Editorial: ਮੁਨੀਰ ਦੀਆਂ ਧਮਕੀਆਂ ਤੇ ਭਾਰਤੀ ਅਸਲੀਅਤ
Published : Aug 14, 2025, 8:16 am IST
Updated : Aug 14, 2025, 8:43 am IST
SHARE ARTICLE
Asim Munir's threats and Indian reality Editorial
Asim Munir's threats and Indian reality Editorial

Editorial:ਅਪਣੇ ਮੁਲਕ ਦੇ ਐਟਮੀ ਅਸਲੇ ਦੀ ਕੌਮਾਂਤਰੀ ਸੁਰਖ਼ੀਆਂ ਬਟੋਰਨ ਲਈ ਵਰਤੋਂ ਕਰਨੀ ਪਾਕਿਸਤਾਨੀ ਆਗੂਆਂ ਤੇ ਜਰਨੈਲਾਂ ਨੂੰ ਖ਼ੂਬ ਆਉਂਦੀ ਹੈ

Munir's threats and Indian reality Editorial: ਅਪਣੇ ਮੁਲਕ ਦੇ ਐਟਮੀ ਅਸਲੇ ਦੀ ਕੌਮਾਂਤਰੀ ਸੁਰਖ਼ੀਆਂ ਬਟੋਰਨ ਲਈ ਵਰਤੋਂ ਕਰਨੀ ਪਾਕਿਸਤਾਨੀ ਆਗੂਆਂ ਤੇ ਜਰਨੈਲਾਂ ਨੂੰ ਖ਼ੂਬ ਆਉਂਦੀ ਹੈ। ਉਹ ਜਦੋਂ ਵੀ ਕਿਸੇ ਪੱਛਮੀ ਮੁਲਕ ਵਿਚ ਹੁੰਦੇ ਹਨ ਤਾਂ ਇਸ ਐਟਮੀ ਜ਼ਖ਼ੀਰੇ ਦਾ ਜ਼ਿਕਰ ਗਾਹੇ-ਬਗ਼ਾਹੇ ਜ਼ਰੂਰ ਕਰ ਦਿੰਦੇ ਹਨ। ਇਹੀ ਕੰਮ ਪਾਕਿਸਤਾਨੀ ਥਲ ਸੈਨਾ ਦੇ ਮੁਖੀ, ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਤਿੰਨ ਦਿਨ ਪਹਿਲਾਂ ਅਮਰੀਕਾ ਵਿਚ ਕੀਤਾ। ਫਲੋਰਿਡਾ ਵਿਚ ਪਾਕਿਸਤਾਨੀ ਡਾਇਸਪੋਰਾ ਨੂੰ ਸੰਬੋਧਨ ਦੌਰਾਨ ਇਸ ਪੰਜ ਸਿਤਾਰਾ ਜਨਰਲ ਨੇ ਸ਼ੇਖ਼ੀ ਮਾਰੀ ਕਿ ਜੇਕਰ ਕਿਸੇ ਨੇ (ਭਾਵ ਭਾਰਤ ਨੇ) ਪਾਕਿਸਤਾਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨ ਅਪਣੇ ਨਾਲ ਘੱਟੋ-ਘੱਟ ਅੱਧੀ ਦੁਨੀਆਂ ਨੂੰ ਵੀ ਮਲੀਆਮੇਟ ਕਰ ਦੇਵੇਗਾ।

ਉਸ ਨੇ ਇਹ ਵੀ ਕਿਹਾ ਕਿ ਕਸ਼ਮੀਰ, ਪਾਕਿਸਤਾਨ ਦੀ ਸ਼ਾਹਰਗ ਹੈ ਅਤੇ ਪਾਕਿਸਤਾਨ ਇਸ ਨੂੰ ਹਥਿਆ ਕੇ ਹੀ ਰਹੇਗਾ। ਉਸ ਨੇ ਇਸੇ ਤਕਰੀਰ ਦੌਰਾਨ ਸਿੰਧੂ ਜਲ ਸੰਧੀ ਦੀ ਭਾਰਤ ਵਲੋਂ ਮੁਅੱਤਲੀ ਦਾ ਜ਼ਿਕਰ ਕਰਦਿਆਂ ਧਮਕੀ ਦਿਤੀ ਕਿ ਜੇਕਰ ਭਾਰਤ ਨੇ ਸਿੰਧ, ਜਿਹਲਮ ਤੇ ਚਨਾਬ ਦਰਿਆਵਾਂ ਦੇ ਪਾਣੀਆਂ ਦਾ ਪਾਕਿਸਤਾਨ ਵਲ ਵਹਾਅ ਰੋਕਣ ਲਈ ਕੋਈ ਨਵਾਂ ਡੈਮ ਉਸਾਰਨਾ ਸ਼ੁਰੂ ਕੀਤਾ ਤਾਂ ਉਹ ਡੈਮ ਉਸਰਨ ਨਹੀਂ ਦਿਤਾ ਜਾਵੇਗਾ। ਦੋ ਮਹੀਨਿਆਂ ਦੇ ਅੰਦਰ ਮੁਨੀਰ ਦੀ ਇਹ ਦੂਜੀ ਅਮਰੀਕੀ ਫੇਰੀ ਸੀ। ਪਹਿਲੀ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਪਣੇ ਨਿਵਾਸ ’ਤੇ ਉਸ ਨੂੰ ਦੁਪਹਿਰ ਦਾ ਖਾਣਾ ਖੁਆਉਣ ਦਾ ਮਾਣ ਬਖ਼ਸ਼ਿਆ ਸੀ। ਅਜਿਹੇ ਨਿਓਤੇ ਅਕਸਰ ਅਮਰੀਕੀ ਦੌਰੇ ’ਤੇ ਆਏ ਅਹਿਮ ਵਿਦੇਸ਼ੀ ਰਾਜ-ਪ੍ਰਮੁੱਖਾਂ ਤਕ ਸੀਮਤ ਹੁੰਦੇ ਹਨ। ਪਰ ਅਮਰੀਕਾ-ਭਾਰਤ ਵਪਾਰ ਸੌਦਾ ਸਿਰੇ ਨਾ ਚੜ੍ਹਨ ਤੋਂ ਨਾਰਾਜ਼ ਟਰੰਪ ਨੇ ਭਾਰਤ ਨਾਲ ਨਾਰਾਜ਼ਗੀ ਦੇ ਇਜ਼ਹਾਰ ਲਈ ਆਸਿਮ ਮੁਨੀਰ ਨੂੰ ਪਲੋਸਣ ਵਾਲੀ ਤਰੀਕੇਕਾਰੀ ਅਪਣਾਈ ਸੀ।

ਹੁਣ ਵੀ ਮੁਨੀਰ ਅਮਰੀਕੀ ਫ਼ੌਜ ਦੀ ਕੇਂਦਰੀ ਕਮਾਨ ਦੇ ਉਸ ਮੁਖੀ ਦੀ ਰਿਟਾਇਰਮੈਂਟ ਨਾਲ ਜੁੜੇ ਸਮਾਰੋਹਾਂ ਵਿਚ ਹਿੱਸਾ ਲੈਣ ਅਮਰੀਕਾ ਗਿਆ ਸੀ ਜਿਸ ਨੇ ਟਰੰਪ ਕੋਲ ਮੁਨੀਰ ਦੀ ਅਸਾਧਾਰਨ ਢੰਗ ਨਾਲ ਤਾਰੀਫ਼ ਕੀਤੀ ਸੀ ਅਤੇ ਇਸਲਾਮੀ ਦਹਿਸ਼ਤਗਰਦੀ ਖ਼ਿਲਾਫ਼ ਅਮਰੀਕੀ ਘੋਲ ਵਿਚ ਮੁਨੀਰ ਦੇ ‘ਸਹਿਯੋਗ’ ਦਾ ਸਰਕਾਰੀ ਦਸਤਾਵੇਜ਼ਾਂ ਵਿਚ ਵਾਰ-ਵਾਰ ਜ਼ਿਕਰ ਕੀਤਾ ਸੀ। ਅਜਿਹੇ ਮਾਹੌਲ ਨਾਲ ਜੁੜੀ ਖ਼ੁਸ਼ਮਿਜ਼ਾਜੀ ਤੋਂ ਮੁਨੀਰ ਦਾ ਫੂਕ ਛੱਕ ਜਾਣਾ ਸੁਭਾਵਿਕ ਹੀ ਸੀ। ਇਹ ਵੱਖਰੀ ਗੱਲ ਹੈ ਕਿ ਉਸ ਨੇ ਜੋ ਬਿਆਨਬਾਜ਼ੀ ਕੀਤੀ, ਉਹ ਸੁਹਜਮਈ ਸਫ਼ਾਰਤ ਦੇ ਦਾਇਰੇ ਵਿਚ ਨਹੀਂ ਆਉਂਦੀ। ਇਹ ਬਿਆਨਬਾਜ਼ੀ ਭਾਰਤ ਤੇ ਪਾਕਿਸਤਾਨ ਦਰਮਿਆਨ ਉਕਸਾਹਟ ਨਵੇਂ ਸਿਰਿਓਂ ਪੈਦਾ ਕਰਨ ਦਾ ਯਤਨ ਸੀ। ਅਜਿਹੇ ਯਤਨਾਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਸੀ, ਪਰ ਪਾਕਿਸਤਾਨੀ ਫ਼ੌਜ ਦੇ ਜਰਨੈਲਾਂ ਦੀ ਮਨੋਬਿਰਤੀ ਹੀ ਅਜਿਹੀ ਹੈ ਕਿ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਕਸ਼ੀਦਗੀ ਵਿਚ ਹੀ ਉਨ੍ਹਾਂ ਨੂੰ ਅਪਣੀ ਭਲਾਈ ਨਜ਼ਰ ਆਉਂਦੀ ਹੈ।

