
ਸਿਆਸਤਦਾਨਾਂ ਨਾਲੋਂ ਜ਼ਿਆਦਾ ਖ਼ਰਾਬ ਹਾਲਤ ਵੋਟਰਾਂ ਦੇ ਕਿਰਦਾਰ ਦੀ ਹੈ ਜੋ ਲੋਕ-ਰਾਜ ਲਈ ਅਸਲ ਖ਼ਤਰਾ ਬਣਦੇ ਜਾ ਰਹੇ ਹਨ!
ਡਾ. ਮਨਮੋਹਨ ਸਿੰਘ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਅੱਜ ਦੀ ਸਰਕਾਰ ਨੂੰ ਵਿਗੜਦੀ ਜਾ ਰਹੀ ਆਰਥਕ ਸਥਿਤੀ ਸੰਭਾਲਣ ਦੀ ਸਲਾਹ ਦਿਤੀ ਹੈ। ਉਨ੍ਹਾਂ ਵਲੋਂ ਵਡੱਪਣ ਵਿਖਾਇਆ ਗਿਆ ਜਦ ਉਨ੍ਹਾਂ ਨੇ ਅਪਣੇ ਉਤੇ ਲਾਏ ਗਏ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇਣ ਉਤੇ ਸਮਾਂ ਬਰਬਾਦ ਨਾ ਕੀਤਾ। ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਬਾਰੇ ਅੱਜ ਦੇ ਕੱਟੜ ਵਿਰੋਧੀ ਵੀ ਕੁੱਝ ਨਹੀਂ ਆਖ ਸਕਦੇ ਕਿਉਂਕਿ ਭਾਵੇਂ ਅਨੇਕਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ ਸਨ, ਭਾਵੇਂ ਦੁਨੀਆਂ ਦੀ ਆਰਥਕ ਸਥਿਤੀ ਡਾਵਾਂਡੋਲ ਹੋ ਰਹੀ ਸੀ, ਹਰ ਭਾਰਤੀ ਅੱਛੇ ਦਿਨਾਂ ਵਿਚ ਹੀ ਜੀਅ ਹੀ ਰਿਹਾ ਸੀ।
Ache Din
ਪਰ 2013-14 ਵਿਚ ਅਜਿਹੀ ਪੱਟੀ ਪੜ੍ਹਾਈ ਗਈ ਕਿ ਉਹ ਅਪਣੇ ਅੱਛੇ ਦਿਨ ਵੀ ਗਵਾ ਬੈਠੇ ਅਤੇ ਡਰ ਦੇ ਮਾਹੌਲ ਵਿਚ ਵੀ ਘਿਰ ਕੇ ਰਹਿ ਗਏ। ਜੇ ਸਰਕਾਰ ਬਦਲ ਗਈ ਹੁੰਦੀ ਪਰ ਆਰਥਕ ਚਾਲ ਉਸੇ ਤਰ੍ਹਾਂ ਰਹਿੰਦੀ ਅਤੇ ਯੂ.ਪੀ.ਏ.-2 ਦੇ ਦੌਰ ਵਿਚ ਸਥਾਪਤ ਗ੍ਰੀਨ ਟ੍ਰਿਬਿਊਨਲ, ਲੋਕਪਾਲ ਆਦਿ ਨੂੰ ਹੋਰ ਤਾਕਤਵਰ ਬਣਾ ਦੇਂਦੇ ਤਾਂ ਅੱਜ ਅੱਛੇ ਦਿਨ ਸਮਮੁਚ ਨਜ਼ਰ ਆ ਰਹੇ ਹੁੰਦੇ। ਪਰ ਜਦੋਂ ਤੁਸੀਂ ਆਪ ਹੀ ਨਫ਼ਰਤ ਅਤੇ ਡਰ 'ਚੋਂ ਨਿਕਲ ਕੇ ਆਏ ਹੋਵੋ ਤਾਂ ਕਿਸ ਤਰ੍ਹਾਂ ਅੱਗੇ ਦਾ ਰਾਹ ਅੱਛੇ ਦਿਨਾਂ ਵਾਲਾ ਬਣਾ ਸਕਦੇ ਹੋ?
Savarkar
ਵਿੱਤ ਮੰਤਰੀ ਸਮੇਤ, ਅੱਜ ਜਦ ਸਾਰਾ ਦੇਸ਼ ਘਬਰਾਇਆ ਹੋਇਆ ਹੈ, ਸਾਬਕਾ ਪ੍ਰਧਾਨ ਮੰਤਰੀ, ਪਾਰਟੀ ਦੀਆਂ ਲਕੀਰਾਂ ਟੱਪ ਕੇ ਦੇਸ਼ ਹਿਤ ਵਿਚ ਠੀਕ ਸਲਾਹ ਦੇ ਰਹੇ ਹਨ ਪਰ ਹਾਕਮ ਧਿਰ, ਰਾਜਨੀਤੀ ਨੂੰ ਸਾਹਮਣੇ ਰੱਖ ਕੇ, ਪ੍ਰਤੀਕਰਮ ਦੇ ਰਹੀ ਹੈ। ਇਤਿਹਾਸ ਠੀਕ ਕਰਨਾ ਹੈ। ਇਹ ਭਾਜਪਾ ਦਾ ਨਵਾਂ ਨਾਹਰਾ ਹੈ, ਜਿਸ ਦਾ ਮਤਲਬ ਹੈ ਕਿ ਹੁਣ ਇਤਿਹਾਸ ਆਰ.ਐਸ.ਐਸ. ਦੇ ਦ੍ਰਿਸ਼ਟੀਕੋਣ ਤੋਂ ਲਿਖਿਆ ਜਾਵੇਗਾ। ਸਾਵਰਕਰ ਜਿਸ ਨੂੰ ਵੀਰ ਆਖਿਆ ਜਾਂਦਾ ਹੈ, ਨੇ ਕਾਲਾ ਪਾਣੀ ਤੋਂ ਬਚਣ ਲਈ ਅੰਗਰੇਜ਼ਾਂ ਤੋਂ ਮਾਫ਼ੀ ਮੰਗ ਕੇ ਰਿਹਾਈ ਪ੍ਰਾਪਤ ਕੀਤੀ ਸੀ। ਪਰ ਹਾਂ, ਹਿੰਦੂਤਵ ਸੋਚ ਦੀ ਨੀਂਹ ਰੱਖਣ ਵਾਸਤੇ ਉਸ ਨੇ ਬਹੁਤ ਕੰਮ ਕੀਤਾ ਹੈ।
Balbir Singh Sr.
ਸੋ ਹੁਣ ਭਾਰਤ ਰਤਨ ਭਗਤ ਸਿੰਘ, ਸੁਖਦੇਵ ਵਰਗਿਆਂ ਨੂੰ ਮਿਲਣਾ ਚਾਹੀਦਾ ਹੈ ਜਾਂ 'ਵੀਰ' ਸਾਵਰਕਰ ਨੂੰ? ਸਿੱਖਾਂ ਨੂੰ ਅਪਣਾ ਹਿੱਸਾ ਕਹਿਣ ਵਾਲੀ ਆਰ.ਐਸ.ਐਸ., ਬਲਬੀਰ ਸਿੰਘ ਨੂੰ ਖੇਡ ਰਤਨ ਨਹੀਂ ਦੇਵੇਗੀ ਜਦਕਿ ਉਨ੍ਹਾਂ ਨੂੰ ਓਲੰਪਿਕਸ ਵਲੋਂ ਇਸ ਸਦੀ ਦੇ ਗਿਆਰਾਂ ਖ਼ਾਸ ਉਲੰਪਿਅਨ ਖਿਡਾਰੀਆਂ 'ਚੋਂ ਚੁਣਿਆ ਜਾ ਚੁਕਿਆ ਹੈ। ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਨੂੰ ਮਾੜਾ ਆਖਣ ਵਾਲੇ ਇਸ ਕਰ ਕੇ ਤਾਂ ਨਹੀਂ ਸੱਚ ਆਖਣ ਨੂੰ ਕਤਰਾ ਰਹੇ ਕਿਉਂਕਿ ਉਹ ਸਿੱਖ ਹਨ? ਨਾ ਇਤਿਹਾਸ ਨਾਲ ਨਿਆਂ ਹੋ ਰਿਹਾ ਹੈ, ਨਾ ਹੋਣ ਵਾਲਾ ਹੈ, ਨਾ ਅੱਜ ਦੇ ਭਾਰਤੀਆਂ ਨਾਲ। ਪਹਿਲਾਂ ਇਤਿਹਾਸ ਨੇ ਨਹਿਰੂ-ਗਾਂਧੀ ਨੂੰ ਲੋੜ ਤੋਂ ਜ਼ਿਆਦਾ ਚਮਕਾਇਆ ਅਤੇ ਹੁਣ 'ਵੀਰ' ਸਾਵਰਕਰ ਵਰਗੇ ਚਮਕਾਏ ਜਾਣਗੇ। ਪਰ ਪੰਜਾਬ ਅਤੇ ਬੰਗਾਲ ਦੀ ਕ੍ਰਾਂਤੀ ਕਦੇ ਕਿਸੇ ਇਤਿਹਾਸ ਵਿਚ ਨਹੀਂ ਚਮਕਾਈ ਜਾਵੇਗੀ ਕਿਉਂਕਿ ਜੋ ਰਾਜਾ ਆਖਦਾ ਹੈ, ਉਹੀ ਸਹੀ ਹੈ। - ਨਿਮਰਤ ਕੌਰ