
ਦਿੱਲੀ ਜਾਮਿਆ ਯੂਨੀਵਰਸਿਟੀ ਦੇ ਵਿਦਿਆਰਥੀ ਉਤੇ ਪੁਲਸੀ ਕਹਿਰ!
ਦਿੱਲੀ ਪੁਲਿਸ ਦੀ ਫ਼ਿਤਰਤ ਵਿਚ ਪਿਛਲੇ 35 ਸਾਲਾਂ ਵਿਚ ਕੋਈ ਤਬਦੀਲੀ ਨਹੀਂ ਆਈ। ਪਹਿਲਾਂ ਤੋਂ ਹੀ ਦਿੱਲੀ ਪੁਲਿਸ ਅਪਣੀ ਨਿਗਰਾਨੀ ਹੇਠ ਗੁਨਾਹ ਕਰਦੀ ਅਤੇ ਕਰਵਾਉਂਦੀ ਆਈ ਹੈ ਅਤੇ ਫਿਰ ਉਸ ਤੋਂ ਬਾਅਦ ਸੀਨਾਜ਼ੋਰੀ ਵੀ। ਦੋ ਮਹੀਨੇ ਪਹਿਲਾਂ ਜਾਮੀਆ 'ਵਰਸਿਟੀ ਦੇ ਵਿਦਿਆਰਥੀਆਂ ਨੇ ਸੀ.ਏ.ਏ. ਵਿਰੁਧ ਆਵਾਜ਼ ਚੁਕਣੀ ਚਾਹੀ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਹੋਸਟਲ ਦੇ ਕਮਰਿਆਂ ਅਤੇ ਲਾਈਬ੍ਰੇਰੀ ਵਿਚ ਵੜ ਕੇ, ਉਨ੍ਹਾਂ ਉਤੇ ਲਾਠੀਆਂ ਨਾਲ ਹਮਲਾ ਕਰ ਦਿਤਾ ਅਤੇ ਬੀਤੇ ਕਈ ਮਹੀਨਿਆਂ ਦੌਰਾਨ ਦਿੱਲੀ ਪੁਲਿਸ ਪ੍ਰਤੀ ਨਾ ਕੇਂਦਰ ਸਰਕਾਰ ਨੇ ਅਤੇ ਨਾ ਸੁਪਰੀਮ ਕੋਰਟ ਨੇ ਹੀ ਕੋਈ ਨਾਰਾਜ਼ਗੀ ਵਿਖਾਈ।
ਐਤਵਾਰ ਨੂੰ ਦਿੱਲੀ ਪੁਲਿਸ ਨੇ ਅਪਣੇ ਵਲੋਂ ਕੀਤੀ ਗਈ ਸਖ਼ਤੀ ਨੂੰ ਜਾਇਜ਼ ਦੱਸਣ ਲਈ ਵੀਡੀਉ ਜਾਰੀ ਕੀਤੇ ਜਿਨ੍ਹਾਂ ਵਿਚ ਵਿਖਾਇਆ ਗਿਆ ਕਿ ਦਿੱਲੀ ਪੁਲਿਸ ਨੂੰ ਵਿਦਿਆਰਥੀਆਂ ਉਤੇ ਲਾਠੀਆਂ ਇਸ ਕਰ ਕੇ ਚੁਕਣੀਆਂ ਪਈਆਂ ਕਿਉਂਕਿ ਵਿਦਿਆਰਥੀਆਂ ਨੇ ਪਹਿਲਾਂ ਪੱਥਰ ਚੁੱਕੇ ਸਨ। ਦਿੱਲੀ ਪੁਲਿਸ ਦੇ ਸਮਰਥਨ ਵਿਚ ਸਰਕਾਰ ਦੇ ਕਈ ਮੰਤਰੀ, ਵਿਧਾਇਕ, ਸੰਸਦ ਮੈਂਬਰ ਉਸ ਵੀਡੀਉ ਵਿਚ ਵਿਦਿਆਰਥੀਆਂ ਵਲੋਂ ਵਿਖਾਈ ਗਈ ਪੱਥਰ ਚੁੱਕਣ ਵਾਲੀ ਤਸਵੀਰ ਸਾਂਝੀ ਕਰਨ ਲੱਗ ਪਏ।
ਪਰ ਜੇ ਦਿੱਲੀ ਪੁਲਿਸ ਨਹੀਂ ਬਦਲੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਦੁਨੀਆਂ ਵੀ ਨਹੀਂ ਬਦਲੀ। ਕੁੱਝ ਘੰਟਿਆਂ ਵਿਚ ਹੀ ਦੋ ਹੋਰ ਵੀਡੀਉ ਸਾਹਮਣੇ ਆ ਗਏ ਜਿਨ੍ਹਾਂ ਵਿਚ ਸਾਫ਼ ਦਿਸਦਾ ਸੀ ਕਿ ਪੁਲਿਸ ਤੋਂ ਬਚਣ ਲਈ ਸਿਰਫ਼ ਦੋ ਵਿਦਿਆਰਥੀ ਲਾਇਬ੍ਰੇਰੀ ਵਿਚ ਆਏ ਅਤੇ ਪੁਲਿਸ ਨੇ ਉਥੇ ਪੜ੍ਹ ਰਹੇ ਬੱਚਿਆਂ ਉਤੇ ਲਾਠੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿਤੀਆਂ।
ਇਹੀ ਨਹੀਂ ਜਿਸ ਵਿਦਿਆਰਥੀ ਨੂੰ ਪੁਲਿਸ ਨੇ ਪੱਥਰ ਚੁੱਕੀ ਵਿਖਾਇਆ, ਉਹ ਅਸਲ ਵਿਚ ਅਪਣਾ ਬਟੂਆ ਫੜੀ ਦੌੜ ਰਿਹਾ ਸੀ। ਵੀਡੀਉ ਦਾ ਸਿਲਸਿਲਾ ਇਥੇ ਹੀ ਖ਼ਤਮ ਨਹੀਂ ਹੁੰਦਾ। ਇਕ ਹੋਰ ਵੀਡੀਉ ਸਾਹਮਣੇ ਆਇਆ ਜਿਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਦਿਆਰਥੀ ਦੌੜ ਕੇ ਇਕ ਕਮਰੇ ਵਿਚ ਅਪਣੇ ਆਪ ਨੂੰ ਬਚਾਉਣ ਲਈ ਲੁਕਦੇ ਫਿਰਦੇ ਸਨ।
ਵਿਦਿਆਰਥੀ ਦਰਵਾਜ਼ੇ ਅੱਗੇ ਟੇਬਲ ਵੀ ਰਖਦੇ ਹਨ ਤਾਕਿ ਪੁਲਿਸ ਤੋਂ ਬਚ ਸਕਣ। ਪਰ ਪੁਲਿਸ ਦੀਆਂ ਦੋ ਟੋਲੀਆਂ, ਦਰਵਾਜ਼ਿਆਂ ਰਾਹੀਂ ਅੰਦਰ ਆਉਂਦੀਆਂ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਘੇਰ ਕੇ ਉਨ੍ਹਾਂ ਨੂੰ ਮਾਰਨਾ ਕੁਟਣਾ ਸ਼ੁਰੂ ਕਰ ਦਿੰਦੀਆਂ ਹਨ। ਵਿਦਿਆਰਥੀਆਂ ਵਿਚ ਕੁੜੀਆਂ-ਮੁੰਡੇ ਦੋਵੇਂ ਹਨ ਅਤੇ ਉਹ ਪੁਲਿਸ ਅੱਗੇ ਰਹਿਮ ਵਾਸਤੇ ਹੱਥ ਜੋੜਦੇ ਦਿਸਦੇ ਹਨ।
ਪਰ ਦਿੱਲੀ ਪੁਲਿਸ ਨੂੰ ਰੁਕਣ ਦਾ ਨਹੀਂ ਬਲਕਿ ਇਨ੍ਹਾਂ ਵਿਦਿਆਰਥੀਆਂ ਦੀ ਹਿੰਮਤ ਨੂੰ ਕੁਚਲਣ ਦਾ ਹੁਕਮ ਮਿਲਿਆ ਜਾਪਦਾ ਸੀ ਜਿਸ ਦੀ ਪਾਲਣਾ ਕੀਤੀ ਜਾ ਰਹੀ ਸੀ। ਵੀਡੀਉ ਕਿਸ ਨੇ ਜਾਰੀ ਕੀਤੇ, ਇਸ ਬਾਰੇ ਕੁੱਝ ਸਾਹਮਣੇ ਕੁੱਝ ਨਹੀਂ ਆਇਆ ਪਰ ਇਹ ਸਾਫ਼ ਹੈ ਕਿ ਦਿੱਲੀ ਪੁਲਿਸ ਸੱਚ ਨੂੰ ਤੋੜ-ਮਰੋੜ ਕੇ ਅਪਣਾ ਕੀਤਾ ਸਹੀ ਸਾਬਤ ਕਰਨ ਦੀ ਸੋਚ ਵਿਚ ਹੀ ਜੁਟੀ ਹੋਈ ਹੈ।
ਇਹ ਸੱਚ ਪ੍ਰਗਟ ਕਰਨ ਵਾਲੇ, 'ਵਰਸਿਟੀ ਦੇ ਅੰਦਰ ਹਨ ਜਾਂ ਪੁਲਿਸ ਦੇ ਅੰਦਰ, ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਉਨ੍ਹਾਂ ਨੇ ਇਕ ਵਾਰੀ ਫਿਰ ਦਿੱਲੀ ਪੁਲਿਸ ਨੂੰ ਬੇਨਕਾਬ ਕਰ ਦਿਤਾ ਹੈ। ਦਿੱਲੀ ਪੁਲਿਸ ਦੀ ਕਮਜ਼ੋਰੀ ਅਸਲ ਵਿਚ ਕੇਂਦਰ ਦੀ ਕਮਜ਼ੋਰੀ ਹੈ ਜਿਸ ਦੇ ਹੱਥ ਵਿਚ ਦਿੱਲੀ ਪੁਲਿਸ ਦੀ ਵਾਗਡੋਰ ਹੈ। ਪਰ ਇਨ੍ਹਾਂ ਵੀਡੀਉਜ਼ ਤੋਂ ਬਾਅਦ ਇਹੀ ਸਵਾਲ ਉਠਦਾ ਹੈ ਕਿ ਸਾਡੀ ਨਿਆਂ ਪਾਲਿਕਾ ਦੀ ਵਾਗਡੋਰ ਕਿਸ ਦੇ ਹੱਥ ਵਿਚ ਹੈ?
ਜੇ ਅੱਜ ਇਹ ਕੇਸ ਅਦਾਲਤ ਦੇ ਕਟਹਿਰੇ ਵਿਚ ਸੱਚ ਦੀ ਤਕੜੀ 'ਤੇ ਤੋਲਿਆ ਜਾਵੇ ਤਾਂ ਇਕ ਸੱਚਾ ਜੱਜ ਸਜ਼ਾ ਦੇਣ ਸਮੇਂ ਇਹੀ ਆਖੇਗਾ ਕਿ ਅਪਰਾਧ ਕਰਨ ਤੋਂ ਬਾਅਦ ਵੀ ਕੋਈ ਪਛਤਾਵਾ ਨਹੀਂ ਸਗੋਂ ਹੋਰ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ ਤਾਕਿ ਵਿਦਿਆਰਥੀਆਂ ਨੂੰ ਗ਼ਲਤ ਸਾਬਤ ਕੀਤਾ ਜਾ ਸਕੇ। ਪਛਤਾਵਾ ਨਾ ਹੋਣ ਕਾਰਨ, ਮੁਜਰਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਈ ਜਾਣੀ ਬਣਦੀ ਹੈ।
ਪਰ ਕਾਨੂੰਨ ਦੀ ਰਾਖੀ ਕਰਨ ਵਾਲਿਆਂ ਨੂੰ ਨਾ ਬੱਚਿਆਂ ਦੀਆਂ ਚੀਕਾਂ ਸੁਣਾਈ ਦਿਤੀਆਂ ਅਤੇ ਨਾ ਹੁਣ ਇਹ ਵੀਡੀਉ ਹੀ ਨਜ਼ਰ ਆਉਣਗੇ। ਸਿਰਫ਼ ਹੁਣ ਮੀਡੀਆ ਰਾਹੀਂ 'ਅਪਣੇ ਸੱਚ' ਦਾ ਪ੍ਰਚਾਰ ਕਰ ਕੇ ਵਿਦਿਆਰਥੀਆਂ ਨੂੰ 'ਦੇਸ਼ਧ੍ਰੋਹੀ' ਸਾਬਤ ਕੀਤਾ ਜਾਵੇਗਾ। ਅਜਿਹਾ ਕਰਨ ਵਾਲੇ ਭੁੱਲ ਕਿਉਂ ਜਾਂਦੇ ਹਨ ਕਿ ਇਹ ਨਿਰੇ ਵਿਦਿਆਰਥੀ ਹੀ ਨਹੀਂ ਬਲਕਿ ਦੇਸ਼ ਦਾ ਭਵਿੱਖ ਹਨ। ਕੀ ਦਿੱਲੀ ਪੁਲਿਸ ਨੂੰ ਕਦੇ ਅਪਣੇ ਕਰਮਾਂ ਦੀ ਸਜ਼ਾ ਮਿਲੇਗੀ ਵੀ ਜਾਂ '84 ਨੂੰ ਵਾਰ-ਵਾਰ ਦਿੱਲੀ ਪੁਲਿਸ ਦੀ ਦੇਖ ਰੇਖ ਹੇਠ ਦੁਹਰਾਇਆ ਜਾਂਦਾ ਰਹੇਗਾ? -ਨਿਮਰਤ ਕੌਰ