ਮੁਨੀਰ ਵਲੋਂ ਪੈਦਾ ਕੀਤੀ ਗਈ ਉਕਸਾਹਟ ਤੇ ਤਲਖ਼ੀ ਦੇ ਬਾਵਜੂਦ ਭਾਰਤ ਸਰਕਾਰ ਦਾ ਪ੍ਰਤੀਕਰਮ ਸੰਜਮੀ ਰਿਹਾ ਹੈ। ਇਹ ਚੰਗੀ ਗੱਲ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਸਪੱਸ਼ਟ ਕੀਤਾ ਕਿ ਭਾਰਤ, ਪਰਮਾਣੂ ਬਲੈਕਮੇਲ ਅੱਗੇ ਝੁਕਣ ਵਾਲਾ ਨਹੀਂ। ਉਹ ਅਪਣੇ ਹਿਤਾਂ ਦੀ ਹਿਫ਼ਾਜ਼ਤ ਕਰਨੀ ਵੀ ਜਾਣਦਾ ਹੈ ਅਤੇ ਉਸ ਨੂੰ ਧਮਕੀਆਂ ਨਾਲ ਡਰਾਇਆ ਨਹੀਂ ਜਾ ਸਕਦਾ। ਅਜਿਹੇ ਸੰਜਮੀ ਪ੍ਰਤੀਕਰਮ ਤੋਂ ਬਾਅਦ ਹੋਰ ਕੁਝ ਕਹਿਣ ਦੀ ਜ਼ਰੂਰਤ ਵੀ ਨਹੀਂ। ‘ਅਪਰੇਸ਼ਨ ਸਿੰਧੂਰ’ ਤੋਂ ਪਹਿਲਾਂ ਮੁਨੀਰ ਨੇ ਇਹ ਧਮਕੀ ਦਿਤੀ ਸੀ ਕਿ ਪਾਕਿਸਤਾਨ ਕੋਲ ਭਾਰਤ ਦੀ ਆਰਥਿਕ ਸ਼ਕਤੀ ਨੂੰ ਢਾਹ ਲਾਉਣ ਦੀ ਸਮਰਥਾ ਮੌਜੂਦ ਹੈ। ਉਸ ਨੇ ਇਸ ਪ੍ਰਸੰਗ ਵਿਚ ਜਾਮ ਨਗਰ (ਗੁਜਰਾਤ) ਸਥਿਤ ਰਿਲਾਇੰਸ ਰਿਫ਼ਾਇਨਰੀ ਬੰਬਾਂ ਨਾਲ ਉਡਾ ਦੇਣ ਵਰਗੇ ਦਾਅਵੇ ਵੀ ਕੀਤੇ ਸਨ।

