
ਅੱਜ ਵੱਖ ਵੱਖ ਵਰਗਾਂ ਤੋਂ ਪੰਜਾਬ ਦੇ ਬਚਾਅ ਦੀਆਂ ਅਵਾਜ਼ਾਂ ਆ ਰਹੀਆਂ ਹਨ
ਅੱਜ ਵੱਖ ਵੱਖ ਵਰਗਾਂ ਤੋਂ ਪੰਜਾਬ ਦੇ ਬਚਾਅ ਦੀਆਂ ਅਵਾਜ਼ਾਂ ਆ ਰਹੀਆਂ ਹਨ। ਪੰਜਾਬ ਬਦਲੇਗਾ, ਜਿੱਤੇਗਾ, ਪੰਜਾਬ ਮਾਡਲ ਕਿਹੋ ਜਿਹਾ ਹੋਵੇਗਾ, ਕੌਣ ਕੁੱਝ ਦੇਵੇਗਾ ਵਰਗੀਆਂ ਅਵਾਜ਼ਾਂ ਗੂੰਜ ਰਹੀਆਂ ਹਨ। ਬਹੁਤ ਲੋਕਾਂ ਦੀ ਸੋਚ ਟਟੋਲਣ ਦਾ ਮੌਕਾ ਮਿਲਿਆ। ਪੰਜਾਬ ਦਾ ਖਜ਼ਾਨਾ ਖ਼ਾਲੀ ਕਰਨ ਦੀ ਯੋਜਨਾ ਹੈ, ਮਾਫ਼ੀਆ ਖ਼ਤਮ ਕਰਨ ਦੀਆਂ ਯੋਜਨਾਵਾਂ ਹਨ, ਸਿਆਸੀ ਪ੍ਰਵਾਰਾਂ ਨੂੰ ਹਰਾਉਣ ਦੀਆਂ ਯੋਜਨਾਵਾਂ ਹਨ ਪਰ ਜਿਸ ਬੁਨਿਆਦੀ ਸੋਚ ਉਤੇ ਸਾਡਾ ਸਾਰਾ ਸਮਾਜ ਖੜਾ ਹੈ, ਉਸ ਬਾਰੇ ਕੋਈ ਸੋਚ ਹੀ ਨਹੀਂ ਰਿਹਾ। ਅੱਜ ਜੋ ਪੰਜਾਬ ਦੇ ਮਲਾਹ ਬਣੇ ਹੋਏ ਹਨ, ਉਨ੍ਹਾਂ ਦੇ ਬਣਨ ਦਾ ਕਾਰਨ ਸਿਰਫ਼ ਸਿਆਸੀ ਭ੍ਰਿਸ਼ਟਾਚਾਰ ਹੀ ਨਹੀਂ ਸੀ ਸਗੋਂ ਇਕ ਸਭਿਆਚਾਰਕ ਤੇ ਸਮਾਜਕ ਖ਼ਲਾਅ ਹੈ ਜਿਸ ਨੇ ਪੰਜਾਬ ਦੀ ਬੁਨਿਆਦ ਨੂੰ ਹੀ ਖੋਖਲਾ ਕਰ ਦਿਤਾ ਹੈ।
Charanjit Singh Channi
ਪਿੰਡਾਂ ਵਿਚ ਸੱਥਾਂ ਵਿਚ ਜਾਣ ਦਾ ਸਮਾਂ ਮਿਲਿਆ ਤਾਂ ਪਤਾ ਲੱਗਾ ਕਿ ਅੱਜ ਵੀ ਸੱਥ ਵਿਚ ਪਿੰਡ ਦੇ ਸਾਰੇ ਲੋਕ ਨਹੀਂ ਆਉਂਦੇ ਤੇ ਪਿਛੜੀ ਜਾਤੀ ਦੇ ਲੋਕ ਜੱਟਾਂ ਅੱਗੇ ਆ ਕੇ ਬੋਲਣ ਦਾ ਸਾਹਸ ਨਹੀਂ ਕਰਦੇ। ਫਿਰ ਹੌਸਲਾ ਦੇਣ ਤੇ ਉਨ੍ਹਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਹਾਲਾਤ ਨੂੰ ਵੇਖ ਕੇ ਅਹਿਸਾਸ ਹੋਇਆ ਕਿ ਅੱਜ ਦੇ ਜੋ-ਜੋ ਮਾਡਲ ਪੇਸ਼ ਕੀਤੇ ਜਾ ਰਹੇ ਹਨ, ਉਹ ਅਸਲ ਮੁੱਦੇ ਤਕ ਜਾਣ ਦੀ ਸੋਚ ਹੀ ਨਹੀਂ ਰਖਦੇ। ਇਕ ਪਿੰਡ ਵਿਚ ਪਿਛੜੀ ਜਾਤੀ ਦੀਆਂ ਬੀਬੀਆਂ ਨੇ ਇਕ ਮੰਗ ਰੱਖੀ ਕਿ ਪਾਣੀ ਦਾ ਨਲਕਾ ਘਰ ਦੇ ਕਰੀਬ ਚਾਹੀਦਾ ਹੈ।
Navjot Sidhu
ਅੱਜ ਜਿਹੜਾ ਹੈ, ਉਹ ਘਰਾਂ ਤੋਂ ਥੋੜਾ ਦੂਰ ਸੀ ਤੇ ਉਸ ਦੇ ਆਸੇ-ਪਾਸੇ ਕੁੜੇ ਦਾ ਢੇਰ ਲੱਗਾ ਹੋਇਆ ਸੀ। ਉਨ੍ਹ੍ਹਾਂ ਦੀ ਸੋਚ ਤੋਂ ਜ਼ਿਆਦਾ ਦਰਦਨਾਕ ਉਸ ਥਾਂ ਦੇ ਨੇਕੇਦਾਰ ਦੀ ਸੋਚ ਸੀ ਜਿਨ੍ਹਾਂ ਨੂੰ ਇਸ ਸਥਿਤੀ ਵਿਚ ਕੋਈ ਖ਼ਰਾਬੀ ਨਜ਼ਰ ਨਹੀਂ ਆ ਰਹੀ ਸੀ। ਇਹ ਤਕ ਆਖਿਆ ਗਿਆ ਕਿ ਜਦ ਮਰਜ਼ੀ ਇਹ ਚਾਹੁਣ, ਇਹ ਲੋਕ ਜੱਟਾਂ ਦੇ ਘਰਾਂ ਵਿਚੋਂ ਪਾਣੀ ਲਿਆ ਸਕਦੇ ਹਨ। ਇਨ੍ਹਾਂ ਨੂੰ ਅਪਣਾ ਘਰ ਬਣਾਉਣ ਵਾਸਤੇ ਜ਼ਮੀਨ ਦਿਤੀ ਗਈ ਹੈ। ਕੀ ਤੁਸੀਂ ਐਸੀ ਥਾਂ ਨੂੰ ਅਪਣਾ ਘਰ ਮੰਨੋਗੇ ਜਿਥੇ ਪਾਣੀ ਦੀ ਬੂੰਦ ਨਾ ਹੋਵੇ, ਜਿਥੇੇ ਗੁਸਲਖ਼ਾਨੇ ਦੇ ਨਾਮ ਤੇ ਇਕ ਛੇਕ ਹੋਵੇ ਤੇ ਦਰਵਾਜ਼ੇ ਦੇ ਨਾਮ ਤੇ ਸਿਰਫ਼ ਪਰਦਾ ਲਟਕ ਰਿਹਾ ਹੋਵੇ?
CM Channi
ਅਸੀਂ ਅੱਜ ਬੜੇ ਵੱਡੇ-ਵੱਡੇ ਸੁਪਨੇ ਵੇਖ ਰਹੇ ਹਾਂ ਕਿਉਂਕਿ ਅਸੀਂ ਖੇਤੀ ਕਾਨੂੰਨਾਂ ਦੀ ਲੜਾਈ ਜਿੱਤੀ ਹੈ ਪਰ ਇਹ ਲੜਾਈ ‘ਜੱਟ’ ਨੇ ਨਹੀਂ ਬਲਕਿ ਉਨ੍ਹਾਂ ਸਾਰਿਆਂ ਨੇ ਜਿੱਤੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੀ ਸੋਚ ਨੂੰ ਅਪਣਾਇਆ ਤੇ ਕਿਸਾਨਾਂ ਨੂੰ ਸਮਰਥਨ ਦਿਤਾ। ਪਰ ਜਿਹੜੀ ‘ਜਾਤ’ ਅੱਜ ਤਾਕਤ ਵਿਚ ਹੈ, ਉਹ ਯੋਜਨਾਵਾਂ ਬਣਾਉਣ ਸਮੇਂ ਸਾਡੇ ਸਮਾਜ ਵਿਚ ਬ੍ਰਾਹਮਣੀ ਮਰਿਆਦਾ ਅਧੀਨ ਹੋਈ ਜ਼ਿਆਦਤੀ ਨੂੰ ਦੂਰ ਕਰਨ ਦੀ ਸੋਚ ਹੀ ਨਹੀਂ ਵਿਖਾ ਰਹੀ। ਇਨ੍ਹਾਂ ਚੋਣਾਂ ਵਿਚ ਇਕ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਤਾਂ ਕੀਤੇ ਗਏ ਪਰ ਐਸੀ ਖੇਡ ਰਚੀ ਗਈ ਕਿ ਚੋਣਾਂ ਤੋਂ ਪਹਿਲਾਂ ਹੀ ਇਕ ਦਲਿਤ ਮੁੱਖ ਮੰਤਰੀ ਬਣ ਗਿਆ, ਤੇ ਉਸ ਦਲਿਤ ਦੇ ਮੁੱਖ ਮੰਤਰੀ ਬਣਨ ਨਾਲ ਅੱਜ ਸਿਰਫ਼ ਦਲਿਤ ਦੀ ਹੀ ਨਹੀਂ ਸਗੋਂ ਗ਼ਰੀਬੀ ਦੀ ਗੱਲ ਵੀ ਹੋ ਰਹੀ ਹੈ
farmers
ਕਿਉਂਕਿ ਉਹ ਦਲਿਤ ਹੋਣ ਕਾਰਨ ਗ਼ਰੀਬ ਘਰ ਵਿਚ ਜੰਮਿਆ ਸੀ। ਥੋੜੇ ਬਦਲਾਅ ਨਾਲ ਅਸੀ ਦੇਖ ਰਹੇ ਹਾਂ ਕਿ ਉਹ ਸਿਆਸਤ ਵਿਚ ਇਕ ਦਲਿਤ ਪ੍ਰਵਾਰ ਦੇ ਜੀਅ ਵਜੋਂ ਤਾਕਤ ਵਿਚ ਆਏ ਹਨ। ਤੇ ਜੇ ਅੱਜ ਇਕ ਅਸਲ ਪੰਜਾਬ ਮਾਡਲ ਬਣਾਉਣਾ ਹੋਵੇ ਤਾਂ ਉਸ ਦਾ ਪਹਿਲਾ ਕਦਮ ਬਾਬੇ ਨਾਨਕ ਦੀ ਪ੍ਰਚਾਰੀ ਸਚਮੁਚ ਦੀ ਬਰਾਬਰੀ ਵਲ ਉਠਣਾ ਚਾਹੀਦਾ ਹੈ। ਬਰਾਬਰੀ ਦੇ ਮੁੱਦੇ ਕਿਸੇ ਮਾਡਲ ਵਿਚ ਨਜ਼ਰ ਨਹੀਂ ਆ ਰਹੇ। ਤੇ ਜਦ ਤਕ ਹਰ ਦਲਿਤ, ਮਜ਼੍ਹਬੀ, ਬਾਲਮੀਕੀ ਨੂੰ ਬਰਾਬਰ ਦਾ ਸਤਿਕਾਰ, ਮੌਕਾ ਤੇ ਸਮਰਥਨ ਨਹੀਂ ਦਿਤਾ ਜਾਵੇਗਾ, ਕੋਈ ਪੰਜਾਬ ਮਾਡਲ, ਕੋਈ ਗਰੰਟੀ ਸਫ਼ਲ ਨਹੀਂ ਹੋਣ ਵਾਲੀ।
-ਨਿਮਰਤ ਕੌਰ