ਵਿਸਾਖੀ ਅਤੇ ਬਾਬੇ ਨਾਨਕ ਦਾ ਜਨਮ ਪੁਰਬ ਅਸਲ ਮਿਤੀ ਨੂੰ ਮਨਾਉਣ ਵਾਲਿਆਂ ਨੂੰ ਵਧਾਈਆਂ!
Published : Apr 14, 2020, 12:20 pm IST
Updated : Apr 17, 2020, 1:46 pm IST
SHARE ARTICLE
File photo
File photo

ਸਪੋਕਸਮੈਨ ਦੇ ਸਾਰੇ ਪਾਠਕਾਂ ਨੂੰ ਵਿਸਾਖੀ ਦੀਆਂ ਅਰਬਾਂ-ਖਰਬਾਂ ਵਧਾਈਆਂ।

ਸਪੋਕਸਮੈਨ ਦੇ ਸਾਰੇ ਪਾਠਕਾਂ ਨੂੰ ਵਿਸਾਖੀ ਦੀਆਂ ਅਰਬਾਂ-ਖਰਬਾਂ ਵਧਾਈਆਂ। ਲੱਖਾਂ ਤੋਂ ਅਰਬਾਂ-ਖਰਬਾਂ ਇਸ ਕਰ ਕੇ ਕਿ ਅੱਜ ਬਾਬੇ ਨਾਨਕ ਦੇ ਜਨਮ ਦੀ ਅਸਲ ਤਰੀਕ ਵੀ ਹੈ ਤੇ ਸਿੱਖੀ ਦੇ ਸਾਫ਼ ਸੁਥਰੇ ਪਾਣੀਆਂ ਵਿਚ ਝੂਠ, ਅੰਧ-ਵਿਸ਼ਵਾਸ, ਕਥਾ ਕਹਾਣੀਆਂ ਆਦਿ ਨੂੰ ਮਿਲਾ ਕੇ ਜਿਵੇਂ ਇਸ ਨੂੰ ਪ੍ਰਦੂਸ਼ਤ ਕੀਤਾ ਗਿਆ ਹੈ, ਉਸ ਨੂੰ ਠੀਕ ਕਰਨ ਲਈ ਵੀ ਅੱਜ ਤੋਂ ਇਕ ਵੱਡਾ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਗਿਆ ਸੀ ਜੋ ਕੋਰੋਨਾ ਦੇ ਹਮਲੇ ਕਰ ਕੇ ਕੁੱਝ ਅੱਗੇ ਤਾਂ ਪੈ ਗਿਆ ਹੈ ਪਰ ਇਰਾਦੇ ਮਜ਼ਬੂਤ ਰੱਖਣ ਦੀ ਪ੍ਰਤਿਗਿਆ ਵੀ ਅੱਜ ਬਾਬੇ ਨਾਨਕ ਦਾ ਹਰ ਸਿੱਖ ਜ਼ਰੂਰ ਲਵੇਗਾ।

