
ਇਥੇ ਗਵਰਨਰ ਮੁੱਖ ਮੰਤਰੀ ਨੂੰ ਪੁਛ ਸਕਦਾ ਹੈ ਕਿ ਉਹ ਧਰਮ-ਨਿਰਪੱਖ ਕਿਉਂ ਬਣ ਗਿਆ ਹੈ?
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ, ਜਿਵੇਂ ਕਿਸੇ ਨੂੰ ਗਾਲ ਕੱਢੀ ਜਾਂਦੀ ਹੈ, ਉਸੇ ਅੰਦਾਜ਼ ਵਿਚ ਪੁਛਿਆ ਗਿਆ ਕਿ ਕਿਹੜੀ ਗੱਲ ਹੋ ਗਈ ਜਿਸ ਕਾਰਨ ਉਹ ਹੁਣ ਧਰਮ-ਨਿਰਪੱਖ ਬਣ ਗਿਆ ਹੈ? ਇਹ ਪੁੱਛਣ ਵਾਲੇ ਹੋਰ ਕੋਈ ਨਹੀਂ, ਗਵਰਨਰ ਸਾਹਿਬ ਸਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਨਹੀਂ ਬਲਕਿ ਅਪਣੇ ਪੁਰਾਣੇ ਭਾਈਵਾਲ ਸ਼ਿਵ ਸੈਨਾ ਦੇ ਮੁਖੀ ਨੂੰ ਪੁਛਿਆ ਸੀ ਕਿਉਂਕਿ ਉਹ ਜਦ ਇਕੱਠੇ ਸਨ ਤਾਂ 'ਲਵ ਜਿਹਾਦ' ਬਾਰੇ ਗੱਲਾਂ ਕਰਦੇ ਸਨ
Uddhav Thackeray
ਪਰ ਅੱਜ ਊਧਵ ਠਾਕਰੇ ਨੇ ਤਨਿਸ਼ਕ ਕੰਪਨੀ ਦੇ ਧਰਮ ਨਿਰਪੱਖ ਤੇ ਅੰਤਰ-ਜਾਤੀ, ਅੰਤਰ-ਧਰਮ ਵਿਆਹਵਾਂ ਨੂੰ ਪ੍ਰਚਾਰਦੇ ਇਸ਼ਤਿਹਾਰ ਨੂੰ ਸਰਾਹਿਆ ਸੀ। ਗੁਜਰਾਤ ਵਿਚ ਤਨਿਸ਼ਕ ਦੀ ਦੁਕਾਨ ਨੂੰ ਘੇਰਿਆ ਗਿਆ ਤੇ ਮੈਨੇਜਰ ਨੂੰ ਇਸ ਇਸ਼ਤਿਹਾਰ ਵਾਸਤੇ ਮਾਫ਼ੀ ਮੰਗਣੀ ਪਈ। ਇਹ ਵਿਵਹਾਰ ਅੱਜ ਦੇ ਸੱਤਾਧਾਰੀਆਂ ਨੂੰ ਪਸੰਦ ਹੈ ਅਤੇ ਸ਼ਾਇਦ ਅੱਧੀ ਤੋਂ ਵੱਧ ਆਬਾਦੀ ਨੂੰ ਵੀ ਸਹੀ ਲਗਦਾ ਹੈ।
Muslim