ਇਹ ਰਿਫ਼ਾਇਨਰੀ ਦੁਨੀਆਂ ਦਾ ਸਭ ਤੋਂ ਵੱਡਾ ਤੇਲ-ਸੋਧ ਕਾਰਖ਼ਾਨਾ ਹੈ। ਅਜਿਹੀਆਂ ਧਮਕੀਆਂ ਦਰਸਾਉਂਦੀਆਂ ਹਨ ਕਿ ਭਾਰਤੀ ਅਰਥਚਾਰੇ ਦੀ ਮਜ਼ਬੂਤੀ ਵੀ ਪਾਕਿਸਤਾਨੀ ਹੁੱਕਾਮ ਅੰਦਰ ਅਸੁਰੱਖਿਆ ਵਧਾ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਗੁਜਰਾਤ ਵਿਚ ਮਾਰ ਕਰਨ ਦੀਆਂ ਧਮਕੀਆਂ ਦੇ ਬਾਵਜੂਦ ਅਪਰੇਸ਼ਨ ਸਿੰਧੂਰ ਦੌਰਾਨ ਇਕ ਵੀ ਪਾਕਿਸਤਾਨੀ ਡਰੋਨ ਜਾਂ ਮਿਜ਼ਾਈਲ ਉਪਰੋਕਤ ਰਿਫ਼ਾਇਨਰੀ ਦੇ ਨੇੜੇ ਨਹੀਂ ਸੀ ਢੁੱਕ ਸਕਿਆ।  ਇਹ ਸਹੀ ਹੈ ਕਿ ਅਮਰੀਕਾ ਦੇ ਪਾਕਿਸਤਾਨ ਪ੍ਰਤੀ ਰਵੱਈਏ ਵਿਚ ਅਚਨਚੇਤੀ ਤਬਦੀਲੀ ਆਉਣ ਕਾਰਨ ਪਾਕਿਸਤਾਨ ਹੁਕਮਰਾਨੀ ਰਾਹਤ ਮਹਿਸੂਸ ਕਰ ਰਹੀ ਹੈ। ਉਹ ਅਮਰੀਕੀ ਮਹਿਸੂਲ ਦਰਾਂ ਕਾਰਨ ਭਾਰਤੀ ਅਰਥਚਾਰੇ ਨੂੰ ਵਿਆਪਕ ਖੋਰਾ ਲੱਗਣ ਦੇ ਸੁਪਨੇ ਵੀ ਅਪਣੇ ਲੋਕਾਂ ਅੱਗੇ ਵੇਚਣ ਲੱਗੀ ਹੈ। ਪਰ ਅਜਿਹੀ ਸੁਪਨਸਾਜ਼ੀ ਸਦਕਾ ਅਸਲੀਅਤ ਤਾਂ ਬਦਲੀ ਨਹੀਂ ਜਾ ਸਕਦੀ। ਭਾਰਤੀ ਅਰਥਚਾਰਾ, ਪਾਕਿਸਤਾਨੀ ਅਰਥਚਾਰੇ ਤੋਂ ਹੁਣ ਦਸ ਗੁਣਾਂ ਵੱਡਾ ਹੈ।

ਦੂਜੇ ਪਾਸੇ, ਟਰੰਪ ਵਲੋਂ ਲਾਈਆਂ ਟੈਰਿਫ਼ਸ ਭਾਰਤੀ ਵਿਕਾਸ ਦਰ ਨੂੰ 0.2 ਫ਼ੀ ਸਦੀ ਤੋਂ ਵੱਧ ਢਾਹ ਨਹੀਂ ਲਾ ਸਕਦੀਆਂ। ਲਿਹਾਜ਼ਾ, ਅਮਰੀਕਾ ਨਾਲ ਵਪਾਰਕ ਝਮੇਲੇ ਦੇ ਬਾਵਜੂਦ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਵੱਡੇ ਅਰਥਚਾਰਿਆਂ ਵਿਚ ਭਾਰਤੀ ਸ਼ਮੂਲੀਅਤ ਬਰਕਰਾਰ ਰਹਿਣੀ ਯਕੀਨੀ ਹੈ। ਅਜਿਹੀ ਦ੍ਰਿਸ਼ਾਵਲੀ ਦੌਰਾਨ ਇਹ ਜ਼ਰੂਰੀ ਹੈ ਕਿ ਸ਼ਰੀਕਾਂ ਦੀਆਂ ਡੰਗਾਂ-ਚੋਭਾਂ ਪ੍ਰਤੀ ਸੁਚੇਤ ਜ਼ਰੂਰ ਰਿਹਾ ਜਾਵੇ, ਪਰ ਤੂੰ ਤੂੰ-ਮੈਂ ਮੈਂ ਵਿਚ ਉਲਝਣ ਦੀ ਥਾਂ ਵਿਕਾਸ ਦੀ ਮਸਤ ਚਾਲ ਜਾਰੀ ਰੱਖੀ ਜਾਵੇ। ਜਿਥੋਂ ਤਕ ਐਟਮੀ ਧਮਕੀਆਂ ਦਾ ਸਵਾਲ ਹੈ, ਉਨ੍ਹਾਂ ਦਾ ਜਵਾਬ ਦੇਣ ਦੀ ਕਾਬਲੀਅਤ ਦੀ ਭਾਰਤ ਕੋਲ ਕੋਈ ਕਮੀ ਨਹੀਂ। ਇਹ ਹਕੀਕਤ ‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਰਾਹੀਂ ਪਹਿਲਾਂ ਹੀ ਸਾਬਤ ਹੋ ਚੁੱਕੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement