
Editorial: ਤਬਲਾਨਵਾਜ਼ੀ ਨੂੰ ਜਿੰਨਾ ਕੱਦਾਵਰ ਉਸ ਨੇ ਬਣਾਇਆ, ਉਸ ਪੱਖੋਂ ਕੋਈ ਹੋਰ ਤਬਲਾਵਾਦਕ ਉਸ ਦਾ ਸਾਨੀ ਨਾ ਅਤੀਤ ਵਿਚ ਸੀ ਤੇ ਨਾ ਹੀ ਵਰਤਮਾਨ ਵਿਚ ਹੈ
Editorial: ਉਸਤਾਦ ਜ਼ਾਕਿਰ ਹੁਸੈਨ ਦਾ ਜ਼ਿਕਰ ਹੁੰਦਿਆ ਹੀ ਸੱਭ ਤੋਂ ਪਹਿਲਾਂ ਤਾਜ ਮਹੱਲ ਚਾਹ ਦਾ ਵਿਗਿਆਪਨ ਯਾਦ ਆ ਜਾਂਦਾ ਹੈ ਜਿਸ ਵਿਚ ‘ਵਾਹ ਉਸਤਾਦ!’ ਸ਼ਬਦਾਂ ਨਾਲ ਸਰਾਹੇ ਜਾਣ ’ਤੇ ਉਹ ਕਹਿੰਦੇ ਹਨ, ‘‘ਅਰੇ ਹਜ਼ੂਰ! ਵਾਹ ਤਾਜ ਬੋਲੀਏ!!’’ ਘੁੰਗਰਾਲੀਆਂ ਜ਼ੁਲਫ਼ਾਂ ਵਾਲੇ ਜ਼ਾਕਿਰ ਹੁਸੈਨ ਦਾ ਸਮੁੱਚਾ ਅੰਦਾਜ਼ ਏਨਾ ਦਿਲਕਸ਼ ਸੀ ਕਿ ਹਿੰਦੋਸਤਾਨ ਯੂਨੀਲਿਵਰ (ਐੱਚ.ਯੂ.ਐੱਲ) ਕੰਪਨੀ ਨੂੰ ਪੰਦਰਾਂ ਵਰਿ੍ਹਆਂ ਤਕ ਇਹ ਵਿਗਿਆਪਨ ਤਬਦੀਲ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ।
ਮੀਡੀਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਜ਼ਾਕਿਰ ਹੁਸੈਨ ਦੀ ਸ਼ਖ਼ਸੀਅਤ ਤੇ ਅਦਾਇਗੀ ਦਾ ਕਮਾਲ ਸੀ ਕਿ ਉਨ੍ਹਾਂ ਨੇ ਇਸ ਸਾਧਾਰਣ ਜਿਹੇ ਵਿਗਿਆਪਨ ਨੂੰ ਉਮਰਦਰਾਜ਼ ਬਣਾ ਦਿਤਾ। ਇਹ ਸ਼ਖ਼ਸੀਅਤ ਤੇ ਅਦਾਇਗੀ, ਦਰਅਸਲ, ਵਰਿ੍ਹਆਂ ਕਲਾ-ਸਾਧਨਾ ਤੇ ਕਰੜੀ ਮਿਹਨਤ ਦੀ ਕਮਾਈ ਸੀ।
ਇਸੇ ਸਮਰਪਣ-ਭਾਵਨਾ ਨੂੰ ਉਨ੍ਹਾਂ ਨੇ ਦੁਨੀਆਂ ਭਰ ਵਿਚ ਸ਼ੌਹਰਤ ਮਿਲਣ ਦੇ ਬਾਵਜੂਦ ਜ਼ਿੰਦਗੀ ਦੇ ਆਖ਼ਰੀ ਦਿਨਾਂ ਤਕ ਨਹੀਂ ਛੱਡਿਆ। ਤਬਲਾਨਵਾਜ਼ੀ ਨੂੰ ਜਿੰਨਾ ਕੱਦਾਵਰ ਉਸ ਨੇ ਬਣਾਇਆ, ਉਸ ਪੱਖੋਂ ਕੋਈ ਹੋਰ ਤਬਲਾਵਾਦਕ ਉਸ ਦਾ ਸਾਨੀ ਨਾ ਅਤੀਤ ਵਿਚ ਸੀ ਤੇ ਨਾ ਹੀ ਵਰਤਮਾਨ ਵਿਚ ਹੈ; ਭਵਿੱਖ ਬਾਰੇ ਕੁੱਝ ਕਹਿਣਾ ਅਜੇ ਜਾਇਜ਼ ਨਹੀਂ ਜਾਪਦਾ। ਤਬਲਾਵਾਦਨ ਨੂੰ ਹਮੇਸ਼ਾ ਸੰਗੀਤਕ ਸਾਜ਼ਾਂ ਦੀ ਲੈਅਕਾਰੀ ਜਾਂ ਗਾਇਕੀ ਦੇ ਸੰਗੀ ਦੇ ਰੂਪ ਵਿਚ ਵੇਖਿਆ ਜਾਂਦਾ ਰਿਹਾ ਹੈ।
ਇਸ ਦੀ ਆਜ਼ਾਦ ਹਸਤੀ ਨੂੰ ਆਜ਼ਾਦ ਰੂਪ ਵਿਚ ਪਹਿਲਾਂ ਕਦੇ ਵੀ ਬਣਦੀ ਮਾਨਤਾ ਨਹੀਂ ਸੀ ਮਿਲੀ। ਉਸਤਾਦ ਜ਼ਾਕਿਰ ਖ਼ਾਨ ਨੇ ਤਬਲੇ ਵਰਗੇ ਸੰਗਤੀ ਸਾਜ਼ ਨੂੰ ਅਪਣੀ ਜਾਦੂਈ ਛਾਪ ਰਾਹੀਂ ਆਜ਼ਾਦ ਸਾਜ਼ ਦੇ ਰੂਪ ਵਿਚ ਨਿਵੇਕਲਾ ਮੁਕਾਮ ਦਿਵਾਇਆ। ਹਾਲੀਵੁੱਡ ਦੀ ਬਹੁਚਰਚਿਤ ਫ਼ਿਲਮ ‘ਐਪੋਕੈਲੀਪਸ ਨਾਊ’ ਵਿਚ ਪਿੱਠਵਰਤੀ ਸੰਗੀਤ ਦਿੰਦਿਆਂ ਜ਼ਾਕਿਰ ਹੁਸੈਨ ਤਬਲੇ ਦੀ ਥਾਪ ਨੂੰ ਵੱਖ-ਵੱਖ ਕਿਸਮ ਦੇ ਜਜ਼ਬਾਤ ਦੇ ਇਜ਼ਹਾਰ ਵਜੋਂ ਵਰਤਿਆ। ਇਸੇ ਹੁਨਰ ਸਦਕਾ ਉਨ੍ਹਾਂ ਨੇ ਨਾ ਸਿਰਫ਼ ਅਪਣੇ ਲਈ ਬਲਕਿ ਦਰਜਨਾਂ ਹੋਰ ਭਾਰਤੀ ਸ਼ਾਜਿੰਦਿਆਂ ਲਈ ਹਾਲੀਵੁੱਡ ਤੇ ਯੂਰੋਪੀਅਨ ਫ਼ਿਲਮ ਜਗਤ ਦੇ ਦਰ ਖੋਲ੍ਹੇ।
ਨਾਮਵਰ ਮਾਪਿਆਂ ਦੀ ਸੰਤਾਨ ਨੂੰ ਮਾਪਿਆਂ ਵਾਲਾ ਪੇਸ਼ਾ ਅਪਣਾਏ ਜਾਣ ਦੀ ਸੂਰਤ ਵਿਚ ਉਨ੍ਹਾਂ ਦੇ ਪਰਛਾਵੇਂ ਤੋਂ ਬਾਹਰ ਆਉਣ ਵਾਸਤੇ ਬਹੁਤ ਜਦੋਜਹਿਦ ਕਰਨੀ ਪੈਂਦੀ ਹੈ। ਬਹੁਤੀ ਵਾਰ ਲੋਕਾਂ ਦੀਆਂ ਆਸਾਂ ਉਮੀਦਾਂ ਦਾ ਬੋਝ ਝੱਲਣਾ ਉਨ੍ਹਾਂ ਲਈ ਔਖਾ ਹੋ ਜਾਂਦਾ ਹੈ। ਕਲਾਕਾਰਾਂ ਜਾਂ ਖਿਡਾਰੀਆਂ ਦੇ ਬੇਟਿਆਂ-ਬੇਟੀਆਂ ਨਾਲ ਇਹ ਭਾਣਾ ਅਕਸਰ ਹੀ ਵਾਪਰਦਾ ਰਹਿੰਦਾ ਹੈ। ਜ਼ਾਕਿਰ ਹੁਸੈਨ ਦੇ ਪਿਤਾ ਉਸਤਾਦ ਅੱਲ੍ਹਾ ਰੱਖਾ ਕੁਰੈਸ਼ੀ ਭਾਰਤੀ ਸ਼ਾਸਤਰੀ ਸੰਗੀਤ ਦੇ ਪੰਜਾਬ ਘਰਾਣੇ ਦੇ ਪਰਚਮਬਰਦਾਰ ਸਨ।
ਉਨ੍ਹਾਂ ਨੂੰ ਉਸਤਾਦ ਅਹਿਮਦ ਜਾਨ ਥਿਰਕਵਾ ਤੇ ਪੰਡਿਤ ਸਾਮਤਾ ਦੇ ਸਮਤਾ ਪ੍ਰਸਾਦ ਵਰਗੇ ਦਿਗੱਜ ਤਬਲਾਵਾਦਕਾਂ ਦਾ ਹਾਣੀ ਮੰਨਿਆ ਜਾਂਦਾ ਸੀ। ਨਾਮਵਰ ਸਿਤਾਰਵਾਦਕ ਪੰਡਿਤ ਰਵੀਸ਼ੰਕਰ ਤੇ ਉਨੇ ਹੀ ਨਾਮਵਰ ਸਰੋਦਵਾਦਕ ਉਸਤਾਦ ਅਲੀ ਅਕਬਰ ਖ਼ਾਨ (ਜੋ ਗੁਰੂ-ਭਾਈ ਵੀ ਸਨ ਤੇ ਜੀਜਾ-ਸਾਲਾ ਵੀ) ਨਾਲ ਮਿਲ ਕੇ ਅੱਲ੍ਹਾ ਰੱਖਾ ਕੁਰੈਸ਼ੀ ਦੁਨੀਆਂ ਭਰ ਵਿਚ ਭਾਰਤ ਦੇ ਸਭਿਆਚਾਰਕ ਰਾਜਦੂਤ ਵਜੋਂ ਵਿਚਰੇ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੀ ਅਮੀਰੀ ਤੇ ਖ਼ੂਬਸੂਰਤੀ ਦੀ ਪਛਾਣ ਪੱਛਮੀ ਜਗਤ ਵਿਚ ਬਣਾਈ।
ਜ਼ਾਕਿਰ ਹੁਸੈਨ, ਜੋ ਕਿ ਅੱਲ੍ਹਾ ਰੱਖਾ ਖ਼ਾਨ ਦੇ ਸੱਭ ਤੋਂ ਵੱਡੇ ਬੇਟੇ ਸਨ, ਨੇ ਪਿਤਾ ਦੀ ਵਿਰਾਸਤ ਨੂੰ ਨਾ ਸਿਰਫ਼ ਅੱਗੇ ਵਧਾਇਆ ਬਲਕਿ ਚਾਰ ਚੰਨ੍ਹ ਵੀ ਲਾਏ। ਜ਼ਾਕਿਰ ਦੇ ਛੋਟੇ ਭਰਾ ਫ਼ਜ਼ਲ ਕੁਰੈਸ਼ੀ ਤੇ ਹਨੀਫ਼ ਕੁਰੈਸ਼ੀ ਭਾਵੇਂ ਉਨ੍ਹਾਂ ਵਰਗਾ ਨਾਮ ਨਹੀਂ ਖੱਟ ਸਕੇ, ਪਰ ਉਹ ਵੀ ਤਾਲਵਾਦਨ ਦੇ ਖੇਤਰ ਵਿਚ ਨਵੇਂ ਤਜਰਬਿਆਂ ਲਈ ਮਸ਼ਹੂਰ ਹਨ।
73 ਵਰਿ੍ਹਆਂ ਦੇ ਜ਼ਾਕਿਰ ਹੁਸੈਨ ਪਾਸੋਂ ਅਜੇ ਹੋਰ ਕਈ ਨਵੇਂ ਆਯਾਮਾਂ ਤੇ ਨਵੀਆਂ ਜੁਗਤਾਂ ਦੀਆਂ ਉਮੀਦਾਂ ਸਨ, ਪਰ ਫੇਫੜਿਆਂ ਦੀ ਇਕ ਲਾਇਲਾਜ ਬਿਮਾਰੀ (ਆਈ.ਪੀ.ਐਫ.) ਨੇ ਐਤਵਾਰ ਨੂੰ ਉਨ੍ਹਾਂ ਇਸ ਜਹਾਨ ਤੋਂ ਰੁਖ਼ਸਤ ਕਰ ਦਿੱਤਾ। ਤਬਲਾਨਵਾਜ਼ੀ ਤੋਂ ਇਲਾਵਾ ਫ਼ਿਲਮ ਸੰਗੀਤਕਾਰ, ਫ਼ਿਲਮ ਕਲਾਕਾਰ ਅਤੇ ਭਾਰਤੀ ਸ਼ਾਸਤਰੀ ਸੰਗੀਤ ਤੇ ਪੱਛਮੀ ਕਲਾਸੀਕਲ ਸੰਗੀਤ ਦੇ ਸੁਮੇਲਕਾਰ ਵਜੋਂ ਜਾਣੇ ਜਾਂਦੇ ਜ਼ਾਕਿਰ ਹੁਸੈਨ ਨੇ, ਇਨ੍ਹਾਂ ਸਾਰੇ ਕਲਾਮਈ ਖੇਤਰਾਂ ਵਿਚ ਜੋ ਛਾਪ ਛੱਡੀ, ਉਹ ਹਮੇਸ਼ਾ ਅਮਿੱਟ ਰਹੇਗੀ।
ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਨਾਲ ਉਨ੍ਹਾਂ ਦਾ ਜੋ ਨਾਤਾ ਸੀ, ਉਸ ਦਾ ਜ਼ਿਕਰ ਉਨ੍ਹਾਂ ਬਾਰੇ ਮੀਡੀਆ ਕਵਰੇਜ ਵਿਚ ਆਇਆ ਹੀ ਨਹੀਂ। ਉਨ੍ਹਾਂ ਦੇ ਪਿਤਾ ਅੱਲ੍ਹਾ ਰੱਖਾ ਦੀ ਪੈਦਾਇਸ਼ ਭਾਵੇਂ ਸਾਂਭਾ (ਜੰਮੂ) ਦੀ ਅਤੇ ਮਾਤ-ਭਾਸ਼ਾ ਡੋਗਰੀ ਸੀ, ਪਰ 9 ਵਰਿ੍ਹਆਂ ਦੀ ਉਮਰ ਵਿਚ ਉਹ ਘਰੋਂ ਭੱਜ ਕੇ ਸੰਗੀਤ ਸਿੱਖਣ ਲਈ ਗੁਰਦਾਸਪੁਰ ਆ ਗਏ ਸਨ ਜਿੱਥੇ ਪੰਜਾਬ ਘਰਾਣੇ ਦੇ ਮੀਆਂ ਕਾਦਿਰ ਬਖ਼ਸ਼ ਨੇ ਉਨ੍ਹਾਂ ਨੂੰ ਅਪਣਾ ਮੁਤਬੰਨਾ ਬਣਾਇਆ।
ਗੁਰਦਾਸਪੁਰ ਵਿਚ ਹੀ ਉਨ੍ਹਾਂ ਦਾ ਵਿਆਹ ਪਠਾਨਕੋਟ ਦੀ ਬਾਵੀ ਬੇਗ਼ਮ ਨਾਲ ਹੋਇਆ। ਇਕ ਸੰਗੀਤਕਾਰ ਵਜੋਂ ਉਨ੍ਹਾਂ ਨੇ ਅਪਣਾ ਕਰੀਅਰ ਲਾਹੌਰ ਤੋਂ ਸ਼ੁਰੂ ਕੀਤਾ। ਮੁਹੰਮਦ ਰਫ਼ੀ ਵਾਂਗ ਉਸਤਾਦ ਅੱਲ੍ਹਾ ਰੱਖਾ ਵੀ ਬਹੁਤੇ ਲੋਕਾਂ ਨਾਲ ਪੰਜਾਬੀ ਵਿਚ ਗੱਲ ਕਰਨ ਵਾਸਤੇ ਮਸ਼ਹੂਰ ਸਨ। ਜ਼ਾਕਿਰ ਹੁਸੈਨ ਭਾਵੇਂ ਮੁੰਬਈ ਵਿਚ ਜਨਮੇ, ਪਰ ਪੰਜਾਬੀ ਚੰਗੀ ਬੋਲ ਲੈਂਦੇ ਸਨ। ਅਜਿਹੇ ਨਾਤੇ ਦੀ ਅਣਦੇਖੀ, ਅਸੀਂ ਪੰਜਾਬੀਆਂ ਦੀਆਂ ਸਭਿਆਚਾਰਕ ਤਰਜੀਹਾਂ ਨੁਕਸਦਾਰ ਹੋਣ ਦਾ ਪ੍ਰਤੀਕ ਨਹੀਂ ਤਾਂ ਹੋਰ ਕੀ ਹੈ?