
ਇਹ ਸੱਭ ਮੋਦੀ ਰਾਜ ਵਿਚ ਹੀ ਹੋਇਆ ਹੈ।
ਨਵੀਂ ਦਿੱਲੀ: ਦੇਸ਼ ਦੀ ਫ਼ੌਜ ਵਿਚ ਕਿਸਾਨਾਂ ਦੇ ਪੁੱਤਰ ਹਨ, ਮਜ਼ਦੂਰਾਂ ਦੇ ਪੁੱਤਰ ਹਨ। ਉਨ੍ਹਾਂ ਨੂੰ ਭਾਰੀ ਦਰਦ ਹੈ ਕਿ ਕੇਂਦਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਦਾ ਕਾਨੂੰਨ ਬਣਾ ਦਿਤਾ ਹੈ, ਖ਼ਾਸ ਕਰ ਕੇ ਪੰਜਾਬ ਨੂੰ ਤਾਂ ਤਬਾਹ ਕਰਨ ਤੇ ਤੁਲੀ ਹੈ ਇਹ ਸਰਕਾਰ। ਸਾਡੇ ਪੁਰਾਣੇ ਲੀਡਰ ਫ਼ੌਜ ਨੂੰ ਤੇ ਕਿਸਾਨ ਨੂੰ ਪਹਿਲ ਦਿੰਦੇ ਸਨ, 'ਜੈ ਜਵਾਨ ਤੇ ਜੈ ਕਿਸਾਨ' ਦੇ ਨਾਅਰੇ ਲਾਉਂਦੇ ਸਨ। ਫ਼ੌਜੀ ਨੂੰ ਤੇ ਕਿਸਾਨ ਨੂੰ ਅੰਨਦਾਤਾ ਕਹਿ ਕੇ ਇੱਜ਼ਤ ਦਿਤੀ ਜਾਂਦੀ ਸੀ। ਕਿਸੇ ਸਮੇਂ ਮੀਡੀਆ ਦੀ ਬਹੁਤ ਇੱਜ਼ਤ ਸੀ ਪਰ ਅੱਜ ਲੋਕ ਮੀਡੀਆ ਤੋਂ ਨਫ਼ਰਤ ਕਰਦੇ ਹਨ। ਮੀਡੀਆ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ। ਇਹ ਸੱਭ ਮੋਦੀ ਰਾਜ ਵਿਚ ਹੀ ਹੋਇਆ ਹੈ।
Farmer Protest
ਕਿਸਾਨ ਇਕ ਅਜਿਹਾ ਮਨੁੱਖ ਹੈ ਜਿਸ ਨੇ ਕਿਸੇ ਦਾ ਕੁੱਝ ਵੀ ਨਹੀਂ ਵਿਗਾੜਿਆ। ਕਿਸਾਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਨਾਲ ਜੂਝਦਾ ਆ ਰਿਹਾ ਹੈ। ਸੱਭ ਤੋਂ ਵੱਧ ਡੀਜ਼ਲ ਕਿਸਾਨ ਫੂਕਦਾ ਹੈ। ਯਾਰੋ ਦੁਗਣੇ ਭਾਅ ਡੀਜ਼ਲ, ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਪਰੇਆਂ ਮਹਿੰਗੀਆਂ ਤੇ ਦਵਾਈਆਂ ਨਕਲੀ, ਕਿਸਾਨਾਂ ਦੇ ਪੜ੍ਹੇ ਲਿਖੇ ਬੱਚੇ ਬੱਚੀਆਂ ਬੇਰੁਜ਼ਗਾਰ। ਭੁੱਖੇ ਮਰਦੇ ਦੇਸ਼ ਦੇ ਅੰਨ ਦੇ ਭੰਡਾਰ ਭਰਨ ਵਾਲੇ ਭੋਲੇ ਭਾਲੇ ਕਿਸਾਨਾਂ ਨੂੰ ਅਤਿਵਾਦੀ ਕਹਿਣਾ, ਸ਼ਰਮ ਕਰੋ ਇਹ ਉਹ ਕਿਸਾਨ ਹੈ ਜੋ ਮੰਡੀਆਂ ਵਿਚ ਫ਼ਸਲ ਰੁਲ ਜਾਵੇ ਤਾਂ ਵੀ ਚੁੱਪ ਰਹਿੰਦਾ ਹੈ। ਮੀਂਹ ਪੈ ਜਾਏ, ਗੜੇ ਫ਼ਸਲ ਤੇ ਪੈ ਜਾਣ, ਸੋਕਾ ਪੈ ਜਾਏ, ਕੋਈ ਬਿਮਾਰੀ ਦੀ ਮਾਰ ਪੈ ਜਾਏ ਤਾਂ ਵੀ ਬਰਦਾਸ਼ਤ ਕਰ ਲੈਂਦਾ ਹੈ। ਨਿਕੰਮੀਆਂ ਸਰਕਾਰਾਂ ਨੇ ਕਿਸਾਨ ਨਾਲ ਧੋਖਾ ਕੀਤਾ ਹੈ, ਸਾਨੂੰ ਸੂਚਕ ਅੰਕ ਨਾਲ ਨਹੀਂ ਜੋੜਿਆ।
farmer protest
ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ 10 ਹਜ਼ਾਰ ਤੋਂ 60 ਹਜ਼ਾਰ ਹੋ ਗਈ, ਕਿਸਾਨ ਦੀ ਫ਼ਸਲ ਦਾ ਉਹੀ 1800 ਰੁਪਏ ਰੇਟ ਮਿਲਦਾ ਹੈ। ਅਫ਼ਸੋਸ ਹੁਣ ਮੋਦੀ ਨੇ, ਉਹ ਵੀ ਖ਼ਤਮ ਕਰ ਦਿਤਾ, ਜੋ ਇਸ ਸਰਕਾਰ ਨੇ ਹੁਣ ਤਕ ਦਾ ਸੱਭ ਤੋਂ ਘਟੀਆ ਕੰਮ ਹੈ। ਖੇਤੀ ਫ਼ੇਲ ਹੋਣ ਕਰ ਕੇ ਹਜ਼ਾਰਾਂ ਕਿਸਾਨ ਖ਼ੁਦਕੁਸ਼ੀਆਂ ਕਰ ਗਏ ਹਨ। ਵਿਚਾਰੇ ਕਿਸਾਨ ਨੇ ਜੇ ਬੈਂਕ ਦਾ 50 ਹਜ਼ਾਰ ਦੇਣਾ ਹੈ, ਪੰਜਾਹ ਹਜ਼ਾਰ ਪਿੱਛੇ ਉਸ ਦੀ ਡੀਫ਼ਾਲਟਰ ਹੋਣ ਦੀ ਫ਼ੋਟੋ ਬੈਂਕ ਵਿਚ ਲਗਾ ਕੇ ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੰਦੇ ਹਨ।
farmer protest
ਜਿਹੜੇ ਇਨ੍ਹਾਂ ਦੇ ਅਪਣੇ ਬੰਦੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਬਾਹਰਲੇ ਦੇਸ਼ਾਂ ਨੂੰ ਭੱਜ ਗਏ, ਉਨ੍ਹਾਂ ਦਾ ਹੁਣ ਤਕ ਵਾਲ ਵੀ ਵਿੰਗਾ ਨਹੀਂ ਹੋਇਆ। ਮੋਦੀ ਰਾਜ ਵਿਚ ਬੈਂਕ ਫ਼ੇਲ ਹੋ ਗਏ, ਨੋਟਬੰਦੀ ਨੇ ਦੇਸ਼ ਬਰਬਾਦ ਕਰ ਦਿਤਾ ਹੈ, ਸਾਡੀ ਨਵੀਂ ਕਰੰਸੀ ਦੇ ਨੋਟ ਠੀਕ ਨਹੀਂ ਛਪੇ। ਦੋ ਹਜ਼ਾਰ ਦਾ ਨੋਟ ਚਲਾ ਕੇ ਜਮਾਂਖੋਰੀ ਕਰਨ ਵਿਚ ਮਦਦ ਕੀਤੀ। 1000 ਦੇ ਨੋਟ ਦੀ ਲੋੜ ਸੀ, ਉਹ ਚਲਾਇਆ ਹੀ ਨਹੀਂ।
farmer protest
ਯਾਦ ਰਖਿਉ, ਕੁਦਰਤ ਦੀ, ਪ੍ਰਮਾਤਮਾ ਦੀ ਮਾਰ ਵੀ ਪੈ ਜਾਂਦੀ ਹੈ। ਅੱਜ ਤੁਸੀ ਦੇਸ ਦੇ ਜਵਾਨਾਂ ਦੇ, ਨੌਜੁਆਨਾਂ ਦੇ, ਕਿਸਾਨਾਂ ਦੇ ਹੱਕ ਖੋਹ ਰਹੇ ਹੋ, ਸਿੱਟੇ ਭਿਆਨਕ ਹੋ ਸਕਦੇ ਹਨ। ਜਿਸ ਦਿਨ ਤੋਂ ਮੋਦੀ ਸਰਕਾਰ ਆਈ ਹੈ, ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਇਕ ਦਿਨ ਵੀ ਚੈਨ ਨਾਲ ਨਹੀਂ ਬੈਠ ਸਕਿਆ।
ਭੁਪਿੰਦਰ ਸਿੰਘ ਬਾਠ, ਫ਼ਤਿਹਗੜ੍ਹ ਸਾਹਿਬ, ਸੰਪਰਕ : 94176-82002