ਦੂਜਾ, ਨਾ ਸਿਰਫ਼ ਵਿਸਾਖੀ ਵਾਲੇ ਦਿਨ ਖ਼ਾਲਸੇ ਦੀ ਸਾਜਨਾ ਦੇ ਸਮਾਗਮਾਂ ਉਤੇ ਹੀ ਰੋਕ ਲੱਗ ਗਈ ਹੈ ਸਗੋਂ ਧਨੀ ਰਾਮ ਚਾਤਰਿਕ ਦਾ ਕਿਸਾਨ/ਜੱਟ ਵੀ ਦਮਾਮੇ ਮਾਰਦਾ ਮੇਲੇ ਵੀ ਨਹੀਂ ਜਾ ਸਕੇਗਾ। ਬੜੀ ਔਖੀ ਵਿਸਾਖੀ ਹੈ ਜੋ ਏਕਾਂਤਵਾਸ ਵਿਚ ਰਹਿ ਕੇ ਸਰਬੱਤ ਨਾਲ ਜੁੜਨ ਵਾਸਤੇ ਆਖਦੀ ਹੈ। ਕਿਸਾਨ ਮੇਲੇ ਜਾਣ ਬਾਰੇ ਸੋਚ ਹੀ ਨਹੀਂ ਰਿਹਾ, ਉਸ ਦਾ ਮਨ ਤਾਂ ਅਪਣੀ ਬੱਚਿਆਂ ਵਾਂਗ ਪਾਲੀ ਫ਼ਸਲ ਦੇ ਬਚਾਅ ਵਿਚ ਡੁਬਿਆ ਹੋਇਆ ਹੈ। ਭਾਵੇਂ ਅੱਜ ਪ੍ਰਸ਼ਾਸਨ ਵਲੋਂ ਪਰਵਾਸੀ ਮਜ਼ਦੂਰਾਂ, ਕੰਬਾਈਨਾਂ, ਮੰਡੀਆਂ ਆਦਿ ਦੀ ਸਹੂਲਤ ਦੀ ਤਿਆਰੀ ਕੀਤੀ ਗਈ ਹੈ ਪਰ ਵਾਢੀ ਅਤੇ ਫ਼ਸਲ ਦੀ ਚੁਕਾਈ ਨੂੰ ਲੈ ਕੇ ਕਿਸਾਨ ਦਾ ਦਿਲ ਆਖ਼ਰੀ ਸਮੇਂ ਤਕ ਡਰਿਆ ਹੀ ਰਹੇਗਾ। ਕਈਆਂ ਦੀ ਫ਼ਸਲ ਸਹੀ ਸਮੇਂ 'ਤੇ ਵੱਢੀ ਵੀ ਨਹੀਂ ਜਾ ਸਕੇਗੀ ਅਤੇ ਕੁੱਝ ਨੁਕਸਾਨ ਵੀ ਸ਼ਾਇਦ ਸਹਿਣਾ ਪਵੇਗਾ।

File photoFile photo

ਪਰ ਜਿਥੇ ਅੱਜ ਸਾਰੀ ਦੁਨੀਆਂ ਦਾ ਕੰਮ ਠੱਪ ਹੋਇਆ ਪਿਆ ਹੈ, ਕਿਸਾਨਾਂ ਦਾ ਇਸ ਵੇਲੇ ਖ਼ਾਸ ਖ਼ਿਆਲ ਰਖਿਆ ਜਾ ਰਿਹਾ ਹੈ। ਜਦੋਂ ਬੱਚਿਆਂ ਵਾਂਗ ਪਾਲੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੋਵੇ, ਬੜਾ ਮੁਸ਼ਕਲ ਹੈ ਕਿ ਉਸ ਸਮੇਂ ਇਸ ਤਰ੍ਹਾਂ ਦੀ ਸਕਾਰਾਤਮਕ ਸੋਚ ਰੱਖੀ ਜਾਵੇ ਪਰ ਅੱਜ ਸਰਬੱਤ ਦੇ ਭਲੇ ਵਾਸਤੇ ਕਿਸਾਨ ਨੂੰ ਸਬਰ ਦਾ ਘੁਟ ਵੀ ਭਰਨਾ ਹੀ ਪਵੇਗਾ। ਖ਼ਾਲਸਾ ਪੰਥ ਦੀ ਸਾਜਨਾ ਵਿਸਾਖੀ ਦੀ ਖ਼ੁਸ਼ੀ ਵੇਲੇ, ਸਮੇਂ ਦੀ ਵੰਗਾਰ ਦਾ ਟਾਕਰਾ ਕਰਨ ਵਾਸਤੇ ਹੋਈ ਸੀ। ਧਾਰਮਕ ਅਤੇ ਜ਼ਮੀਨੀ ਲੜਾਈਆਂ ਦੇ ਸਾਹਮਣੇ ਖ਼ਾਲਸੇ ਦੀ ਤਾਕਤ ਖੜੀ ਕਰ ਕੇ ਇਕ ਦੂਰ-ਅੰਦੇਸ਼ੀ ਸੋਚ ਨਾਲ ਉਸ ਸਮੇਂ ਦੀ ਸਮੱਸਿਆ ਦਾ ਹਲ ਕਢਿਆ ਗਿਆ ਸੀ। ਉਸ ਸੋਚ ਦੀ ਸਫ਼ਲਤਾ ਭਾਰਤ ਦੀਆਂ ਸਰਹੱਦਾਂ ਦੀ ਰਖਵਾਲੀ, ਭਾਰਤ ਦੀ ਆਜ਼ਾਦੀ ਦੀ ਲੜਾਈ ਤੇ ਵਿਸ਼ਵ ਜੰਗਾਂ ਵਿਚ ਹਰ ਸਮੇਂ ਝਲਕੀ ਪਰ ਉਸ ਤੋਂ ਬਾਅਦ ਜਦੋਂ ਸ਼ਾਂਤੀ ਦਾ ਦੌਰ ਆਇਆ ਤਾਂ ਖ਼ਾਲਸੇ ਨੂੰ ਅਪਣੇ ਆਪ ਨੂੰ ਵਕਤ ਅਨੁਸਾਰ ਢਾਲਣ ਦਾ ਰਸਤਾ ਨਹੀਂ ਲਭਿਆ।

ਅਪਣੀ ਸ਼ਾਨ ਨੂੰ ਦਰਸਾਉਣ ਵਾਸਤੇ ਜਿਹੜਾ ਖ਼ਾਲਸਾ ਜਿੱਤ ਦੇ ਝੰਡੇ ਗਡਦਾ ਸੀ, ਉਸ ਨੇ ਨਿਸ਼ਾਨ ਸਾਹਿਬ ਨੂੰ ਅਪਣੀ ਪਛਾਣ ਬਣਾ ਲਿਆ ਅਤੇ ਉਸ ਨਿਸ਼ਾਨ ਸਾਹਿਬ ਵਿਚ ਬਾਬੇ ਨਾਨਕ ਦੀ ਸਾਦਗੀ ਵੀ ਸੀ ਅਤੇ ਗੁਰੂ ਗੋਬਿੰਦ ਸਿੰਘ ਦੀ ਲੋੜ ਅਨੁਸਾਰ ਜੰਗ ਸਮੇਂ ਅਗਵਾਈ ਕਰਨ ਦੀ ਤਾਕਤ ਵੀ। ਪਰ ਫਿਰ ਲੰਗਰ ਦੀ ਪ੍ਰਥਾ, ਸੰਗਮਰਮਰ ਦੀਆਂ ਇਮਾਰਤਾਂ, ਸੋਨੇ ਦੇ ਚੁਬਾਰੇ ਅਤੇ ਚਾਂਦੀ ਦੇ ਚੰਦੋਏ ਤੇ ਰੇਸ਼ਮੀ ਰੁਮਾਲਿਆਂ ਵਿਚ ਉਲਝ ਕੇ ਖ਼ਾਲਸਾ ਅਪਣੀ ਅਸਲ ਤਾਕਤ ਭੁਲਾ ਬੈਠਾ। ਸ਼ਾਇਦ ਇਹ ਗੋਲਕ ਵਿਚ ਸਿੱਖਾਂ ਦੀ ਸ਼ਰਧਾ ਦਾ ਲਾਭ ਲੈਣ ਦਾ ਲਾਲਚ ਸੀ ਜਾਂ ਕਿਸੇ ਦਾ ਏਜੰਡਾ ਸੀ, ਪਰ ਅਸਲੀਅਤ ਇਹ ਹੈ ਕਿ ਇਹ ਸਾਰੀਆਂ 'ਅਮੀਰੀਆਂ' ਖ਼ਾਲਸੇ ਨੂੰ ਨਵੇਂ ਯੁਗ ਦੀਆਂ ਚੁਨੌਤੀਆਂ ਨੂੰ ਕਬੂਲ ਕਰਨ ਦੇ ਕਾਬਲ ਨਾ ਬਣਾ ਸਕੀਆਂ।

File photoFile photo

ਅੱਜ ਜਦੋਂ ਕੋਰੋਨਾ ਦੇ ਰੂਪ ਵਿਚ ਕੁਦਰਤ ਨੇ ਸਾਰੀ ਦੁਨੀਆਂ ਨੂੰ ਅੱਜ ਦੀ ਅਸਲੀਅਤ ਨਾਲ ਵਾਕਫ਼ ਕਰਵਾਇਆ ਹੈ, ਕੀ ਘਰ ਬੈਠਾ ਖ਼ਾਲਸਾ ਅੱਜ ਦੀ ਜੰਗ ਨੂੰ ਪਛਾਣਨ ਵਿਚ ਕਾਮਯਾਬ ਹੋ ਸਕੇਗਾ? ਅੱਜ ਜੇ ਗੁਰੂ ਗੋਬਿੰਦ ਸਿੰਘ ਤੁਹਾਡੇ ਸਾਹਮਣੇ ਆ ਖੜੇ ਹੁੰਦੇ ਤਾਂ ਉਹ ਖ਼ਾਲਸੇ ਨੂੰ ਕਿਸ ਨਾਲ ਲੜਨ ਵਾਸਤੇ ਆਖਦੇ?
ਕੀ ਉਹ ਤੁਹਾਨੂੰ ਨਾ ਆਖਦੇ ਕਿ ਤੁਸੀਂ ਅੱਜ ਅਪਣੇ ਸਮਾਜ ਨੂੰ ਜਾਤ-ਪਾਤ, ਲਾਲਚ, ਭ੍ਰਿਸ਼ਟਾਚਾਰ, ਨਫ਼ਰਤ ਤੋਂ ਬਚਾਉ। ਜਦੋਂ ਉਹ ਵੇਖਦੇ ਕਿ ਅੱਜ ਉਨ੍ਹਾਂ ਦਾ ਖ਼ਾਲਸਾ ਹੀ ਇਨ੍ਹਾਂ ਬਿਮਾਰੀਆਂ ਵਿਚ ਗ੍ਰਸਿਆ ਹੋਇਆ ਹੈ,

ਕਿਸੇ ਲਾਲਚ ਵਿਚ ਫੱਸ ਕੇ ਉਹ ਅਪਣੇ ਹੀ ਗੁਰੂ ਦੀ ਗੋਲਕ ਦੀ ਲੁੱਟ ਕਰ ਰਿਹਾ ਹੈ, ਤਾਂ ਉਹ ਕੀ ਆਖਦੇ? ਕੀ ਅੱਜ ਉਹ ਪੰਜ ਪਿਆਰੇ ਅੱਗੇ ਆ ਸਕਦੇ ਜੋ ਇਨ੍ਹਾਂ ਦੁਸ਼ਮਣਾਂ ਨਾਲ ਜੂਝਣ ਵਾਸਤੇ ਗੁਰੂ ਦੇ ਖ਼ਾਲਸੇ ਬਣੇ ਸਨ? ਅੱਜ ਜੇ ਘਰ ਬੈਠ ਕੇ ਵਿਸਾਖੀ ਮਨਾਉਣ ਦਾ ਮੌਕਾ ਮਿਲ ਰਿਹਾ ਹੈ ਤਾਂ ਏਕਾਂਤ ਵਿਚ ਬੈਠ ਕੇ ਅੱਜ ਦੀ ਜੰਗ ਨੂੰ ਪਛਾਣਨ ਅਤੇ ਅਪਣੇ ਆਪ ਨੂੰ ਖ਼ਾਲਸਾ ਫ਼ੌਜ ਬਣਨ ਲਈ ਤਿਆਰ ਕੀਤਾ ਜਾ ਸਕਦਾ ਹੈ। ਜਿਥੇ ਕੋਰੋਨਾ ਏਕਾਂਤਵਾਸ ਦੀ ਸਜ਼ਾ ਲੈ ਕੇ ਆਇਆ ਹੈ, ਉਸ ਨੂੰ ਕੁਦਰਤੀ ਸਬੱਬ ਸਮਝ ਕੇ ਇਸ ਪਿਛੇ ਦਾ ਅਸਲ ਮਕਸਦ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।  -ਨਿਮਰਤ ਕੌਰ
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement