ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਆਵਾਜ਼ ਨਹੀਂ ਸੁਣ ਰਹੀ, ਅਪਣੇ ਸਿਆਸੀ ਮਾਲਕਾਂ ਦੀ ਪਿਛਲੱਗ ਬਣੀ ਹੋਈ ਹੈ

By : KOMALJEET

Published : Jul 18, 2023, 8:22 am IST
Updated : Jul 18, 2023, 8:22 am IST
SHARE ARTICLE
Representational Image
Representational Image

SGPC ਦੇ ਫ਼ੈਸਲੇ ਤੋਂ ਸਮਝ ਨਹੀਂ ਆ ਰਿਹਾ ਕਿ ਉਹ ਸਮੁੱਚੇ ਪੰਥ ਦੀ ਗੱਲ ਨੂੰ ਸਮਝ ਨਹੀਂ ਪਾ ਰਹੀ ਜਾਂ ਫਿਰ ਜਾਣਬੁਝ ਕੇ ਅਜਿਹੀ ਸਥਿਤੀ ਬਣਾਉਣ ਦਾ ਯਤਨ ਕਰ ਰਹੀ ਹੈ ਕਿ...

ਕੀਤੇ ਗਏ ਐਲਾਨ ਅਨੁਸਾਰ ਐਸ.ਜੀ.ਪੀ.ਸੀ. ਵਲੋਂ ਅਪਣਾ ਗੁਰਬਾਣੀ ਯੂਟਿਊਬ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਕੰਟਰੈਕਟ ਦਿੱਲੀ ਦੀ ਇਕ ਕੰਪਨੀ ਨੂੰ ਦੇ ਦਿਤਾ ਗਿਆ ਹੈ। ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਸਾਰੇ ਅਧਿਕਾਰ ਐਸ.ਜੀ.ਪੀ.ਸੀ. ਕੋਲ ਹੀ ਰਹਿਣਗੇ ਤੇ ਇਹ ਪੀਟੀਸੀ ਤੋਂ 24 ਜੁਲਾਈ ਨੂੰ ਖ਼ਤਮ ਹੋ ਜਾਣਗੇ ਜਿਸ ਤੋਂ ਬਾਅਦ ਇਹ ਅਧਿਕਾਰ ਸਿਰਫ਼ ਐਸ.ਜੀ.ਪੀ.ਸੀ. ਕੋਲ ਰਹਿਣਗੇ ਤੇ ਕੋਈ ਵੀ ਐਸ.ਜੀ.ਪੀ.ਸੀ. ਦੇ ਯੂਟਿਊਬ ਚੈਨਲ ਤੋਂ ਪ੍ਰਸਾਰਣ ਨੂੰ ਕਿਸੇ ਵੀ ਚੈਨਲ ਰਾਹੀਂ ਅੱਗੇ ਪ੍ਰਸਾਰਣ ਨਹੀਂ ਕਰ ਸਕੇਗਾ। ਕੀ ਸਿੱਖ ਪੰਥ ਇਸ ਬਾਰੇ ਹੀ ਆਵਾਜ਼ ਚੁਕ ਰਿਹਾ ਸੀ? ਕੀ ਇਸ ਨੂੰ ਗੁਰਬਾਣੀ ਪ੍ਰਸਾਰਣ ਦੀ ਆਜ਼ਾਦੀ ਦੀ ਲੜਾਈ ਦੀ ਜਿੱਤ ਆਖਿਆ ਜਾ ਸਕਦਾ ਹੈ? ਕਈ ਸਿਆਣੇ ਆਖ ਰਹੇ ਹਨ ਕਿ ਐਸ.ਜੀ.ਪੀ.ਸੀ. ਨੇ ਗੱਲ ਮੰਨ ਲਈ ਹੈ ਤੇ ਹੁਣ ਪੰਜਾਬ ਸਰਕਾਰ ਅਪਣੀ ਕਾਨੂੰਨੀ ਸੋਧ ਵਾਪਸ ਲੈ ਲਵੇ। 

ਪਰ ਪੀਟੀਸੀ ਤੋਂ ਗੁਰਬਾਣੀ ਪ੍ਰਸਾਰਣ ਹਟਾਉਣ ਦੀ ਮੰਗ ਤਾਂ ਕਦੇ ਹੈ ਹੀ ਨਹੀਂ ਸੀ। ਮੰਗ ਤਾਂ ਇਹ ਸੀ ਕਿ ਪੀਟੀਸੀ ਦਾ ਏਕਾਧਿਕਾਰ ਖ਼ਤਮ ਕਰ ਕੇ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਹਰ ਚੈਨਲ ਵਾਸਤੇ ਆਜ਼ਾਦ ਹੋਣਾ ਚਾਹੀਦਾ ਹੈ। ਮਸਲਨ ਅੱਜ ਦੇ ਦਿਨ ਪੰਜਾਬ ਦੇ ਕਈ ਚੈਨਲ ਜਿਵੇਂ ਪ੍ਰੋ. ਪੰਜਾਬ, ਆਨ ਏਅਰ, ਜਗ ਬਾਣੀ ਹਰ ਰੋਜ਼ ਅਪਣੇ ਚੈਨਲ ਤੇ ਕਿਸੇ ਨਾ ਕਿਸੇ ਇਤਿਹਾਸਕ ਮੰਦਰ ਤੋਂ ਆਰਤੀ ਜਾਂ ਪੂਜਾ ਦਾ ਪ੍ਰਸਾਰਣ ਵਿਖਾਉਂਦੇ ਹਨ। ਇਸ ਨਾਲ ਸ਼ਰਧਾਲੂ ਹਿੰਦੂ ਤੇ ਹੋਰ ਧਰਮਾਂ ਦੇ ਲੋਕ ਇਸ ਮਾਹੌਲ ਨਾਲ ਜੁੜਦੇ ਹਨ। ਪਰ ਅਸੀ ਕਦੇ ਵੀ ਦਰਬਾਰ ਸਾਹਿਬ ਤੋਂ ਪ੍ਰਸਾਰਣ ਨੂੰ  ਪੀਟੀਸੀ ਦੇ ਸਿਵਾਏ ਜਾਂ ਉਸ ਦੇ ਕਿਸੇ ਕਰੀਬੀ ਚੈਨਲ ਤੋਂ ਬਿਨਾਂ, ਕਿਤੇ ਹੋਰ ਨਹੀਂ ਵੇਖ ਸਕਦੇ। ਹੁਣ ਇਸ ਦਾਇਰੇ ਨੂੰ ਹੋਰ ਸੁੰਗੇੜ ਦਿਤਾ ਗਿਆ ਹੈ।

ਐਸ.ਜੀ.ਪੀ.ਸੀ. ਦੇ ਫ਼ੈਸਲੇ ਤੋਂ ਸਮਝ ਨਹੀਂ ਆ ਰਿਹਾ ਕਿ ਉਹ ਸਮੁੱਚੇ ਪੰਥ  ਦੀ ਗੱਲ ਨੂੰ ਸਮਝ ਨਹੀਂ ਪਾ ਰਹੀ ਜਾਂ ਫਿਰ ਜਾਣਬੁਝ ਕੇ ਅਜਿਹੀ ਸਥਿਤੀ ਬਣਾਉਣ ਦਾ ਯਤਨ ਕਰ ਰਹੀ ਹੈ ਕਿ ਜਿਹੜੇ ਪੀਟੀਸੀ ਨੂੰ ਨਹੀਂ ਸੁਣਦੇ, ਉਹ ਹੋਰ ਕਿਸੇ ਚੈਨਲ ਤੋਂ ਵੀ  ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਨੂੰ ਸੁਣ ਨਹੀਂ ਸਕਣਗੇ। 
ਗੁਰਬਾਣੀ ਪ੍ਰਸਾਰਣ ਨੂੰ ਆਜ਼ਾਦ ਤੇ ਸਰਬ ਵਿਆਪਕ ਬਣਾਉਣ ਦੀ ਮੰਗ ਪੀਟੀਸੀ ਵਿਰੁਧ ਨਿਜੀ ਲੜਾਈ ਜਾਂ ਗਿਲਾ ਨਹੀਂ। ਇਸ ਪ੍ਰਵਾਰ ਦੇ ਕਈ ਵਪਾਰਕ ਅਦਾਰੇ ਹਨ ਤੇ ਦਿੱਲੀ ਦੀ ਜੋ ਨਵੀਂ ਕੰਪਨੀ ਬਣਾਈ ਗਈ ਹੈ, ਉਹ ਵੀ ਰਬਿੰਦਰ ਨਾਰਾਇਣ ਵਰਗੇ ਕਿਸੇ ਕਰੀਬੀ ਨੂੰ ਹੀ ਦਿਤੀ ਗਈ ਹੈ। ਉਂਜ ਤਾਂ ਐਸ.ਜੀ.ਪੀ.ਸੀ. ਨੂੰ ਪੰਜਾਬ ਦੇ ਨੌਜੁਆਨਾਂ ਦੇ ਹੁਨਰ ਨੂੰ ਅਜ਼ਮਾ ਲੈਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਵਿਚ ਝਿਜਕਣਾ ਨਹੀਂ ਚਾਹੀਦਾ ਪਰ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਜਿਨ੍ਹਾਂ ਸਿਆਸੀ ਲੋਕਾਂ ਦੇ ਹੱਥਾਂ ਵਿਚ ਹੈ, ਉਹ ਤਾਂ ਉਨ੍ਹਾਂ ਸਿਆਸੀ ਲੋਕਾਂ ਦੇ ਹਿਤਾਂ ਦਾ ਹੀ ਧਿਆਨ ਰੱਖੇਗੀ, ਨੌਜਵਾਨਾਂ ਤੋਂ ਉਨ੍ਹਾਂ ਨੇ ਕੀ ਲੈਣਾ ਹੈ? 

ਪਰ ਉਹ ਗੁਰਬਾਣੀ ਪ੍ਰਚਾਰ ਬਾਰੇ ਅਪਣੀ ਜ਼ਿੰਮੇਵਾਰੀ ਨੂੰ ਕਿਉਂ ਭੁਲਾ ਰਹੇ ਹਨ? ਇਹ ਜ਼ਿੰਮੇਵਾਰੀ ਤਾਂ ਸਾਡੇ ਗੁਰੂ ਸਾਹਿਬਾਨ ਨੇ ਖ਼ੂਬਸੂਰਤੀ ਨਾਲ ਨਿਭਾਈ ਤੇ ਉਨ੍ਹਾਂ ਦੀ ਬਾਣੀ ਨੂੰ ਸੁਣਨ ਨਾਲ ਨਾ ਕੇਵਲ ਸਿੱਖ ਕੌਮ ਦੀ ਗਿਣਤੀ ਹੀ ਵਧੀ ਬਲਕਿ ਉਸ ਦੇ ਕਿਰਦਾਰ ’ਚ ਮਜ਼ਬੂਤੀ ਵੀ ਆਈ। ਇਹ ਵੀ ਪੁਛਣਾ ਚਾਹਾਂਗੇ ਕਿ ਜੇ ਤੁਸੀ ਉਚ ਅਹੁਦਿਆਂ ਤੇ ਲੱਗੇ ਹੋਏ ਹੋ ਤਾਂ ਫਿਰ ਗੁਰਬਾਣੀ ਪ੍ਰਚਾਰ ਵਿਚ ਰੁਕਾਵਟਾਂ ਕਿਉਂ ਖੜੀਆਂ ਕਰ ਰਹੇ ਹੋ? ਕੀ ਇਹ ਸਿਰਫ਼ ਉਦਯੋਗੀ ਸੋਚ ਦਾ ਏਕਾਧਿਕਾਰ ਹੈ ਜਾਂ ਕੋਈ ਹੋਰ ਵੱਡੀ ਸਾਜ਼ਸ਼ ਹੈ ਜਿਸ ਅਧੀਨ ਤੁਸੀ ਗੁਰਬਾਣੀ ਨੂੰ ਲੋਕਾਂ ਤਕ ਜਾਣ ਤੋਂ ਰੋਕਣਾ ਚਾਹੁੰਦੇ ਹੋ? ਇਹ ਫ਼ੈਸਲਾ ਸਹੀ ਨਹੀਂ ਠਹਿਰਾਇਆ ਜਾ ਸਕਦਾ।

- ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement