ਅੰਧਵਿਸ਼ਵਾਸ ਮਾਨਸਕ ਰੋਗ ਦੀ ਹੀ ਇਕ ਕਿਸਮ ਹੈ
ਅੰਧਵਿਸ਼ਵਾਸ ਮਾਨਸਕ ਰੋਗ ਦੀ ਹੀ ਇਕ ਕਿਸਮ ਹੈ। ਸਮਾਜ ਵਿਚ ਇਹ ਬੀਮਾਰੀ ਮੱਠੇ ਜ਼ਹਿਰ ਦੀ ਤਰ੍ਹਾਂ ਫੈਲੀ ਹੋਈ ਹੈ। ਅੰਧਵਿਸ਼ਵਾਸੀ ਲੋਕਾਂ ਦੀ ਮਾਨਸਿਕਤਾ ਦਾ ਫ਼ਾਇਦਾ ਉਠਾ ਕੇ ਕਈ ਟੂਣੇ ਟੋਟਕਿਆਂ ਵਾਲੇ ਬਣੇ ਹੋਏ ਬਾਬੇ, ਆਰਥਕ ਲੁੱਟ ਦੇ ਨਾਲ-ਨਾਲ ਘਿਨੌਣੇ ਅਪਰਾਧ ਤਕ ਕਰ ਦਿੰਦੇ ਹਨ।
ਦਸ ਸਾਲ ਪਹਿਲਾਂ ਦੋ ਸਕੇ ਭਰਾਵਾਂ ਦੀ ਲੜਾਈ ਦਾ ਕੇਸ ਅਦਾਲਤ ਵਿਚ ਚਲਦਾ ਸੀ। ਇਕ ਭਰਾ ਨੇ ਦੂਜੇ ਭਰਾ ਨੂੰ ਸੱਟਾਂ ਮਾਰੀਆਂ ਸਨ। ਇਸ ਕਾਰਨ ਉਸ ਨੂੰ ਅਦਾਲਤ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗੱਲ ਅੰਧਵਿਸ਼ਵਾਸ ਦੁਆਰਾ ਪੈਦਾ ਕੀਤੀ ਤੂੰ-ਤੂੰ ਮੈਂ-ਮੈਂ ਤੋਂ ਸ਼ੁਰੂ ਹੋ ਕੇ ਅਦਾਲਤੀ ਕੇਸ ਤਕ ਜਾ ਪਹੁੰਚੀ ਸੀ। ਦੋਵੇਂ ਭਰਾਵਾਂ ਦੀਆਂ ਪਤਨੀਆਂ ਨੂੰ ਸ਼ੱਕ ਸੀ ਕਿ ਉਹਨਾਂ ਉਪਰ ਕਿਸੇ ਅਖੌਤੀ ਸਿਆਣੇ ਤੋਂ ਢਾਲਾ ਕਰਾ ਕੇ ਲਾਹਿਆ ਜਾਂਦਾ ਹੈ। ਕਈ ਵਾਰ ਉਹਨਾਂ ਦੇ ਘਰੋਂ ਤਵੀਤ ਨਿਕਲਦੇ ਸਨ। ਗੱਲ ਵਧਦੀ ਵਧਦੀ ਮਾਰਾ-ਮਾਰੀ ’ਤੇ ਪਹੁੰਚ ਗਈ ਸੀ।
ਨਤੀਜੇ ਵਜੋਂ ਪਿਛਲੇ ਚਾਰ ਸਾਲਾਂ ਤੋ ਕੇਸ ਦਾ ਸਾਹਮਣਾ ਇਕ ਭਰਾ ਕਰ ਰਿਹਾ ਸੀ ਤੇ ਦੂਜਾ ਵੀ ਗਵਾਹੀ ਵਾਸਤੇ ਅਦਾਲਤ ਵਿਚ ਕਈ ਗੇੜੇ ਮਾਰ ਚੁੱਕਾ ਸੀ। ਪੁਲਿਸ ਨੇ ਵੀ ਰੰਜਸ਼ ਦੀ ਵਜ੍ਹਾ ਇਹ ਬਣਾਈ ਸੀ ਕਿ ਦੂਸਰੇ ਭਰਾ ਨੂੰ ਸ਼ੱਕ ਸੀ ਕਿ ਉਸ ਨੇ ਉਹਨਾਂ ਪਿੱਛੇ ਕਿਸੇ ਸਿਆਣੇ ਤੋਂ ਕਰਾ ਕੇ ਢਾਲਾ ਲਾਹ ਦਿਤਾ ਹੈ ਜਿਸ ਕਾਰਨ ਉਹਨਾਂ ਦੀ ਮੱਝ ਮਰ ਗਈ। ਇਸੇ ਕਾਰਨ ਰੰਜਸ਼ ਵਿਚ ਸੱਟ ਮਾਰੀ ਗਈ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਟੂਣੇ ਟੋਟਕੇ ਨੂੰ ਦਿਮਾਗ਼ ’ਚ ਭਰਨ ਵਾਲੇ ਬਾਬਿਆਂ ਨੇ ਇਕ ਪ੍ਰਵਾਰ ਦਾ ਕਿੰਨਾ ਹੀ ਆਰਥਕ ਤੇ ਭਾਈਚਾਰਕ ਸਾਂਝ ਦਾ ਨੁਕਸਾਨ ਕੀਤਾ, ਉਸ ਦੀ ਭਰਪਾਈ ਨਹੀਂ ਹੋ ਸਕਦੀ ਸੀ।
ਜਿਰਾਹ ਦੌਰਾਨ ਮੈਂ ਮੁਦਈ ਭਰਾ ਨੂੰ ਪੁਛਿਆ ਕਿ ਤੈਨੂੰ ਕਿਸ ਨੇ ਦਸਿਆ ਕਿ ਢਾਲਾ ਲਾਹਿਆ ਗਿਆ ਹੈ। ਉਸ ਨੇ ਕਿਸੇ ਹੋਰ ਢਾਲੇ ਵਾਲੇ ਬਾਬੇ ਦਾ ਨਾਮ ਲੈ ਦਿਤਾ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਅਖੌਤੀ ਬਾਬੇ ਜਾਂ ਸਿਆਣੇ ਅਸਲ ਵਿਚ ਲੜਾਈ ਦਾ ਮੁੱਢ ਬੰਨ੍ਹ ਦਿੰਦੇ ਹਨ। ਬਹੁਤ ਸਮਝਾਉਣ ’ਤੇ ਵੀ ਦੋਵੇਂ ਭਰਾ ਨਾ ਸਮਝੇ। ਮਨਾਂ ਵਿਚ ਲਾਈ ਹੋਈ ਅੰਧਵਿਸ਼ਵਾਸ ਦੀ ਚਿੰਗਾੜੀ ਹੌਲੀ ਹੌਲੀ ਭਾਂਬੜ ਦਾ ਰੂਪ ਲੈ ਲੈਂਦੀ ਹੈ। ਪੜ੍ਹੇ ਲਿਖੇ ਤੇ ਚੰਗਾ ਮਾੜਾ ਸਮਝਣ ਵਾਲੇ ਲੋਕ ਵੀ ਅੰਧਵਿਸ਼ਵਾਸ ਫੈਲਾਉਣ ਵਾਲੇ ਬਾਬਿਆਂ ਦੇ ਚੱਕਰਾਂ ਵਿਚ ਪੈ ਜਾਂਦੇ ਹਨ। ਇਨ੍ਹਾਂ ਲੋਕਾਂ ਵਲ ਵੇਖ ਕੇ ਬਹੁਤ ਸਾਰੇ ਹੋਰ ਲੋਕ ਉਨ੍ਹਾਂ ਬਾਬਿਆਂ ਦੇ ਚੱਕਰਾਂ ਵਿਚ ਪੈ ਜਾਂਦੇ ਹਨ। ਬਹੁਤ ਸਾਰੇ ਅਪਰਾਧਾਂ ਦਾ ਮੁੱਢ ਇਨ੍ਹਾਂ ਬਾਬਿਆਂ ਵਲੋਂ ਹੀ ਬੰਨਿ੍ਹਆ ਜਾਂਦਾ ਹੈ।
ਇਸੇ ਤਰ੍ਹਾਂ ਦੇ ਇਕ ਕੇਸ ਵਿਚ ਕਿਸੇ ਟੂਣੇ ਟੋਟਕੇ ਵਾਲੇ ਬਾਬੇ ਨੇ ਇਕ ਔਰਤ ਨੂੰ ਸੋਨੇ ਦਾ ਭਰਿਆ ਕੜਾਹਾ ਘਰੋਂ ਕੱਢਣ ਦਾ ਵਹਿਮ ਪਾ ਦਿਤਾ। ਇਸ ਲਈ ਉਸ ਨੇ ਕਿਸੇ ਨੌਜਵਾਨ ਲੜਕੇ ਦੀ ਬਲੀ ਦੇਣੀ ਸੀ। ਉਸ ਨੂੰ ਕੋਈ ਹੋਰ ਤਾਂ ਨਹੀਂ ਲੱਭਿਆ ਤੇ ਅਪਣੇ ਇਕਲੌਤੇ ਪੁੱਤਰ ਨੂੰ ਬਲੀ ਦੇ ਨਾਂ ’ਤੇ ਮਾਰ ਦਿਤਾ। ਕੜਾਹਾ ਤਾਂ ਨਾ ਲਭਿਆ ਪਰ ਉਹ ਸਲਾਖ਼ਾਂ ਪਿੱਛੇ ਜ਼ਰੂਰ ਚਲੀ ਗਈ। ਇਲਾਕਾ ਮਜਿਸਟਰੇਟ ਨੇ ਤਫ਼ਤੀਸ਼ੀ ਨੂੰ ਹਦਾਇਤ ਕੀਤੀ ਕਿ ਜੇ ਜ਼ਾਹਰ ਹੈ ਕਿ ਬਾਬੇ ਨੇ ਕਾਰਾ ਕਰਾਇਆ ਤਾਂ ਉਹਨੂੰ ਵੀ ਕੇਸ ਵਿਚ ਸ਼ਾਮਲ ਕਰ ਕੇ ਗ੍ਰਿਫ਼ਤਾਰ ਕਰੋ। ਪੁਲਿਸ ਵਲੋਂ ਬਾਬਾ ਯੂ.ਪੀ. ਤੋਂ ਫੜ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਜਿਹੇ ਕਾਰਿਆਂ ਲਈ ਤਾਂ ਕਾਨੂੰਨ ਮੌਜੂਦ ਹੈ ਪਰ ਇਹ ਸਾਰਾ ਕਾਨੂੰਨ ਅਪਰਾਧ ਹੋਣ ਤੋਂ ਬਾਅਦ ਹਰਕਤ ਵਿਚ ਆਂਉਦਾ ਹੈ। ਅੰਧਵਿਸ਼ਵਾਸ ਨੂੰ ਰੋਕਣ ਲਈ ਪੰਜਾਬ ਵਿਚ ਅਜੇ ਕਾਰਗਰ ਕਾਨੂੰਨ ਨਹੀਂ ਬਣਾਇਆ ਗਿਆ।
ਪੰਜਾਬੀ ਵਿਚ ਛਪਦੇ ਬਹੁਤ ਸਾਰੇ ਅਖ਼ਬਾਰਾਂ ਵਿਚ ਟੂਣੇ ਟੋਟਕਿਆਂ ਦੇ ਇਸ਼ਤਿਹਾਰ ਦਿਤੇ ਹੁੰਦੇ ਹਨ। ਵਸੀਕਰਨ, ਦੁਸ਼ਮਣ ਨੂੰ ਤਬਾਹ ਕਰਨ ਤੇ ਹੋਰ ਅਜੀਬ-ਅਜੀਬ ਜਿਹੇ ਸਿਰਲੇਖਾਂ ਹੇਠ ਛਪਣ ਵਾਲੇ ਇਸ਼ਤਿਹਾਰ ਆਰਥਕ ਲੁੱਟ ਦਾ ਕਾਰਨ ਤਾਂ ਬਣਦੇ ਹੀ ਹਨ ਪਰ ਸਮਾਜ ਵਿਚ ਅਪਰਾਧ ਪੈਦਾ ਕਰਨ ਦੇ ਮੁੱਖ ਸਰੋਤ ਵੀ ਬਣਦੇ ਹਨ। ਇਹਨਾਂ ਇਸ਼ਤਿਹਾਰਾਂ ’ਤੇ ਸਰਕਾਰ ਨੂੰ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਮਹਾਂਰਾਸ਼ਟਰ ਵਿਚ ਕਾਲਾ ਜਾਦੂ ਤੇ ਟੂਣੇ ਟੋਟਕੇ ਰੋਕਣ ਲਈ ਇਕ ਕਾਨੂੰਨ ਮੌਜੂਦ ਹੈ। ਉਸੇ ਤਰਜ਼ ’ਤੇ ਪੰਜਾਬ ਵਿਚ ਵੀ ਕਾਨੂੰਨ ਬਣਾਇਆ ਜਾ ਸਕਦਾ ਹੈ ਤਾਕਿ ਭੋਲੇ ਭਾਲੇ ਲੋਕਾਂ ਨੂੰ ਮਾਨਸਕ ਰੋਗੀ ਹੋਣ ਤੋਂ ਬਚਾਇਆ ਜਾ ਸਕੇ।
- ਸੱਤਪਾਲ ਸਿੰਘ ਦਿਓਲ ਐਡਵੋਕੇਟ, ਮੋਬਾਈਲ : 98781-70771