
ਪੰਜਾਬ ਵਿਚ ਨਸ਼ਾ ਜ਼ਰੂਰ ਇਕ ਵਬਾ ਬਣ ਕੇ ਫੈਲਿਆ ਹੋਇਆ ਹੈ
ਜਦ ਤੋਂ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਚੁਣਿਆ ਹੈ, ਵਾਰ-ਵਾਰ ਅਜਿਹੀਆਂ ਵਾਰਦਾਤਾਂ ਹੋਈਆਂ ਹਨ ਜੋ ਇਸ਼ਾਰਤਨ ਕਹਿੰਦੀਆਂ ਹਨ ਕਿ ਇਹ ਬਦਲਾਅ ਤਾਂ ਉਹ ਨਹੀਂ ਜੋ ਚਾਹਿਆ ਸੀ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਇਕ ਡਰ ਦੀ ਲਹਿਰ ਅਜਿਹੀ ਫੈਲੀ ਹੈ ਕਿ ਅੱਜ ਜੇ ਸਿੱਖ, ਬੰਦੀ ਸਿੰਘਾਂ ਦੀ ਰਿਹਾਈ ਵੀ ਮੰਗਣ ਤਾਂ ਉਸ ਮੰਗ ਨੂੰ ‘ਖ਼ਾਲਿਸਤਾਨੀ’ ਮੁਹਿੰਮ ਆਖਿਆ ਜਾਂਦਾ ਹੈ ਜਦਕਿ ਇਹ ਇਕ ਮਨੁੱਖੀ ਅਧਿਕਾਰਾਂ ਦੀ ਮੰਗ ਹੈ ਕਿ ਜਿਹੜੇ ਲੋਕ ਅਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਜਿਹੜੀ ਇਕ ਆਮ ਮਨੁੱਖੀ ਅਧਿਕਾਰਾਂ ਦੀ ਮੰਗ ਹੈ, ਉਸ ਨੂੰ ਵੱਖਵਾਦ ਦੀ ਝੂਠੀ ਇਲਜ਼ਾਮਬਾਜ਼ੀ ਵਿਚ ਲਪੇਟ ਕੇ ਪੰਜਾਬ ਨੂੰ ਦੇਸ਼ ਤੋਂ ਅਲੱਗ ਕਰ ਕੇ ਪੇਸ਼ ਕੀਤਾ ਜਾ ਰਿਹਾ ਹੈ।
ਜੇ ਅਸੀ ਪੰਜਾਬ ਦੀ ਅਮਨ ਕਾਨੂੰਨ ਵਾਲੀ ਸਥਿਤੀ ਨੂੰ ਵੀ ਵੇਖੀਏ ਤਾਂ ਹਕੀਕਤ ਅਤੇ ਪ੍ਰਚਾਰ ਵਿਚ ਬੜਾ ਅੰਤਰ ਹੈ। ਯੋਗੀ ਆਦਿਤਿਆ ਨਾਥ ਤੇ ਅੱਜ ਦੀ ਸਰਕਾਰ ਬਾਰੇ ਪ੍ਰਚਾਰ ਨੂੰ ਵੇਖ ਲਿਆ ਜਾਵੇ। ਯੋਗੀ ਆਦਿਤਿਆਨਾਥ ਵਲੋਂ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਨੌਜੁਆਨਾਂ ਨੂੰ ਗੁੰਡਾ ਆਖ ਕੇ ਜਿਥੇ ਮਰਜ਼ੀ ਪੁਲਿਸ ਵਲੋਂ ਨਿਸ਼ਾਨਾ ਬਣਾਉਣ ਤੇ ਅੱਜ ਸ਼ਾਬਾਸ਼ੀ ਦਿਤੀ ਜਾਂਦੀ ਹੈ, ਪੰਜਾਬ ਪੁਲਿਸ ਨੂੰ ਉਹ ਨਹੀਂ ਮਿਲਦੀ। ਪੰਜਾਬ ਪੁਲਿਸ ਉਤੇ ਜਨਤਾ ਦਾ ਵਿਸ਼ਵਾਸ ਕਦੇ ਵੀ ਬਣਨ ਨਹੀਂ ਦਿਤਾ ਗਿਆ ਤੇ ਅੱਜ ਦੀ ਸਚਾਈ ਇਹੀ ਹੈ ਕਿ ਭਾਵੇਂ ਪੰਜਾਬ ਪੁਲਿਸ ਹੋਵੇ ਜਾਂ ਯੂਪੀ ਪੁਲਿਸ ਜਾਂ ਦਿੱਲੀ ਪੁਲਿਸ, ਹਰ ਥਾਂ ਇਸ ਫ਼ੋਰਸ ਨੂੰ ਅਪਣੇ ਹਾਕਮਾਂ ਦੇ ਇਸ਼ਾਰੇ ’ਤੇ ਹੀ ਚਲਣ ਲਈ ਤਿਆਰ ਕੀਤਾ ਜਾਂਦਾ ਹੈ। ਜਿਹੜੇ ਅੰਕੜੇ ਪੰਜਾਬ ਪੁਲਿਸ ਬਾਰੇ 2022 ਦੀ ਤਸਵੀਰ ਪੇਸ਼ ਕਰਦੇ ਜਾਰੀ ਕੀਤੇ ਗਏ ਹਨ, ਉਹ ਦਰਸਾਉਂਦੇ ਹਨ ਕਿ ਪੰਜਾਬ ਪੁਲਿਸ ਨੇ ਸੂਬੇ ਵਿਚ ਸਥਿਤੀ ਨੂੰ ਕਾਬੂ ਕਰ ਕੇ ਸੁਧਾਰ ਲਿਆਂਦਾ ਹੈ।
ਪੰਜਾਬ ਪੁਲਿਸ ਦੀ 2021 ਤੇ 2022 ਦੀ ਕਾਰਗੁਜ਼ਾਰੀ ਦਾ ਮੇਲ ਕੀਤਾ ਜਾਵੇ ਤਾਂ ਕਈ ਥਾਵਾਂ ’ਤੇ ਜਿਵੇਂ ਅਤਿਵਾਦੀ ਤੇ ਕਤਲ ਕਰਨ ਵਾਲੇ ਅਪਰਾਧੀਆਂ ਨੂੰ ਦਬੋਚ ਲੈਣ ਦੀ ਫੁਰਤੀ ਵਿਖਾਈ ਗਈ ਹੈ, ਜਿਵੇਂ ਮੂਸੇਵਾਲੇ ਦੇ ਕਤਲ ਕਾਂਡ ਵਿਚ ਅਪਰਾਧੀਆਂ ਨੂੰ ਫੜਨ ਸਮੇਂ ਵੱਡੀ ਸਫ਼ਲਤਾ ਪ੍ਰਾਪਤ ਕੀਤੀ, ਸੁਧੀਰ ਸੂਰੀ ਦਾ ਕਾਤਲ ਫੜਿਆ ਗਿਆ, ਆਰ.ਪੀ.ਜੀ. ਹਮਲੇ ਦਾ ਅਪਰਾਧੀ ਫੜਿਆ ਗਿਆ। ਜੇ ਐਨ.ਸੀ.ਆਰ.ਬੀ. (N3R2) ਦੀ ਗੱਲ ਕਰੀਏ ਤਾਂ ਪੰਜਾਬ ਵਿਚ ਅਪਰਾਧ, ਹਮਲੇ, ਪਿਛੜੀਆਂ ਜਾਤਾਂ ਤੇ ਔਰਤਾਂ ਆਦਿ ਦੀ ਸੰਖਿਆ, ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਤੋਂ ਘੱਟ ਹੈ। ਰਾਸ਼ਟਰੀ ਔਸਤ 432.7 ਹੈ ਤੇ ਪੰਜਾਬ ਦੀ ਔਸਤ 242.0 ਹੈ। ਪਰ ਜਦ ਸੂਬੇ ਤੋਂ ਬਾਹਰ ਕਿਸੇ ਤੋਂ ਪੁਛ ਵੇਖੋ ਤਾਂ ਉਹ ਕਹੇਗਾ ਕਿ ਪੰਜਾਬ ਵਿਚ ਤਾਂ ਦਹਿਸ਼ਤਗਰਦੀ ਦਾ ਹੀ ਰਾਜ ਹੈ।
ਜੇ ਨਸ਼ੇ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਨਸ਼ਾ ਜ਼ਰੂਰ ਇਕ ਵਬਾ ਬਣ ਕੇ ਫੈਲਿਆ ਹੋਇਆ ਹੈ। ਪਿੰਡਾਂ ਵਿਚ ਸਮੱਸਿਆ ਜ਼ਿਆਦਾ ਵਿਕਰਾਲ ਹੈ ਪਰ ਫਿਰ ਵੀ ਦੇਸ਼ ਦੇ ਮੁਕਾਬਲੇ ਪੰਜਾਬ ਵਿਚ ਨਸ਼ਾ ਉੱਤਰ ਪ੍ਰਦੇਸ਼ ਤੋਂ ਕਿਤੇ ਘੱਟ ਹੈ ਅਤੇ ਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦੇਸ਼ ਵਿਚ ਨਸ਼ੇ ਦੀ ਰਾਜਧਾਨੀ ਮੁੰਬਈ ਹੈ। ਪਰ ਉੱਤਰ ਪ੍ਰਦੇਸ਼ ਦਾ ਪ੍ਰਚਾਰ ਵਖਰਾ ਹੈ ਜਿਸ ਕਾਰਨ ਉਦਯੋਗ ਉਥੇ ਜਾ ਰਿਹਾ ਹੈ ਤੇ ਪੰਜਾਬ ਵਿਚ ਆਉਣ ਤੋਂ ਕਤਰਾ ਰਿਹਾ ਹੈ। ਬਦ ਨਾਲੋਂ ਬਦਨਾਮ ਬੁਰਾ ਹੁੰਦਾ ਹੈ ਤੇ ਕਈ ਏਜੰਸੀਆਂ ਪੰਜਾਬ ਨੂੰ ਬਦਨਾਮ ਕਰਨ ਵਿਚ ਹੀ ਲਗੀਆਂ ਰਹਿੰਦੀਆਂ ਹਨ ਜਦਕਿ ਇਹ ਵੀ ਸੱਚ ਹੈ ਕਿ ਅਸੀ ਗ਼ਲਤ ਪ੍ਰਚਾਰ ਦਾ ਠੋਕਵਾਂ ਜਵਾਬ ਦੇਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਾਂ।
ਪੰਜਾਬ ਪੁਲਿਸ ਨਾਲ ਰਿਸ਼ਤੇ ਵਿਸ਼ਵਾਸ ਦੇ ਨਾ ਹੋਣ ਕਾਰਨ, ਉਹਨਾਂ ’ਤੇ ਸ਼ੱਕ ਕਰਨਾ ਸਾਡੀ ਆਦਤ ਬਣ ਗਈ ਹੈ ਪਰ ਇਸ ਵਲੋਂ ਕੀਤੇ ਹੋਏ ਕੰਮਾਂ ’ਤੇ ਇਸ ਨੂੰ ਸ਼ਾਬਾਸ਼ੀ ਨਾ ਦਿਤੇ ਜਾਣ ਕਾਰਨ, ਰਾਸ਼ਟਰੀ ਮੀਡੀਆ ਪੰਜਾਬ ਨੂੰ ਹਿੰਸਾ ਤੇ ਨਸ਼ੇੜੀਆਂ ਦੇ ਅੱਡੇ ਵਜੋਂ ਪੇਸ਼ ਕਰ ਰਿਹਾ ਹੈ। ਸਾਨੂੰ ਅੱਜ ਤੱਥਾਂ ਮੁਤਾਬਕ ਸਮਝਣਾ ਪਵੇਗਾ ਕਿ ਇਹ ਸਾਰੇ ਨਸ਼ਾ ਵਪਾਰੀਆਂ ਤੇ ਗੁੰਡਾਗਰਦੀ ਦੀ ਸੋਚ ਵਾਲਿਆਂ ਦੀ ਸ਼ਰੂਆਤ ਕਿਸ ਨੇ ਕਰਵਾਈ ਤੇ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ? ਤੇ ਜਿਹੜਾ ਨਾਂਹ-ਪੱਖੀ ਪ੍ਰਚਾਰ ਹੋ ਰਿਹਾ ਹੈ, ਉਸ ਦਾ ਨੁਕਸਾਨ ਕਿਸ ਨੂੰ ਚੁਕਾਉਣਾ ਪਵੇਗਾ?
- ਨਿਮਰਤ ਕੌਰ