ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਦੇ ਪੱਕੇ ਜਥੇਦਾਰ ਬਣਾਏ ਜਾਣ ਦੇ ਪੂਰੀ ਤਰ੍ਹਾਂ ਕਾਬਲ ਸਨ ਪਰ...
Published : Jun 17, 2023, 7:34 am IST
Updated : Jun 17, 2023, 7:34 am IST
SHARE ARTICLE
 Giani Harpreet Singh was fully capable of being made the permanent Jathedar of Akal Takht but...
Giani Harpreet Singh was fully capable of being made the permanent Jathedar of Akal Takht but...

ਅੱਜ ਸਿਰਫ਼ ਗਿਆਨੀ ਹਰਪ੍ਰੀਤ ਸਿੰਘ ਨਾਲ ਮਾੜਾ ਨਹੀਂ ਹੋਇਆ ਬਲਕਿ ਹਰ ਉਸ ਸਿੱਖ ਨਾਲ ਮਾੜਾ ਹੋਇਆ ਹੈ ਜੋ ਕਿ ਹਰ ਲਾਲਚ ਤੇ ਖ਼ੁਦਗਰਜ਼ੀ ਤੋਂ ਮੁਕਤ ਹੋ ਕੇ ਪੰਥ ਬਾਰੇ ਸੋਚਦਾ ਹੈ

 

ਅੱਜ ਕਿਸੇ ਨੇ ਵੀ, ਕਿਸੇ ਵੀ ਚੀਜ਼ ਜਾ ਸੰਸਥਾ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਗੂਗਲ ’ਤੇ ਚਲਾ ਜਾਂਦਾ ਹੈ ਤੇ ਵੇਖਦਾ ਹੈ ਕਿ ਇਸ ਦਾ ਮਤਲਬ ਕੀ ਦਿਤਾ ਗਿਆ ਹੈ? ‘ਜਥੇਦਾਰ ਅਕਾਲ ਤਖ਼ਤ’ ਦਾ ਜਦੋਂ ਅਸੀ ਮਤਲਬ ਢੂੰਡਦੇ ਹਾਂ ਤਾਂ ਉਥੇ ਇਹ ਆਉਂਦਾ ਹੈ ਕਿ ਇਕ ਜੱਥਾ ਭਾਵ ਇਕ ਸਮੂਹ ਜਿਸ ਦਾ ‘ਦਾਰ’ ਜਾਂ ਸਰਦਾਰ ਉਸ ਨੂੰ ਸੰਭਾਲਦਾ ਹੈ ਤੇ ਉਹ ਸਾਰੀ ਸਿੱਖ ਕੌਮ ਦਾ ਪ੍ਰਤੀਨਿਧ ਹੁੰਦਾ ਹੈ, ਜਿਸ ਉਤੇ ਸਾਰੇ ਸਿੱਖਾਂ ਦਾ ਭਰੋਸਾ ਬਣਿਆ ਹੁੰਦਾ ਹੈ। ਉਹ ਕਿਸੇ ਨੂੰ ਵੀ ਬੁਲਾ ਸਕਦਾ ਹੈ, ਤਨਖ਼ਾਹ ਲਾ ਸਕਦਾ ਹੈ।

ਇਸ ਤਰ੍ਹਾਂ ਦੀ ਤਾਕਤ ਅਸੀ ਕਿਹੜੇ ‘ਜਥੇਦਾਰ’ ਨੂੰ ਦਿਤੀ ਹੈ ਤੇ ਕਦੋਂ ਕੌਮ ਨੇ ਉਸ ਨੂੰ ਅਪਣਾ ਪ੍ਰਤੀਨਿਧ ਬਣਾਇਆ, ਇਸ ਬਾਰੇ ਅਸੀ ਸਵਾਲ ਚੁਕਦੇ ਰਹਿੰਦੇ ਹਾਂ ਪਰ ਬਾਵਜੂਦ ਇਸ ਦੇ ਅੱਜ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਤਾਰ ਕੇ ਗਿਆਨੀ ਰਘਬੀਰ ਸਿੰਘ ਨੂੰ ਲਾਇਆ ਗਿਆ ਹੈ, ਉਸ ਦਾ ਜਥੇਦਾਰ ਦੀ ਤਾਕਤ, ਸਾਰੀ ਸਿੱਖ ਕੌਮ ਦਾ ਸਾਂਝਾ ਪ੍ਰਤੀਨਿਧ ਵਰਗੀ ਪਰਿਭਾਸ਼ਾ ਨਾਲ ਬਿਲਕੁਲ ਵੀ ਕੋਈ ਮੇਲ ਨਹੀਂ ਹੈ। ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਹ ਦਿਤਾ ਗਿਆ ਹੈ, ਇਹ ਸਮਝ ਨਹੀਂ ਆ ਰਿਹਾ ਕਿ ਇਹ ਧਾਰਮਕ ਫ਼ੈਸਲਾ ਹੈ, ਸਿਆਸੀ ਫ਼ੈਸਲਾ ਹੈ ਜਾਂ ਫਿਰ ਨਿੱਜੀ ਫ਼ੈਸਲਾ ਹੈ?

Sukhbir Badal Sukhbir Badal

ਜਾਂ ਅਕਾਲੀ ਦਲ ਦੇ ਸੁਪ੍ਰੀਮੋ ਨੂੰ ਗੁੱਸਾ ਆ ਗਿਆ ਕਿ ਜਥੇਦਾਰ ਸਾਹਬ ਨੇ ਉਨ੍ਹਾਂ ਦੀ ਪਾਰਟੀ ਬਾਰੇ ਅਪਣੀ ਪੰਥਕ ਨੀਤੀ ਤੋਂ ਪਿੱਛੇ ਹੱਟ ਜਾਣ ਦਾ ਸੱਚ ਕਿਉਂ ਬੋਲ ਦਿਤਾ ਜਾਂ ਉਨ੍ਹਾਂ ਨੂੰ ਲਗਿਆ ਕਿ ਉਨ੍ਹਾਂ ਦੇ ਉਥੇ ਰਹਿਣ ਨਾਲ ਬਾਦਲਾਂ ਦੀ ਪੰਜਾਬੀ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ? ਜੇ ਇਹ ਧਾਰਮਕ ਫ਼ੈਸਲਾ ਹੁੰਦਾ ਤਾਂ ਉਹ ਫ਼ੈਸਲਾ ਉਦੋਂ ਕਰਦੇ ਜਦੋਂ ਸਿੱਖ ਕਿਸੇ ਹੋਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਬਰਾਬਰ ਜਾਂ ਉਨ੍ਹਾਂ ਤੋਂ ਉਪਰ ਸਮਝਦੇ। ਉਨ੍ਹਾਂ ਤੋਂ ਉਪਰ ਕੌਣ ਹੈ? ਜੇ ਅਸੀ ਬਾਕੀ ਧਰਮਾਂ ਵਲ ਵੇਖੀਏ,  ਪੋਪ ਵਲ ਵੇਖੀਏ ਤਾਂ ਉਸ ਕੋਲ ਹੁਣ ਤਾਕਤ ਕੋਈ ਨਹੀਂ ਰਹਿਣ ਦਿਤੀ ਗਈ ਪਰ ਜਦੋਂ ਪੋਪ ਨੂੰ ਇਸ ਅਹੁਦੇ ਤੇ ਇਕ ਵਾਰ ਬਿਠਾ ਦਿਤਾ ਜਾਂਦਾ ਹੈ ਤਾਂ ਉਸ ਨੂੰ ਹਟਾਉਣ ਦੀ ਤਾਕਤ ਕਿਸੇ ਕੋਲ ਨਹੀਂ ਰਹਿੰਦੀ, ਰੱਬ ਕੋਲ ਹੀ ਰਹਿੰਦੀ ਹੈ। ਆਖ਼ਰੀ ਦਮ ਤਕ ਉਹ ਉਸੇ ਅਹੁਦੇ ’ਤੇ ਬਣਿਆ ਰਹਿੰਦਾ ਹੈ।

ਉਸ ਨੂੰ ਤੁਸੀ ਅਪਣੀ ਮਰਜ਼ੀ ਨਾਲ ਇਹ ਕਹਿ ਕੇ ਕਿ ‘ਅੱਜ ਮੈਂ ਇਸ ਤੋਂ ਖ਼ੁਸ਼ ਹਾਂ ਤੇ ਇਹ ਅਹੁਦੇ ਤੇ ਬਣਿਆ ਰਹੇਗਾ’, ਪਰ ਕਲ ਨੂੰ ਇਹ ਕਹਿ ਕੇ ਕਿ ‘ਇਹਨੇ ਮੈਨੂੰ ਅੱਜ ਨਾਰਾਜ਼ ਕਰ ਦਿਤਾ ਹੈ ਤੇ ਇਸ ਨੂੰ ਸ਼ਾਮ ਤਕ ਅਹੁਦੇ ਤੋਂ ਲਾਹੁਣਾ ਜ਼ਰੂਰੀ ਹੋ ਗਿਆ ਹੈ’ ਵਾਲਾ ਕਹਿਰ ਨਹੀਂ ਢਾਹ ਸਕਦੇ। ਕਿਸੇ ਵੀ ਕਾਰਨ ਕਰ ਕੇ ਅੱਜ ਗਿ: ਹਰਪ੍ਰੀਤ ਸਿੰਘ ਨੂੰ ਹਟਾ ਦਿਤਾ ਗਿਆ ਹੈ। ਇਹ ਸਿਰਫ਼ ਗਿਆਨੀ ਜੀ ਦੀ ਬੇਇਜ਼ਤੀ ਨਹੀਂ ਬਲਕਿ ਪੂਰੀ ਸਿੱਖ ਕੌਮ ਦੀ ਬੇਇਜ਼ਤੀ ਹੋ ਰਹੀ ਹੈ ਤੇ ਅਸੀ ਉਹੀ ਸਵਾਲ ਵਾਰ ਵਾਰ ਚੁਕਦੇ ਆ ਰਹੇ  ਹਾਂ ਕਿ ਆਖ਼ਰਕਾਰ ਸਿੱਖ ਧਰਮ ਦੀ ਜੋ ਸੋਚ ਹੈ, ਉਹ ਕਿਸ ਪਾਸੇ ਜਾ ਰਹੀ ਹੈ?

Giani Harpreet Singh Giani Harpreet Singh

ਵੇਖੋ ਇਕ ਸਿਆਸੀ ਪ੍ਰਵਾਰ ਦੀ ਲਾਲਸਾ ਕਿ ਸਿੱਖ ਸਿਆਸਤ ਦੇ ਨਾਲ ਨਾਲ ਸਿੱਖ ਧਰਮ ਉਤੇ ਵੀ ਉਸ ਦਾ ਦਬਦਬਾ ਕਾਇਮ ਰਹੇ,ਉਸ ਲਈ ਗੁਰੂ ਘਰਾਂ ਵਿਚ ਕਿਸ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਦੀਆਂ ਸਾਜ਼ਸ਼ਾ ਰਚੀਆਂ ਜਾ ਰਹੀਆਂ ਨੇ, ਉਹ ਬਾਣੀ ਨਾਲ ਮੇਲ ਨਹੀਂ ਖਾਂਦੀਆਂ। ਪਰ ਫਿਰ ਵੀ ਸਿਰਫ਼ ਇਕ ਸਿਆਸੀ ਪ੍ਰਵਾਰ ਨੂੰ ਉਚਾਈਆਂ ’ਤੇ ਰੱਖਣ ਵਾਸਤੇ, ਅੱਜ ਸਿੱਖ ਧਰਮ ਦੇ ਅਹਿਮ ਫ਼ੈਸਲੇ ਉਸ ਪ੍ਰਵਾਰ ਦੇ ਆਦੇਸ਼ਾਂ ਮੁਤਾਬਕ ਹੀ ਲਏ ਜਾਂਦੇ ਹਨ। ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਸੇ ਸੋਚ ਤਹਿਤ ਤੇ ਉਸੇ ਲਾਲਚ ਕਾਰਨ ਅਪਮਾਨਤ ਕੀਤਾ ਗਿਆ ਹੈ।

ਇਸ ਅਹੁਦੇ ’ਤੇ ਅੱਜ ਜੋ ਨਵੇਂ ‘ਜਥੇਦਾਰ’ ਆ ਗਏ ਨੇ, ਜੇ ਉਹ ਛੇ ਮਹੀਨੇ ਉਕਤ ਪ੍ਰਵਾਰ ਦੇ ਹੁਕਮਾਂ ਅਨੁਸਾਰ ਨਾ ਚੱਲੇ ਜਾਂ ਉਨ੍ਹਾਂ ਨੇ ਅਪਣੇ ਸਿਆਸੀ ਆਗੂਆਂ ਦੀ ਗੱਲ ਨਾ ਮੰਨੀ, ਤਾਂ ਉਨ੍ਹਾਂ ਦਾ ਵੀ ਇਹੀ ਹਾਲ ਹੋਵੇਗਾ। ਪਰ ਇਸ ਦਾ ਅਸਰ ਸਾਡੀ ਨੌਜੁਆਨੀ ’ਤੇ ਕੀ ਹੋ ਰਿਹੈ? ਸਿੱਖ ਨੌਜੁਆਨ ਅਪਣੇ ‘ਧਰਮੀ’ ਲੀਡਰਾਂ ਦੇ ਵਤੀਰੇ ਵਲ ਝਾਤ ਮਾਰਦੇ ਹਨ ਤਾਂ ਉਹ ਡਾਢੇ ਭੰਬਲਭੂਸੇ ਵਿਚ ਪੈ ਜਾਂਦੇ ਹਨ। ਸਵੇਰੇ ਹੋਰ ਤੇ ਸ਼ਾਮ ਹੋਰ ਜਥੇਦਾਰ ਐਲਾਨੇ ਜਾਣ ਮਗਰੋਂ ਉਹ ਕਿਸ ਨੂੰ ਜਥੇਦਾਰ ਮੰਨਣ? ਕੋਈ ਵੀ ਭੇਸ ਬਦਲ ਕੇ ਆ ਜਾਂਦਾ ਹੈ ਤੇ ਕਹਿ ਦਿੰਦਾ ਹੈ ਕਿ ਮੈਂ ਜਥੇਦਾਰ ਹਾਂ ਤਾਂ ਉਹ ਉਸ ਦੇ ਪਿੱਛੇ ਚਲ ਪੈਂਦੇ ਨੇ। ਇਸ ਨਾਲ ਸੱਭ ਤੋਂ ਵੱਡਾ ਨੁਕਸਾਨ ਸਾਡੀ ਨੌਜੁਆਨੀ ਦਾ ਹੋਵੇਗਾ, ਸਾਡੇ ਸਿੱਖ ਧਰਮ ਦਾ ਹੋਵੇਗਾ।

ਅਸੀ ਹਰ ਰੋਜ਼ ਵੇਖ ਰਹੇ ਹਾਂ ਕਿ ਜਿੰਨੇ ਵੀ ਧਰਮ ਪਰਿਵਰਤਨ ਦੇ ਕੇਸ ਇਥੇ ਪੰਜਾਬ ਵਿਚ ਹੋ ਰਹੇ ਨੇ, ਉਹ ਇਹੀ ਵਿਖਾਉਂਦੇ ਨੇ ਕਿ ਸਾਡੇ ਆਗੂਆਂ ਨੇ ਗੁਰੂ ਘਰਾਂ ਵਿਚ ਇਹੋ ਜਹੀ ਸੋਚ ਹਾਵੀ ਹੋਣ ਦਿਤੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨਾਲ ਮੇਲ ਨਹੀਂ ਖਾਂਦੀ। ਜੇ ਇਕ ਸਿੱਖ ਨੂੰ ਗੁਰੂ ਘਰ ਵਿਚ ਆ ਕੇ ਸਕੂਨ ਮਿਲੇ, ਜੇ ਉਸ ਨੂੰ ਮਾਣ ਮਿਲੇ, ਜੇ ਉਸ ਨੂੰ ਇੱਜ਼ਤ ਤੇ ਬਰਾਬਰੀ ਮਿਲੇ ਤਾਂ ਉਹ ਕਦੀ ਵੀ ਅਪਣੇ ਧਰਮ ਤੋਂ ਦੂਰ ਨਾ ਜਾਵੇ। ਪਰ ਇਥੇ ਤਾਂ ਉਨ੍ਹਾਂ ਨੂੰ ਵੀ ਮੁਨਾਸਬ ਸਨਮਾਨ ਨਹੀਂ ਮਿਲ ਰਿਹਾ ਜਿਨ੍ਹਾਂ ਨੂੰ ਇਨ੍ਹਾਂ ਨੇ ਅਪਣੇ ਆਲੋਚਕਾਂ ਦਾ ਮੂੰਹ ਬੰਦ ਕਰਵਾਉਣ ਲਈ, ਰੱਬ ਵਰਗੀ ਕੋਈ ਅਰਸ਼ੋਂ ਉਤਰੀ ਹਸਤੀ ਦਸਣੋਂ ਵੀ ਝਿਜਕ ਨਹੀਂ ਸੀ ਵਿਖਾਈ।

ਅੱਜ ਸਿਰਫ਼ ਗਿਆਨੀ ਹਰਪ੍ਰੀਤ ਸਿੰਘ ਨਾਲ ਮਾੜਾ ਨਹੀਂ ਹੋਇਆ ਬਲਕਿ ਹਰ ਉਸ ਸਿੱਖ ਨਾਲ ਮਾੜਾ ਹੋਇਆ ਹੈ ਜੋ ਕਿ ਹਰ ਲਾਲਚ ਤੇ ਖ਼ੁਦਗਰਜ਼ੀ ਤੋਂ ਮੁਕਤ ਹੋ ਕੇ ਪੰਥ ਬਾਰੇ ਸੋਚਦਾ ਹੈ। ਇਹ ਸਿਲਸਿਲਾ ਉਦੋਂ ਤਕ ਚਲਦਾ ਹੀ ਰਹੇਗਾ ਜਦੋਂ ਤਕ ਅਸੀ ਸਿਆਸਤਦਾਨਾਂ ਨੂੰ ਪੰਜਾਬੀਅਤ ਤੇ ਧਾਰਮਕ ਸੋਚ ਉਤੇ ਹਾਵੀ ਹੋਣ ਦੇਂਦੇ ਰਹਾਂਗੇ। ਇਹ ਪੰਥਕ ਫ਼ੈਸਲਾ ਨਹੀਂ, ਇਹ ਪੂਰੀ ਕੌਮ ਦਾ ਫ਼ੈਸਲਾ ਨਹੀਂ। ਇਹ ਸਿਰਫ਼ ਤੇ ਸਿਰਫ਼ ਇਕ ਇਨਸਾਨ ਦੀ ਨਿੱਜੀ ਘਬਰਾਹਟ ਹੈ ਜਿਸ ਵਿਚ ਉਸ ਨੇ ਐਨਾ ਵੱਡਾ ਫ਼ੈਸਲਾ ਬਿਨਾਂ ਕਿਸੇ ਨੂੰ ਪੁੱਛੇ, ਬਿਨਾਂ ਕਿਸੇ ਸੋਚ ਸਮਝ ਦੇ ਸਿਰਫ਼ ਅਪਣੇ ਫ਼ਾਇਦੇ ਵਾਸਤੇ ਕੀਤਾ ਹੈ।     - ਨਿਮਰਤ ਕੌਰ
 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement