Editorial: ਦਿੱਲੀ ਕਾਰ ਬੰਬ ਕਾਂਡ ਨਾਲ ਜੁੜੇ ਅਹਿਮ ਸਬਕ
Published : Nov 12, 2025, 6:57 am IST
Updated : Nov 12, 2025, 8:03 am IST
SHARE ARTICLE
Important lessons from the Delhi car bomb incident
Important lessons from the Delhi car bomb incident

ਇਸ ਦੁਖਾਂਤ ਵਿਚ 12 ਵਿਅਕਤੀ ਮਾਰੇ ਗਏ ਅਤੇ 20 ਤੋਂ ਵੱਧ ਜ਼ਖ਼ਮੀ ਹੋਏ।

Important lessons from the Delhi car bomb incident: ਦਿੱਲੀ ਵਿਚ ਲਾਲ ਕਿਲੇ ਨੇੜੇ ਸੋਮਵਾਰ ਸ਼ਾਮੀਂ ਹੋਇਆ ਕਾਰ ਬੰਬ ਧਮਾਕਾ ਦਹਿਸ਼ਤਵਾਦੀ ਘਟਨਾ ਸੀ, ਇਸ ਦੀ ਪੁਸ਼ਟੀ ਸਰਕਾਰੀ ਤੌਰ ’ਤੇ ਹੋ ਚੁੱਕੀ ਹੈ। ਇਸ ਦੁਖਾਂਤ ਵਿਚ 12 ਵਿਅਕਤੀ ਮਾਰੇ ਗਏ ਅਤੇ 20 ਤੋਂ ਵੱਧ ਜ਼ਖ਼ਮੀ ਹੋਏ। ਧਮਾਕੇ ਵਾਲੀ ਕਾਰ ਦੇ ਚੀਥੜੇ ਉੱਡ ਗਏ ਅਤੇ ਇਕ ਦਰਜਨ ਤੋਂ ਵੱਧ ਹੋਰ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਮੀਡੀਆ ਰਿਪੋਰਟਾਂ ਅਨੁਸਾਰ ਕਾਰ ਨੂੰ ਕਸ਼ਮੀਰ ਵਾਦੀ ਦੇ ਪੁਲਵਾਮਾ ਜ਼ਿਲ੍ਹੇ ਦਾ ਉਮਰ ਨਾਮੀ ਵਿਅਕਤੀ ਚਲਾ ਰਿਹਾ ਸੀ। ਉਹ ਪੇਸ਼ੇ ਵਜੋਂ ਡਾਕਟਰ ਦਸਿਆ ਜਾਂਦਾ ਹੈ।

ਉਹ ਮੈਡੀਕਲ ਪ੍ਰੋਫ਼ੈਸ਼ਨਲਜ਼ ਦੇ ਉਸੇ ਗਰੋਹ ਦਾ ਮੈਂਬਰ ਸੀ ਜਿਸ ਨੂੰ ਜੰਮੂ-ਕਸ਼ਮੀਰ ਤੇ ਹਰਿਆਣਾ ਦੀਆਂ ਪੁਲੀਸ ਫੋਰਸਾਂ ਨੇ ਸੋਮਵਾਰ ਦਿਨੇਂ ਬੇਪਰਦ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਗਰੋਹ ਦੇ ਮੈਂਬਰਾਂ ਪਾਸੋਂ ਤਿੰਨ ਹਜ਼ਾਰ ਕਿਲੋਗ੍ਰਾਮ ਤੋਂ ਵੱਧ ਵਿਸਫ਼ੋਟਕ ਸਮੱਗਰੀ ਤੇ ਰਾਸਾਇਣ, ਬੰਬ ਚਲਾਉਣ ਲਈ ਵਰਤੇ ਜਾਂਦੇ ਬਿਜਲਈ ਕਲ-ਪੁਰਜ਼ੇ, ਕਲਾਸ਼ੀਨਿਕੋਵ (ਏ.ਕੇ.) ਰਾਈਫ਼ਲਾਂ, ਰਿਵਾਲਵਰ, ਪਿਸਤੌਲ ਤੇ ਹੋਰ ਖ਼ਤਰਨਾਕ ਸਾਜ਼ੋ-ਸਾਮਾਨ ਬਰਾਮਦ ਹੋਇਆ। ਇਸੇ ਸਬੰਧ ਵਿਚ ਫ਼ਰੀਦਾਬਾਦ ਤੇ ਸਹਾਰਨਪੁਰ ਜ਼ਿਲ੍ਹਿਆਂ ਵਿਚ ਕੰਮ ਕਰਦੇ ਦੋ ਕਸ਼ਮੀਰੀ ਡਾਕਟਰਾਂ ਸਮੇਤ 7 ਵਿਅਕਤੀ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਸੀ। ਸਰਕਾਰੀ ਹਲਕਿਆਂ ਨੇ ਉਪਰੋਕਤ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਅਤੇ ਦਿੱਲੀ ਧਮਾਕੇ ਦੀਆਂ ਤਾਰਾਂ ਜੁੜੀਆਂ ਹੋਣ ਅਤੇ ਇਸ ਸਬੰਧ ਵਿਚ ‘ਯੁਆਪਾ’ ਤੇ ‘ਐਨ.ਐੱਸ.ਏ.’ ਵਰਗੇ ਕਾਨੂੰਨਾਂ ਦੇ ਤਹਿਤ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਦਿਤੀ ਹੈ।

ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਕੁੱਝ ਹੋਰ ਕਸ਼ਮੀਰੀ ਡਾਕਟਰ ਤੇ ਉਨ੍ਹਾਂ ਦੇ ਸਹਾਇਕ ਵੀ ਪੁੱਛ-ਗਿੱਛ ਵਾਸਤੇ ਹਿਰਾਸਤ ਵਿਚ ਲਏ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਜਾਂਚ-ਪੜਤਾਲ ਦੇ ਅਗਲੇ ਪੜਾਵਾਂ ਦੌਰਾਨ ਕਈ ਨਵੇਂ ਸਨਸਨੀਖੇਜ਼ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। ਵਿਆਪਕ ਤਬਾਹੀ ਸੰਭਵ ਬਣਾ ਸਕਣ ਵਾਲੀ ਵਿਸਫ਼ੋਟਕ ਸਮੱਗਰੀ ਤੇ ਹਥਿਆਰਾਂ ਦੀ ਬਰਾਮਦਗੀ ਅਤੇ ਕਾਰ ਬੰਬ ਧਮਾਕੇ ਨਾਲ ਜੁੜੇ ਦਹਿਸ਼ਤੀਆਂ ਦਾ ਸਬੰਧ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਮਾਤ ‘ਜੈਸ਼-ਇ-ਮੁਹੰਮਦ’ (ਜੇ.ਈ.ਐਮ) ਨਾਲ ਹੋਣ ਦਾ ਦਾਅਵਾ ਗ੍ਰਿਫ਼ਤਾਰ ਮੁਲਜ਼ਮਾਂ ਪਾਸੋਂ ਬਰਾਮਦ ਪੋਸਟਰਾਂ ਦੇ ਆਧਾਰ ’ਤੇ ਕੀਤਾ ਗਿਆ ਹੈ।

‘ਜੈਸ਼’ ਉਹ ਸੰਗਠਨ ਹੈ ਜਿਸ ਦਾ ਬਹਾਵਲਪੁਰ ਸਥਿਤ ਹੈੱਡਕੁਆਰਟਰ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਫ਼ੌਜਾਂ ਨੇ ਤਬਾਹ ਕਰ ਦਿਤਾ ਸੀ। ਉਂਜ, ਕਲਾਸ਼ੀਨਿਕੋਵ ਰਾਈਫ਼ਲਾਂ ਨੂੰ ਛੱਡ ਕੇ ਹੋਰ ਜੋ ਸਮੱਗਰੀ ਬਰਾਮਦ ਹੋਈ ਹੈ, ਉਸ ਦੀ ਸਪਲਾਈ ਮੁਕਾਮੀ ਤੌਰ ’ਤੇ ਹਾਸਿਲ ਕੀਤੀ ਜਾਪਦੀ ਹੈ। ਇਹ ‘ਜੈਸ਼’ ਵਲੋਂ ਭੇਜੀ ਹੋਣ ਦਾ ਪ੍ਰਭਾਵ ਨਹੀਂ ਦਿੰਦੀ। ਵੱਖ ਵੱਖ ਮੀਡੀਆ ਰਿਪੋਰਟਾਂ ਤੋਂ ਇਹੀ ਜਾਪਦਾ ਹੈ ਕਿ ਉਮਰ, ਜੋਕਿ ਫ਼ਰੀਦਾਬਾਦ ਦੇ ਉਸੇ ਹਸਪਤਾਲ ਵਿਚ ਕੰਮ ਕਰਦਾ ਸੀ ਜਿਥੋਂ ਮੁਜ਼ੱਮਿਲ ਨਾਂਅ ਦੇ ਇਕ ਡਾਕਟਰ ਦੀ ਗ੍ਰਿਫ਼ਤਾਰੀ ਨੇ ਪੂਰੇ ਗਰੋਹ ਦੀ ਬੇਪਰਦਗੀ ਸੰਭਵ ਬਣਾਈ, ਨੇ ਇਸੇ ਘਟਨਾਕ੍ਰਮ ਤੋਂ ਸਹਿਮ ਕੇ ਜਾਂ ਤੈਸ਼ ਵਿਚ ਆ ਕੇ ਕਾਰ-ਬੰਬ ਧਮਾਕੇ ਵਾਲਾ ਰਾਹ ਅਖ਼ਤਿਆਰ ਕੀਤਾ। 

ਕਿਉਂਕਿ ਇਹ ਦਹਿਸ਼ਤੀ ਕਾਰਾ ਕੌਮੀ ਰਾਜਧਾਨੀ ਵਿਚ ਹੋਇਆ, ਇਸ ਲਈ ਵਿਰੋਧੀ ਪਾਰਟੀਆਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਲੋਚਨਾ ਦਾ ਨਿਸ਼ਾਨਾ ਬਣਾਏ ਜਾਣਾ ਸੁਭਾਵਿਕ ਹੀ ਹੈ। ਇਹ ਇਕ ਮੰਦਭਾਗਾ ਰੁਝਾਨ ਹੈ, ਪਰ ਇਸ ਵਾਸਤੇ ਅਮਿਤ ਸ਼ਾਹ ਖ਼ੁਦ ਤੇ ਭਾਰਤੀ ਜਨਤਾ ਪਾਰਟੀ ਵੀ ਜ਼ਿੰਮੇਵਾਰ ਹਨ। ਉਹ ਕਾਂਗਰਸ ਜਾਂ ਯੂ.ਪੀ.ਏ. ਸਰਕਾਰਾਂ ਦੇ ਰਾਜ-ਕਾਲ ਦੌਰਾਨ ਵਾਪਰੀਆਂ ਦਹਿਸ਼ਤੀ ਘਟਨਾਵਾਂ ਦਾ ਚੁਣਾਵੀ ਜਾਂ ਗ਼ੈਰ-ਚੁਣਾਵੀ ਰੈਲੀਆਂ/ਸਭਾਵਾਂ ਦੌਰਾਨ ਅਕਸਰ ਜ਼ਿਕਰ ਕਰਦੇ ਆਏ ਹਨ ਅਤੇ ਉਨ੍ਹਾਂ ਦੇ ਹਵਾਲੇ ਨਾਲ ਭਾਜਪਾ ਜਾਂ ਐਨ.ਡੀ.ਏ. ਸਰਕਾਰ ਵਲੋਂ ਦਹਿਸ਼ਤਵਾਦ ਦਾ ਲੱਕ ਤੋੜਨ ਦੇ ਦਾਅਵੇ ਬਾਕਾਇਦਗੀ ਨਾਲ ਕਰਦੇ ਆਏ ਹਨ। ਉਨ੍ਹਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਦਹਿਸ਼ਤਵਾਦ ਨੂੰ ਟਾਹਰਾਂ ਨਾਲ ਨਹੀਂ ਮਿਟਾਇਆ ਜਾ ਸਕਦਾ। ਨੌਜਵਾਨੀ ਵਿਚ ਕੁਰਾਹੀ ਸੋਚ ਪਨਪਣ ਤੇ ਪਸਰਨ ਵਿਚ ਸਰਕਾਰਾਂ ਜਾਂ ਹੁਕਮਰਾਨੀ ਦੀ ਭੂਮਿਕਾ, ਇਸ ਸੋਚ ਦੇ ਪਾਲਣਹਾਰਾਂ ਨਾਲੋਂ ਅਕਸਰ ਜ਼ਿਆਦਾ ਹੁੰਦੀ ਹੈ।

