
‘ਸਵਾ ਲਾਖ ਸੇ ਏਕ ਲੜਾਉਂ’ ਵਾਲੀ ਸੋਚ ਸਾਨੂੰ ਵਿਰਾਸਤ ਵਿਚ ਮਿਲੀ ਹੈ। ਇਹ ਦੋ ਫ਼ੀਸਦੀ ਕੌਮ ਦੇਸ਼ ਨੂੰ ਹਿਲਾਉਣ ਦੀ ਕਾਬਲੀਅਤ ਰਖਦੀ ਹੈ।
Editorial: ਪਿਛਲੇ ਹਫ਼ਤੇ ਇਕ ਬੜਾ ਅਜੀਬ ਬਿਆਨ ਆਇਆ ਜਿਸ ਵਿਚ ਦਮਦਮੀ ਟਕਸਾਲ ਵਲੋਂ ਸਿੱਖ ਪ੍ਰਵਾਰਾਂ ਨੂੰ ਘੱਟ ਤੋਂ ਘੱਟ ਪੰਜ ਬੱਚੇ ਜੰਮਣ ਲਈ ਆਖਿਆ ਗਿਆ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿਆਦਾ ਬੱਚੇ ਪੰਜਾਬ ਲਈ ਧਾਰਮਕ, ਸਮਾਜਕ, ਸਿਆਸੀ ਖੇਤਰਾਂ ਵਿਚ ਮਦਦਗਾਰ ਸਾਬਤ ਹੋਣਗੇ। ਇਹੀ ਸੋਚ ਕੇ ਬਿਹਾਰ ਤੇ ਉੱਤਰ ਪ੍ਰਦੇਸ਼ ਵਿਚ ਪ੍ਰਵਾਰਾਂ ਨੇ ਪੰਜ-ਪੰਜ ਸੱਤ-ਸੱਤ ਬੱਚੇ ਪੈਦਾ ਕੀਤੇ ਜਿਸ ਦਾ ਅਸਰ ਅਸੀ ਵੇਖ ਹੀ ਰਹੇ ਹਾਂ। ਹਾਂ, ਸਿਆਸਤਦਾਨ ਹਰ ਵਕਤ ਯੂਪੀ ਬਿਹਾਰ ਦੀ ਗੱਲ ਕਰਦੇ ਹਨ ਕਿਉਂਕਿ ਸੱਤਾ ਦਾ ਤਾਜ ਉਨ੍ਹਾਂ ਦੀ ਵੋਟ ਨਾਲ ਮਿਲਦਾ ਹੈ ਪਰ ਸਿਆਸਤਦਾਨਾਂ ਨੇ ਕਦੇ ਕਿਸੇ ਵੱਧ ਆਬਾਦੀ ਵਾਲੇ ਸੂਬੇ ਵਿਚ ਆਬਾਦੀ ਕਾਰਨ ਖ਼ੁਸ਼ਹਾਲੀ ਨਹੀਂ ਲਿਆਂਦੀ।
ਉੱਤਰ ਪ੍ਰਦੇਸ਼ ਵਿਚ ਮਹਾਂਮਾਰੀ ਦੌਰਾਨ ਲਾਸ਼ਾਂ ਨੂੰ ਨਦੀਆਂ ਵਿਚ ਸੁੱਟਿਆ ਜਾਂਦਾ ਰਿਹਾ। ਇਸੇ ਕਰ ਕੇ ਤਾਂ ਸਿੱਖੀ ਵਿਚ ਵੱਧ ਗਿਣਤੀ ’ਤੇ ਜ਼ੋਰ ਨਹੀਂ ਦਿਤਾ ਗਿਆ। ‘ਸਵਾ ਲਾਖ ਸੇ ਏਕ ਲੜਾਉਂ’ ਵਾਲੀ ਸੋਚ ਸਾਨੂੰ ਵਿਰਾਸਤ ਵਿਚ ਮਿਲੀ ਹੈ। ਇਹ ਦੋ ਫ਼ੀਸਦੀ ਕੌਮ ਦੇਸ਼ ਨੂੰ ਹਿਲਾਉਣ ਦੀ ਕਾਬਲੀਅਤ ਰਖਦੀ ਹੈ। ਹਾਂ, ਇਹ ਵੀ ਬਹੁਤ ਜ਼ਰੂਰੀ ਹੈ ਕਿ ਜਿਸ ਇਕ ਨੂੰ ਅਸੀ ਸਵਾ ਲੱਖ ਨਾਲ ਲੜਨ ਲਈ ਭੇਜਦੇ ਹਾਂ, ਉਹ ਸਿੱਖੀ ਸੋਚ ਨਾਲ ਗੜੁੱਚ ਹੋਵੇ ਤੇ ‘ਪੰਥ ਜੀਵੇ ਮੈਂ ਮਰਾਂ’ ਦੇ ਸਿਧਾਂਤ ਨੂੰ ਪ੍ਰਣਾਇਆ ਹੋਇਆ ਹੋਵੇ।
ਪਰ ਇਸ ਬਿਆਨ ਪਿਛੇ ਦੀ ਸੋਚ ਤੇ ਘਬਰਾਹਟ ਸਮਝ ਵਿਚ ਆਉਂਦੀ ਹੈ। ਅੱਜ ਜੇ ਅਸੀ ਜਰਨੈਲ ਮੁੜ ਤੋਂ ਲਿਆਉਣੇ ਹਨ ਤਾਂ ਸਾਨੂੰ ਅਪਣੀ ਵਿਰਾਸਤ ਤੋਂ ਸਬਕ ਲੈਣਾ ਪਵੇਗਾ। ਸਾਡੇ ਗ੍ਰੰਥ ਸਾਨੂੰ ਤੱਥ ਤੇ ਤਰਕ ਦੀ ਤਾਕਤ ਦੇਂਦੇ ਹਨ ਪਰ ਕੁਰਸੀ ਨਾਲ ਪ੍ਰਣਾਏ ਸਾਡੇ ਅਖੌਤੀ ਆਗੂ ਅਪਣੀ ਤਾਕਤ ਨੂੰ ਨਜ਼ਰ ਅੰਦਾਜ਼ ਕਰ ਕੇ ਅਪਣੀ ਤਾਕਤ ਕਿਸੇ ਗ਼ੈਰ ਦੇ ਹੱਥ ਫੜਾ ਦਿੰਦੇ ਹਨ।
ਅੱਜ ਪੰਜਾਬ ਦੀਆ ਚੋਣਾਂ ਸਮੇਂ ਸਾਡੇ ਨਾਲ ਬੈਠ ਕੇ ਬੀਤੇ ਵਿਚ ਕੀਤੇ ਦਾਵਿਆਂ, ਵਾਅਦਿਆਂ ਨੂੰ ਵਿਚਾਰਨ ਦਾ ਸਮਾਂ ਹੈ ਪਰ ਹੋ ਕੀ ਰਿਹਾ ਹੈ? ਸਿਆਸਤਦਾਨ, ਲੋਕਾਂ ਕੋਲ ਜਾਣ ਨਾਲੋਂ ਡੇਰਿਆ ਦੇ ਚੱਕਰ ਵੱਧ ਮਾਰ ਰਹੇ ਹਨ ਕਿਉਂਕਿ ਪੰਜਾਬ ਨੇ ਅਪਣੀ ਵੋਟ ਡੇਰੇ ਦੇ ਮੁਖੀ ਦੇ ਆਦੇਸ਼ ਅੱਗੇ ਗਿਰਵੀ ਰੱਖ ਦਿਤੀ ਹੈ। ਜੇ ਬੱਚੇ ਜ਼ਿਆਦਾ ਕਰਾਂਗੇ ਤਾਂ ਡੇਰਿਆਂ ਵਿਚ ਦੁਖਿਆਰਿਆਂ ਦੀ ਗਿਣਤੀ ਤੇ ਬਾਬਿਆਂ ਦੀ ਤਾਕਤ ਵਧੇਗੀ ਹੀ ਪਰ ਪੰਜਾਬ ਜਾਂ ਸਿੱਖੀ ਦੀ ਤਾਕਤ ਨਹੀ ਵਧਣ ਵਾਲੀ।
ਮੁਸ਼ਕਲ ਦਾ ਹੱਲ ਕੱਢਣ ਵਾਸਤੇ ਸਿਆਣੇ ਸਿੱਖਾਂ ਨੂੰ ਕਿਸੇ ਪੰਥਕ ਸੰਸਥਾ ਦੇ ਵਿਹੜੇ ਵਿਚ, ਮਿਲ ਕੇ ਸੰਵਾਦ ਰਚਾਣਾ ਪਵੇਗਾ ਤੇ ਮੁਸ਼ਕਲਾਂ ਨੂੂੰ ਸਮਝ ਕੇ ਹੱਲ ਕਢਣੇ ਪੈਣਗੇ। ਪਰ ਅਜਿਹੀ ਇਕੋ ਇਕ ਰਾਜਸੀ ਸਿੱਖ ਸੰਸਥਾ ਦੇ ਵਿਹੜੇ ਵਿਦਵਾਨਾਂ ਨੂੰ ਤਾਂ ਆਉਣ ਜਾਂ ਬੋਲਣ ਦੀ ਇਜਾਜ਼ਤ ਹੀ ਨਹੀਂ ਹੁੰਦੀ। ਉਸ ਥਾਂ ਤੇ ਸਿਰਫ਼ ਇਕ ਹੀ ਚਿੰਤਾ ਹਾਵੀ ਰਹਿੰਦੀ ਹੈ ਕਿ ਬਾਦਲ ਪ੍ਰਵਾਰ ਦਾ ਬਚਾਅ ਕਿਸ ਤਰ੍ਹਾਂ ਕੀਤਾ ਜਾਵੇ। ਜਦ ਅੰਮ੍ਰਿਤਪਾਲ ਪੰਜਾਬ ਵਿਚ ਨੌਜਾਵਾਨਾਂ ਨੂੰ ਉਤਸ਼ਾਹ ਦੇ ਰਿਹਾ ਸੀ ਤਾਂ ਇਹ ਉਸ ਦੇ ਹੱਕ ਵਿਚ ਸਨ ਕਿਉਕਿ ਸੂਬੇ ਵਿਚ ਅਸ਼ਾਂਤੀ ਸਰਕਾਰ ਨੂੰ ਕਮਜ਼ੋਰ ਕਰਦੀ ਸੀ।
ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਅੰਮ੍ਰਿਤਪਾਲ ਦੇ ਹੱਕ ਵਿਚ ਖੜੇ ਹੁੰਦੇ ਸਨ। ਪਰ ਅੱਜ, ਅੰਮ੍ਰਿਤਪਾਲ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਏਜੰਸੀ ਦੇ ਏਜੰਟ ਆਖਦੇ ਹਨ ਕਿਉਂਕਿ ਹੁਣ ਉਹ ਅਕਾਲੀ ਦਲ ਦੇ ਪੰਥਕ ਵੋਟ ਬੈਂਕ ਨੂੰ ਸੰਨ੍ਹ ਲਾ ਰਿਹਾ ਸੀ। ਜੇ ਉਹ ਅੰਮ੍ਰਿਤਪਾਲ ਨੂੰ ਏਜੰਸੀਆਂ ਦੇ ਏਜੰਟ ਵਜੋਂ ਜਾਣਦੇ ਸਨ ਤਾਂ ਫਿਰ ਉਹ ਪੰਜਾਬ ਵਿਚ ਫੈਲਦੀ ਅਸ਼ਾਂਤੀ ਵੇਲੇ ਚੁੱਪ ਕਿਉਂ ਰਹੇ?
ਅੱਜ ਸਾਨੂੰ ‘ਮੈਂ ਮਰਾਂ ਪੰਥ ਜੀਵੇ’ ਦੀ ਸੋਚ ਵਾਲੇ ਤੇ ਪੰਜਾਬ ਦਰਦੀ ਆਗੂ ਚਾਹੀਦੇ ਹਨ ਪਰ ਸਾਡੀ ਵਾਗਡੋਰ ਕੁਰਸੀ ਪ੍ਰੇਮੀਆਂ ਤੇ ਗੋਲਕ-ਪ੍ਰੇਮੀਆਂ ਨੇ ਹੱਥਾਂ ਵਿਚ ਘੁੱਟ ਕੇ ਫੜੀ ਹੋਈ ਹੈ। ਇਹੋ ਜਿਹੇ ਕਰੋੜਾਂ ਹੋਰ ਵੀ ਜੰਮ ਲਈਏ ਤਾਂ ਵੀ ਪੰਜਾਬ ਨੂੰ ਤਾਕਤਵਰ ਨਹੀਂ ਬਣਾ ਸਕਾਂਗੇ। -ਨਿਮਰਤ ਕੌਰ