
ਮਾਂ-ਬਾਪ ਕਿਹੜਾ ਸਕੂਲ ਚੁਣਨਗੇ, ਇਹ ਸਰਕਾਰ ਨਹੀਂ ਤੈਅ ਕਰੇਗੀ ਬਲਕਿ ਤੁਸੀ ਤੈਅ ਕਰਨਾ ਹੈ ਕਿ ਤੁਹਾਡਾ ਬੱਚਾ ਕਿਸ ਮਾਹੌਲ ਵਿਚ ਪੜ੍ਹਨ ਜਾਵੇ।
ਜਦੋਂ ਪੰਜਾਬ ਦੇ 13 ਹਜ਼ਾਰ ਬੱਚੇ ਅਪਣੀ ਮਾਂ ਬੋਲੀ ਪੰਜਾਬੀ ਦੀ ਪ੍ਰੀਖਿਆ ’ਚ ਇਸ ਸਾਲ ਫ਼ੇਲ੍ਹ ਹੋਏ ਸਨ ਤਾਂ ਸਾਫ਼ ਸੀ ਕਿ ਸੰਕਟ ਦੀ ਘੜੀ ਆ ਚੁੱਕੀ ਹੈ। ਪਰ ਜ਼ਮੀਨੀ ਹਕੀਕਤ ਤਾਂ ਇਸ ਤੋਂ ਵੀ ਵੱਧ ਚਿੰਤਾਜਨਕ ਹੈ। ਫ਼ਾਜ਼ਿਲਕਾ ਦੇ ਪਿੰਡ ਵਿਚ ਸੱਥ ਲਾਉਣ ਗਏ ਤਾਂ ਛੁੱਟੀਆਂ ਹੋਣ ਕਾਰਨ ਬੱਚੇ ਵੱਡੀ ਗਿਣਤੀ ਵਿਚ ਮੌਜੂਦ ਸਨ। ਗੱਲਾਂ ਕਰਦੇ ਕਰਦੇ ਪਤਾ ਲੱਗਾ ਕਿ ਬੱਚਿਆਂ ਨੂੰ ਤਾਂ 30 ਤੋਂ ਉਪਰ ਦੀ ਗਿਣਤੀ ਵੀ ਪੰਜਾਬੀ ਵਿਚ ਕਰਨੀ ਨਹੀਂ ਆਉਂਦੀ। ਬੱਚੇ ਦੋ ਵੱਖ ਵੱਖ ਸਕੂਲਾਂ ਵਿਚ ਪੜ੍ਹਦੇ ਸਨ, ਇਕ ਸਰਕਾਰੀ ਤੇ ਦੂਜਾ ਕਾਨਵੈਂਟ ਸਕੂਲ। ਜੋ ਕਾਨਵੈਂਟ ਸਕੂਲ ਵਿਚ ਪੜ੍ਹਦੇ ਸਨ, ਉਹ ਮੇਰੇ ਨਾਲ ਹਿੰਦੀ ਵਿਚ ਗੱਲਾਂ ਕਰ ਰਹੇ ਸਨ। ਪੁਛਦਿਆਂ ਜਦ ਹਕੀਕਤ ਸਮਝ ਆਈ ਤਾਂ ਯਾਦ ਆਇਆ ਕਿ ਮੇਰੇ ਮਾਂ-ਬਾਪ ਨੇ ਕਿਉਂ ਜ਼ਿੱਦ ਕੀਤੀ ਸੀ ਕਿ ਅਸੀ ਉਨ੍ਹਾਂ ਸਕੂਲਾਂ ਵਿਚ ਹੀ ਪੜ੍ਹੀਏ ਜਿਥੇ ਪੰਜਾਬੀ ਪੜ੍ਹਾਈ ਜਾਂਦੀ ਸੀ।
ਸਾਨੂੰ ਚੰਡੀਗੜ੍ਹ ਦੇ ਵਧੀਆ ਕਾਨਵੈਂਟ ਸਕੂਲ ਵਿਚ ਨਾ ਪੜ੍ਹਾਇਆ ਗਿਆ ਬਲਕਿ ਗੁਰੂ ਨਾਨਕ ਪਬਲਿਕ ਸਕੂਲ ਵਿਚ ਪੜ੍ਹਾਇਆ ਗਿਆ ਕਿਉਂਕਿ ਪ੍ਰਿੰਸੀਪਲ ਸਰਦਾਰਨੀ ਕੁਲਵੰਤ ਕੌਰ ਤੇ ਡਾਇਰੈਕਟਰ ਡਾ. ਕਰਮਜੀਤ ਸਿੰਘ ਪੰਜਾਬੀ ਨੂੰ ਸੰਜੀਦਗੀ ਨਾਲ ਲੈਂਦੇ ਸਨ। ਸਾਡੇ ਲਈ ਸਿੱਖ ਇਤਿਹਾਸ ਤੇ ਪਾਠ ਦੀਆਂ ਵਖਰੀਆਂ ਕਲਾਸਾਂ ਲਗਾਉਣੀਆਂ ਪੈਂਦੀਆਂ ਸਨ। ਮੇਰੀ ਕਲਾਸ ਵਿਚ ਸਿਰਫ਼ ਤਿੰਨ ਬੱਚੇ ਪੰਜਾਬੀ ਪੜ੍ਹਦੇ ਸਨ ਤੇ ਬਾਹਰ ਵਰਾਂਡੇ ਵਿਚ ਕਲਾਸ ਲਗਦੀ ਸੀ। ਉਸ ਵਕਤ ਜ਼ਬਰਦਸਤੀ ਸੱਭ ਤੋਂ ਵੱਖ ਹੋ ਕੇ ਪੰਜਾਬੀ ਸਿਖਣ ਲਈ ਮਜਬੂਰ ਕਰਨ ਤੇ ਮੈਨੂੰ ਬੜਾ ਗੁੱਸਾ ਆਇਆ ਸੀ ਪਰ ਹੁਣ ਅਪਣੇ ਬੱਚਿਆਂ ਨਾਲ ਵੀ ਉਹੀ ਕਰ ਰਹੀ ਹਾਂ।
ਪਰ ਪੰਜਾਬ ਦੇ ਉਸ ਪਿੰਡ ਵਿਚ ਪੜ੍ਹਦੇ ਬੱਚਿਆਂ ਨੂੰ ਅਪਣੇ ਸਕੂਲ ਵਿਚ ਪੰਜਾਬੀ ਪੜ੍ਹਾਉਣੀ ਤਾਂ ਦੂਰ ਦੀ ਗੱਲ, ਪੰਜਾਬੀ ਬੋਲਣ ਦੀ ਇਜਾਜ਼ਤ ਵੀ ਨਹੀਂ ਹੈ। ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਰਹਿੰਦੇ ਲੋਕ ਤਾਂ ਅਪਣੀ ਮਾਂ ਬੋਲੀ ਤੋਂ ਦੂਰ ਹੋ ਜਾਣ ਦੇ ਖ਼ਤਰੇ ਵਿਚ ਹਨ ਪਰ ਸਾਡੇ ਤਾਂ ਪਿੰਡਾਂ ਵਿਚ ਹੀ, ਸਾਡੀਆਂ ਜੜ੍ਹਾਂ ਨੂੰ ਸਾਡੇ ਸਾਹਮਣੇ ਹੀ ਵਢਿਆ ਜਾ ਰਿਹਾ ਹੈ ਤੇ ਸਾਨੂੰ ਹੋਸ਼ ਹੀ ਨਹੀਂ।
ਸਕੂਲ ਭਾਵੇਂ ਕਾਨਵੈਂਟ ਹੋਵੇ ਭਾਵੇਂ ਆਰੀਆ ਸਮਾਜੀ ਹੋਵੇ ਜਾਂ ਐਸ.ਜੀ.ਪੀ.ਸੀ. ਵਲੋਂ ਚਲਾਇਆ ਗਿਆ ਹੋਵੇ, ਉਸ ਨੂੰ ਮਾਨਤਾ ਪੰਜਾਬ ਸਿਖਿਆ ਬੋਰਡ ਦੇਂਦਾ ਹੈ। ਉਸ ਨੂੰ ਪੰਜਾਬ ਦੀ ਧਰਤੀ ’ਤੇ ਸਕੂਲ ਚਲਾਉਣ ਲਈ ਜ਼ਮੀਨ ਮਿਲਦੀ ਹੈ, ਉਥੇ ਪੰਜਾਬੀ ਦੀ ਪਨੀਰੀ ਪਲਦੀ ਹੈ। ਪਰ ਜੇ ਐਸੀ ਸੋਚ ਹਾਵੀ ਹੋ ਰਹੀ ਹੈ ਕਿ ਸਾਡੇ ਸੀਨੇ ’ਤੇ ਬੈਠ ਕੇ ਉਹ ਸਾਡੀ ਮਾਂ ਬੋਲੀ ਦਾ ਘਾਣ ਖੁਲ੍ਹੇਆਮ ਕਰ ਰਹੇ ਹਨ ਤਾਂ ਫਿਰ ਗ਼ਲਤੀ ਤਾਂ ਸਾਡੀ ਹੀ ਹੈ। ਗੱਲਾਂ ਗੱਲਾਂ ਵਿਚ ਪਤਾ ਲੱਗਾ ਕਿ ਉਸ ਬੱਚੇ ਦੇ ਪਿਤਾ ਨੂੰ ਪਤਾ ਹੀ ਨਹੀਂ ਸੀ ਕਿ ਉਸ ਬੱਚੇ ਨੂੰ ਸਕੂਲ ਵਿਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ ਤੇ ਉਹ ਕਿਸਾਨ ਆਗੂ ਸੀ। ਘਰ ਵਿਚ ਅੱਗ ਲੱਗੀ ਹੋਵੇ ਤਾਂ ਦੁਨੀਆਂ ਨੂੰ ਬਚਾਉਣ ਦੀਆਂ ਟਾਹਰਾਂ ਮਾਰਦਿਆਂ ਨੂੰ ਵੇਖ ਕੇ ਕੀ ਕਿਹਾ ਜਾਣਾ ਚਾਹੀਦਾ ਹੈ, ਤੁਸੀ ਆਪ ਸਮਝ ਸਕਦੇ ਹੋ।
ਮਾਂ-ਬਾਪ ਕਿਹੜਾ ਸਕੂਲ ਚੁਣਨਗੇ, ਇਹ ਸਰਕਾਰ ਨਹੀਂ ਤੈਅ ਕਰੇਗੀ ਬਲਕਿ ਤੁਸੀ ਤੈਅ ਕਰਨਾ ਹੈ ਕਿ ਤੁਹਾਡਾ ਬੱਚਾ ਕਿਸ ਮਾਹੌਲ ਵਿਚ ਪੜ੍ਹਨ ਜਾਵੇ। ਸਰਕਾਰ ਨੇ ਨਿਯਮ ਤੈਅ ਕਰਨੇ ਹਨ ਤੇ ਹੈਰਾਨੀ ਹੈ ਕਿ ਲੋਕਾਂ ਵਿਚੋਂ ਉਠੇ ਹੋਏ ਵਿਧਾਇਕ ਇਸ ਹਕੀਕਤ ਤੋਂ ਵਾਕਫ਼ ਹੀ ਨਹੀਂ ਹਨ ਜਾਂ ਅਪਣੀ ਮਾਂ ਪੰਜਾਬੀ ਨਾਲ ਜੁੜਦੇ ਹੋਏ ਸ਼ਰਮ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਆਪ ਅਪਣੀ ਮਾਂ ਕਮਜ਼ੋਰ ਲਗਦੀ ਹੈ ਜਿਸ ਕਾਰਨ ਉਹ ਅੰਗਰੇਜ਼ੀ, ਹਿੰਦੀ ਪਿੱਛੇ ਲੱਗੇ ਹੋਏ ਹਨ।
ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿਖ ਲਵੋ, ਫ਼ਰਾਟੇਦਾਰ ਅੰਗਰੇਜ਼ੀ ਬੋਲੋ ਪਰ ਜੇ ਤੁਸੀ ਅਪਣੀ ਮਾਂ ਬੋਲੀ ਤੋਂ ਵਾਂਝੇ ਰਹਿ ਗਏ ਤਾਂ ਤੁਹਾਡੀ ਬੁਨਿਆਦ ਨੂੰ ਸਿਉਂਕ ਲੱਗ ਜਾਏਗੀ। ਜੜ੍ਹਾਂ ਨਾਲ ਹੀ ਅਸੀ ਅਪਣੀ ਧਰਤੀ, ਅਪਣੇ ਸਭਿਆਚਾਰ, ਅਪਣੇ ਇਤਿਹਾਸ ਨਾਲ ਜੁੜਦੇ ਹਾਂ। ਸਾਡੇ ਕਿਰਦਾਰ ਵਿਚ ਵਧਦੀ ਕਮਜ਼ੋਰੀ ਦਾ ਵੱਡਾ ਕਾਰਨ ਸਾਡਾ ਅਪਣੀਆਂ ਜੜ੍ਹਾਂ ਤੋਂ ਵੱਖ ਹੋਣਾ ਹੈ। ਗ਼ਲਤੀ ਕਿਸੇ ਹੋਰ ਦੀ ਨਹੀਂ, ਗ਼ਲਤੀ ਸਾਡੀ ਤੇ ਤੁਹਾਡੀ ਹੈ। ਜੇ ਮਾਂ ਨੂੰ ਅਸੀ ਆਪ ਭੁੱਲ ਜਾਵਾਂਗੇ ਤਾਂ ਫਿਰ ਮਤਰੇਈ ਮਾਂ ਤੋਂ ਕੋਈ ਆਸ ਰਖਣੀ ਸਾਡੀ ਬੇਵਕੂਫ਼ੀ ਹੀ ਤਾਂ ਹੋਵੇਗੀ। - ਨਿਮਰਤ ਕੌਰ