ਰੱਬ ਵਾਂਗ, ਬਾਪ ਵੀ ਬੇਟੀ ਲਈ ਦਇਆ ਦਾ ਘਰ ਹੁੰਦਾ ਹੈ, ਜ਼ਾਲਮ ਬਾਪ ਰੱਬ ਕਿਸੇ ਨੂੰ ਨਾ ਦੇਵੇ!
Published : Aug 17, 2023, 7:07 am IST
Updated : Aug 17, 2023, 9:57 am IST
SHARE ARTICLE
Image: For representation purpose only.
Image: For representation purpose only.

ਅੱਜ ਲੋੜ ਹੈ ਕਿ ਗੁਰੂ ਦੀ ਬਾਣੀ ਨੂੰ ਸਮਝਣ ਵਾਲੇ ਅਪਣੀ ਆਵਾਜ਼ ਉੱਚੀ ਕਰ ਕੇ ਔਰਤ ਦੇ ਹੱਕ ਵਿਚ ਨਿਤਰਨ।

 

ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਚ ਇਕ ਪਿਤਾ ਵਲੋਂ ਅਪਣੀ ਹੀ ਬੇਟੀ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਤੇ ਫਿਰ ਉਸ ਦੀ ਲਾਸ਼ ਨੂੰ ਅਪਣੇ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਸਾਰੇ ਪਿੰਡ ਵਿਚ ਘੁਮਾਇਆ ਭਾਵ ਘੜੀਸਿਆ ਤਾਕਿ ਪਿੰਡ ਦੀ ਕੋਈ ਹੋਰ ਕੁੜੀ ਮੁੜ ਤੋਂ ਪਿਆਰ ਕਰਨ ਦਾ ਸਾਹਸ ਨਾ ਕਰ ਸਕੇ। ਇਹ ਬੇਰਹਿਮ ਬੰਦਾ ਜਿਸ ਨੂੰ ਕਾਇਨਾਤ ਨੇ ਪਿਤਾ ਬਣਨ ਦਾ ਮੌਕਾ ਦਿਤਾ, ਉਸ ਬਾਰੇ ਲਿਖਣਾ ਤਾਂ ਦੂਰ, ਸੋਚਣ ਨੂੰ ਵੀ ਦਿਲ ਵੀ ਨਹੀਂ ਕਰਦਾ ਪਰ ਲਿਖ ਇਸ ਕਰ ਕੇ ਰਹੀ ਹਾਂ ਕਿਉਂਕਿ ਇਸ ਸ਼ਰਮਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ ਦੀਆਂ ਕੁੱਝ ਹੋਰ ਗੱਲਾਂ ਨੇ ਹੋਰ ਵੀ ਸ਼ਰਮਸਾਰ ਕਰ ਦਿਤਾ ਹੈ।

ਜੋ ਮਹਿਲਾਵਾਂ, ਜਿਵੇਂ ਸਿਮਰਨਜੀਤ ਕੌਰ ਗਿੱਲ, ਉਸ ਬੱਚੀ ਵਾਸਤੇ ਬੋਲ ਰਹੀਆਂ ਹਨ, ਉਨ੍ਹਾਂ ਉਤੇ ਜੋ ਨਿਜੀ ਕਿਸਮ ਦੇ ਹਮਲੇ ਹੋ ਰਹੇ ਹਨ, ਅੱਜ ਉਨ੍ਹਾਂ ਦੇ ਹੱਕ ਵਿਚ ਬੋਲ ਰਹੀ ਹਾਂ ਭਾਵੇਂ ਇਨ੍ਹਾਂ ਮਰਦਾਂ ਤੋਂ ਤਰਕ ਜਾਂ ਸਹਿਣਸ਼ੀਲਤਾ ਦੀ ਆਸ ਨਹੀਂ ਰਖਦੀ। ਜੋ ਲੋਕ ਗੁਰਬਾਣੀ ਵਿਚ ਔਰਤ ਨੂੰ ਦਿਤੇ ਬਰਾਬਰੀ ਦੇ ਰੁਤਬੇ ਨੂੰ ਸਮਝ ਨਹੀਂ ਸਕੇ, ਉਨ੍ਹਾਂ ਉਤੇ ਸਾਡੀਆਂ ਦਲੀਲਾਂ ਦਾ ਕੀ ਅਸਰ ਹੋ ਸਕਦਾ ਹੈ? ਅੰਮ੍ਰਿਤਸਰ ਵਿਚ ਬੈਠੇ ਸਿੱਖ ਪੰਥ ਦੇ ਕਥਿਤ ਰਖਵਾਲਿਆਂ ਨੂੰ ਗੁਰੂ ਸਾਹਿਬਾਂ ਦੇ ਹੁਕਮਾਂ ਦੀ ਉਲੰਘਣਾ ਤੇ ਇਤਰਾਜ਼ ਨਹੀਂ ਹੋਇਆ ਤਾਂ ਫਿਰ ਇਸ ਕਾਤਲ ਪਿਤਾ ਤੋਂ ਕੀ ਆਸ ਰਖਣੀ ਹੋਈ?

ਜੇ ਸਾਡੇ ਧਾਰਮਕ ਆਗੂ ਸਮਝਦੇ ਕਿ ਇਸ ਪਿਤਾ ਨੇ ਬੜਾ ਵੱਡਾ ਗੁਨਾਹ ਕੀਤਾ ਹੈ, ਜੇ ਉਹ ਅਸਲ ਵਿਚ ਗੁਰਬਾਣੀ ਨੂੰ ਜ਼ਿੰਮੇਵਾਰੀ ਨਾਲ ਸਮਝ ਕੇ ਉਪਰੋਕਤ ਘਟਨਾ ਵਲ ਨਜ਼ਰ ਮਾਰਦੇ ਤਾਂ ਯਕੀਨਨ ਉਹ ਪੀੜ ਤੋਂ ਕ੍ਰੋਧ ਨਾਲ ਤੜਫ਼ ਉਠਦੇ ਤੇ ਫ਼ੁਰਮਾਨ ਜ਼ਰੂਰ ਜਾਰੀ ਕਰਦੇ ਤੇ ਆਖਦੇ ਕਿ ਔਰਤ ਨੂੰ ਸਾਡੇ ਗੁਰੂਆਂ ਨੇ ਮਰਦ ਦੇ ਬਰਾਬਰ ਰਖਿਆ ਹੈ ਅਤੇ ਮਰਦ ਭਾਵੇਂ ਪਿਤਾ ਹੋਵੇ ਜਾਂ ਪਤੀ, ਔਰਤ ਦਾ ਮਾਲਕ ਨਹੀਂ ਹੁੰਦਾ।

ਜੇ ਉਸ ਬੱਚੀ ਤੋਂ ਗ਼ਲਤੀ ਹੋਈ ਸੀ ਤਾਂ ਉਹ ਗ਼ਲਤੀ ਉਸ ਨੇ ਕਿਸ ਨਾਲ ਕੀਤੀ? ਉਸ ਮਰਦ ਬਾਰੇ ਕੋਈ ਗੱਲ ਕਿਉਂ ਨਹੀਂ ਕਰਦਾ? ਜੋ ਅੰਦਾਜ਼ੇ ਲਗਾਏ ਜਾ ਰਹੇ ਹਨ, ਉਸ ਤੋਂ ਇਹੀ ਸਮਝ ਆਉਂਦਾ ਹੈ ਕਿ ਬੱਚੀ ਦਾ ਕਿਸੇ ਨਾਲ ਇਸ਼ਕ ਸੀ ਤੇ ਮਾਤਾ-ਪਿਤਾ ਬੇਟੀ ਨੂੰ ਸਮਝਾ ਨਹੀਂ ਪਾਏ। ਤਾਂ ਫਿਰ ਕਸੂਰਵਾਰ ਤਾਂ ਉਹ ਮਾਤਾ-ਪਿਤਾ ਵੀ ਹੋਏ ਜੋ ਅਪਣੀ ਬੇਟੀ ਨੂੰ ਅਪਣਾ ਪੱਖ ਸਮਝਾਉਣ ਵਿਚ ਨਾਕਾਮ ਰਹੇ।

ਪਰ ਜਿਸ ਧਰਤੀ ’ਤੇ ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਸੱਸੀ-ਪੰਨੂ, ਸੋਹਣੀ-ਮਹੀਵਾਲ ਦੀਆਂ ਪ੍ਰੇਮ ਕਹਾਣੀਆਂ ਗਾ ਕੇ ਸਾਹਿਤਿਕ ਮੇਲਿਆਂ ਵਿਚ ਸੁਣਾਈਆਂ ਜਾਂਦੀਆਂ ਹਨ, ਉਥੇ ਇਕ ਨੌਜਵਾਨ ਜੋੜੇ ਦਾ, ਵਿਆਹੁਣ ਵਾਲੀ ਉਮਰ ਵਿਚ, ਇਕ ਦੂਜੇ ਵਲ ਆਕਰਸ਼ਿਤ ਹੋ ਜਾਣਾ ਕੋਈ ਏਨਾ ਵੱਡਾ ਗੁਨਾਹ ਤਾਂ ਨਹੀਂ ਜਿਸ ਦੀ ਸਜ਼ਾ ਮੌਤ ਅਤੇ ਉਸ ਦੇ ਬਾਅਦ ਵੀ, ਮੁਰਦਾ ਸ੍ਰੀਰ ਪ੍ਰਤੀ ਏਨੀ ਕਰੂਰਤਾ ਤੇ ਅਪਮਾਨ ਵਾਲੀ ਸਿਖਰਲੀ ਦੁਰਗਤ ਕੀਤੀ ਜਾਵੇ।

ਅਜੀਬ ਗੱਲ ਹੈ ਕਿ ਸਮਾਜ ਨੂੰ ਸੱਚਾ ਪ੍ਰੇਮ ਵੀ ‘ਬਦਮਾਸ਼ੀ’ ਹੀ ਲਗਦਾ ਹੈ ਤੇ ਸੱਚੇ ਪ੍ਰੇਮੀਆਂ ਨੂੰ ਨਫ਼ਰਤ ਪ੍ਰਗਟਾਊ ਤਾੜੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਮਰਦਾਂ ਦੀ ਇਹੀ ਸੋਚ ਰਹੀ ਤਾਂ ਫਿਰ ਸਮਾਜ ਵਿਚੋਂ ਅਗਿਆਨਤਾ ਕਿਵੇਂ ਜਾਵੇਗੀ? ਕੀ ਮਰਦ ਐਨਾ ਕਮਜ਼ੋਰ ਹੋ ਚੁੱਕਾ ਹੈ ਕਿ ਉਸ ਵਿਚ ਅਪਣੀਆਂ ਕਮਜ਼ੋਰੀਆਂ ਨੂੰ ਸਮਝਣ ਦੀ ਤਾਕਤ ਹੀ ਨਹੀਂ ਰਹੀ? ਜਿਸ ਰੂਹ ਵਿਚ ਨਫ਼ਰਤ-ਕ੍ਰੋਧ ਦਾ ਵਾਸ ਹੈ, ਸਮਝ ਲਉ ਉਹ ਰੂਹ ਰੱਬ ਤੋਂ ਦੂਰ ਹੈ। ਫਿਰ ਤਾਂ ਸਾਡੇ ਸਮਾਜ ਦੇ ਜ਼ਿਆਦਾਤਰ ਮਰਦ ਅਪਣੇ ਅੰਦਰ ਬਣਾਏ ਨਰਕ ਵਿਚ ਹੀ ਜੀਅ ਰਹੇ ਹਨ।

ਅੱਜ ਲੋੜ ਹੈ ਕਿ ਗੁਰੂ ਦੀ ਬਾਣੀ ਨੂੰ ਸਮਝਣ ਵਾਲੇ ਅਪਣੀ ਆਵਾਜ਼ ਉੱਚੀ ਕਰ ਕੇ ਔਰਤ ਦੇ ਹੱਕ ਵਿਚ ਨਿਤਰਨ। ਜਦ ਤਕ ਤੁਸੀ ਚੁੱਪ ਰਹੋਗੇ, ਹੋਰ ਮਰਦ ਕਾਤਲ, ਬਲਾਤਕਾਰੀ ਹੈਵਾਨ ਬਣਦੇ ਰਹਿਣਗੇ ਜੋ ਸਾਡੇ ਪ੍ਰਵਾਰਾਂ ਦੇ ਪੁੱਤਰ ਜਾਂ ਭਰਾ ਹੀ ਹੋਣਗੇ। ਔਰਤ ਨੂੰ ਤਾਂ ਰੱਬ ਨੇ ਬੜਾ ਤਾਕਤਵਰ ਬਣਾਇਆ ਹੈ ਤੇ ਉਸ ਦੀ ਸਹਿਣਸ਼ਕਤੀ ਦਾ ਮੁਕਾਬਲਾ ਕੋਈ ਮਰਦ ਨਹੀਂ ਕਰ ਸਕਦਾ। ਪਰ ਮਰਦ ਨੂੰ ਹੰਕਾਰ ਦੀ ਅੱਗ ਵਿਚ ਝੁਲਸਣ ਤੋਂ ਰੋਕ ਲਵੋ। ਇਕ ਹੰਕਾਰੀ ਤੇ ਕ੍ਰੋਧਿਤ ਮਰਦ ਜਦ ਰੱਬ ਦੀ ਕਾਇਨਾਤ ਦੇ ਨਿਯਮਾਂ ਨੂੰ ਚੁਨੌਤੀ ਦੇਵੇਗਾ ਤਾਂ ਉਸ ਦਾ ਅੰਤ ਦੁਖਦਾਈ ਹੋਵੇਗਾ। ਸੋ ਔਰਤਾਂ ਵਾਸਤੇ ਨਹੀਂ ਤਾਂ ਇਨ੍ਹਾਂ ਮਰਦਾਂ ਨੂੰ ਨਰਕ ’ਚੋਂ ਕੱਢਣ ਵਾਸਤੇ ਅਪਣੀ ਆਵਾਜ਼ ਜ਼ਰੂਰ ਉੱਚੀ ਕਰੋ।

- ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement