
ਅਮੀਰੀ ਦੇ ਵਿਖਾਵੇ ਤੇ ਐਨੀ ਫ਼ਜ਼ੂਲ-ਖ਼ਰਚੀ ਦਾ ਨਾਂ ਹੈ ਭਾਰਤੀ ਸ਼ਾਦੀਆਂ¸ਅਮੀਰਾਂ ਦੀਆਂ ਹੋਣ ਭਾਵੇਂ ਗ਼ਰੀਬਾਂ ਦੀਆਂ.......
ਇਸ ਦਾ ਕਾਰਨ ਕੀ ਹੈ? ਭਾਵੇਂ ਪੜ੍ਹੇ-ਲਿਖੇ ਹੋਣ ਜਾਂ ਅਨਪੜ੍ਹ, ਭਾਵੇਂ ਵਿਦੇਸ਼ਾਂ ਵਿਚ ਰਹਿ ਕੇ ਆ ਰਹੇ ਹੋਣ, ਭਾਰਤੀਆਂ ਅੰਦਰ ਵਿਖਾਵਾ ਵੱਧ ਰਿਹਾ ਹੈ। ਸਾਡੀ ਸੋਚ ਵਿਚ ਪਤਾ ਨਹੀਂ ਕਿਹੜੀ ਤੇ ਕੀ ਕਮਜ਼ੋਰੀ ਆ ਵੜੀ ਹੈ ਕਿ ਕਿਸੇ ਦੂਜੇ ਪ੍ਰਤੀ ਹਮਦਰਦੀ ਵਿਕਸਤ ਹੀ ਨਹੀਂ ਹੋ ਰਹੀ। ਉਹ ਜੋ ਪ੍ਰਸਿੱਧ ਹਨ, ਉਹ ਜੇ ਅਮੀਰ ਹਨ ਤੇ ਉਹ ਜੋ ਹਸਤੀਆਂ ਹਨ, ਅਜਿਹੀਆਂ ਉਦਾਹਰਣਾਂ ਦੀ ਨੌਜਵਾਨ ਪੀੜ੍ਹੀ ਨੂੰ ਹਮਦਰਦੀ ਦਾ ਰਸਤਾ ਵਿਖਾਏ।
ਈਸ਼ਾ ਅੰਬਾਨੀ ਦਾ 100 ਕਰੋੜੀ ਵਿਆਹ ਸੰਪੰਨ ਹੋਇਆ। ਉਸ ਦੇ ਘਰ ਵਲ ਜਾਂਦੀ ਸੜਕ ਨੂੰ ਲੱਖਾਂ ਫੁੱਲਾਂ ਨਾਲ ਸਜਾਇਆ ਗਿਆ। ਫ਼ਿਲਮ ਜਗਤ ਦੇ ਸਿਤਾਰੇ ਵੀ ਸੱਦੇ ਗਏ। ਕੌਮਾਂਤਰੀ ਗਾਇਕਾ ਬਿਓਂਨਸੇ ਦਾ ਸੰਗੀਤ ਪ੍ਰੋਗਰਾਮ ਕਰਵਾਇਆ ਗਿਆ। ਵਿਆਹ ਦੇ ਕਾਰਡ ਤੋਂ ਲੈ ਕੇ ਅੰਤ ਤਕ ਕੋਈ ਕਸਰ ਨਾ ਛੱਡੀ ਗਈ। ਅਮਿਤਾਬ ਬੱਚਨ ਨੇ ਇਕ ਚਿੱਠੀ ਪੜ੍ਹੀ ਅਤੇ ਸਾਰਿਆਂ ਨੂੰ ਭਾਵੁਕ ਕਰ ਦਿਤਾ। ਅੰਬਾਨੀ ਪ੍ਰਵਾਰ ਨੇ ਫ਼ਿਲਮੀ ਗਾਣਿਆਂ ਉਤੇ ਨੱਚ ਟੱਪ ਕੇ ਅਪਣੀ ਲਚਕ ਵਿਖਾਈ। ਆਖ਼ਰ ਭਾਰਤ ਦੇ ਸੱਭ ਤੋਂ ਅਮੀਰ ਅਤੇ ਦੁਨੀਆਂ ਦੇ 10 ਵੱਡੇ ਅਮੀਰਾਂ 'ਚੋਂ ਇਕ ਵਪਾਰੀ, ਮੁਕੇਸ਼ ਅੰਬਾਨੀ ਦੀ ਬੇਟੀ ਦਾ ਵਿਆਹ ਸੀ।
Ranveer Singh and Deepika Padukone
ਪੈਸੇ ਅਤੇ ਸ਼ਾਨੋ-ਸ਼ੌਕਤ ਦੀ ਕੋਈ ਕਸਰ ਨਹੀਂ ਸੀ ਛੱਡੀ ਜਾ ਸਕਦੀ। ਅੱਜ ਦੇ ਵਿਆਹ ਤਕਰੀਬਨ ਇਸੇ ਤਰ੍ਹਾਂ ਦੇ ਹੀ ਹੁੰਦੇ ਹਨ। ਅਪਣੀ ਦੌਲਤ ਦੇ ਅੰਬਾਰ ਦੇ ਸਾਈਜ਼ ਅਨੁਸਾਰ ਵਿਆਹ ਸ਼ਾਦੀ ਨੂੰ ਇਕ ਫ਼ਿਲਮੀ ਅੰਦਾਜ਼ ਵਿਚ ਪੂਰਾ ਕੀਤਾ ਜਾਂਦਾ ਹੈ। ਵਿਦੇਸ਼ਾਂ ਤੋਂ ਪਰਤੇ ਲੋਕ ਅਪਣੇ ਡਾਲਰਾਂ ਦੇ ਸਹਾਰੇ ਫ਼ਿਲਮੀ ਵਿਆਹ ਕਰਦੇ ਹਨ। ਇਕ ਦਿਨ ਵਾਸਤੇ ਲਾੜਾ-ਲਾੜੀ ਅਪਣੀ ਫ਼ਿਲਮ ਦੇ ਹੀਰੋ-ਹੀਰੋਇਨ ਬਣ ਜਾਂਦੇ ਹਨ। ਮੇਕਅਪ ਨਾਲ ਚਿਹਰਾ ਬਦਲ ਦਿਤਾ ਜਾਂਦਾ ਹੈ ਅਤੇ ਕਿਸੇ ਵੀ ਦਾਗ਼ ਧੱਬੇ ਤੋਂ ਬਗ਼ੈਰ ਚਿਹਰੇ ਚਮਕਦੇ ਦਮਕਦੇ ਹਨ ਅਤੇ ਫ਼ਿਲਮੀ ਗਾਣੇ ਚਲਾ ਕੇ ਨਚਦੇ ਗਾਉਂਦੇ ਹਨ।
ਠੀਕ ਇਹੀ ਕੁੱਝ ਅੰਬਾਨੀ ਪ੍ਰਵਾਰ ਨੇ ਕੀਤਾ। ਯਾਨੀ ਕਿ ਤਕਰੀਬਨ ਹਰ ਇਨਸਾਨ ਅਪਣੇ ਵਿਆਹ ਦੇ ਖ਼ਰਚੇ ਦੇ ਸਹਾਰੇ, ਭਾਵੇਂ ਇਕ ਦਿਨ ਵਾਸਤੇ ਹੀ ਸਹੀ, ਕਿਸੇ ਫ਼ਿਲਮੀ ਅਦਾਕਾਰ ਵਾਂਗ ਚਮਕਣਾ ਦਮਕਣਾ ਜ਼ਰੂਰ ਚਾਹੁੰਦਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਗ਼ਰੀਬ ਦੀ ਇਕ ਦਿਨ ਵਾਸਤੇ ਚਮਕਣ ਦੀ ਚਾਹਤ ਹੈ ਅਤੇ ਇਸੇ ਕਰ ਕੇ ਉਹ ਅਪਣੀ ਜਮ੍ਹਾਂ ਪੂੰਜੀ ਵਿਆਹ ਵਾਲੇ ਦਿਨ ਖ਼ਰਚਦਾ ਹੈ। ਦੇਸ਼ ਦਾ ਸੱਭ ਤੋਂ ਅਮੀਰ ਪ੍ਰਵਾਰ ਵੀ ਇਹੀ ਕੁੱਝ ਕਰਨਾ ਲੋਚਦਾ ਹੈ ਅਤੇ ਉਹ 100 ਕਰੋੜ ਤੋਂ ਵੀ ਸ਼ਾਇਦ ਜ਼ਿਆਦਾ (ਕਾਲਾ ਧਨ) ਖ਼ਰਚ ਕੇ ਅਪਣੇ ਆਪ ਨੂੰ ਚਮਕਾਉਣਾ ਚਾਹੁੰਦਾ ਹੈ।
Virat Kohli and Anushka Sharma
ਇਨ੍ਹਾਂ ਨੇ ਤਾਂ ਅਪਣੇ ਦੋਸਤਾਂ-ਮਿੱਤਰਾਂ ਦੀ ਬਜਾਏ ਅਪਣੇ ਆਪ ਨੂੰ ਮੰਚ ਉਤੇ ਸਜਾਈ ਰਖਿਆ ਅਤੇ ਸਾਰਿਆਂ ਨੂੰ ਬੈਠ ਕੇ ਇਨ੍ਹਾਂ ਨੂੰ ਵੇਖਣਾ ਪਿਆ। ਜਦੋਂ ਭਾਰਤ ਦੇ ਹਰ ਅਮੀਰ ਤੋਂ ਅਮੀਰ ਅਤੇ ਗ਼ਰੀਬ ਤੋਂ ਗ਼ਰੀਬ ਸਮੇਤ, ਪ੍ਰਵਾਸੀਆਂ ਦੀ ਵੀ ਚਾਹਤ ਇਹੀ ਹੈ ਤਾਂ ਸੋਚਣ ਦੀ ਲੋੜ ਹੈ ਕਿ ਹਰ ਇਨਸਾਨ ਚਮਕਣਾ ਕਿਉਂ ਚਾਹੁੰਦਾ ਹੈ? ਉਨ੍ਹਾਂ ਵਿਚ ਕੋਈ ਤਾਂ ਅੰਦਰੂਨੀ ਮਾਨਸਿਕ ਕਮਜ਼ੋਰੀ ਹੋਵੇਗੀ ਕਿ ਉਹ ਅਪਣੇ ਪੈਸੇ ਨਾਲ ਸਿਰਫ਼ ਫ਼ਿਲਮੀ ਗਾਣਿਆਂ ਤੇ ਨੱਚਣ ਬਾਰੇ ਹੀ ਸੋਚਦੇ ਹਨ। ਜਦੋਂ ਵੀ ਫ਼ਿਲਮੀ ਐਵਾਰਡਾਂ ਦੇ ਸ਼ੋਅ ਹੁੰਦੇ ਹਨ ਤਾਂ ਵੀ ਤਾਂ ਅਦਾਕਾਰ ਕਿਸੇ ਨਾ ਕਿਸੇ ਗਾਣੇ ਤੇ ਨਚਦੇ ਹੀ ਵੇਖੇ ਜਾਂਦੇ ਹਨ।
ਕੋਈ ਵੀ ਅਪਣੇ ਅੰਦਰ ਦੀ ਕਾਬਲੀਅਤ ਨੂੰ ਨਹੀਂ ਲਭਣਾ ਚਾਹੁੰਦਾ ਪਰ ਕਿਸੇ ਹੋਰ ਵਾਂਗ ਹੀ ਬਣਨਾ ਚਾਹੁੰਦਾ ਹੈ। ਈਸ਼ਾ ਅੰਬਾਨੀ ਨੇ ਸੱਭ ਤੋਂ ਬਿਹਤਰ ਸਿਖਿਆ ਹਾਸਲ ਕੀਤੀ ਹੋਵੇਗੀ, ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਹੋਵੇਗੀ। ਤਾਕਤਵਰ ਹੈ ਪਰ ਉਹ ਵੀ ਅਪਣੀ ਪਛਾਣ ਨਹੀਂ ਬਣਾ ਸਕੀ। ਅੰਬਾਨੀ ਹੀ ਕਿਉਂ, ਅੱਜ ਦੇ ਸੱਭ ਤੋਂ ਨੌਜਵਾਨ ਅਦਾਕਾਰ ਜੋੜੇ, ਦੀਪਿਕਾ-ਰਣਵੀਰ, ਅਨੁਸ਼ਕਾ-ਵਿਰਾਟ, ਸਾਰਿਆਂ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਇਹ ਉਹ ਲੋਕ ਹਨ ਜੋ ਕਿ ਅਪਣੇ ਹੁਨਰ ਅਤੇ ਕਾਬਲੀਅਤ ਸਦਕਾ ਅੱਗੇ ਨਿਕਲ ਸਕੇ ਹਨ। ਇਨ੍ਹਾਂ ਕੋਲ ਪ੍ਰਵਾਰ ਦਾ ਪੈਸਾ ਨਹੀਂ ਸੀ।
Isha Ambani
