
ਸਿੱਖ ਰੈਫ਼ਰੈਂਸ ਲਾਇਬਰੇਰੀ 'ਚੋਂ 1984 'ਚ ਭਾਰਤੀ ਫ਼ੌਜ ਨੇ ਸਿੱਖ ਇਤਿਹਾਸ ਨਾਲ ਜੁੜੇ ਕੁੱਝ ਅਣਮੁੱਲੇ ਗ੍ਰੰਥਾਂ, ਪੁਸਤਕਾਂ, ਅਖ਼ਬਾਰਾਂ ਨੂੰ ਚੁੱਕ ਲਿਆ ਸੀ। ਪਰ ਰੋਜ਼ਾਨਾ...
ਸਿੱਖ ਰੈਫ਼ਰੈਂਸ ਲਾਇਬਰੇਰੀ 'ਚੋਂ 1984 'ਚ ਭਾਰਤੀ ਫ਼ੌਜ ਨੇ ਸਿੱਖ ਇਤਿਹਾਸ ਨਾਲ ਜੁੜੇ ਕੁੱਝ ਅਣਮੁੱਲੇ ਗ੍ਰੰਥਾਂ, ਪੁਸਤਕਾਂ, ਅਖ਼ਬਾਰਾਂ ਨੂੰ ਚੁੱਕ ਲਿਆ ਸੀ। ਪਰ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਦੀ ਜਾਂਚ ਨੇ ਇਹ ਤੱਥ ਸਾਹਮਣੇ ਲਿਆਂਦਾ ਕਿ ਫ਼ੌਜ ਵਲੋਂ ਉਹ ਸਮਾਨ ਸ਼੍ਰੋਮਣੀ ਕਮੇਟੀ ਅਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਬਹੁਤ ਪਹਿਲਾਂ ਮੋੜ ਦਿਤਾ ਗਿਆ ਸੀ। ਇਹ ਕੋਈ ਅਫ਼ਵਾਹ ਜਾਂ ਸਾਜ਼ਸ਼ ਰੱਚ ਕੇ ਘੜੀ ਗਈ ਖ਼ਬਰ ਨਹੀਂ ਸੀ ਬਲਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਇਤਿਹਾਸਕ ਪੁਸਤਕਾਂ, ਲਿਖਤੀ ਗ੍ਰੰਥਾਂ ਨੂੰ ਫ਼ੌਜ ਤੋਂ ਵਾਪਸ ਲੈਣ ਸਮੇਂ ਕੀਤੇ ਦਸਤਖ਼ਤ ਵੇਖ ਕੇ ਤਿਆਰ ਕੀਤੀ ਗਈ ਰੀਪੋਰਟ ਸੀ।
Sikh Reference Library
ਇਸੇ ਪੁੱਛ ਪੜਤਾਲ ਦੌਰਾਨ ਇਕ ਖ਼ਬਰ ਇਹ ਵੀ ਸਾਹਮਣੇ ਆਈ ਕਿ ਇੰਗਲੈਂਡ ਵਿਚ ਗੁਰੂ ਗੋਬਿੰਦ ਸਿੰਘ ਦੇ ਹਸਤਾਖਰਾਂ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ 4000 ਪਾਊਂਡ 'ਚ ਵਿਕੇ ਸਨ। ਪਹਿਲਾ ਸ਼ੱਕ ਫ਼ੌਜ ਉਤੇ ਹੀ ਕੀਤਾ ਗਿਆ ਪਰ ਫਿਰ ਇਕ ਦਸਤਾਵੇਜ਼ ਸਾਹਮਣੇ ਆਇਆ ਜਿਹੜਾ ਸਿੱਧ ਕਰਦਾ ਹੈ ਕਿ ਕਾਫ਼ੀ ਹੱਦ ਤਕ ਸਮਾਨ ਸ਼੍ਰੋਮਣੀ ਕਮੇਟੀ ਕੋਲ ਪਹਿਲਾਂ ਹੀ ਵਾਪਸ ਆ ਚੁੱਕਾ ਸੀ। ਹੋਰ ਜਾਂਚ ਕੀਤੀ ਗਈ ਕਿਉਂਕਿ ਇਕ ਗੱਲ ਸਮਝ ਨਹੀਂ ਸੀ ਆ ਰਹੀ ਕਿ 35 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਤਾਂ ਆਖਦੀ ਆ ਰਹੀ ਹੈ ਕਿ ਫ਼ੌਜ ਨੇ ਕੁੱਝ ਵੀ ਵਾਪਸ ਨਹੀਂ ਕੀਤਾ ਤਾਂ ਫਿਰ ਇਹ ਸਮਾਨ ਕੀ ਕਿਸੇ ਸਾਜ਼ਸ਼ ਅਧੀਨ ਕਾਲੇ ਬਾਜ਼ਾਰ ਵਿਚ ਕਿਸੇ ਤਾਕਤਵਰ ਗਰੋਹ ਨੂੰ ਵੇਚ ਕੇ ਸਿੱਖਾਂ ਦੇ ਇਤਿਹਾਸ ਨੂੰ ਵੇਚਣ ਦਾ ਧੰਦਾ ਬਣਾਇਆ ਗਿਆ ਹੈ?
SGPC
ਸ਼੍ਰੋਮਣੀ ਕਮੇਟੀ ਦੇ ਪੰਜ ਪਿਆਰਿਆਂ 'ਚੋਂ ਇਕ, ਭਾਈ ਸਤਨਾਮ ਸਿੰਘ ਖੰਡਾ ਨਾਲ ਗੱਲਬਾਤ ਕਰਨ ਮਗਰੋਂ ਪਤਾ ਲੱਗਾ ਇਹ ਮਾਮਲਾ ਹਾਈ ਕੋਰਟ ਵਿਚ ਵੀ ਚਲਿਆ ਸੀ ਜਿਸ ਵਿਚ ਸ਼੍ਰੋਮਣੀ ਕਮੇਟੀ ਵੀ ਇਕ ਧਿਰ ਸੀ ਪਰ ਉਨ੍ਹਾਂ ਵਲੋਂ ਗਵਾਹੀ ਵੀ ਨਾ ਭਰੀ ਗਈ ਤੇ ਚੁੱਪੀ ਧਾਰੀ ਰੱਖੀ। ਅਨੁਰਾਗ ਸਿੰਘ ਇਤਿਹਾਸਕਾਰ ਜੋ ਸ਼੍ਰੋਮਣੀ ਕਮੇਟੀ ਵਿਚ ਸਿੱਖ ਇਤਿਹਾਸ ਬੋਰਡ ਦੇ ਸਾਬਕਾ ਡਾਇਰੈਕਟਰ ਰਹਿ ਚੁੱਕੇ ਹਨ, ਉਨ੍ਹਾਂ ਨਾਲ ਗੱਲਬਾਤ ਮਗਰੋਂ ਸ਼ੰਕਾ ਹੋਰ ਵਧੀ। ਉਹ ਵੀ ਆਖਦੇ ਰਹੇ ਕਿ ਉਨ੍ਹਾਂ ਨੂੰ ਜਾਪਦਾ ਸੀ ਕਿ ਕੁੱਝ ਸਮਾਨ ਇਕ ਕਮਰੇ ਵਿਚ ਅਲੱਗ ਪਿਆ ਸੀ ਪਰ ਉਨ੍ਹਾਂ ਨੂੰ ਇਸ ਨੂੰ ਵੇਖਣ ਦੀ ਇਜਾਜ਼ਤ ਨਹੀਂ ਸੀ ਦਿਤੀ ਗਈ।
Sikh Reference Library
ਉਨ੍ਹਾਂ ਲਾਇਬ੍ਰੇਰੀ ਦੇ ਸਾਰੇ ਸਮਾਨ ਦੀ ਸੂਚੀ ਵੀ ਬਣਾਉਣੀ ਚਾਹੀ ਪਰ ਇਜਾਜ਼ਤ ਨਾ ਦਿਤੀ ਗਈ। ਖੋਜ ਦੌਰਾਨ ਕੁੱਝ ਹੋਰ ਕਾਗ਼ਜ਼ ਵੀ ਮਿਲੇ ਜੋ ਦਸਦੇ ਹਨ ਕਿ ਕਿਹੜੇ ਕਿਹੜੇ ਕਾਗ਼ਜ਼ ਫ਼ੌਜ ਵਲੋਂ ਸੀ.ਬੀ.ਆਈ. ਨੂੰ ਜਾਂਚ ਲਈ ਦਿਤੇ ਗਏ ਅਤੇ ਫਿਰ ਉਨ੍ਹਾਂ ਨੂੰ ਨਸ਼ਟ ਕਰ ਦਿਤਾ ਗਿਆ ਸੀ। ਉਸ ਸੂਚੀ ਵਿਚ ਫ਼ਾਈਲਾਂ, ਰਜਿਸਟਰ, ਡਾਇਰੀਆਂ, ਦਲ ਖ਼ਾਲਸਾ ਦਾ ਸੰਵਿਧਾਨ, ਮਸ਼ੀਨਗੰਨ ਬਾਰੇ ਇਕ ਕਿਤਾਬ, ਖ਼ਾਲਿਸਤਾਨ ਦੀਆਂ ਮੋਹਰਾਂ, ਅਰਜ਼ੀਆਂ, ਕੁੱਝ ਚਿੱਠੀਆਂ, ਟੈਲੀਗ੍ਰਾਮ, ਇੰਦਰਾ ਗਾਂਧੀ ਵਲੋਂ ਸੰਤ ਭਿੰਡਰਾਂਵਾਲਿਆਂ ਨੂੰ ਲਿਖੀਆਂ ਕੁੱਝ ਚਿੱਠੀਆਂ ਆਦਿ ਵਰਗਾ ਸਮਾਨ ਸ਼ਾਮਲ ਸੀ। ਇਹ ਫ਼ੌਜ ਅਤੇ ਸੀ.ਬੀ.ਆਈ. ਦੇ ਕਾਗ਼ਜ਼ ਸਨ ਜੋ ਨਸ਼ਟ ਕਰ ਤੇ ਗਏ ਸੀ।
Rozana Spokesman
ਸਪੋਕਸਮੈਨ ਨੇ ਮਾਮਲਾ ਪਾਠਕਾਂ ਦੇ ਸਾਹਮਣੇ ਅਤੇ ਸਿੱਖ ਪੰਥ (ਜੋ ਸਾਰੇ ਸਮਾਨ ਦਾ ਅਸਲ ਮਾਲਕ ਹੈ) ਦੇ ਸਾਹਮਣੇ ਲਿਆਂਦਾ ਤਾਕਿ ਸ਼੍ਰੋਮਣੀ ਕਮੇਟੀ ਪੂਰਾ ਸੱਚ ਦੱਸ। ਫਿਰ ਸਾਰੀਆਂ ਅਖ਼ਬਾਰਾਂ ਨੇ ਇਸ ਬਾਰੇ ਖ਼ਬਰਾਂ ਲਾਈਆਂ। ਇਹ ਹੈਰਾਨੀ ਦੀ ਗੱਲ ਸੀ ਕਿ ਫ਼ੌਜ ਨੇ ਤਾਂ ਸਾਡੇ ਇਤਿਹਾਸਕ ਖ਼ਜ਼ਾਨੇ ਨੂੰ 1984 'ਚ ਹੀ ਵਾਪਸ ਮੋੜ ਦਿਤਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਨੂੰ ਕਦੇ ਸੱਚ ਨਾ ਦਸਿਆ। 