
ਉੱਤਰ ਪ੍ਰਦੇਸ਼ ਤੋਂ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਭਾਰਤੀ ਸਭਿਆਚਾਰ ਵਾਸਤੇ ਪੁਕਾਰ ਸੁਣ ਕੇ ਬੜੀ ਹੈਰਾਨੀ ਹੋਈ। ਇਕ ਭਾਜਪਾ ਵਿਧਾਇਕ ਨੇ ਸਰਕਾਰ ਅੱਗੇ ਸਲਮਾਨ ਖ਼ਾਨ...
ਉੱਤਰ ਪ੍ਰਦੇਸ਼ ਤੋਂ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਭਾਰਤੀ ਸਭਿਆਚਾਰ ਵਾਸਤੇ ਪੁਕਾਰ ਸੁਣ ਕੇ ਬੜੀ ਹੈਰਾਨੀ ਹੋਈ। ਇਕ ਭਾਜਪਾ ਵਿਧਾਇਕ ਨੇ ਸਰਕਾਰ ਅੱਗੇ ਸਲਮਾਨ ਖ਼ਾਨ ਵਿਰੁਧ ਐਨ.ਐਸ.ਏ. ਤੇ ਰਾਸ਼ਟਰੀ ਸੁਰੱਖਿਆ ਤਹਿਤ ਪਰਚਾ ਦਰਜ ਕਰਨ ਲਈ ਆਖਿਆ ਹੈ। ਕਾਰਨ ਇਹ ਹੈ ਕਿ ਇਨ੍ਹਾਂ ਨੂੰ ਬਿਗ ਬੌਸ ਵਿਚ ਬੋਲੀਆਂ ਗਈਆਂ ਕੁੱਝ ਚੀਜ਼ਾਂ ਤੋਂ ਇਤਰਾਜ਼ ਹੈ ਜੋ ਕਿ ਇਨ੍ਹਾਂ ਨੂੰ ਲਗਦੀਆਂ ਹਨ ਕਿ ਭਾਰਤੀ ਸਭਿਆਚਾਰ ਨੂੰ ਵਿਗਾੜ ਰਹੀਆਂ ਹਨ। ਪਰ ਇਨ੍ਹਾਂ ਨੂੰ ਇਕ ਟੀ.ਵੀ. ਸ਼ੋਅ ਤੋਂ ਕਿਸ ਤਰ੍ਹਾਂ ਦਾ ਖ਼ਤਰਾ ਹੋ ਸਕਦਾ ਹੈ ਜੋ ਇਕ ਰਿਮੋਟ ਦੇ ਬਟਨ ਨਾਲ ਬੰਦ ਕੀਤਾ ਜਾ ਸਕਦਾ ਹੈ ਅਤੇ ਫਿਰ ਸਲਮਾਨ ਖ਼ਾਨ ਵਿਰੁਧ ਹੀ ਪਰਚਾ ਕਿਉਂ? ਉਹ ਤਾਂ ਨਿਰਦੇਸ਼ਕ ਨਹੀਂ, ਨਿਰਮਾਤਾ ਨਹੀਂ, ਸਿਰਫ਼ ਭਾੜਾ ਲੈ ਕੇ ਕੰਮ ਕਰਨ ਵਾਲਾ ਤੇ ਕਿਸੇ ਦੂਜੇ ਦਾ ਲਿਖਿਆ ਪੜ੍ਹ ਦੇਣ ਵਾਲਾ ਮਸ਼ਹੂਰ ਕਲਾਕਾਰ ਹੈ। ਉਸ ਦੇ ਨਾਂ ਪਿੱਛੇ ਕਿਉਂਕਿ ਖ਼ਾਨ ਆਉਂਦਾ ਹੈ, ਸ਼ਾਇਦ ਇਸੇ ਲਈ ਇਸ ਵਿਧਾਇਕ ਨੇ ਉਸ ਦੇ ਨਾਂ ਪਿਛੇ ਲੱਗੇ 'ਖ਼ਾਨ' ਨੂੰ ਵੇਖ ਕੇ ਸਾਰਾ ਗੁੱਸਾ ਸਲਮਾਨ ਉਤੇ ਹੀ ਕੱਢ ਦਿਤਾ।
Kishore Gurjar-Salman Khan
ਪਰ ਹੈਰਾਨੀ ਇਸ ਕਰ ਕੇ ਹੁੰਦੀ ਹੈ ਕਿ ਉੱਤਰ ਪ੍ਰਦੇਸ਼ ਦੇ ਦੋ ਵੱਡੇ ਆਗੂ ਅੱਜ ਦੀ ਘੜੀ ਬਲਾਤਕਾਰ ਦੇ ਦੋਸ਼ ਹੇਠ ਜੇਲ 'ਚ ਬੈਠੇ ਹਨ। ਇਕ ਚਿਨਮਿਆਨੰਦ ਤਾਂ ਸਵਾਮੀ ਹੈ ਜੋ ਅਪਣੇ ਕਾਲਜ ਵਿਚ ਪੜ੍ਹਦੀਆਂ ਲੜਕੀਆਂ ਤੋਂ ਬੰਦੂਕ ਦੀ ਨੋਕ ਉਤੇ ਅਪਣੀ ਹਵਸ ਪੂਰੀ ਕਰਵਾਉਂਦੇ ਸਨ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਉਸ ਵਿਰੁਧ ਬਲਾਤਕਾਰ ਨਹੀਂ, ਬਲਕਿ ਅਪਣੀ ਤਾਕਤ ਦੇ ਬਲ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਤਾਕਿ ਉਹ ਉਮਰ ਕੈਦ ਤੋਂ ਬਚ ਸਕੇ। ਇਹੀ ਨਹੀਂ ਉੱਤਰ ਪ੍ਰਦੇਸ਼ ਪੁਲਿਸ ਨੇ ਸਵਾਮੀ ਨੂੰ ਫੜਨ ਵਿਚ ਦੇਰੀ ਕਰ ਦਿਤੀ ਸੀ ਪਰ ਉਨ੍ਹਾਂ ਨੇ ਬਿਜਲੀ ਦੀ ਰਫ਼ਤਾਰ ਨਾਲ ਬਲਾਤਕਾਰ ਪੀੜਤਾ ਅਤੇ ਉਸ ਦੀ ਮਦਦ ਤੇ ਆਏ ਦੋਸਤਾਂ ਉਤੇ ਜਬਰਨ ਵਸੂਲੀ ਦਾ ਮਾਮਲਾ ਦਰਜ ਕਰ ਕੇ ਇਕ ਬਲਾਤਕਾਰ ਪੀੜਤ ਨੂੰ ਜੇਲ ਵਿਚ ਸੁਟ ਦਿਤਾ।
Salman Khan
ਸੋਚ ਕੇ ਕੰਬਣੀ ਛਿੜ ਜਾਂਦੀ ਹੈ ਕਿ ਇਕ ਬੱਚੀ, ਜਿਸ ਨੇ ਬੜੀ ਸਿਆਣਪ ਨਾਲ ਮਾੜੇ ਹਾਲਾਤ ਦਾ ਮੁਕਾਬਲਾ ਕੀਤਾ ਤੇ ਹਾਰ ਨਹੀਂ ਮੰਨੀ ਬਲਕਿ ਅਪਣੇ ਸ਼ਕਤੀਸ਼ਾਲੀ ਤੇ ਬਾਹੂਬਲੀ ਸਿਆਸਤਦਾਨ ਨੂੰ ਸਲਾਖ਼ਾਂ ਪਿੱਛੇ ਲਿਆ ਸੁਟਿਆ, ਉਸ ਦੇ ਕੁੱਝ ਕਮਜ਼ੋਰ ਪਲਾਂ ਨੂੰ ਲੈ ਕੇ ਉਸ ਪੀੜਤ ਕੁੜੀ ਨੂੰ ਵੀ ਜੇਲ ਵਿਚ ਸੁਟ ਦਿਤਾ ਗਿਆ। ਇਸ ਪੀੜਤ ਦੀ ਥਾਂ ਖੜੇ ਹੋ ਕੇ ਵੇਖੋ ਕਿ ਕਿੰਨਾ ਗੁੱਸਾ, ਕਿੰਨਾ ਦਰਦ ਹੋਵੇਗਾ ਉਸ ਦੇ ਸੀਨੇ ਵਿਚ। ਉਸ ਨੇ ਜਬਰਨ ਵਸੂਲੀ ਤਾਂ ਛੱਡੋ, ਕਤਲ ਬਾਰੇ ਵੀ ਸੋਚਿਆ ਹੋਵੇਗਾ ਪਰ ਅਖ਼ੀਰ 'ਚ ਉਸ ਨੇ ਸਹੀ ਰਸਤਾ ਹੀ ਚੁਣਿਆ। ਅੱਜ ਉਸ ਨੂੰ ਨਿਆਂ ਨਹੀਂ, ਕਾਲ ਕੋਠੜੀ ਵਿਚ ਪਤਾ ਨਹੀਂ ਕੀ ਕੀ ਸਹਿਣਾ ਪੈ ਰਿਹਾ ਹੋਵੇਗਾ।
ਨਿਆਂ ਦਾ ਬਲਾਤਕਾਰ ਹੋ ਰਿਹਾ ਹੈ ਅਤੇ ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਤੋਂ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੂੰ ਇਕ ਟੀ.ਵੀ. ਸ਼ੋਅ ਤੋਂ ਦੇਸ਼ ਨੂੰ ਖ਼ਤਰਾ ਦਿਸ ਰਿਹਾ ਹੈ ਜਿਥੇ ਸਾਰੇ ਹਿੱਸਾ ਲੈਣ ਵਾਲੇ ਅਪਣੀ ਮਰਜ਼ੀ ਨਾਲ ਉਸ ਘਰ ਅੰਦਰ ਗਏ ਹਨ।
Salman Khan
ਸੋ ਕਿਹੜੀ ਸੰਸਕ੍ਰਿਤੀ ਹੈ ਭਾਰਤ ਦੀ, ਜ਼ਰਾ ਇਸ ਵਲ ਵੀ ਨਜ਼ਰ ਮਾਰ ਲਈ ਜਾਵੇ। ਬਲਾਤਕਾਰ ਕਰਨਾ ਗ਼ਲਤ ਹੈ ਜਾਂ ਬਲਾਤਕਾਰ ਵਿਰੁਧ ਆਵਾਜ਼ ਚੁਕਣਾ ਗ਼ਲਤ ਹੈ? ਬਿਗ ਬੌਸ ਦੀ ਗ਼ਲਤੀ ਇਹ ਹੈ ਕਿ ਉਥੇ ਹਰ ਚੀਜ਼ ਬਾਰੇ ਗੱਲ ਕੀਤੀ ਜਾ ਰਹੀ ਹੈ, ਭਾਵੇਂ ਉਹ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ। ਪਰ ਭਾਰਤੀ ਸੰਸਕ੍ਰਿਤੀ ਏਕਤਾ ਕਪੂਰ ਦੀ ਹੈ ਜੋ ਔਰਤ ਨੂੰ ਆਦਰਸ਼ਵਾਦੀ ਨੂੰਹ ਬਣਾ ਕੇ ਅਪਣੇ ਦਾਇਰੇ ਵਿਚ ਬੰਨ੍ਹ ਕੇ ਰਖਦੀ ਹੈ। ਜੇ ਭਾਰਤੀ ਸੰਸਕ੍ਰਿਤੀ ਨੂੰ ਕਿਸੇ ਤੋਂ ਖ਼ਤਰਾ ਹੈ ਤਾਂ ਉਹ ਏਕਤਾ ਕਪੂਰ ਤੋਂ ਹੈ। ਪਰ ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸੰਸਕ੍ਰਿਤੀ ਦੀ ਤੁਹਾਡੀ ਪਰਿਭਾਸ਼ਾ ਕੀ ਹੈ। ਕੀ ਸੰਸਕ੍ਰਿਤੀ ਦਾ ਮਤਲਬ ਹੈ ਕਿ ਪੁੱਤਰ ਪ੍ਰੇਮ ਦੀ ਗਲੀ ਵਿਚ ਚੱਕਰ ਲਾਉਣ ਦੇ ਬਹਾਨੇ ਇਕ ਤੋਂ ਬਾਅਦ ਦੂਜੀ ਕੁੜੀ ਨਾਲ ਪ੍ਰੇਮ-ਨਾਟਕ ਖੇਡਦਾ ਰਹੇ ਤੇ ਮਾਪਿਆਂ ਨੂੰ ਅਪਣੇ ਪੈਰਾਂ ਦੀਆਂ ਜੁੱਤੀਆਂ ਬਣਾ ਕੇ ਰੱਖੇ। ਸਵਾਮੀ ਅਤੇ ਆਗੂ, ਜਦ ਵੀ ਚਾਹੁਣ ਕੁੱਝ ਵੀ ਕਰ ਲੈਣ, ਬੇਟੀ ਦਾ ਚੁਪ ਰਹਿਣਾ ਹੀ ਉਸ ਦਾ ਧਰਮ ਹੈ।
BJP MLA Kishore Gurjar
ਪ੍ਰਧਾਨ ਮੰਤਰੀ ਨੇ ਹਾਲ ਹੀ ਵਿਚ ਔਰਤ ਨੂੰ ਦੁਰਗਾ ਵਾਂਗ ਸਤਿਕਾਰ, ਪਿਆਰ ਕਰਨ ਲਈ ਆਖਿਆ ਸੀ ਪਰ ਜਦੋਂ ਉਨ੍ਹਾਂ ਦੀ ਅਪਣੀ ਪਾਰਟੀ ਦੇ ਵਿਧਾਇਕ ਹੀ ਔਰਤਾਂ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਇਹ ਸ਼ਬਦ ਵੀ ਸਿਰਫ਼ ਜੁਮਲੇ ਹੀ ਬਣ ਕੇ ਰਹਿ ਜਾਂਦੇ ਹਨ। ਇਹ ਛੋਟੀਆਂ ਗੱਲਾਂ ਨਹੀਂ ਕਿਉਂਕਿ ਔਰਤਾਂ ਵਲੋਂ ਮੂੰਹ ਖੋਲ੍ਹਣ ਨਾਲ ਸਾਡਾ ਸਮਾਜ ਵੀ ਆਜ਼ਾਦ ਸੋਚ ਵਲ ਵੱਧ ਰਿਹਾ ਹੈ ਅਤੇ ਉਸ ਨੂੰ ਫਿਰ ਤੋਂ ਗ਼ੁਲਾਮ ਬਣਾ ਲੈਣ ਦਾ ਯਤਨ ਕਰਨਾ ਬਹੁਤ ਵੱਡਾ ਗੁਨਾਹ ਹੋਵੇਗਾ। -ਨਿਮਰਤ ਕੌਰ