Editorial: ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਤੇ ਸ. ਜੋਗਿੰਦਰ ਸਿੰਘ ਤਾਂ ਇਸ ਦੁਨੀਆਂ ਤੋਂ ਚਲੇ ਗਏ...

By : NIMRAT

Published : Aug 17, 2024, 7:37 am IST
Updated : Aug 17, 2024, 7:37 am IST
SHARE ARTICLE
S. Gurbakhsh Singh Kala Afghana and S. Joginder Singh left this world...
S. Gurbakhsh Singh Kala Afghana and S. Joginder Singh left this world...

Editorial: ਪਰ ਕੀ ਤੁਸੀ ਪ੍ਰੋ. ਦਰਸ਼ਨ ਸਿੰਘ ਤੇ ਪ੍ਰਿ. ਘੱਗਾ ਜੀ ਨੂੰ ਵੀ ‘ਤਨਖ਼ਾਹੀਆ’ ਦੇ ਖ਼ਿਤਾਬ ਨਾਲ ਹੀ ਜਾਣ ਦੇਵੋਗੇ?

 

Editorial: ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ ਨੂੰ ਅਕਸਰ ਸਮਝਾਉਂਦੇ ਹੁੰਦੇ ਸਨ ਕਿ ‘‘ਜਦੋਂ ਮੈਂ ਇਸ ਦੁਨੀਆਂ ਤੋਂ ਜਾਵਾਂਗਾ ਤਾਂ ਸ਼ਾਇਦ 10 ਲੋਕ ਵੀ ਤੇਰੇ ਨਾਲ ਖੜੇ ਨਹੀਂ ਹੋਣਗੇ ਪਰ ਤੂੰ ਘਬਰਾਈਂ ਨਾ ਕਿਉਂਕਿ ਇਹ ਮੇਰੀ ਲੜਾਈ ਦਾ ਹਿੱਸਾ ਹੈ।’’ ਅਸੀ ਵੀ ਥੋੜਾ ਜਿਹਾ ਘਬਰਾ ਗਏ ਸਾਂ ਕਿ ਸੱਭ ਕੁੱਝ ਕਿਵੇਂ ਹੋਵੇਗਾ? ਸਾਡੇ ਦਿਲ ਵਿਚ ਦਰਦ ਵੀ ਸੀ ਕਿ ਉਨ੍ਹਾਂ ਨੂੰ ਇਸ ਦੁਨੀਆਂ ਤੋਂ ਸੁਖੀ ਰੁਖ਼ਸਤੀ ਨਹੀਂ ਮਿਲ ਸਕੇਗੀ। ਉਨ੍ਹਾਂ ਨੇ ਤਨਖ਼ਾਹੀਆ ਕਰਾਰ ਦਿਤੇ ਜਾਣ ਤੋਂ ਬਾਅਦ ਅਪਣੇ ਕਈ ਕਰੀਬੀਆਂ ਦਾ ਸਾਥ ਵੀ ਗਵਾ ਲਿਆ ਸੀ ਤੇ ਹੌਲੀ-ਹੌਲੀ ਉਨ੍ਹਾਂ ਨੇ ਖ਼ੁਦ ਨੂੰ ਵਖਰੀ ਤਰ੍ਹਾਂ ਹੀ ਢਾਲ ਲਿਆ ਸੀ।
ਕਦੀ ਬੜੇ ਮਿਲਣਸਾਰ ਮਿਜ਼ਾਜ ਵਾਲੇ, ਹੁਣ ਕੇਵਲ ਕਲਮਾਂ ਕਿਤਾਬਾਂ ਨਾਲ ਹੀ ਪੱਕੀ ਦੋਸਤੀ ਪਾ ਬੈਠੇ ਸਨ। ਘਰ ਜਾਂ ‘ਉੱਚਾ ਦਰ ਬਾਬੇ ਨਾਨਕ ਦਾ’ ਹੀ ਉਨ੍ਹਾਂ ਦੇ ਟਿਕਾਣੇ ਸਨ। ਇਸ ਦੇ ਬਾਵਜੂਦ ਉਨ੍ਹਾਂ ਦੇ ਸਸਕਾਰ ਤੇ ਅੰਤਮ ਅਰਦਾਸ ਉਤੇ ਲੋਕਾਂ ਦਾ ਹੜ੍ਹ ਆ ਗਿਆ ਸੀ। ‘ਸਪੋਕਸਮੈਨ’ ਪੜ੍ਹਨ ਵਾਲੇ, -‘ਉੱਚਾ ਦਰ’ ਦੇ ਸਮਰਥਕ, ਪੁਰਾਣੇ ਦੋਸਤ-ਮਿੱਤਰ, ਅੰਗਰੇਜ਼ੀ-ਪੰਜਾਬੀ ਅਖ਼ਬਾਰਾਂ ਦੇ ਪੱਤਰਕਾਰ, ਧਾਰਮਕ ਆਗੂ, ਅਕਾਲੀਆਂ (ਬਾਦਲ) ਨੂੰ ਛੱਡ ਕੇ ਹਰ ਪਾਰਟੀ ਦੇ ਆਗੂ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਸਨ।
ਅੱਜ 13 ਦਿਨ ਹੋ ਗਏ ਹਨ ਤੇ ਸਾਡਾ ਘਰ ਅਫ਼ਸੋਸ ਕਰਨ ਵਾਲਿਆਂ ਨਾਲ ਭਰਿਆ ਰਹਿੰਦਾ ਹੈ। ਸੋਸ਼ਲ ਮੀਡੀਆ ਦੇ ਸੁਨੇਹੇ ਭਰੇ ਹੋਏ ਹਨ, ਕਿੰਨੇ ਹੀ ਸਿੱਖ ਵਿਦਵਾਨ, ਕਿੰਨੇ ਹੀ ਹੋਰ ਵਿਦੇਸ਼ਾਂ ਵਿਚ ਬੈਠੇ ਸਿੱਖ ਜਥੇਬੰਦੀਆਂ ਦੇ ਪੱਤਰਕਾਰਾਂ ਵਲੋਂ ਐਸੇ ਅਲਫ਼ਾਜ਼ ਨਾਲ ਉਨ੍ਹਾਂ ਨੂੰ ਸਤਿਕਾਰ ਭਰੀਆਂ ਸ਼ਰਧਾਂਜਲੀਆਂ ਦਿਤੀਆਂ ਗਈਆਂ ਕਿ ਅਸੀ ਹੈਰਾਨ ਹੀ ਰਹਿ ਗਏ ਹਾਂ। ਦੇਸ਼ ਦੇ ਪ੍ਰਧਾਨ ਮੰਤਰੀ ਤਕ ਤੋਂ ਸੋਗ-ਸੁਨੇਹਾ ਆਇਆ।
ਜਿਥੇ ਸਾਰਿਆਂ ਨੂੰ ਇਸ ਸੱਭ ਸਮਰਥਨ, ਪਿਆਰ ਸਤਿਕਾਰ ਵਾਸਤੇ ਦਿਲੋਂ ਧਨਵਾਦ, ਉਥੇ ਦਿਲ ਵਿਚ ਵਾਰ-ਵਾਰ ਇਹ ਸਵਾਲ ਵੀ ਉਠਦਾ ਹੈ ਕਿ ਉਨ੍ਹਾਂ ਦੇ ਜਿਉਂਦਿਆਂ ਕਿਉਂ ਕੋਈ ਉਨ੍ਹਾਂ ਦੇ ਹੱਕ ਵਿਚ ਨਾ ਨਿਤਰਿਆ? ਉਨ੍ਹਾਂ ਨੂੰ ਉਂਜ ਤਾਂ ਕੋਈ ਸ਼ਿਕਵਾ ਨਹੀਂ ਸੀ, ਨਾ ਹੀ ਉਹ ਕਿਸੇ ਪੁਰਸਕਾਰ ਦੇ ਇੱਛੁਕ ਸਨ ਪਰ ਜੇ ਉਨ੍ਹਾਂ ਦਾ ਸਮਰਥਨ ਖੁਲ੍ਹ ਕੇ, ਉਨ੍ਹਾਂ ਦੇ ਜਿਉਂਦਿਆਂ ਜੀ ਕੀਤਾ ਹੁੰਦਾ ਤਾਂ ਉਨ੍ਹਾਂ ਦੀ ਆਵਾਜ਼ ਹੋਰ ਵੀ ਦੁਗਣੀ ਬੁਲੰਦ ਹੋ ਕੇ ਗਰਜਣੀ ਸੀ। ਅੱਜ ਜਿਹੜੇ ਸੋਗ ਮਨਾ ਰਹੇ ਹਨ, ਉਨ੍ਹਾਂ ’ਚੋਂ ਕਈ ਮੈਨੂੰ ਸਮਾਗਮਾਂ ’ਤੇ ਬੁਲਾਉਂਦੇ ਸੀ ਤਾਂ ਮੈਂ ਆਖ ਦਿੰਦੀ ਸਾਂ ਕਿ ਮੈਂ ਪਹਿਲੀ ਗੱਲ ਇਹ ਬੋਲਾਂਗੀ ਕਿ ਮੈਂ ਸ. ਜੋਗਿੰਦਰ ਸਿੰਘ ‘ਤਨਖ਼ਾਹੀਆ ਦੀ ਧੀ’ ਹਾਂ ਤੇ ਸੱਭ ਡਰ ਜਾਂਦੇ ਤੇ ਮੈਂ ਵੀ ਕਦੇ ਕਿਤੇ ਨਹੀਂ ਗਈ ਕਿਉਂਕਿ ਜਿਥੇ ਮੇਰੇ ਪਿਤਾ ਦੇ ਯੋਗਦਾਨ ਦੀ ਕਦਰ ਨਹੀਂ, ਉਸ ਮੁਕਾਬਲੇ ਮੇਰੇ ਲੂਣ ਦੇ ਦਾਣੇ ਜਿੰਨੇ ਯੋਗਦਾਨ ਦਾ ਸਤਿਕਾਰ ਨਹੀਂ ਬਣਦਾ।
ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਤੇ ਸ. ਜੋਗਿੰਦਰ ਸਿੰਘ ਤਾਂ ਇਸ ਦੁਨੀਆਂ ਤੋਂ ਚਲੇ ਗਏ ਪਰ ਕੀ ਤੁਸੀ ਪ੍ਰੋ. ਦਰਸ਼ਨ ਸਿੰਘ ਤੇ ਪ੍ਰਿ. ਘੱਗਾ ਜੀ ਨੂੰ ਵੀ ਇੰਜ ਹੀ ਜਾਣ ਦੇਵੋਗੇ? ਜਿਹੜੇ ਜਥੇਦਾਰ ਸੌਦਾ ਸਾਧ ਨੂੰ ਮਾਫ਼ ਕਰਨ ਦਾ ਫ਼ੈਸਲਾ ਲੈ ਸਕਦੇ ਹਨ, ਕੀ ਤੁਸੀ ਅੱਜ ਵੀ ਉਨ੍ਹਾਂ ਦੇ ਗ਼ਲਤ ਫ਼ੈਸਲਿਆਂ ਨੂੰ ਸਹੀ ਮੰਨੋਗੇ? ਜਿਨ੍ਹਾਂ ਦੇ ਦਿਲਾਂ ਵਿਚ ਗੁਰੂ ਦੇ ਸ਼ਬਦ ਵਾਸਤੇ ਸੱਚਾ ਪਿਆਰ ਹੈ, ਉਨ੍ਹਾਂ ਨੂੰ ‘ਤਨਖ਼ਾਹੀਆ’ ਦਾ ਖ਼ਿਤਾਬ ਦੇਣਾ ਗੁਨਾਹ ਹੈ। ਅੱਜ ਵੀ ਉਨ੍ਹਾਂ ਹਾਕਮਾਂ ਨੂੰ ਅਪਣੇ ਗ਼ਲਤ ਫ਼ੈਸਲਿਆਂ ’ਤੇ ਪਛਤਾਵਾ ਨਹੀਂ ਹੋਇਆ। ਉਨ੍ਹਾਂ ਦੀ ਚੁੱਪੀ ਦਾ ਜਵਾਬ ਅਕਾਲ ਪੁਰਖ ਹੀ ਉਨ੍ਹਾਂ ਤੋਂ ਲਵੇਗਾ ਪਰ ਅੱਜ ਜੇ ਤੁਸੀ ਸਾਰੇ ਆਵਾਜ਼ ਬੁਲੰਦ ਕਰ ਲਵੋ ਤਾਂ ਹਾਕਮ ਸ਼ਰਮਸਾਰ ਹੋ ਜਾਣਗੇ।
ਸੱਚੇ ਸਿੱਖਾਂ ’ਤੇ ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਤੇ ਖ਼ਿਤਾਬ ਨਹੀਂ ਲਗਣੇ ਚਾਹੀਦੇ। ਸ. ਜੋਗਿੰਦਰ ਸਿੰਘ ਤੇ ਕਾਲਾ ਅਫ਼ਗ਼ਾਨਾ ਅਪਣੇ ’ਤੇ ਅਕਾਲ ਪੁਰਖ ਵਲੋਂ ਪਾਈ ਜ਼ਿੰਮੇਵਾਰੀ ਨਿਭਾ ਕੇ ਚਲੇ ਗਏ ਪਰ ਤੁਹਾਡੀ ਅਪਣਾ ਫ਼ਰਜ ਨਿਭਾਉਣ ਦੀ ਜ਼ਿੰਮੇਵਾਰੀ ਅਜੇ ਬਾਕੀ ਹੈ। ਸਾਰੇ ਇੰਨੀ ਬੁਲੰਦ ਆਵਾਜ਼ ਉਠਾਉ ਕਿ ‘ਤਨਖ਼ਾਹੀਆ’ ਕਰਾਰ ਦੇਣ ਦੀ ਹਾਕਮ ਦੀ ਗ਼ਲਤ ਸੋਚ ਬੰਦ ਹੋ ਜਾਵੇ ਅਤੇ ਪ੍ਰੋ. ਦਰਸ਼ਨ ਸਿੰਘ ਅਤੇ ਘੱਗਾ ਜੀ ਦੇ ਜਿਉਂਦੇ ਜੀਅ ਇਹ ‘ਖ਼ਿਤਾਬ’ ਵਾਪਸ ਲੈ ਲਿਆ ਜਾਵੇ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement