
54 ਫ਼ੀ ਸਦੀ ਵੋਟਰਾਂ ਦੀ ਗ਼ੈਰ ਹਾਜ਼ਰੀ ਦਸਦੀ ਹੈ ਕਿ ਲੋਕ ਗੰਦ ਤੋਂ ਤੰਗ ਆ ਕੇ ਵੋਟ ਕਰਨ ਹੀ ਨਾ ਆਏ।
ਕਰਨਾਟਕਾ ਤੇ ਪੰਜਾਬ ਦੇ ਨਤੀਜਿਆਂ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਭਾਰਤ ਦਾ ਆਮ ਮਨੁੱਖ, ਜਿਸ ਬਾਰੇ ਲਗਦਾ ਸੀ ਕਿ ਉਹ ਨਫ਼ਰਤੀ ਭਾਸ਼ਣਾਂ ਸਾਹਮਣੇ ਹਾਰ ਚੁੱਕਾ ਹੈ, ਅੰਦਰੋਂ ਉਹ ਅਜੇ ਵੀ ਪੂਰੀ ਤਰ੍ਹਾਂ ਜਾਗਰੂਕ ਹੈ ਤੇ ਸਾਰੀਆਂ ਪਾਰਟੀਆਂ ਦੇ ਸਿਆਸੀ ਐਲਾਨਨਾਮਿਆਂ ਦੀ ਤਹਿ ਤਕ ਜਾ ਕੇ ਅਪਣੇ ਭਲੇ ਬੁਰੇ ਬਾਰੇ ਸੋਚ ਕੇ ਠੀਕ ਫ਼ੈਸਲਾ ਕਰਨ ਦੀ ਸੋਝੀ ਰਖਦਾ ਹੈ। ਜਲੰਧਰ ਦੀ ਚੋਣ ਵਿਚ ਸਫ਼ਲ ਹੋਣ ਵਾਲਾ ਭਾਵੇਂ 11 ਮਹੀਨੇ ਵਾਸਤੇ ਹੀ ਪਾਰਲੀਮੈਂਟ ਦਾ ਮੈਂਬਰ ਹੋਣ ਦਾ ਬਿੱਲਾ ਮੋਢੇ ਤੇ ਲਗਾ ਸਕੇਗਾ ਪਰ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਬੜਾ ਵਧੀਆ ਫ਼ੈਸਲਾ ਹੋਇਆ ਹੈ।
Sidhu Moosewala
ਸੰਗਰੂਰ ਵਿਚ ਵੋਟਰ ਨੇ ਸਿੱਧੂ ਮੂਸੇਵਾਲੇ ਦੇ ਕਤਲ ਉਪਰੰਤ ਨਾਰਾਜ਼ਗੀ ਜਤਾਈ ਸੀ ਤਾਂ ਉਸ ਦਾ ਸੁਨੇਹਾ ਸਰਕਾਰ ਨੂੰ ਤਾਂ ਮਿਲ ਹੀ ਗਿਆ ਸੀ ਪਰ ਸਰਕਾਰ ਤੇ ਲੋਕਾਂ ਵਿਚ ਦੂਰੀ ਬਣਾਉਣ ਵਾਲਾ ਮਾਹੌਲ ਵੀ ਸਿਰਜ ਗਿਆ ਸੀ। ਅਜਿਹੀਆਂ ਚਰਚਾਵਾਂ ਛੇੜਨ ਨਾਲ ਨੁਕਸਾਨ ਪੰਜਾਬ ਦਾ ਹੀ ਹੁੰਦਾ ਹੈ ਕਿਉਂਕਿ 5 ਸਾਲ ਵਾਸਤੇ ਸੱਤਾ ‘ਆਪ’ ਸਰਕਾਰ ਦੇ ਹੱਥ ਵਿਚ ਹੀ ਰਹਿਣੀ ਹੈ।
ਅੰਨ੍ਹੀ ਨਫ਼ਰਤ ਤੇ ਈਰਖਾ ਵਿਚੋਂ ਉਪਜੀ ਨਿੰਦਾ ਅਤੇ ਸੁਧਾਰ ਵਿਚ ਮਦਦਗਾਰ ਹੋਣ ਵਾਲੀ ਆਲੋਚਨਾ ਵਿਚ ਫ਼ਰਕ ਹੁੰਦਾ ਹੈ ਤੇ ਨਾਕਾਰਾਤਮਕ ਮਾਹੌਲ ਸਰਕਾਰ ਦਾ ਮਨੋਬਲ ਵੀ ਡੇਗਦਾ ਹੈ ਕਿਉਂਕਿ ਸਰਕਾਰ ਚਲਾਉਣ ਵਾਲੇ ਜ਼ਿਆਦਾਤਰ ਨਵੇਂ ਤੇ ਗ਼ੈਰ ਤਜਰਬੇਕਾਰ ਸਿਆਸਤਦਾਨ ਹਨ। ਲੋਕਾਂ ਦਾ ਸਮਰਥਨ ਪ੍ਰਾਪਤ ਹੁੰਦੇ ਰਹਿਣ ਨਾਲ ਉਹ ਅਪਣੀ ਕੰਮ ਕਰਨ ਦੀ ਸਮਰੱਥਾ ਵਿਚ ਹੌਲੀ ਹੌਲੀ ਹੋਰ ਵਾਧਾ ਕਰ ਲੈਣਗੇ ਕਿਉਂਕਿ ਜੇ ਉਹ ਉਮੀਦ ਅਨੁਸਾਰ ਬਦਲਾਅ ਨਹੀਂ ਕਰ ਵਿਖਾਂਦੇ ਤਾਂ ਲੋਕਾਂ ਦੇ ਵਿਸ਼ਵਾਸ ਨੂੰ ਸੱਟ ਲੱਗੇਗੀ, ਖ਼ਾਸ ਕਰ ਕੇ ਨੌਜੁਆਨਾਂ ਦੇ, ਜਿਨ੍ਹਾਂ ਨੇ ਬਹੁਤ ਜ਼ੋਰ ਨਾਲ ਬਦਲਾਅ ਦਾ ਸਾਥ ਦਿਤਾ ਸੀ।
CM Bhagwant Mann
ਪੰਜਾਬ ਦੀ ਚੋਣ ਹਾਰਨ ਵਾਲਿਆਂ ਵਾਸਤੇ ਵੀ ਜਲੰਧਰ ਦੇ ਚੋਣ ਨਤੀਜੇ ਵੱਡਾ ਸੰਦੇਸ਼ ਦੇ ਕੇ ਗਏ ਹਨ। ਪੰਜਾਬ ਦੇ ਕਾਂਗਰਸੀਆਂ ਨੇ ਜਿੱਤੀ ਹੋਈ ਬਾਜ਼ੀ ਹਾਰ ਕੇ ਵਿਖਾ ਦਿਤਾ ਕਿ ਉਹ ਲੋਕਾਂ ਨੂੰ ਆਪ ਅਪਣੇ ਤੋਂ ਦੂਰ ਕਰਨ ਵਿਚ ਮਾਹਰ ਹਨ। 25 ਸਾਲ ਦਾ ਕਾਂਗਰਸ ਦਾ ਗੜ੍ਹ ਤਾਂ ਸੰਤੋਖ ਸਿੰਘ ਚੌਧਰੀ ਦੀ ਪਤਨੀ ਨੂੰ ਸਤਿਕਾਰ ਸਹਿਤ ਸਮਰਥਨ ਦੇਣ ਵਾਸਤੇ ਤਿਆਰ ਹੀ ਸੀ ਪਰ ਕਾਂਗਰਸ ਨੇ ਅਪਣੀ ਅੰਦਰਲੀ ਇਕ ਦੂਜੇ ਨੂੰ ਨੀਵਾਂ ਡੇਗਣ ਵਾਲੀ ਰਾਜਨੀਤੀ ਸਦਕਾ ਅਪਣੇ ਹੀ ਲੋਕਾਂ ਨੂੰ ਦੂਰ ਕਰ ਦਿਤਾ।
54 ਫ਼ੀ ਸਦੀ ਵੋਟਰਾਂ ਦੀ ਗ਼ੈਰ ਹਾਜ਼ਰੀ ਦਸਦੀ ਹੈ ਕਿ ਲੋਕ ਗੰਦ ਤੋਂ ਤੰਗ ਆ ਕੇ ਵੋਟ ਕਰਨ ਹੀ ਨਾ ਆਏ। ਕਈ ਫ਼ੈਸਲਿਆਂ ਨੂੰ ਵੇਖ ਕੇ ਇਹ ਲੱਗ ਰਿਹਾ ਸੀ ਜਿਵੇਂ ਕਾਂਗਰਸ ਆਪ ਹੀ ਹਾਰ ਜਾਣ ਲਈ ਯਤਨਸ਼ੀਲ ਸੀ। ਅਕਾਲੀ ਦਲ, ਬਸਪਾ ਦੇ ਸਹਾਰੇ, ਤੀਜੇ ਨੰਬਰ ’ਤੇ ਆ ਕੇ ਭਾਜਪਾ ਤੋਂ ਅੱਗੇ ਲੰਘ ਗਿਆ। ਅਫ਼ਸੋਸ ਕਿ ਪੰਜਾਬ ਵਿਚ ਅਕਾਲੀ ਦਲ ਅਪਣੇ ਬਲਬੂਤੇ ’ਤੇ ਪੰਜਵੇਂ ਨੰਬਰ ਤੇ ਆਉਣ ਜੋਗਾ ਵੀ ਨਹੀਂ ਰਿਹਾ। ਉਨ੍ਹਾਂ ਵਲੋਂ ਸ਼੍ਰੋ.ਗੁ.ਪ੍ਰ. ਕਮੇਟੀ ਮੁਖੀ ਨੂੰ ਚੋਣ ਪ੍ਰਚਾਰ ਵਾਸਤੇ ਇਸਤੇਮਾਲ ਕਰਨਾ ਦਰਸਾਉਂਦਾ ਹੈ ਕਿ ਅਕਾਲੀ ਲੋਕਾਂ ਤੋਂ ਬਹੁਤ ਦੂਰ ਹੋ ਚੁੱਕੇ ਹਨ।
PM Modi
ਭਾਜਪਾ ਵਾਸਤੇ ਕਰਨਾਟਕਾ ਤੇ ਪੰਜਾਬ ਨੇ ਇਕੋ ਸੰਦੇਸ਼ ਦਿਤਾ ਹੈ। ਸਿਰਫ਼ ਮੰਤਰੀਆਂ, ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਦੇ ਚਿਹਰੇ ’ਤੇ ਡਬਲ ਇੰਜਣ ਦੇ ਚੁੱਲੇ੍ਹ ਨਹੀਂ ਮਘਦੇ। ਮੁਫ਼ਤ ਬਿਜਲੀ ਵਰਗੇ ਫ਼ੈਸਲੇ ਜਨਤਾ ਨੂੰ ਦਰਸਾਉਂਦੇ ਹਨ ਕਿ ਸਰਕਾਰ ਉਨ੍ਹਾਂ ਪ੍ਰਤੀ ਹਮਦਰਦ ਹੈ ਤੇ ‘ਜੁਮਲੇ’ ਦੀ ਆਸ ਵਿਚ ਵੋਟ ਮੰਗਣਾ ਹੁਣ ਲੋਕਾਂ ਨੂੰ ਗਵਾਰਾ ਨਹੀਂ।
‘ਕੇਰਲਾ ਸਟੋਰੀ’ ਵਰਗੇ ਅਨੋਖੇ ਪ੍ਰਚਾਰ ਨੂੰ ਲੈ ਕੇ ਵੀ ਲੋਕਾਂ ਨੇ ਜਵਾਬ ਦੇ ਦਿਤਾ ਹੈ। ਕਿਸੇ ਵੀ ਧਰਮ ਵਿਰੁਧ ਨਫ਼ਰਤ ਦਾ ਪ੍ਰਚਾਰ ਕਰਨ ਨਾਲ ਮੇਰੇ ਘਰ ਦਾ ਚੁੱਲ੍ਹਾ ਨਹੀਂ ਬਲਕਿ ਮੇਰਾ ਦਿਲ ਹੀ ਸੜੇਗਾ ਤੇ ਜਨਤਾ ਨੂੰ ਇਹ ਗੱਲ ਸਮਝ ਆ ਗਈ ਲਗਦੀ ਹੈ। ਜਿਸ ਤਰ੍ਹਾਂ ਕਰਨਾਟਕ ਨੇ ਕਾਂਗਰਸ ਤੇ ਰਾਹੁਲ ਗਾਂਧੀ ਨੂੰ ਮੌਕਾ ਦਿਤਾ ਹੈ, ਰਾਹੁਲ ਗਾਂਧੀ ਨੂੰ ਅਪਣੀ ਕਾਬਲੀਅਤ ਹੁਣ ਸਾਰੇ ਦੇਸ਼ ਵਾਸੀਆਂ ਨੂੰ ਵਿਖਾ ਦੇਣੀ ਚਾਹੀਦੀ ਹੈ।
The Kerala Story
ਕਾਂਗਰਸ ਵਿਚ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਿਚ ਰੁੱਝੇ ਕਾਂਗਰਸੀਆਂ ਦੀ ਆਤਮਾ ਨੂੰ ਜਗਾ ਕੇ ਰਾਹੁਲ ਨੂੰ ਅਪਣੇ ਆਪ ਨੂੰ ਇਕ ਲੀਡਰ ਵਜੋਂ ਪੇਸ਼ ਕਰਨਾ ਪਵੇਗਾ। 2024 ਵਿਚ ਰਾਹੁਲ ਨੂੰ ਨਰਿੰਦਰ ਮੋਦੀ ਤੋਂ ਉਪਰ ਹੋਣ ਦਾ ਸਬੂਤ ਦੇਣ ਦਾ ਇਕ ਹੋਰ ਮੌਕਾ ਮਿਲਿਆ ਹੈ। ਸਿਆਸਤਦਾਨਾਂ ਨੂੰ ਬੜਾ ਵੱਡਾ ਪਾਠ ਸਿਖਾ ਗਏ ਹਨ ਇਹ ਨਤੀਜੇ ਪਰ ਕੀ ਸਿਆਸਤਦਾਨ ਅਪਣੇ ਆਪ ਨੂੰ ਲੋੜ ਅਨੁਸਾਰ ਬਦਲ ਪਾਉਣਗੇ ਵੀ ਸਕਣਗੇ ਜਾਂ ਨਹੀਂ?
- ਨਿਮਰਤ ਕੌਰ