ਼ੀਆ ਕੱਪ ਕ੍ਰਿਕਟ ਚੈਂਪੀਅਨਸ਼ਿਪ ਵੀ ਪਾਕਿਸਤਾਨ ਵਿਚ ਖੇਡਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਨਾਲ ਪਾਕਿਸਤਾਨੀ ਬੋਰਡ ਨੂੰ ਇਹ ਟੂਰਨਾਮੈਂਟ ‘ਹਾਈਬ੍ਰਿਡ’ ਭਾਵ ਦੋ-ਮੁਲਕੀ ਬਣਾਉਣ ਵਾਸਤੇ ਮਜਬੂਰ ਹੋਣਾ ਪਿਆ।
ਨਤੀਜਾ ਇਹ ਨਿਕਲਿਆ ਕਿ ਅਸਲ ਮੇਜ਼ਬਾਨ ਹੋਣ ਦੇ ਬਾਵਜੂਦ ਪਾਕਿਸਤਾਨ ਵਿਚ ਸਿਰਫ਼ ਚਾਰ ਮੈਚ ਹੀ ਖੇਡੇ ਜਾ ਸਕੇ, ਬਾਕੀ ਸਾਰੇ ਸ੍ਰੀਲੰਕਾ ਵਿਚ ਹੋਏ। ਪੀ.ਸੀ.ਬੀ. ਨੂੰ ਇਸ ਤਬਦੀਲੀ ਕਾਰਨ ਮਾਇਕ ਨੁਕਸਾਨ ਵੀ ਹੋਇਆ ਅਤੇ ਨਮੋਸ਼ੀ ਵੀ ਬਰਦਾਸ਼ਤ ਕਰਨੀ ਪਈ। ਇਸੇ ਨਮੋਸ਼ੀ ਤੋਂ ਬਚਣ ਲਈ ਪਾਕਿਸਤਾਨੀ ਬੋਰਡ ਨੇ ਨਿਰਣਾ ਲਿਆ ਕਿ ਉਹ ਭਵਿੱਖ ਵਿਚ ਭਾਰਤੀ ‘ਸੀਨਾਜ਼ੋਰੀ’ ਅੱਗੇ ਗੋਡੇ ਨਹੀਂ ਟੇਕੇਗਾ।
ਫ਼ਿਲਹਾਲ, ਜੋ ਸਥਿਤੀ ਹੈ, ਉਸ ਦੇ ਪੇਸ਼ੇਨਜ਼ਰ ਜਿੱਥੇ ਪਾਕਿਸਤਾਨੀ ਬੋਰਡ ਦਾ ਭਾਰਤ ਪ੍ਰਤੀ ਗਿਲਾ ਜਾਇਜ਼ ਜਾਪਦਾ ਹੈ, ਉਥੇ ਭਾਰਤੀ ਬੋਰਡ ਵੀ ਅਪਣੀ ਥਾਂ ਗ਼ਲਤ ਨਹੀਂ। ਉਹ ਭਾਰਤ ਸਰਕਾਰ ਦੀ ਮਨਜ਼ੂਰੀ ਬਿਨਾਂ ਕੋਈ ਟੀਮ ਪਾਕਿਸਤਾਨ ਨਹੀਂ ਭੇਜ ਸਕਦਾ। ਭਾਰਤ ਸਰਕਾਰ ਦੀ ਮਨਜ਼ੂਰੀ ਪਾਕਿਸਤਾਨ ਵਿਚਲੀ ਸੁਰੱਖਿਆ ਸਥਿਤੀ ਦੇ ਜਾਇਜ਼ੇ ’ਤੇ ਨਿਰਭਰ ਕਰਦੀ ਹੈ। ਇਹ ਜਾਇਜ਼ਾ ‘ਸੱਭ ਅੱਛਾ’ ਹੋਣ ਦਾ ਸੰਕੇਤ ਨਹੀਂ ਦਿੰਦਾ, ਖ਼ਾਸ ਕਰ ਕੇ ਬਲੋਚਿਸਤਾਨ ਤੇ ਖ਼ੈਬਰ-ਪਖ਼ਤੂਨਖ਼ਵਾ ਸੂਬਿਆਂ ਵਿਚ ਹਾਲੀਆ ਦਹਿਸ਼ਤੀ ਹਿੰਸਾ ਦੇ ਮੱਦੇਨਜ਼ਰ।
ਪਾਕਿਸਤਾਨੀ ਹਲਕਿਆਂ ਨੂੰ ਉਮੀਦ ਸੀ ਕਿ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਪਿਛਲੇ ਮਹੀਨੇ ਇਸਲਮਾਬਾਦ ‘ਬ੍ਰਿਕਸ’ ਸਿਖਰ ਸੰਮੇਲਲ ਵਿਚ ਸ਼ਮੂਲੀਅਤ ਅਤੇ ਇਸ ਦੋ-ਰੋਜ਼ਾ ਫੇਰੀ ਦੌਰਾਨ ਪਾਕਿਸਤਾਨੀ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ ਅਤੇ ਮੋਹਸਿਨ ਨਕਵੀ (ਜੋ ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਮੰਤਰੀ ਵੀ ਹਨ) ਨਾਲ ਉਨ੍ਹਾਂ ਦੀ ਸੁਖਾਵੀਂ ਵਾਰਤਾਲਾਪ ਭਾਰਤ-ਪਾਕਿ ਕ੍ਰਿਕਟ ਸਬੰਧਾਂ ਨੂੰ ਲੀਹ ’ਤੇ ਲਿਆਉਣ ਵਿਚ ਸਾਜ਼ਗਾਰ ਹੋਵੇਗੀ, ਪਰ ਇਸ ਉਮੀਦ ਨੂੰ ਬੂਰ ਨਹੀਂ ਪਿਆ। ਸਫ਼ਾਰਤੀ ਪੰਡਿਤਾਂ ਦਾ ਮੰਨਣਾ ਹੈ ਕਿ ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਨੇ ਮੋਦੀ ਸਰਕਾਰ ਵਲੋਂ ਪਾਕਿਸਤਾਨ ਪ੍ਰਤੀ ਕੋਈ ਨਰਮਾਈ ਵਿਖਾਏ ਜਾਣ ਦੀ ਸੰਭਾਵਨਾ ਹੀ ਨਹੀਂ ਉਭਰਨ ਦਿਤੀ।
ਦੂਜੇ ਪਾਸੇ, ਮੋਹਸਿਨ ਨਕਵੀ ਨੇ ਵੀ ਅਪਣੀਆਂ ਸਿਆਸੀ ਮਜਬੂਰੀਆਂ ਕਾਰਨ ਮਾਅਰਕੇਬਾਜ਼ੀ ਵਿਖਾਉਣੀ ਬਿਹਤਰ ਸਮਝੀ। ਉਨ੍ਹਾਂ ਦੀ ਬਿਆਨਬਾਜ਼ੀ ਦਾ ਸਾਰਅੰਸ਼ ਇਹ ਹੈ ਕਿ ਪਾਕਿਸਤਾਨ, ਭਾਰਤੀ ਧੌਂਸ ਅੱਗੇ ਨਹੀਂ ਝੁਕੇਗਾ। ਇਸ ਪੂਰੇ ਪ੍ਰਕਰਣ ਦਾ ਸਿੱਟਾ ਇਹੋ ਨਿਕਲਿਆ ਕਿ ਦੋਵਾਂ ਮੁਲਕਾਂ ਨੇ ਅਪਣਾ ਦੁਫੇੜ ਘਟਾਉਣ ਦਾ ਇਕ ਚੰਗਾ ਮੌਕਾ ਅਜਾਈਂ ਗੁਆ ਲਿਆ ਹੈ। ਇਹ ਅਪਣੇ ਆਪ ਵਿਚ ਕੋਈ ਛੋਟਾ ਦੁਖਾਂਤ ਨਹੀਂ।