ਦੀਪਿਕਾ ਤਾਂ ਬੜੀ ਹਿੰਮਤੀ ਮੰਨੀ ਜਾਂਦੀ ਹੈ ਜਿਸ ਨੇ ਅਪਣੀ ਮਾਨਸਕ ਕਮਜ਼ੋਰੀ ਬਾਰੇ ਦੁਨੀਆਂ ਨਾਲ ਅਪਣਾ ਸੱਚ ਸਾਂਝਾ ਕੀਤਾ। ਇਹ ਜੋੜੇ ਅੱਜ ਦੇ ਭਾਰਤ ਦੇ ਨਵੇਂ ਯੁਗ ਦੇ 'ਰੋਲ ਮਾਡਲ' ਹਨ ਪਰ ਇਹ ਕੁੱਝ ਵੀ ਨਵਾਂ ਰਸਤਾ ਨਹੀਂ ਵਿਖਾ ਰਹੇ। ਸ਼ੁਰੂ ਭਾਵੇਂ ਗ਼ਰੀਬ ਦੀ ਗਲੀ ਵਿਚੋਂ ਹੀ ਹੋਏ ਹੋਣ ਪਰ ਪੈਸਾ ਤੇ ਪ੍ਰਸਿੱਧੀ ਪ੍ਰਾਪਤ ਕਰ ਲੈਣ ਮਗਰੋਂ ਅਮੀਰੀ ਦੇ ਵਿਖਾਵੇ ਦੇ ਇਕੋ ਰੰਗ ਵਿਚ ਹੀ ਰੰਗੇ ਜਾਂਦੇ ਹਨ। ਇਸ ਰੰਗ ਵਿਚ ਪਿਆਰ ਨਹੀਂ ਹੁੰਦਾ। ਅਮੀਰੀ ਦੇ ਇਸ ਵਿਖਾਵੇ ਵਿਚ ਅਪਣੀ ਜ਼ਿੰਮੇਵਾਰੀ ਨਹੀਂ ਦਿਸਦੀ। ਅਪਣੇ ਆਸਪਾਸ ਦੀ ਗ਼ਰੀਬੀ ਅਤੇ ਗੰਦਗੀ ਨਹੀਂ ਦਿਸਦੀ।
ਨਾਲ ਦੇ ਸਾਥੀ ਦੀ ਵੀ ਕੋਈ ਪ੍ਰਵਾਹ ਨਹੀਂ ਹੁੰਦੀ, ਇਹੀ ਸੋਚ ਭਾਰੂ ਹੁੰਦੀ ਹੈ ਕਿ ਦੁਨੀਆਂ ਮੇਰੇ ਵਲ ਵੇਖ ਰਹੀ ਹੈ ਜਾਂ ਨਹੀਂ? ਅਫ਼ਸੋਸ ਕਿ ਅੱਜ ਦੀ ਨਵੀਂ ਪੀੜ੍ਹੀ ਵਿਖਾਵੇ ਵਲ ਹੀ ਵੱਧ ਰਹੀ ਹੈ। ਹਰ ਪਲ ਇਕਦਮ 'ਪਰਫ਼ੈਕਟ' ਹੋਣਾ ਚਾਹੁੰਦੀ ਹੈ। ਫ਼ਿਲਮੀ ਕਿਸਮ ਦੀ ਸੰਪੂਰਨਤਾ, ਭਾਵੇਂ ਉਸ ਪਿੱਛੇ ਸਚਾਈ ਜ਼ਰਾ ਜਿੰਨੀ ਵੀ ਨਾ ਹੋਵੇ। ਇਸ ਦਾ ਕਾਰਨ ਕੀ ਹੈ?
ਭਾਵੇਂ ਪੜ੍ਹੇ-ਲਿਖੇ ਹੋਣ ਜਾਂ ਅਨਪੜ੍ਹ, ਭਾਵੇਂ ਵਿਦੇਸ਼ਾਂ ਵਿਚ ਰਹਿ ਕੇ ਆ ਰਹੇ ਹੋਣ, ਭਾਰਤੀਆਂ ਅੰਦਰ ਵਿਖਾਵਾ ਵੱਧ ਰਿਹਾ ਹੈ। ਸਾਡੀ ਸੋਚ ਵਿਚ ਪਤਾ ਨਹੀਂ ਕਿਹੜੀ ਤੇ ਕੀ ਕਮਜ਼ੋਰੀ ਆ ਵੜੀ ਹੈ ਕਿ ਕਿਸੇ ਦੂਜੇ ਪ੍ਰਤੀ ਹਮਦਰਦੀ ਵਿਕਸਤ ਹੀ ਨਹੀਂ ਹੋ ਰਹੀ। ਉਹ ਜੋ ਪ੍ਰਸਿੱਧ ਹਨ, ਉਹ ਜੋ ਅਮੀਰ ਹਨ ਤੇ ਉਹ ਜੋ ਹਸਤੀਆਂ ਹਨ, ਅਜਿਹੀਆਂ ਉਦਾਹਰਣਾਂ ਨਹੀਂ ਬਣ ਰਹੇ ਜੋ ਭਾਰਤ ਦੇ ਨੌਜੁਆਨਾਂ ਲਈ ਰਾਹ-ਦਸੇਰੀਆਂ ਬਣ ਸਕਣ। -ਨਿਮਰਤ ਕੌਰ