ਇਸ਼ਤਿਹਾਰ ਵਿਚ ਇਕ ਹਿੰਦੂ ਨੂੰਹ ਦੀ ਗੋਦ ਭਰਾਈ ਇਕ ਮੁਸਲਮਾਨ ਸੱਸ ਵਲੋਂ ਕੀਤੀ ਜਾਂਦੀ ਹੈ। ਸ਼ੋਰ ਸਿਰਫ਼ ਇਸ ਕਾਰਨ ਮਚਾ ਦਿਤਾ ਗਿਆ ਕਿਉਂਕਿ ਸੱਸ ਆਖਦੀ ਹੈ ਕਿ ਉਹ ਭਾਵੇਂ ਉਸ ਦੀ ਧਾਰਮਕ ਰੀਤ ਨਹੀਂ, ਪਰ ਉਨ੍ਹਾਂ ਦੇ ਪ੍ਰਵਾਰਾਂ ਵਿਚ ਬੇਟੀਆਂ ਦੀਆਂ ਖ਼ੁਸ਼ੀਆਂ ਵਲ ਵੇਖਣਾ ਜ਼ਰੂਰੀ ਹੁੰਦਾ ਹੈ। ਪਰ ਦੇਸ਼ ਇਸ ਇਸ਼ਤਿਹਾਰ ਤੇ ਇਸ ਤਰ੍ਹਾਂ ਵੰਡਿਆ ਗਿਆ ਕਿ ਟਾਟਾ, ਤਨਿਸ਼ਕ ਨੂੰ ਵੀ ਲੋਕਾਂ ਦੇ ਅਕੀਦਿਆਂ ਨੂੰ ਠੇਸ ਪਹੁੰਚਾਉਣ ਲਈ ਮਾਫ਼ੀ ਮੰਗਣੀ ਪਈ ਤੇ ਇਸ਼ਤਿਹਾਰ ਵਾਪਸ ਲੈਣਾ ਪਿਆ।
Girls
ਇਕ ਆਮ ਇਨਸਾਨ ਨੂੰ ਇਸ ਇਸ਼ਤਿਹਾਰ ਵਿਚ ਕੁੱਝ ਵੀ ਮਾੜਾ ਨਹੀਂ ਸੀ ਲਗਣਾ। ਧਰਮ ਨਿਰਪੱਖਤਾ ਦੇ ਹਮਾਇਤੀਆਂ ਨੂੰ ਇਸ ਵਿਚੋਂ ਆਪਸੀ ਪਿਆਰ ਹੀ ਦਿਸਣਾ ਸੀ। ਆਜ਼ਾਦ ਸੋਚ ਵਾਲਿਆਂ ਨੂੰ ਇਕ ਮਿਸਾਲ ਵਿਖਾਈ ਦੇਂਦੀ ਜਿਥੇ ਦੋ ਅਲੱਗ ਅਲੱਗ ਧਰਮਾਂ ਦੀਆਂ ਔਰਤਾਂ ਨੇ ਅਪਣੀ ਧਾਰਮਕ ਹੋਂਦ ਬਰਕਰਾਰ ਰਖਦੇ ਹੋਏ ਦੂਜੇ ਦੇ ਧਰਮ ਨੂੰ ਸਤਿਕਾਰ ਦਿਤਾ।
Kangna Ranaut
ਆਜ਼ਾਦ ਔਰਤਾਂ ਨੂੰ ਦਿਸਦਾ ਕਿ ਨੂੰਹ-ਸੱਸ ਵਿਚ ਪਿਆਰ ਹੈ। ਇਹ ਵੀ ਦਿਸਦਾ ਕਿ ਦੋਹਾਂ ਨੇ ਅਪਣੀ ਸੋਚ ਨੂੰ ਲੈ ਕੇ ਰੀਤਾਂ, ਪਹਿਰਾਵੇ ਤਕ ਦੀ ਨੂੰਹ 'ਤੇ ਕੋਈ ਬੰਦਿਸ਼ ਨਹੀਂ ਲਗਾਈ। ਪਰ ਕੰਗਨਾ ਰਣੌਤ ਤੇ ਉਸ ਵਰਗੇ ਨਫ਼ਰਤ ਉਗਲਦੇ ਫ਼ਿਰਕੂਆਂ ਨੂੰ ਕੁੱਝ ਹੋਰ ਹੀ ਦਿਸਦਾ ਹੈ। ਉਨ੍ਹਾਂ ਨੂੰ ਹਿੰਦੂ ਧਰਮ ਦਾ ਅਪਮਾਨ ਦਿਸਦਾ ਹੈ ਕਿਉਂਕਿ ਇਕ ਹਿੰਦੂ ਔਰਤ ਇਕ ਘੱਟ ਗਿਣਤੀ ਦੇ ਘਰ ਕਿਵੇਂ ਵਿਆਹੀ ਜਾ ਸਕਦੀ ਹੈ? ਪਰ ਇਸੇ ਤਰ੍ਹਾਂ ਦਾ ਵਿਰੋਧ ਹੋਇਆ ਸੀ ਜਦ ਸਾਨੀਆ ਮਿਰਜ਼ਾ ਦਾ ਵਿਆਹ ਪਾਕਿਸਤਾਨ ਦੇ ਮੁਸਲਿਮ ਖਿਡਾਰੀ ਸੋਹੇਬ ਮਲਿਕ ਨਾਲ ਹੋਇਆ ਸੀ।
Sania Mirza
ਸੋ ਗੱਲ ਸਿਰਫ਼ ਧਰਮ ਦੀ ਹੀ ਨਹੀਂ ਸਗੋਂ ਔਰਤ ਨੂੰ ਇਕ ਵਸਤੂ ਵਾਂਗ ਸਮਝਣ ਵਾਲਾ ਜਦ ਇਹ ਕਹਿਣ ਲਗਦਾ ਹੈ ਕਿ ਜਦ ਬੇਟੀ ਕਿਸੇ ਦੂਜੇ ਧਰਮ ਜਾਂ ਦੇਸ਼ ਦੇ ਘਰ ਵਿਚ ਵਿਆਹੀ ਜਾਂਦੀ ਹੈ ਤਾਂ ਜੇ ਉਹ ਉਸ ਧਰਮ ਤੇ ਦੇਸ਼ ਨੂੰ ਦੁਸ਼ਮਣ ਮੰਨਦੇ ਹੋਣ ਤਾਂ ਗੱਲ ਹੋਰ ਵੀ ਵਿਗੜ ਜਾਂਦੀ ਹੈ ਤੇ ਇਸ ਨੂੰ ਅਪਣੇ ਧਰਮ,ਅਪਣੀ ਕੌਮ ਦੀ ਹਾਰ ਮੰਨ ਲਿਆ ਜਾਂਦਾ ਹੈ।
Marrige
ਇਸ ਦੇ ਉਲਟ ਜਦੋਂ ਸਾਡਾ ਕੋਈ ਮੁੰਡਾ 'ਗੋਰੀ' ਵਿਆਹ ਕੇ ਲਿਆਉਂਦਾ ਹੈ ਤਾਂ ਉਹ ਸਾਡੇ ਧਰਮ ਤੇ ਕੌਮ ਦੀ ਜਿੱਤ ਬਣ ਜਾਂਦੀ ਹੈ। ਮੀਡੀਆ ਵਿਚ ਖ਼ਬਰਾਂ ਆ ਜਾਂਦੀਆਂ ਹਨ ਕਿ ਇਕ ਪੰਜਾਬੀ ਮੁੰਡੇ ਨੇ ਗੋਰੀ ਨਾਲ ਵਿਆਹ ਕਰ ਲਿਆ। ਐਨੀ ਖ਼ੁਸ਼ੀ ਹੁੰਦੀ ਹੈ ਕਿ ਇਕ 'ਸੰਸਕਾਰੀ ਪ੍ਰਵਾਰ' ਦੀ ਗੋਰੀ ਨੂੰਹ ਨਾ ਸਿਰ ਢਕਦੀ ਹੈ, ਨਾ ਲੱਤਾਂ ਢਕਦੀ ਹੈ ਪਰ ਘਰ ਦੇ ਮਰਦ ਉਫ਼ ਤਕ ਨਹੀਂ ਕਰਦੇ।
Sikh
ਆਖ਼ਰ ਗੋਰੀ ਦੇ ਪ੍ਰਵਾਰ ਵਿਚ ਆਉਣ ਨਾਲ ਸਾਡੇ ਧਰਮ ਤੇ ਸਾਡੇ ਹੰਕਾਰ ਨੂੰ ਜਿੱਤ ਹੋ ਗਈ ਲਗਦੀ ਹੈ। ਇਸੇ ਤਰ੍ਹਾਂ ਇਕ ਸਿੱਖ ਧਾਰਮਕ ਆਗੂ ਦਾ ਅਪਣੀ ਬੇਟੀ ਨੂੰ ਕਤਲ ਕਰਨਾ ਤਾਂ ਸਮਾਜ ਨੂੰ ਕਬੂਲ ਸੀ ਪਰ ਮੋਨੇ ਸਿੱਖ ਨਾਲ ਵਿਆਹ ਕਬੂਲ ਨਹੀਂ ਸੀ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਔਰਤ ਨੂੰ ਅਪਣੇ ਪਤੀ ਦਾ ਨਾਂ, ਧਰਮ ਤੇ ਰਹਿਣ ਸਹਿਣ ਅਪਣਾਉਣਾ ਪੈਂਦਾ ਹੈ। ਸੋ ਸਮਾਜਕ ਤੌਰ 'ਤੇ ਜਿੱਤ ਮਰਦ ਦੇ ਧਰਮ ਅਤੇ ਰਹਿਣ ਸਹਿਣ ਦੀ ਹੁੰਦੀ ਹੈ।
Love Jihad
ਇਸੇ ਕਰ ਕੇ 'ਲਵ ਜਿਹਾਦ' ਵਿਚ ਹਿੰਦੂ ਮੁੰਡਿਆਂ ਤੇ ਮੁਸਲਮਾਨ ਮੁੰਡਿਆਂ ਵਿਚ ਦੂਜੇ ਧਰਮ ਦੀਆਂ ਕੁੜੀਆਂ ਨੂੰ ਫਸਾ ਲਿਆਉਣ ਦੀ ਦੌੜ ਲੱਗੀ ਹੋਈ ਹੈ। ਸਮਾਜ ਨੇ ਔਰਤ ਨੂੰ ਵਸਤੂ ਬਣਾਇਆ ਹੋਇਆ ਹੈ ਤੇ ਔਰਤ ਹੁਣ ਆਪ ਵੀ ਅਪਣੇ ਆਪ ਨੂੰ ਵਸਤੂ ਹੀ ਸਮਝਦੀ ਹੈ। ਉਹ ਅਪਣੇ ਆਪ ਨੂੰ ਇਨਸਾਨ ਘੱਟ ਅਤੇ ਮਰਦਾਂ ਦੀ ਜ਼ਿੱਦ ਪੂਰੀ ਕਰਨ ਦਾ ਜ਼ਰੀਆ ਵੱਧ ਸਮਝਦੀ ਹੈ।
Tanishq
ਤਨਿਸ਼ਕ ਦੇ ਇਸ਼ਤਿਹਾਰ ਵਿਚ ਇਕ ਹੋਰ ਕਮਜ਼ੋਰੀ ਹੈ ਕਿ ਉਹ ਪਿਆਰ ਨੂੰ ਸੋਨੇ ਨਾਲ ਤੋਲਦਾ ਹੈ। ਜੇ ਨੂੰਹ ਨੂੰ ਪਿਆਰ ਕਰਦੇ ਹੋ ਤਾਂ ਸੋਨੇ ਦੇ ਗਹਿਣੇ ਤੇ ਹਾਰ ਹੀ ਤੁਹਾਡੇ ਪਿਆਰ ਦਾ ਸਬੂਤ ਹਨ ਪਰ ਉਹ ਦੇਖਣ ਵਾਸਤੇ ਸਾਨੂੰ ਅਪਣੀ ਸੋਚ ਵਿਚ ਔਰਤ ਨੂੰ ਬਰਾਬਰੀ ਦੇਣੀ ਪਵੇਗੀ। ਧਰਮ ਵਿਆਹ ਨਾਲ ਨਹੀਂ ਬਦਲੇ ਜਾ ਸਕਦੇ। ਇਹ ਚੋਣ ਔਰਤ ਦੀ ਅਪਣੀ ਹੋਣੀ ਚਾਹੀਦੀ ਹੈ। ਪਿਆਰ/ਸਤਿਕਾਰ ਨੂੰ ਸੋਨੇ ਦੇ ਤਰਾਜ਼ੂ ਵਿਚ ਨਹੀਂ ਤੋਲਿਆ ਜਾ ਸਕਦਾ। ਇਸ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖ ਹੈ ਪਰ ਇਹ ਸਮਝਣ ਵਾਸਤੇ ਨਫ਼ਰਤ ਦੀਆਂ ਬੇੜੀਆਂ ਤੋਂ ਪਹਿਲਾਂ ਆਜ਼ਾਦ ਹੋਣਾ ਪਵੇਗਾ। ਹੈ ਮੁਮਕਿਨ? - ਨਿਮਰਤ ਕੌਰ