13 ਜੂਨ, 2019 ਨੂੰ ਸਪੋਕਸਮੈਨ ਦੇ ਪੱਤਰਕਾਰ ਨੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਅਪਣੇ ਅੱਖੀਂ ਵੇਖੇ ਸਾਕੇ ਦਾ ਵੇਰਵਾ ਸੁਣਾਇਆ ਅਤੇ ਆਖਿਆ ਕਿ ਉਨ੍ਹਾਂ ਨੇ ਕਦੇ ਵੀ ਉਸ ਤੋਂ ਬਾਅਦ ਕੋਈ ਇਹਿਤਾਸਕ ਸਮਾਨ ਦਰਬਾਰ ਸਾਹਿਬ ਵਿਚ ਨਹੀਂ ਵੇਖਿਆ।
Joginder Singh Vedanti
ਪਰ ਉਸੇ 13 ਜੂਨ ਦੀ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਬੈਠੀ ਅਤੇ ਉਨ੍ਹਾਂ ਕਬੂਲਿਆ ਕਿ ਕੁੱਝ ਸਮਾਨ ਉਨ੍ਹਾਂ ਕੋਲ ਵਾਪਸ ਆ ਚੁੱਕਾ ਹੈ 'ਪਰ ਸਾਰਾ ਨਹੀਂ'। ਸ. ਰੂਪ ਸਿੰਘ ਦੇ ਅਪਣੇ ਸ਼ਬਦ ਹੀ ਦੁਹਰਾ ਦਈਏ ਤਾਂ ਇਸ ਰੈਫ਼ਰੈਂਸ ਲਾਇਬ੍ਰੇਰੀ ਵਿਚ ਉਹ ਕੀਮਤੀ ਸਮਾਨ ਹੈ ਜੋ ਕਿਤੇ ਹੋਰ ਨਹੀਂ ਮਿਲਦਾ। ਫਿਰ ਉਹ ਇਹ ਵੀ ਆਖਦੇ ਹਨ ਕਿ ਅਖ਼ਬਾਰਾਂ ਵੀ ਵਾਪਸ ਆ ਚੁਕੀਆਂ ਹਨ ਪਰ ਉਨ੍ਹਾਂ ਨੂੰ ਗਿਣਤੀ ਨਹੀਂ ਪਤਾ। ਸਾਨੂੰ ਲਗਦਾ ਸੀ ਕਿ ਐਸ.ਜੀ.ਪੀ.ਸੀ. ਇਸ ਵੱਡੇ ਖ਼ਜ਼ਾਨੇ ਦੇ ਮਿਲ ਜਾਣ ਤੇ ਸਪੋਕਸਮੈਨ ਦਾ ਧਨਵਾਦ ਕਰੇਗੀ ਕਿਉਂਕਿ ਉਨ੍ਹਾਂ 'ਚੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਤਿਹਾਸਕ ਖ਼ਜ਼ਾਨਾ ਉਨ੍ਹਾਂ ਕੋਲ ਸੁਰੱਖਿਅਤ ਹੈ। ਸੁਖਬੀਰ ਸਿੰਘ ਬਾਦਲ ਬਤੌਰ ਅਕਾਲੀ ਦਲ ਪ੍ਰਧਾਨ ਅਜੇ 6 ਜੂਨ ਨੂੰ ਹੀ ਕੇਂਦਰ ਤੋਂ ਸਮਾਨ ਵਾਪਸ ਮੰਗਣ ਲਈ ਗਏ ਸਨ ਅਤੇ ਪਿਛਲੇ 35 ਸਾਲਾਂ ਤੋਂ ਅਕਾਲੀ ਉਹ ਸਮਾਨ ਮੰਗਦੇ ਆ ਰਹੇ ਸੀ, ਜੋ ਉਨ੍ਹਾਂ ਦੀ ਅਪਣੀ ਹੀ ਲਾਇਬ੍ਰੇਰੀ ਵਿਚ ਪਿਆ ਸੀ।
Dr. Roop Singh
ਪਰ ਸ. ਰੂਪ ਸਿੰਘ ਦੀ ਗੱਲ ਸੁਣ ਕੇ ਹਰ ਕੋਈ ਹੈਰਾਨ ਪ੍ਰੇਸ਼ਾਨ ਹੋ ਕੇ ਰਹਿ ਗਿਆ। ਸ਼੍ਰੋਮਣੀ ਕਮੇਟੀ ਖ਼ੁਦ ਹੀ ਜਾਂਚ ਕਰੇਗੀ ਅਤੇ ਇਹ ਤੈਅ ਕਰੇਗੀ ਕਿ ਉਨ੍ਹਾਂ 'ਚੋਂ ਕਿਸੇ ਕੋਲੋਂ ਗ਼ਲਤੀ ਹੋ ਗਈ ਸੀ ਜਾਂ...... ਅਤੇ ਫਿਰ ਜੇ ਉਨ੍ਹਾਂ ਦੇ ਅਪਣੇ ਬੰਦਿਆਂ ਨੂੰ ਉਨ੍ਹਾਂ ਦੀ ਅਪਣੀ ਹੀ ਗ਼ਲਤੀ ਵਿਖਾਈ ਨਾ ਦਿਤੀ (ਅਪਣੇ ਆਪ ਨੂੰ ਕਸੂਰਵਾਰ ਠਹਿਰਾਉਣ ਵਾਲੇ ਸੱਚ ਦੇ ਰਾਖੇ ਕਿਥੋਂ ਮਿਲਣਗੇ ਸ਼੍ਰੋਮਣੀ ਕਮੇਟੀ ਨੂੰ?) ਤਾਂ ਉਸ ਅਖ਼ਬਾਰ ਤੇ ਪੱਤਰਕਾਰ ਉਤੇ ਅਪਰਾਧਕ ਮਾਮਲਾ ਦਰਜ ਕਰੇਗੀ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਹੋਈ ਹੈ। ਵਾਹ ਖ਼ੂਬ ਹੈ ਧਰਮ ਦਾ ਨਾਂ ਜ਼ੁਬਾਨ ਤੇ ਰੱਖ ਕੇ ਕੰਮ ਕਰਨ ਵਾਲਿਆਂ ਦਾ ਇਨਸਾਫ਼!!
SGPC
ਬਦਨਾਮੀ ਸ਼੍ਰੋਮਣੀ ਕਮੇਟੀ ਦੀ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਵਿਚ ਕੰਮ ਕਰਨ ਵਾਲੇ ਤਨਖ਼ਾਹਦਾਰ ਕਰਮਚਾਰੀਆਂ ਦੀ ਹੋਈ ਹੈ। 13 ਜੂਨ 2019 ਤਕ ਤਾਂ ਜੋਗਿੰਦਰ ਸਿੰਘ ਵੇਦਾਂਤੀ ਨੂੰ ਵੀ ਨਹੀਂ ਸੀ ਪਤਾ ਕਿ ਫ਼ੌਜ ਨੇ 1984 ਵਿਚ ਸਮਾਨ ਵਾਪਸ ਕਰ ਦਿਤਾ ਸੀ ਅਤੇ ਜੇ ਮੀਡੀਆ ਨੇ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੀ ਅਗਿਆਨਤਾ ਵਲ ਧਿਆਨ ਦਿਵਾਇਆ ਤਾਂ ਉਸ ਨੂੰ ਧਮਕੀ ਕਿਹੜੀ ਗੱਲ ਦੀ? ਕੀ ਮੀਡੀਆ ਨੇ ਖ਼ਜ਼ਾਨੇ ਦੇ ਅਸਲ ਮਾਲਕ (ਪੰਥ) ਨੂੰ ਜਗਾ ਕੇ ਤੇ ਸੁੱਤੇ ਹੋਏ ਚੌਕੀਦਾਰ ਦੇ ਘੁਰਾੜੇ ਸੁਣਾ ਕੇ ਪਾਪ ਕਰ ਦਿਤਾ ਹੈ? ਇਨ੍ਹਾਂ ਵਲੋਂ ਇਕ ਹੋਰ ਉੱਚ ਤਾਕਤੀ ਕਮੇਟੀ ਤਾਂ ਹੋਰ ਭੰਬਲਭੂਸੇ, ਹੋਰ ਦੇਰੀਆਂ ਹੀ ਪੈਦਾ ਕਰੇਗੀ।
Golak
ਸ਼੍ਰੋਮਣੀ ਕਮੇਟੀ ਵਿਚ ਨੌਕਰੀ ਕਰਨ ਵਾਲੇ ਕਰਮਚਾਰੀ, ਸਿੱਖਾਂ ਵਲੋਂ ਗੁਰੂ ਨੂੰ ਟੇਕੇ ਮੱਥੇ ਦੀ ਰਕਮ 'ਚੋਂ ਤਨਖ਼ਾਹਾਂ ਲੈਂਦੇ ਹਨ, ਉਹ ਅਸਲ ਵਿਚ ਚੌਕੀਦਾਰ ਹਨ, ਸੇਵਾਦਾਰ ਹਨ ਅਤੇ ਅੱਜ ਜਦ ਉਹ ਜਵਾਬਦੇਹ ਬਣਾਏ ਜਾ ਰਹੇ ਹਨ ਤਾਂ ਉਸੇ ਗੋਲਕ ਦੀ ਤਾਕਤ ਦਾ ਦੁਰਉਪਯੋਗ ਕਰ ਕੇ ਸੱਚ ਦੀ ਆਵਾਜ਼ ਨੂੰ ਡਰਾ ਰਹੇ ਹਨ, ਧਮਕਾ ਰਹੇ ਹਨ। ਉਹ ਜਾਣਦੇ ਹਨ ਕਿ ਅਖ਼ਬਾਰ ਅਤੇ ਪੱਤਰਕਾਰ ਕੋਲ ਗੋਲਕਾਂ ਵਾਲਿਆਂ ਦੀ, ਮਾਇਆ ਖੁਰਚਣ ਦੀ ਤਾਕਤ ਦੇ ਮੁਕਾਬਲੇ ਅਪਣੀ ਤਾਕਤ ਕੁੱਝ ਵੀ ਨਹੀਂ ਹੁੰਦੀ। ਜਿਨ੍ਹਾਂ ਨੂੰ ਅਪਣੇ ਇਤਿਹਾਸ ਨਾਲ, ਗੁਰੂਆਂ ਦੇ ਸੰਦੇਸ਼ ਨਾਲ ਤੇ ਉਨ੍ਹਾਂ ਦੀਆਂ ਆਪ ਬਣਾਈਆਂ ਯਾਦਗਾਰੀ ਇਮਾਰਤਾਂ ਨੂੰ ਅਸਲ ਰੂਪ ਵਿਚ ਬਚਾ ਕੇ ਰੱਖਣ ਵਿਚ ਕੋਈ ਦਿਲਚਸਪੀ ਨਹੀਂ, ਸੱਚ ਉਤੋਂ ਇਨ੍ਹਾਂ ਦੇ ਪਾਏ ਸੌ ਪਰਦਿਆਂ ਨੂੰ ਹਟਾਉਣ ਵਾਲਿਆਂ ਨਾਲ ਕਿਸ ਤਰ੍ਹਾਂ ਪਿਆਰ ਕਰ ਸਕਦੇ ਹਨ? - ਨਿਮਰਤ ਕੌਰ