Editorial : ਬਲੋਚ ਬਾਗ਼ੀਆਂ ਦਾ ਵੱਡਾ ਦਹਿਸ਼ਤੀ ਕਾਰਾ
Published : Mar 13, 2025, 6:40 am IST
Updated : Mar 13, 2025, 9:45 am IST
SHARE ARTICLE
Major terrorist attack by Baloch rebels Editorial
Major terrorist attack by Baloch rebels Editorial

ਪਾਕਿਸਤਾਨ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਤੋਂ ਬਾਅਦ ਬੀ.ਐਲ.ਏ. ਨੇ ਸਾਲ 2024 ਦੌਰਾਨ ਸਭ ਤੋਂ ਵੱਧ ਹੱਤਿਆਵਾਂ ਕੀਤੀਆਂ।

ਦਹਿਸ਼ਤਗ਼ਰਦੀ ਪਾਕਿਸਤਾਨ ਲਈ ਕਿੰਨੀ ਵੱਡੀ ਸਿਰਦਰਦੀ ਬਣ ਗਈ ਹੈ, ਇਸ ਦਾ ਅੰਦਾਜ਼ਾ ਬਲੋਚ ਬਾਗ਼ੀਆਂ ਵਲੋਂ ਸੂਬਾ ਬਲੋਚਿਸਤਾਨ ਵਿਚ 500 ਦੇ ਕਰੀਬ ਮੁਸਾਫ਼ਰਾਂ ਵਾਲੀ ਰੇਲ ਗੱਡੀ ਅਗਵਾ ਕੀਤੇ ਜਾਣ ਵਾਲੀ ਘਟਨਾ ਤੋਂ ਲਾਇਆ ਜਾ ਸਕਦਾ ਹੈ। ਮੰਗਲਵਾਰ ਨੂੰ ਬਲੋਚ ਬਾਗ਼ੀਆਂ ਨੇ ਕੋਇਟਾ ਤੋਂ ਪਿਸ਼ਾਵਰ ਜਾਣ ਵਾਲੀ ਜਾਫ਼ਰ ਐਕਸਪ੍ਰੈੱਸ ਨੂੰ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖ਼ਵਾ ਸੂਬਿਆਂ ਦੀ ਸਰਹੱਦ ਨੇੜੇ ਬੋਲਾਨ ਦੱਰੇ ਦੇ ਇਲਾਕੇ ਵਿਚ ਅਗਵਾ ਕਰ ਲਿਆ। ਉਨ੍ਹਾਂ ਨੇ ਪੰਜ ਸੌ ਕਿਲੋਮੀਟਰ ਲੰਬੇ ਇਸ ਰੇਲ ਰੂਟ ’ਤੇ ਪੈਂਦੀਆਂ ਸੱਤ ਸੁਰੰਗਾਂ ਵਿਚੋਂ ਇਕ (ਮਸ਼ਕਾਫ਼ ਸੁਰੰਗ) ਵਿਚ ਇਹ ਗੱਡੀ ਰੁਕਵਾ ਲਈ। ਗੱਡੀ ਰੁਕਵਾਉਣ ਲਈ ਉਨ੍ਹਾਂ ਨੇ ਰੇਲ ਪਟੜੀ ਦਾ ਕੁੱਝ ਹਿੱਸਾ ਉਡਾ ਦਿਤਾ ਅਤੇ ਫਿਰ ਗੋਲੀਬਾਰੀ ਕਰ ਕੇ ਇੰਜਣ ਚਾਲਕ ਸਮੇਤ ਰੇਲ ਅਮਲੇ ਦੇ ਕੁੱਝ ਮੈਂਬਰਾਂ ਦੀ ਹੱਤਿਆ ਕਰ ਦਿਤੀ।

ਜਿਸ ਰੂਟ ’ਤੇ ਇਹ ਗੱਡੀ ਜਾ ਰਹੀ ਸੀ, ਉਸ ’ਤੇ ਰੇਲ ਆਵਾਜਾਈ ਪਹਿਲਾਂ ਡੇਢ ਮਹੀਨਾ ਦਹਿਸ਼ਤੀ ਹਮਲਿਆਂ ਦੇ ਖ਼ਦਸ਼ਿਆਂ ਕਾਰਨ ਠੱਪ ਰੱਖੀ ਗਈ ਸੀ। ਸੁਰੱਖਿਆ ਏਜੰਸੀਆਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਇਹ ਆਵਾਜਾਈ ਚੰਦ ਦਿਨ ਪਹਿਲਾਂ ਹੀ ਬਹਾਲ ਕੀਤੀ ਗਈ ਸੀ। ਅਗਵਾਕਾਰੀ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਲਈ ਹੈ ਜਿਸ ਨੂੰ ਬਲੋਚ ਬਾਗ਼ੀ ਗੁੱਟਾਂ ਵਿਚੋਂ ਸਭ ਤੋਂ ਵੱਧ ਤਾਕਤਵਰ ਤੇ ਘਾਤਕ ਮੰਨਿਆ ਜਾਂਦਾ ਹੈ। ਪਾਕਿਸਤਾਨ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਤੋਂ ਬਾਅਦ ਬੀ.ਐਲ.ਏ. ਨੇ ਸਾਲ 2024 ਦੌਰਾਨ ਸਭ ਤੋਂ ਵੱਧ ਹੱਤਿਆਵਾਂ ਕੀਤੀਆਂ।

ਟੀ.ਟੀ.ਪੀ. ਨੇ ਜਿੱਥੇ 300 ਜਾਨਾਂ ਲਈਆਂ, ਉਥੇ ਬੀ.ਐਲ.ਏ. ਵਲੋਂ ਕੀਤੀਆਂ ਹੱਤਿਆਵਾਂ ਦੀ ਗਿਣਤੀ 224 ਰਹੀ। ਇਹ ਅੰਕੜੇ ਪਾਕਿਸਤਾਨ ਸੁਰੱਖਿਆ ਰਿਪੋਰਟ, 2024 ਵਿਚ ਸ਼ਾਮਲ ਹਨ। ਗ਼ੈਰ-ਸਰਕਾਰੀ ਹਲਕੇ ਪਸ਼ਤੂਨ ਤੇ ਬਲੋਚ ਬਾਗ਼ੀਆਨਾ ਸਰਗਰਮੀਆਂ ਵਿਚ ਮੌਤਾਂ ਦੀ ਗਿਣਤੀ ਵੱਧ ਦਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਅਪਣੀ ‘ਨਾਲਾਇਕੀ’ ਛੁਪਾਉਣ ਹਿੱਤ ਬਹੁਤ ਸਾਰੀਆਂ ਦਹਿਸ਼ਤੀ ਘਟਨਾਵਾਂ ਨੂੰ ‘ਰੁਟੀਨ ਅਪਰਾਧ’ ਦੱਸਦੀ ਆਈ ਹੈ।
ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨੇ ਬਲੋਚਾਂ ਤੇ ਪਸ਼ਤੂਨਾਂ ਦਰਮਿਆਨ ਪੰਜ ਦਹਾਕਿਆਂ ਤੋਂ ਵੱਧ ਸਮੇਂ ਤਕ ਫੁੱਟ ਪੁਆਈ ਰੱਖੀ। ਪਸ਼ਤੂਨਾਂ ਨੂੰ ਬਲੋਚਾਂ ਦੇ ਇਲਾਕਿਆਂ ਵਿਚ ਵਸਾਉਣ ਦੀ ਨੀਤੀ, ਉਪਰੋਕਤ ਮੁਹਿੰਮ ਦਾ ਅਹਿਮ ਹਿੱਸਾ ਸੀ।

ਪਰ ਪਿਛਲੇ ਪੰਜ ਕੁ ਵਰਿ੍ਹਆਂ ਤੋਂ ਟੀ.ਟੀ.ਪੀ. ਨੇ ਬੀ.ਐਲ.ਏ. ਅਤੇ ਇਕ ਹੋਰ ਬਲੋਚ ਬਾਗ਼ੀ ਜਮਾਤ-ਬਲੋਚਿਸਤਾਨ ਨੈਸ਼ਨਲਿਸਟ ਆਰਮੀ (ਬੀ.ਐਨ.ਏ.) ਨਾਲ ਨੇੜਤਾ ਤੇ ਤਾਲਮੇਲ ਬਰਕਰਾਰ ਰੱਖਿਆ ਹੋਇਆ ਹੈ। ਇਸੇ ਤਾਲਮੇਲ ਦੀ ਬਦੌਲਤ ਇਹ ਜਥੇਬੰਦੀਆਂ ਪਾਕਿਸਤਾਨੀ ਫ਼ੌਜ ਵਲੋਂ ਦਹਿਸ਼ਤੀਆਂ ’ਚ ਸਫ਼ਾਏ ਲਈ ਚਲਾਈ ਮੁਹਿੰਮ ‘ਅਜ਼ਮ-ਇ-ਇਸਤਿਹਕਾਮ’ ਨੂੰ ਬੇਅਸਰ ਬਣਾਉਣ ਵਿਚ ਕਾਮਯਾਬ ਰਹੀਆਂ। ਟੀ.ਟੀ.ਪੀ. ਤੇ ਬਲੋੋਚ ਬਾਗ਼ੀ ਗੁਟਾਂ ਦੇ ਟੀਚੇ ਵੱਖੋ-ਵੱਖਰੇ ਹਨ। ਟੀ.ਟੀ.ਪੀ. ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਵਿਚਲੇ ਪਸ਼ਤੂਨ ਇਲਾਕਿਆਂ ਦੇ ਏਕੀਕਰਨ ਲਈ ਲੜਦੀ ਆ ਰਹੀ ਹੈ।

ਇਸੇ ਲਈ ਉਸ ਨੂੰ ਅਫ਼ਗ਼ਾਨ ਤਾਲਿਬਾਨ ਤੋਂ ਸਿੱਧੀ-ਅਸਿੱਧੀ ਇਮਦਾਦ ਹਾਸਿਲ ਹੁੰਦੀ ਆਈ ਹੈ। ਉਸ ਦੇ ਅੱਡੇ ਵੀ ਪਾਕਿ-ਅਫ਼ਗ਼ਾਨ ਸਰਹੱਦ ਦੇ ਅਫ਼ਗ਼ਾਨ ਪਾਸੇ ਹਨ। ਬਲੋਚ ਬਾਗ਼ੀਆਂ ਦਾ ਟੀਚਾ ਮੂਲ ਰੂਪ ਵਿਚ ਵੱਖਵਾਦੀ ਨਹੀਂ। ਉਹ ਬਲੋਚਿਸਤਾਨ ਵਿਚ ਬਲੋਚਾਂ ਦੇ ਹੱਕ ਬਚਾਉਣ ਲਈ ਲੜਦੇ ਆ ਰਹੇ ਹਨ। ਉਹ ਬਲੋਚ ਭੂਮੀ ਦੇ ਖਣਿਜੀ ਖ਼ਜ਼ਾਨੇ ਦੀ ਲੁੱਟ-ਖਸੁੱਟ ਰੋਕੇ ਜਾਣ, ਸੂਬਾਈ ਮਾਇਕ ਸੋਮੇ ਸੂਬੇ ਦੇ ਲੋਕਾਂ ਉੱਤੇ ਖ਼ਰਚੇ ਜਾਣ ਅਤੇ ਸੂਬੇ ਨੂੰ ਨੀਮ ਖ਼ੁਦਮੁਖਤਾਰੀ ਦਿੱਤੇ ਜਾਣ ਵਰਗੀਆਂ ਮੰਗਾਂ ਉੱਤੇ ਜ਼ੋਰ ਦਿੰਦੇ ਆ ਰਹੇ ਹਨ। ਅੱਡੇ ਉਨ੍ਹਾਂ ਦੇ ਵੀ ਅਫ਼ਗ਼ਾਨ ਧਰਤੀ ’ਤੇ ਹਨ, ਪਰ ਇਰਾਨ ਦੇ ਸੀਸਤਾਨ-ਬਲੋਚਿਸਤਾਨ ਸੂਬੇ ਵਿਚ ਵੀ ਉਨ੍ਹਾਂ ਦੇ ਹਮਾਇਤੀਆਂ ਤੇ ਮਦਦਗਾਰਾਂ ਦੀ ਗਿਣਤੀ ਘੱਟ ਨਹੀਂ। 

ਦਹਿਸ਼ਤੀਆਂ ਵਲੋਂ ਰੇਲ ਗੱਡੀਆਂ ਅਗਵਾ ਕੀਤੇ ਜਾਣ ਦੀਆਂ ਕੁੱਝ ਘਟਨਾਵਾਂ ਵੀਹਵੀਂ ਸਦੀ ਦੌਰਾਨ ਅਫ਼ਰੀਕਾ ਤੇ ਦੱਖਣੀ ਯੂਰੋਪ, ਖ਼ਾਸ ਕਰ ਕੇ ਬੌਸਨੀਆ-ਹਰਜ਼ੇਗੋਵਿਨਾ ਤੇ ਸੂਡਾਨ ਵਿਚ ਵਾਪਰੀਆਂ ਸਨ। ਅਜਿਹੀਆਂ ਘਟਨਾਵਲੀਆਂ ਨੂੰ ਲੈ ਕੇ ਹੌਲੀਵੁੱਡ ਵਿਚ ਕੁੱਝ ਫ਼ਿਲਮਾਂ (‘ਦਿ ਟੇਕਿੰਗ ਆਫ਼ ਪੈਲਹਾਮ’, ‘ਅੰਡਰ ਸੀਜ 2’, ‘ਡੈੱਥ ਟ੍ਰੇਨ’ ਆਦਿ) ਵੀ ਬਣੀਆਂ ਹੋਈਆਂ ਹਨ। ਪਰ ਇਹ ਪਹਿਲੀ ਵਾਰ ਹੈ ਜਦੋਂ ਦਹਿਸ਼ਤੀਆਂ ਨੇ ਪਾਕਿਸਤਾਨ ਵਿਚ ਅਜਿਹਾ ਕਾਰਾ ਕੀਤਾ। ਅਜਿਹੇ ਕਾਰਿਆਂ ਵਿਚ ਵਹਿਸ਼ਤ ਅਕਸਰ ਨਿਰਦੋਸ਼ਾਂ ਨੂੰ ਝੱਲਣੀ ਪੈਂਦੀ ਹੈ।

ਇਸੇ ਲਈ ਅਜਿਹੀ ਹਿੰਸਾ ਦੀ ਮਜ਼ੱਮਤ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ 27 ਤੋਂ ਵੱਧ ਦਹਿਸ਼ਤੀ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਕਿਉਂਕਿ ਫ਼ੌਜੀ ਆਪ੍ਰੇਸ਼ਨ ਬੁੱਧਵਾਰ ਰਾਤ ਤਕ ਮੁਕੰਮਲ ਨਹੀਂ ਸੀ ਹੋਇਆ, ਇਸ ਲਈ ਮੌਤਾਂ ਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਅਟਕਲਬਾਜ਼ੀ ਹੀ ਚੱਲ ਰਹੀ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਜੇਲ੍ਹਾਂ ਵਿਚ ਕੈਦ ਸਾਰੇ ਬਲੋਚ ਸਿਆਸੀ ਬੰਦੀਆਂ ਦੀ ਰਿਹਾਈ ਬਾਰੇ ਅਗਵਾਕਾਰਾਂ ਦੀ ਮੰਗ ਸਵੀਕਾਰ ਨਹੀਂ ਕੀਤੀ ਗਈ। ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦਾ ਵੀ ਦਾਅਵਾ ਹੈ ਕਿ ਸਰਕਾਰ ਬਲੈਕਮੇÇਲੰਗ ਅੱਗੇ ਝੁਕੀ ਨਹੀਂ। ਅਜਿਹੀ ਦ੍ਰਿੜਤਾ ਅਪਣੀ ਥਾਂ ਜਾਇਜ਼ ਹੈ, ਪਰ ਹਕੀਕਤ ਇਹ ਵੀ ਹੈ ਕਿ ਬਲੋਚ ਬਾਗ਼ੀਆਂ ਦੀਆਂ ਮੰਗਾਂ ਵੀ ਨਾਵਾਜਬ ਨਹੀਂ। ਉਨ੍ਹਾਂ ਦੀ ਜੱਦੋਜਹਿਦ ਦਾ ਤੌਰ-ਤਰੀਕਾ ਭਾਵੇਂ ਗੁੰਮਰਾਹਕੁਨ ਤੇ ਗ਼ਲਤ ਹੈ, ਪਰ ਜੱਦੋਜਹਿਦ ਗ਼ਲਤ ਨਹੀਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement