ਦਹਿਸ਼ਤੀ ਪਸਾਰਾ : ਸਿਡਨੀ ਵਿਚ ਨਿਰਦੋਸ਼ਾਂ ਦਾ ਕਤਲੇਆਮ
Published : Dec 16, 2025, 7:27 am IST
Updated : Dec 16, 2025, 8:00 am IST
SHARE ARTICLE
Bondi Beach attack Sydney News
Bondi Beach attack Sydney News

ਸਿਡਨੀ (ਆਸਟ੍ਰੇਲੀਆ) ਦੇ ਲੋਕਪ੍ਰਿਯ ਬੋਂਡਈ ਬੀਚ ਉਪਰ ਯਹੂਦੀਆਂ ਦੇ ਇਕੱਠ ਉੱਤੇ ਐਤਵਾਰ ਸ਼ਾਮੀਂ ਹੋਇਆ ਦਹਿਸ਼ਤੀ ਹਮਲਾ ਨਿੰਦਣਯੋਗ ਕਾਰਾ ਹੈ।

ਸਿਡਨੀ (ਆਸਟ੍ਰੇਲੀਆ) ਦੇ ਲੋਕਪ੍ਰਿਯ ਬੋਂਡਈ ਬੀਚ ਉਪਰ ਯਹੂਦੀਆਂ ਦੇ ਇਕੱਠ ਉੱਤੇ ਐਤਵਾਰ ਸ਼ਾਮੀਂ ਹੋਇਆ ਦਹਿਸ਼ਤੀ ਹਮਲਾ ਨਿੰਦਣਯੋਗ ਕਾਰਾ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਆਸਟ੍ਰੇਲਿਆਈ ਯਹੂਦੀ ਅੱਠ ਦਿਨ ਚੱਲਣ ਵਾਲਾ ਤਿਉਹਾਰ ਚਾਨੂਕਾਹ (ਹਾਨੂਕਾਹ) ਮਨਾਉਣ ਲਈ ਬੀਚ ਉਪਰ ਜੁੜੇ ਹੋਏ ਸਨ। ਯਹੂਦੀ ਦੀਵਾਲੀ ਵਰਗਾ ਇਹ ਤਿਉਹਾਰ ਦੋ ਹਜ਼ਾਰ ਵਰ੍ਹੇ ਪਹਿਲਾਂ ਯਹੂਦੀਆਂ ਵਲੋਂ ਦੂਜੀ ਵਾਰ ਯੇਰੂਸ਼ਲਮ ਵਿਚ ਵਾਪਸੀ ਤੇ ਕਬਜ਼ੇ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਮਨਾਇਆ ਜਾਂਦਾ ਹੈ। ਬੀਚ ਵਾਲੇ ਲੋਕ ਇਕੱਠ ਵਿਚ ਯਹੂਦੀ ਪਰਿਵਾਰ ਵੀ ਹਾਜ਼ਰ ਸਨ ਅਤੇ ਕੁਝ ਧਰਮ ਸ਼ਾਸਤਰੀ ਵੀ।

ਇਸ ਇਕੱਠ ਉਪਰ ਸਿਡਨੀ ਦੇ ਮਸ਼ਹੂਰ ਹਾਰਬਰ ਪੁਲ ਉਪਰੋਂ ਦੋ ਬੰਦੂਕਧਾਰੀਆਂ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਜਿਸ ਕਾਰਨ 16 ਲੋਕ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋਏ। ਜ਼ਖ਼ਮੀਆਂ ਵਿਚ ਇਕ ਹਮਲਾਵਰ ਵੀ ਸ਼ਾਮਲ ਹੈ ਜਿਸ ਨੂੰ ਪੁਲ ਉਪਰ ਹਾਜ਼ਰ ਇਕ ਨਿਹੱਥੇ ਵਿਅਕਤੀ ਨੇ ਦਲੇਰੀ ਦਿਖਾਉਂਦਿਆਂ ਕਾਬੂ ਕਰ ਲਿਆ। ਇਸ ਕਾਰਨ ਉਹ ਹੋਰ ਗੋਲੀਬਾਰੀ ਨਾ ਕਰ ਸਕਿਆ। ਉਸ ਨਿਹੱਥੇ ਦੀ ਇਹ ਦਲੇਰੀ, ਜਾਨੀ ਨੁਕਸਾਨ ਘਟਾਉਣ ਪੱਖੋਂ ਵੀ ਕਾਰਗਰ ਸਾਬਤ ਹੋਈ ਅਤੇ ਸਮੁੱਚੇ ਘਟਨਾਕ੍ਰਮ ਨਾਲ ਜੁੜੇ ਰਾਜ਼ ਬੇਪਰਦ ਕਰਨ ਵਿਚ ਵੀ ਸਹਾਈ ਹੋਈ। ਮੀਡੀਆ ਰਿਪੋਰਟਾਂ ਅਨੁਸਾਰ ਜ਼ਖ਼ਮੀ ਹਮਲਾਵਰ ਦੀ ਪਛਾਣ ਨਵੀਦ ਅਕਰਮ (24) ਵਜੋਂ ਹੋਈ। ਉਸ ਦਾ ਪਿਤਾ ਸਾਜਿਦ ਅਕਰਮ (50), ਜੋ ਕਿ ਦੂਜਾ ਹਮਲਾਵਰ ਸੀ, ਪੁਲੀਸ ਦੀ ਗੋਲੀ ਨਾਲ ਮਾਰਿਆ ਗਿਆ।

ਮੀਡੀਆ ਰਿਪੋਰਟਾਂ ਦਸਦੀਆਂ ਹਨ ਕਿ ਦੋਵੇਂ ਹਮਲਾਵਰ ਪਾਕਿਸਤਾਨੀ ਮੂਲ ਦੇ ਹਨ। ਨਵੀਦ ਦਾ ਤਾਂ ਜਨਮ ਹੀ ਆਸਟ੍ਰੇਲੀਆ ਵਿਚ ਹੋਇਆ ਸੀ ਜਿਸ ਦੀ ਬਦੌਲਤ ਉਹ ਆਸਟ੍ਰੇਲੀਅਨ ਨਾਗਰਿਕ ਹੈ। ਪਿਤਾ-ਪੁੱਤਰ ਪਾਬੰਦੀਸ਼ੁਦਾ ਦਹਿਸ਼ਤੀ ਸੰਗਠਨ ‘ਦਾਇਸ਼’ (ਇਸਲਾਮਿਕ ਸਟੇਟ) ਨਾਲ ਜੁੜੇ ਦੱਸੇ ਜਾਂਦੇ ਹਨ। ਮੀਡੀਆ ਰਿਪੋਰਟਾਂ ਵਿਚ ਉਨ੍ਹਾਂ ਦੇ ਮਜ਼ਹਬ ਦਾ ਜ਼ਿਕਰ ਤਾਂ ਉਚੇਚੇ ਤੌਰ ’ਤੇ ਕੀਤਾ ਜਾ ਰਿਹਾ ਹੈ, ਪਰ ਇਹ ਨਹੀਂ ਦਸਿਆ ਜਾ ਰਿਹਾ ਕਿ ਨਵੀਦ ਨੂੰ ਜੱਫ਼ਾ ਮਾਰ ਕੇ ਉਸ ਦੀ ਬੰਦੂਕ ਖੋਹ ਲੈਣ ਵਾਲਾ ਜਾਂਬਾਜ਼, ਅਹਿਮਦ-ਅਲ-ਅਹਿਮਦ ਵੀ ਮੁਸਲਿਮ ਹੀ ਹੈ। ਮੀਡੀਆ, ਖ਼ਾਸ ਕਰ ਕੇ ਪੱਛਮੀ ਮੀਡੀਆ ਵਿਚ ਇਸ ਕਿਸਮ ਦਾ ਭੇਦਭਾਵ ਤੇ ਦੋਗ਼ਲਾਪੁਣ, ਸੱਚਮੁੱਚ ਹੀ, ਅਫ਼ਸੋਸਨਾਕ ਹੈ। 

ਸਾਜਿਦ ਅਹਿਮਦ ਕੋਲ ਸ਼ਿਕਾਰ ਵਾਸਤੇ ਬੰਦੂਕਾਂ ਰੱਖਣ ਦਾ ਲਾਇਸੈਂਸ ਸੀ ਅਤੇ ਉਸ ਦੀਆਂ ਛੇ ਬੰਦੂਕਾਂ ਨਿਊ ਸਾਊਥ ਵੇਲਜ਼ ਸੂਬੇ ਦੀ ਹਕੂਮਤ ਕੋਲ ਰਜਿਸਟਰਡ ਸਨ। ਇਹ ਤੱਥ ਦਰਸਾਉਂਦਾ ਹੈ ਕਿ ਆਤਿਸ਼ੀ ਹਥਿਆਰਾਂ ਬਾਰੇ ਆਸਟ੍ਰੇਲੀਅਨ ਕਾਨੂੰਨ ਨਰਮ ਹੋਣ ਤੋਂ ਇਲਾਵਾ ਚੋਰ-ਮੋਰੀਆਂ ਤੋਂ ਵੀ ਮੁਕਤ ਨਹੀਂ। ਇਸੇ ਤਰ੍ਹਾਂ ਨਵੀਦ ਅਕਰਮ ਦੇ ਕੱਟੜਪੰਥੀ ਵਿਚਾਰਾਂ ਅਤੇ ਇੰਤਹਾਪਸੰਦਾਂ ਦੀਆਂ ਬੈਠਕਾਂ ਵਿਚ ਉਸ ਦੀ ਸ਼ਿਰਕਤ ਵੀ ਆਸਟ੍ਰੇਲੀਅਨ ਕੌਮੀ ਖ਼ੁਫ਼ੀਆ ਏਜੰਸੀ ਦੇ ਰਾਡਾਰ ’ਤੇ ਸੀ। ਇਸ ਦੇ ਬਾਵਜੂਦ ਉਸ ਦੀਆਂ ਗਤੀਵਿਧੀਆਂ ਉਪਰ ਨਜ਼ਰ ਨਾ ਰੱਖਣਾ ਖ਼ੁਫ਼ੀਆ ਏਜੰਸੀਆਂ ਤੋਂ ਇਲਾਵਾ ਸੂਬਾਈ ਪੁਲੀਸ ਦੀ ਅਲਗਰਜ਼ੀ ਦਾ ਵੀ ਪ੍ਰਮਾਣ ਹੈ।

ਅਜਿਹੀ ਅਲਗਰਜ਼ੀ ਨੇ ਹੀ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਯਾਹੂ ਨੂੰ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਐਲਬਨੀਜ਼ ਉਪਰ ਇਹ ਦੋਸ਼ ਲਾਉਣ ਦਾ ਬਹਾਨਾ ਬਖ਼ਸ਼ ਦਿਤਾ ਕਿ ਐਲਬਨੀਜ਼ ਆਸਟ੍ਰੇਲੀਆ ਵਿਚ ਵਸੇ ‘‘ਯਹੂਦੀਆਂ ਦੇ ਕਤਲੇਆਮ ਦੀ ਜ਼ਮੀਨ ਤਿਆਰ ਕਰ ਰਿਹਾ ਸੀ।’’ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਆਤਿਸ਼ੀ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦਾ ਵਿਧੀ-ਵਿਧਾਨ ਵੱਧ ਸਖ਼ਤ ਬਣਾਉਣ ਵਾਸਤੇ ਢੁਕਵੀਆਂ ਸੰਵਿਧਾਨਕ ਤਰਮੀਮਾਂ ਬਹੁਤ ਛੇਤੀ ਸੰਭਵ ਬਣਾਈਆਂ ਜਾਣਗੀਆਂ। ਇਹ ਵੱਖਰੀ ਗੱਲ ਹੈ ਕਿ ਇਸ ਕਿਸਮ ਦੀ ‘ਪਿੱਛਲ-ਸੋਝੀ’ ਜਿਥੇ ‘ਅਬ ਪਛਤਾਏ ਹੋਤ ਕਿਆ...’ ਵਾਲੇ ਮੁਹਾਵਰੇ ਨੂੰ ਸੱਚਾ ਸਾਬਤ ਕਰਦੀ ਹੈ, ਉੱਥੇ ਸਰਕਾਰੀ ਨਾਅਹਿਲੀਅਤ ਵਲ ਵੀ ਇਸ਼ਾਰਾ ਕਰਦੀ ਹੈ। 

ਆਸਟ੍ਰੇਲੀਆ ਵਿਚ ਗੋਰੀ ਨਸਲਪ੍ਰਸਤੀ ਦੱਬਵੇਂ-ਘੁਟਵੇਂ ਰੂਪ ਵਿਚ ਸਦਾ ਹੀ ਮੌਜੂਦ ਰਹੀ ਹੈ। ਹਕੂਮਤੀ ਨੀਤੀਆਂ ਭਾਵੇਂ ਕਿੰਨੀਆਂ ਵੀ ਉਦਾਰਵਾਦੀ ਕਿਉਂ ਨਾ ਰਹੀਆਂ ਹੋਣ, ਉਪਰੋਕਤ ਨਸਲਪ੍ਰਸਤੀ ਕਿਸੇ ਨਾ ਕਿਸੇ ਰੂਪ ਵਿਚ ਸਿਰ ਜ਼ਰੂਰ ਚੁਕਦੀ ਆਈ ਹੈ। ਹੁਣ ਇਸ ਦੇ ਵੱਧ ਸ਼ਦੀਦ ਹੋਣ ਦੀਆਂ ਸੰਭਾਵਨਾਵਾਂ ਹਨ। ਮੁਲਕ ਨੇ ਪਿਛਲੇ ਡੇਢ-ਦੋ ਦਹਾਕਿਆਂ ਤੋਂ ਤੀਜੀ ਦੁਨੀਆਂ ਦੇ ਲੋਕਾਂ ਨੂੰ ਸ਼ਰਣ ਦੇਣੀ ਜਾਰੀ ਰੱਖੀ ਹੋਈ ਸੀ, ਪਰ ਹੁਣ ਅਜਿਹੇ ਸ਼ਰਨਾਰਥੀਆਂ ਦੀ ਤਾਦਾਦ ਏਨੀ ਜ਼ਿਆਦਾ ਹੋ ਗਈ ਹੈ ਕਿ ਇਹ ਕੌਮੀ ਅਰਥਚਾਰੇ ’ਤੇ ਬੋਝ ਬਣਨ ਲੱਗੀ ਹੈ।

ਇਸ ਨੇ ਵੱਖ-ਵੱਖ ਸ਼ਹਿਰੀ ਖੇਤਰਾਂ ਵਿਚ ਗੋਰਿਆਂ ਤੇ ਸ਼ਰਨਾਰਥੀਆਂ ਦਰਮਿਆਨ ਟਕਰਾਅ ਦਾ ਰੂਪ ਧਾਰਨਾ ਸ਼ੁਰੂ ਕਰ ਦਿਤਾ ਹੈ। ਜਿੱਥੇ ਇਕ ਪਾਸੇ ਇਕ ਕਿਸਮ ਦਾ ਟਕਰਾਅ ਆਸਟ੍ਰੇਲੀਅਨ ਸਿਆਸਤਦਾਨਾਂ ਲਈ ਨਵੀਂ ਸਿਰਦਰਦੀ ਹੈ, ਉੱਥੇ ਪਾਕਿਸਤਾਨੀ ਹੁਕਮਰਾਨਾਂ ਤੇ ਵਿਚਾਰਵਾਨਾਂ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਆਲਮੀ ਪੱਧਰ ਦੇ ਬਹੁਤੇ ਦਹਿਸ਼ਤੀ ਕਾਰਿਆਂ ਵਿਚ ਪਾਕਿਸਤਾਨੀ ਮੂਲ ਦੇ ਲੋਕ ਹੀ ਕਿਉਂ ਲਿਪਤ ਹੁੰਦੇ ਹਨ? ਦੂਜੇ ਮੁਲਕਾਂ, ਖ਼ਾਸ ਕਰ ਕੇ ਭਾਰਤ ਉੱਤੇ ਪਾਕਿਸਤਾਨ ਨੂੰ ਬੇਵਜ੍ਹਾ ਬਦਨਾਮ ਕਰਨ ਦੇ ਦੋਸ਼ ਲਾਉਣ ਤੋਂ ਪਹਿਲਾਂ ਪਾਕਿਸਤਾਨੀ ਸਰਬਰਾਹਾਂ ਨੂੰ ‘ਅਪਣੇ ਗਿਰੇਬਾਨ’ ਵਿਚ ਝਾਕਣ ਦੀ ਕਲਾ ਜ਼ਰੂਰ ਸਿੱਖਣੀ ਚਾਹੀਦੀ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement