
ਨਵਾਂ ਪੰਜਾਬ ਕਦੇ ਵੀ ਦੂਜੇ ਸੂਬਿਆਂ ਵਾਂਗ ਮੁਕੰਮਲ ਹੋਵੇ
ਜਿਸ ਸਮੇਂ ਪੰਜਾਬ ਹੜ੍ਹਾਂ ਨਾਲ ਹੋ ਰਹੀ ਤਬਾਹੀ ਨਾਲ ਜੂਝ ਰਿਹਾ ਹੈ, ਉਸ ਸਮੇਂ ਹਰਿਆਣਾ ਵਲੋਂ ਪੰਜਾਬ ਦੀ ਮਦਦ ਲਈ ਆਉਣ ਦੀ ਬਜਾਏ ਚੰਡੀਗੜ੍ਹ ਵਿਚ ਪੰਜਾਬ ਦੀ ਪਿੱਠ ’ਚ ਛੁਰਾ ਖੋਭਣ ਵਰਗਾ ਕੰਮ ਕੀਤਾ ਗਿਆ ਹੈ। ਪੰਜਾਬ ਦੇ ਸੌ ਫ਼ੀ ਸਦੀ ਸਿੱਖ ਪਿੰਡਾਂ ਦੀ ਜ਼ਮੀਨ ’ਤੇ ਉਸਾਰਿਆ ਗਿਆ ਚੰਡੀਗੜ੍ਹ, ਕਾਨੂੰਨੀ, ਭਾਵੁਕ ਤੇ ਆਮ ਸੋਚ ਦੇ ਦ੍ਰਿਸ਼ਟੀਕੋਣ ਤੋਂ ਪੰਜਾਬ ਦਾ ਹੀ ਬਣਦਾ ਹੈ। ਹਰਿਆਣੇ ਨੂੰ ਕੁੱਝ ਸਮੇਂ ਵਾਸਤੇ ਇਸ ਵਿਚ ਟਿਕੇ ਰਹਿਣ ਲਈ ਥਾਂ ਦਿਤੀ ਗਈ ਸੀ ਤਾਕਿ ਉਹ ਏਨੇ ਸਮੇਂ ਵਿਚ ਅਪਣੀ ਰਾਜਧਾਨੀ ਉਸਾਰ ਸਕੇ। ਜਦ ਹਰਿਆਣਾ ਨੇ ਤਹਿ ਕਰ ਲਿਆ ਕਿ ਉਨ੍ਹਾਂ ਨੂੰ ਪੰਜਾਬੀ ਬੋਲੀ ਵਿਚ ਅਪਣੀ ਮਾਂ ਨਹੀਂ ਦਿਸਦੀ, ਫਿਰ ਉਹ ਪੂਰੀ ਤਰ੍ਹਾਂ ਵੱਖ ਹੋ ਕੇ ਅਪਣੀ ਵਖਰੀ ਹੋਂਦ ਬਣਾਉਣ। ਪ
ਰ ਸਿਆਸਤਦਾਨਾਂ ਦੀ ਸੋਚ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਘਟਾਉਣ ਦੀ ਨਹੀਂ ਲਗਦੀ। ਹੁਣ ਕੇਂਦਰ, ਹਰਿਆਣਾ ਤੇ ਚੰਡੀਗੜ੍ਹ ਵਿਚ ਟ੍ਰਿਪਲ ਇੰਜਣ ਸਰਕਾਰ ਵਲੋਂ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਵਾਸਤੇ 10 ਏਕੜ ਦੀ ਥਾਂ ਦੇਣ ਦੀ ਗੱਲ ਚਲ ਰਹੀ ਹੈ। ਇਸ ਦੇ ਬਦਲੇ ਪੰਚਕੂਲਾ ਵਿਚ ਚੰਡੀਗੜ੍ਹ ਨੂੰ 12 ਏਕੜ ਦੀ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਜੇ ਪੰਜਾਬ ਦੇ ਆਗੂ ਜਾਗਰੂਕ ਰਹੇ ਤਾਂ ਇਹ ਮਾਮਲਾ ਅਦਾਲਤਾਂ ਵਿਚ ਹੀ ਅੜ ਜਾਵੇਗਾ ਕਿਉਂਕਿ ਇਹ ਸੁਪ੍ਰੀਮ ਕੋਰਟ ਦੇ ਆਰਡਰ ਦੇ ਵਿਰੋਧ ਵਿਚ ਹੀ ਹੋਵੇਗਾ। ਹਰਿਆਣਾ ਕੋਲ ਪੰਚਕੂਲਾ ਹੈ, ਗੁਰੂਗ੍ਰਾਮ ਹੈ ਤੇ ਉਸ ਨੂੰ ਚੰਡੀਗੜ੍ਹ ਦੀ ਕੋਈ ਲੋੜ ਨਹੀਂ ਪਰ ਇਹ ਵਾਰ ਵਾਰ ਪੰਜਾਬ ਨਾਲ ਸਿੰਗ ਅੜਾ ਕੇ ਲੜਾਈ ਝਗੜੇ ਪਾਉਣ ਦਾ ਯਤਨ ਕਰਦਾ ਰਹਿੰਦਾ ਹੈ। ਕਮਜ਼ੋਰੀ ਪੰਜਾਬ ਦੇ ਸੂਬਾ ਪਧਰੀ ਸਿਆਸਤਦਾਨਾਂ ਦੀ ਹੈ ਜੋ ਪੰਜਾਬ ਦੇ ਹੱਕਾਂ ਨੂੰ ਅਪਣੇ ਨਿੱਜੀ ਲਾਲਚ ਵਾਸਤੇ ਕੁਰਬਾਨ ਕਰਦੇ ਰਹੇ ਹਨ।
ਗੱਲ ਪੰਜਾਬ ਦੇ ਪਾਣੀ ਦੀ ਹੋਵੇ ਜਾਂ ਪੰਜਾਬ ਦੀ ਰਾਜਧਾਨੀ ਦੀ ਹੋਵੇ, ਮਸਲਾ ਕਾਨੂੰਨ ਮੁਤਾਬਕ ਸੁਲਝਾਉਣ ਤੋਂ ਸਾਡੇ ਸਿਆਸਤਦਾਨ ਦੂਰ ਭਜਦੇ ਹਨ। ਤਰਕ ਨਾਲ ਵੀ ਵੇਖਿਆ ਜਾਵੇ ਤਾਂ ਪੰਜਾਬ ਦੇ ਦਰਿਆਵਾਂ ’ਚੋਂ ਨਿਕਲੇ ਹੜ੍ਹਾਂ ਦੇ ਕਹਿਰ ਦਾ ਸੰਤਾਪ ਪੰਜਾਬ ਤੇ ਹਿਮਾਚਲ ਦੇ ਲੋਕਾਂ ਨੂੰ ਹੀ ਸਹਿਣਾ ਪੈ ਰਿਹਾ ਹੈ। ਜੋ ਯਮੁਨਾ ਦਾ ਕਹਿਰ ਹਰਿਆਣੇ ਦੇ ਕੁੱਝ ਹਿੱਸੇ ਨੂੰ ਸਹਿਣਾ ਪੈ ਰਿਹਾ ਹੈ, ਉਹ ਕੁਦਰਤ ਦੇ ਨਿਯਮ ਅਨੁਸਾਰ ਹੈ। ਜਿਥੇ ਕੁਦਰਤ ਮਿਹਰਬਾਨ ਹੁੰਦੀ ਹੈ, ਉਥੇ ਨੁਕਸਾਨ ਵੀ ਨਾਲ ਹੀ ਮਿਲਦਾ ਹੈ। ਹੁਣ ਰਾਜਸਥਾਨ ਦੇ ਰੇਗਿਸਤਾਨ ਵਿਚ ਹੜ੍ਹ ਨਹੀਂ ਆਉਣਗੇ ਪਰ ਉਸ ਦੇ ਗਰਮ ਜਲ ਵਾਯੂ ਅਤੇ ਰੇਤ ਵਿਚ ਵੀ ਕੁਦਰਤ ਨੇ ਰਾਜਸਥਾਨ ਨੂੰ ਸੰਗਮਰਮਰ ਦਾ ਵਰਦਾਨ ਦੇ ਦਿਤਾ ਹੈ।
ਪਰ ਤਰਕ, ਕਾਨੂੰਨ ਨੂੰ ਨਜ਼ਰ-ਅੰਦਾਜ਼ ਕਰ ਕੇ ਸਿਆਸਤਦਾਨ ਅਪਣੀ ਜ਼ਿੱਦ ’ਤੇ ਕਿਉਂ ਅੜੇ ਹੋਏ ਹਨ? ਕੀ ਉਹ ਜਾਣਦੇ ਹਨ ਕਿ ਇਸ ਦਾ ਅਸਰ ਪੰਜਾਬ ਦੇ ਲੋਕਾਂ ਦੇ ਮਨਾਂ ’ਤੇ ਕੀ ਹੁੰਦਾ ਹੈ? ਇਕ ਪਾਸੇ ਭਾਜਪਾ ਵਾਰ ਵਾਰ ਇਹ ਗੁਹਾਰ ਲਗਾਉਂਦੀ ਹੈ ਕਿ ਭਾਜਪਾ ਅੰਦਰ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ ਸਤਿਕਾਰ ਤੇ ਮਾਣ ਹੈ ਪਰ ਫਿਰ ਜਦੋਂ ਪੰਜਾਬ ਪ੍ਰਤੀ ਮਾਣ ਵਿਖਾਉਣ ਦਾ ਵਕਤ ਆਉਂਦਾ ਹੈ ਤਾਂ ਉਹ ਫਿਰ ਇੰਦਰਾ ਗਾਂਧੀ ਦੇ ਸਪੁੱਤਰਾਂ ਵਾਂਗ ਕੰਮ ਕਰਦੀ ਹੈ। ਇਨ੍ਹਾਂ ਮੁੱਦਿਆਂ ਨੂੰ ਸਹੀ ਤਰੀਕੇ ਨਾਲ ਸੁਲਝਾਉਣ ਦੇ ਕਦਮ ਚੁੱਕਣ ਦੀ ਸਮਰੱਥਾ ਰੱਖਣ ਵਾਲੇ ਪੰਜਾਬੀ ਸਿਆਸੀ ਆਗੂਆਂ ਦੀ ਸਖ਼ਤ ਲੋੜ ਹੈ।
- ਨਿਮਰਤ ਕੌਰ