
Editorial : ਅਮਰੀਕਾ ਦੇ ਸਮਰਥਨ ਬਿਨਾਂ ਇਜ਼ਰਾਈਲ ਇਸ ਜੰਗ ਨੂੰ ਇਸ ਤਰ੍ਹਾਂ ਜਾਰੀ ਨਹੀਂ ਰੱਖ ਸਕਦਾ ਸੀ ਜਿਵੇਂ ਯੂਕਰੇਨ, ਰੂਸ ਦੇ ਮੁਕਾਬਲੇ ਨਹੀਂ ਸੀ ਖੜਾ ਰਹਿ ਸਕਦਾ।
The stubbornness of the big powers remains only in keeping the clouds of war! Editorial in punjabi : ਸੌ ਦਿਨਾਂ ’ਚ ਦੱਖਣ ਏਸ਼ੀਆ ਦੀ ਸਥਿਤੀ ਪੂਰੀ ਤਰ੍ਹਾਂ ਉਲਟ ਗਈ ਹੈ ਤੇ ਜਿਥੇ ਅਮਰੀਕਾ ਇਕ ਆਰਥਕ ਕਾਰੀਡੋਰ ਬਣਾਉਣ ਦੀ ਤਿਆਰੀ ਵਿਚ ਸਫ਼ਲਤਾ ਦੇ ਆਖ਼ਰੀ ਮੁਕਾਮ ’ਤੇ ਪਹੁੰਚ ਚੁੱਕਾ ਸੀ, ਇਨ੍ਹਾਂ ਸੌ ਦਿਨਾਂ ਵਿਚ ਦੇਸ਼ਾਂ ਦੇ ਰਿਸ਼ਤਿਆਂ ਦੇ ਨਾਲ-ਨਾਲ ਲੱਖਾਂ ਲੋਕ ਤਬਾਹ ਹੋ ਚੁੱਕੇ ਹਨ। ਜਿਥੇ ਹਰ ਰੋਜ਼ ਸੰਯੁਕਤ ਰਾਸ਼ਟਰ ਵਲੋਂ ਮਿਹਨਤ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਇਜ਼ਰਾਈਲ ਨੂੰ ਅਪਣੀ ਹੈਵਾਨੀਅਤ ਤੋਂ ਰੋਕਿਆ ਜਾਵੇ, ਉਥੇ ਹੁਣ ਅਮਰੀਕਾ ਤੇ ਇੰਗਲੈਂਡ ਨਾਲ ਯਮਨ ਦੇ ਹੂਤੀ ਸੰਗਠਨ ਨੇ ਲਾਲ ਸਾਗਰ ਵਿਚ ਜੰਗ ਦਾ ਇਕ ਹੋਰ ਫ਼ਰੰਟ ਖੋਲ੍ਹ ਲਿਆ ਹੈ। ਇਸ ਵਕਤ ਗ਼ਾਜ਼ਾ ਤੇ ਇਜ਼ਰਾਈਲ ਦਾ ਯੁਧ ਰੁਕਣ ਦੀ ਜਗ੍ਹਾ ਹੁਣ ਫ਼ਲਸਤੀਨ ਨਾਲ ਖੜੇ ਹੋਣ ਵਾਲੇ ਅਮਰੀਕਾ ਨਾਲ ਜੰਗ ਛੇੜ ਰਹੇ ਹਨ।
ਇਸ ਵਕਤ ਸਾਰੇ ਦੇਸ਼ ਭਾਵੇਂ ਉਹ ਕਿੰਨੇ ਹੀ ਦੱਖਣ ਪੰਥੀ ਅਥਵਾ ਸੱਜੂ ਵਿਚਾਰਧਾਰਾ ਵਾਲੇ (ਕਾਮਰੇਡੀ ਵਿਚਾਰਧਾਰਾ ਦੇ ਉਲਟ ਵਾਲੇ) ਕਿਉਂ ਨਾ ਹੋਣ, ਇਸ ਮੁੱਦੇ ਨੂੰ ਲੈ ਕੇ ਵੰਡੇ ਹੋਏ ਹਨ ਕਿਉਂਕਿ ਜਿਸ ਹੈਵਾਨੀਅਤ ਨਾਲ ਇਜ਼ਰਾਈਲ ਨੇ ਗਾਜ਼ਾ ਨੂੰ ਤਬਾਹ ਕੀਤਾ ਹੈ, ਉਸ ਤੋਂ ਦੁਨੀਆਂ ਦੰਗ ਰਹਿ ਗਈ ਹੈ। ਇਜ਼ਰਾਈਲ ਦੇ ਯੁੱਧ ਵਿਚ ਰਵਾਇਤੀ ਜੰਗ ਦੇ ਨਿਯਮਾਂ ਦੀ ਕਿਸੇ ਤਰ੍ਹਾਂ ਵੀ ਪਾਲਣਾ ਨਹੀਂ ਕੀਤੀ ਗਈ ਜਿਸ ਸਦਕਾ 70 ਫ਼ੀ ਸਦੀ ਮਾਰੇ ਗਏ ਜਾਂ ਜ਼ਖ਼ਮੀ ਹੋਣ ਵਾਲੇ ਔਰਤਾਂ ਅਤੇ ਬੱਚੇ ਹੀ ਹਨ। ਏਨਾ ਜ਼ਾਲਮ ਤਾਂ ਸ਼ਾਇਦ ਹਿਟਲਰ ਵੀ ਨਹੀਂ ਸੀ। ਗ਼ਾਜ਼ਾ ਵਿਚ ਰਹਿਣ ਵਾਲਿਆਂ ’ਚੋਂ 85 ਫ਼ੀ ਸਦੀ ਬੇਘਰ ਹੋ ਚੁੱਕੇ ਹਨ।
ਦਖਣੀ ਅਫ਼ਰੀਕਾ ਨੇ ਇਜ਼ਰਾਈਲ ਵਿਰੁਧ ਨਸਲਕੁਸ਼ੀ ਦੇ ਇਲਜ਼ਾਮ ਲਗਾ ਕੇ ਸੰਯੁਕਤ ਰਾਸ਼ਟਰ ਵਿਚ ਕੇਸ ਦਰਜ ਕੀਤਾ ਹੈ ਤੇ ਅਪੀਲ ਕੀਤੀ ਹੈ ਕਿ ਇਜ਼ਰਾਈਲ ਨੂੰ ਪਿੱਛੇ ਹਟਣ ਵਾਸਤੇ ਮਜਬੂਰ ਕੀਤਾ ਜਾਵੇ। ਦੱਖਣ ਦਾ ਹਰ ਦੇਸ਼ ਇਸ ਪਟੀਸ਼ਨ ਦਾ ਸਮਰਥਨ ਕਰ ਰਿਹਾ ਹੈ ਤੇ ਭਾਰਤ ਨੂੰ ਵੀ ਹੁਣ ਇਸ ਪਟੀਸ਼ਨ ’ਤੇ ਅਪਣਾ ਪੱਖ ਇਜ਼ਰਾਈਲ ਵਿਰੁਧ ਰਖਣਾ ਚਾਹੀਦਾ ਹੈ। ਭਾਰਤ ਨੇ ਰੂਸ ਨਾਲ ਜੰਗ ਦੇ ਚਲਦਿਆਂ ਅਪਣਾ ਰਿਸ਼ਤਾ ਕਮਜ਼ੋਰ ਨਹੀਂ ਹੋਣ ਦਿਤਾ ਪਰ ਇਜ਼ਰਾਈਲ ਨਾਲ ਇਸ ਵਕਤ ਖੜੇ ਹੋਣਾ ਨਾ ਮਨੁੱਖੀ ਕਦਰਾਂ ਕੀਮਤਾਂ ਨੂੰ ਜਚਦਾ ਹੈ ਤੇ ਨਾ ਭਾਰਤ ਦੇ ਏਸ਼ੀਆ ਵਿਚਲੇ ਰਿਸ਼ਤਿਆਂ ਲਈ ਹੀ ਸੁਖਾਵਾਂ ਹੈ।
ਅੱਜ ਲੋੜ ਹੈ ਕਿ ਸਾਰੇ ਇਕੱਠੇ ਹੋ ਕੇ ਅਮਰੀਕਾ, ਯੂਕੇ ਤੇ ਇਜ਼ਰਾਈਲ ’ਤੇ ਦਬਾਅ ਪਾਉਣ ਤਾਕਿ ਇਹ ਜੰਗ ਰੋਕੀ ਜਾ ਸਕੇ। ਪਿਛਲੇ ਹਫ਼ਤੇ ਵਿਚ ਹੂਤੀ ਵਲੋਂ ਲਾਲ ਸਾਗਰ ਵਿਚ ਫ਼ਲਸਤੀਨ ਦੇ ਹੱਕ ਵਿਚ ਜਹਾਜ਼ਾਂ ਤੇ ਹੋਏ ਹਮਲੇ ਨੂੰ ਲੈ ਕੇ ਅਮਰੀਕਾ ਵਲੋਂ ਜੰਗ ਦਾ ਵਿਰੋਧ ਦਰਸਾਉਂਦਾ ਹੈ ਕਿ ਅਜੇ ਇਹ ਦੇਸ਼ ਇਕੱਲੇ ਹਨ। ਭਾਵੇਂ ਕੋਈ ਖੁਲ੍ਹ ਕੇ ਹੂਤੀ ਦਾ ਸਮਰਥਨ ਨਹੀਂ ਕਰ ਰਿਹਾ ਪਰ ਅੱਜ ਖੁਲ੍ਹ ਕੇ ਅਮਰੀਕਾ ਦੀ ਨਿੰਦਾ ਜ਼ਰੂਰ ਹੋ ਰਹੀ ਹੈ। ਕਈ ਅਮਰੀਕਨ ਕੰਪਨੀਆਂ ਜਿਵੇਂ ਮੈਕਡਾਨਲਡਜ਼, ਸਟਾਰਬੁਕਸ ਜਿਨ੍ਹਾਂ ਨੇ ਇਜ਼ਰਾਈਲ ਦਾ ਸਮਰਥਨ ਕੀਤਾ ਸੀ, ਦਾ ਲੋਕਾਂ ਨੇ ਬਾਈਕਾਟ ਕਰ ਦਿਤਾ ਹੈ। ਡੋਨਾਲਡ ਟਰੰਪ ਵਾਸਤੇ ਵਧਦੇ ਸਮਰਥਨ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਬਾਈਡਨ ਵਲੋਂ ਇਜ਼ਰਾਈਲ ਨੂੰ ਦਿਤਾ ਸਰਮਥਨ ਹੈ। ਪਰ ਉਹ ਕਿਉਂ ਇਸ ਜ਼ਿੱਦ ’ਤੇ ਅੜਿਆ ਹੋਇਆ ਹੈ, ਜਦਕਿ ਉਸ ਦਾ ਅਪਣੇ ਦੇਸ਼ ਵਿਚ ਵਿਰੋਧ ਹੋ ਰਿਹਾ ਹੈ? ਇਸ ਬਾਰੇ ਕਈ ਅੰਦਾਜ਼ੇ ਹਨ ਪਰ ਸਾਫ਼ ਕਾਰਨ ਕੋਈ ਨਹੀਂ ਦਸ ਸਕਦਾ।
ਪਰ ਅਮਰੀਕਾ ਦੇ ਸਮਰਥਨ ਬਿਨਾਂ ਇਜ਼ਰਾਈਲ ਇਸ ਜੰਗ ਨੂੰ ਇਸ ਤਰ੍ਹਾਂ ਜਾਰੀ ਨਹੀਂ ਰੱਖ ਸਕਦਾ ਸੀ ਜਿਵੇਂ ਯੂਕਰੇਨ, ਰੂਸ ਦੇ ਮੁਕਾਬਲੇ ਨਹੀਂ ਸੀ ਖੜਾ ਰਹਿ ਸਕਦਾ। ਜੇ ਇਹ ਜੰਗ ਹੁਣ ਨਾ ਰੁਕੀ ਤਾਂ ਉਸ ਦਾ ਅਸਰ ਮੁੜ ਤੋਂ ਦੁਨੀਆਂ ਵਿਚ ਬੜਾ ਉਤਰਾਅ ਚੜ੍ਹਾਅ ਲਿਆ ਸਕਦਾ ਹੈ। ਆਰਥਕ ਸੇਕ ਦੇ ਨਾਲ-ਨਾਲ ਇਹ ਸੰਯੁਕਤ ਰਾਸ਼ਟਰ ਦੀ ਸਾਰਥਕਤਾ ’ਤੇ ਵੀ ਸਵਾਲ ਚੁਕਦਾ ਹੈ। ਜੇ ਹਰ ਤਾਕਤਵਰ ਜਾਂ ਅਮੀਰ ਦੇਸ਼ ਨੇ ਅਪਣੀ ਜ਼ਿੱਦ ਹੀ ਪੁਗਾਉਣੀ ਹੈ, ਭਾਵੇਂ ਉਸ ਨਾਲ ਔਰਤਾਂ ਤੇ ਬੱਚਿਆਂ ਦੀ ਨਸਲਕੁਸੀ ਹੁੰਦੀ ਹੋਵੇ, ਤਾਂ ਫਿਰ ਉਹ ਕਿਹੜਾ ਮੰਚ ਰਹਿ ਜਾਂਦਾ ਹੈ ਜਿਥੇ ਸਾਰੇ ਸਹਿਮਤੀ ਬਣਾ ਸਕਦੇ ਹੋਣ? ਕੀ ਆਉਣ ਵਾਲੇ ਸਮੇਂ ਵਿਚ ਸਿਰਫ਼ ਪੈਸਾ ਹੀ ਬਚੇਗਾ? ਇਨਸਾਨੀਅਤ ਦਾ ਦੌਰ ਖ਼ਤਮ ਹੋ ਚੁੱਕਾ ਹੈ? - ਨਿਮਰਤ ਕੌਰ