ਦਰਅਸਲ, ਹਕੂਮਤਾਂ ਦੀਆਂ ਜ਼ਿਆਦਤੀਆਂ ਅਤੇ ਲੋਕ ਭਾਵਨਾਵਾਂ ਦੀ ਅਣਦੇਖੀ ਹੀ ਅਕਸਰ ਕੁਰਾਹੀ ਸੋਚ ਦੇ ਫਲਣ-ਪਸਰਨ ਵਾਸਤੇ ਜ਼ਰਖੇਜ਼ ਭੂਮੀ ਤਿਆਰ ਕਰਦੀ ਹੈ। ਲਿਹਾਜ਼ਾ, ਸਾਡੇ ਨੀਤੀਘਾੜਿਆਂ ਜਾਂ ਹਕੂਮਤੀ ਸਰਬਰਾਹਾਂ ਨੂੰ ਸਭ ਤੋਂ ਪਹਿਲਾਂ ਇਹ ਸਵਾਲ ਸੰਜੀਦਗੀ ਤੇ ਇਮਾਨਦਾਰੀ ਨਾਲ ਵਿਚਾਰਨ ਦੀ ਲੋੜ ਹੈ ਕਿ ਡਾਕਟਰਾਂ ਜਾਂ ਇੰਜਨੀਅਰਾਂ ਵਰਗੇ ਪੇਸ਼ੇਵਰ, ਦਹਿਸ਼ਤਗਰਦੀ ਦੇ ਰਾਹ ਕਿਉਂ ਤੁਰੇ? ਜਾਂ ਕਿਸ ਕੁੰਠਾ ਜਾਂ ਪੀੜਾ ਨੇ ਉਨ੍ਹਾਂ ਨੂੰ ਜਹਾਦੀਆਂ ਵਾਲੀ ਸੋਚ ਦੇ ਮੁਰੀਦ ਬਣਾਇਆ? ਜਿਵੇਂ ਕਿ ਅਕਸਰ ਹੁੰਦਾ ਆਇਆ ਹੈ, ਕੋਈ ਵੀ ਦਹਿਸ਼ਤੀ ਘਟਨਾ ਜਹਾਦੀ ਅਨਸਰਾਂ ਨਾਲ ਜੁੜੀ ਹੋਣ ’ਤੇ ਸਾਡਾ ਮੀਡੀਆ, ਖ਼ਾਸ ਕਰ ਕੇ ਇਲੈਕਟ੍ਰਾਨਿਕ ਮੀਡੀਆ ਬੇਲਗਾਮ ਹੋ ਜਾਂਦਾ ਹੈ। ਕਾਰ-ਬੰਬ ਕਾਂਡ ਦੀ ਕਵਰੇਜ ਵੀ ਇਸੇ ਮਰਜ਼ ਤੋਂ ਪੀੜਤ ਰਹੀ ਹੈ।

ਇਹ ਕੁਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ, ਜਿਵੇਂ ਸਾਰੇ ਕਸ਼ਮੀਰੀ ਦਹਿਸ਼ਤਗ਼ਰਦ ਹੋਣ। ਅਜਿਹੀ ਕਵਰੇਜ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ ਨੂੰ ਪੰਜਾਬ ਦੇ ਸਿਆਹ ਦਿਨਾਂ ਦੀ ਯਾਦ ਦਿਵਾਉਂਦੀ ਹੈ ਜਦੋਂ ਕੌਮੀ ਮੀਡੀਆ ਹਰ ਸਿੱਖ ਨੂੰ ਵੱਖਵਾਦੀ ਤੇ ਅਤਿਵਾਦੀ ਦਰਸਾਉਣ ਉੱਤੇ ਤੁਲਿਆ ਹੋਇਆ ਸੀ। ਮੀਡੀਆ ਦੀ ਆਜ਼ਾਦੀ ਦੇ ਪਰਚਮਬਰਦਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਲੈਕਟ੍ਰਾਨਿਕ ਸਮੇਤ ਸਮੁੱਚੇ ਮੀਡੀਆ ਨੂੰ ਸੰਜਮੀ ਤੇ ਸੰਕੋਚਵੀਂ ਭਾਸ਼ਾ ਵਰਤਣ ਲਈ ਪੇ੍ਰਰਨ। ਦਿੱਲੀ ਬੰਬ ਕਾਂਡ ਸਾਡੇ ਹੁਕਮਰਾਨਾਂ ਲਈ ਇਸ ਤਾਕੀਦ ਵਾਂਗ ਹੈ ਕਿ ਦਹਿਸ਼ਤਗ਼ਰਦੀ ਵਿਰੁੱਧ ਜੰਗ ਹਿੱਕ-ਠੋਕਵੀਂ ਲੱਫ਼ਾਜ਼ੀ ਰਾਹੀਂ ਨਹੀਂ ਸਗੋਂ ਚੌਕਸੀ, ਹਮਦਰਦੀ, ਹਲੀਮੀ ਤੇ ਸਬਰ ਨਾਲ ਜਿੱਤੀ ਜਾ ਸਕਦੀ ਹੈ। ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਉਪਰੋਕਤ ਸਾਰੇ ਤੱਤ ਅਪਣੇ ਅੰਦਰ ਵਿਕਸਿਤ ਕਰਨ ਦੀ ਸਖ਼ਤ ਲੋੜ ਹੈ।  

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement