70 ਸਾਲਾਂ ਵਿਚ ਲੀਡਰ ਨਹੀਂ ਸੁਧਰੇ ਤਾਂ ਵੋਟਰ ਕਿਥੇ ਸੁਧਰ ਗਿਆ ਹੈ?
Published : Feb 19, 2022, 8:49 am IST
Updated : Feb 19, 2022, 8:49 am IST
SHARE ARTICLE
If the leader has not improved in 70 years, then where has the voter improved?
If the leader has not improved in 70 years, then where has the voter improved?

ਇਸ ਸਾਵਲ ਦਾ ਜਵਾਬ ਵੋਟਰ ਨੇ ਵੀ ਦੇਣਾ ਹੈ 

ਵੋਟਾਂ ਦਾ ਯੁਗ ਹੈ ਤੇ ਇਸ ਵੇਲੇ ਵੋਟਾਂ ਦਾ ਹੀ ਮੌਸਮ ਹੈ। ਜੇ ਬੀਜ ਵੀ ਚੰਗਾ ਹੋਵੇਗਾ, ਧਰਤੀ ਵੀ ਚੰਗੀ ਹੋਵੇਗੀ ਤੇ ਕਿਸਾਨ ਜਾਂ ਮਾਲੀ ਵੀ ਚੰਗਾ ਹੋਵੇਗਾ, ਤਾਂ ਹੀ ਚੰਗੀ ਫ਼ਸਲ ਹੋਵੇਗੀ। ਵੋਟਾਂ ਬੀਜ ਕੇ ਉਗਾਈ ਗਈ ਫ਼ਸਲ ਵੀ ਤਾਂ ਹੀ ਚੰਗੀ ਹੋਵੇਗੀ ਜੇ ਵੋਟਰ ਵੀ ਚੰਗਾ ਹੋਵੇਗਾ, ਵੋਟ ਸਿਸਟਮ ਵੀ ਚੰਗਾ ਹੋਵੇਗਾ ਤੇ ਲੀਡਰ ਵੀ ਚੰਗਾ ਹੋਵੇਗਾ। ਇਕ ਚੀਜ਼ ਵੀ ਖ਼ਰਾਬ ਹੋ ਗਈ ਤਾਂ ਚੰਗੇ ਤੋਂ ਚੰਗੇ ਮੌਸਮ ਵਿਚ ਵੀ, ਫ਼ਸਲ ਚੰਗੀ ਨਹੀਂ ਹੋਵੇਗੀ। ਇਹ ਕੁਦਰਤ ਦਾ ਨਿਯਮ ਹੈ ਜੋ ਨਾ ਫ਼ਸਲ ਦੀ ਹਾਲਤ ਵਿਚ ਬਦਲ ਸਕਦਾ ਹੈ, ਨਾ ਡੈਮੋਕਰੇਸੀ ਜਾਂ ਲੋਕ ਰਾਜ ਦੀ ਹਾਲਤ ਵਿਚ।

election election

ਚਲ ਰਹੀਆਂ ਚੋਣਾਂ ਵਿਚ ਵੋਟਰਾਂ ਨੇ ਅਕਸਰ ਇਹ ਸਵਾਲ ਅਪਣੇ ਲੀਡਰਾਂ ਨੂੰ ਕੀਤਾ ਹੈ (ਖ਼ਾਸ ਤੌਰ ’ਤੇ ਟੀਵੀ ਚੈਨਲਾਂ ’ਤੇ) ਕਿ 70 ਸਾਲ ਵਿਚ ਤੁਸੀ ਦੱਸੋ, ਤੁਸੀ ਕਿੰਨੇ ਸੁਧਰੇ ਹੋ? ਕਹਿੰਦੇ ਹੋ, ਲੋਕਾਂ ਦੀ ਸੇਵਾ ਕਰਨ ਲਈ ਲੀਡਰ ਬਣੇ ਹੋ ਪਰ ਸੇਵਾ ਅਪਣੀ ਹੀ ਕਰਦੇ ਰਹੇ ਹੋ। ਟੁੱਟੇ ਭੱਜੇ ਸਾਈਕਲ ਤੇ ਘੁੰਮਦੇ ਹੁੰਦੇ ਸਾਉ, ਅੱਜ ਕਾਰਾਂ ਦਾ ਝੁੰਡ ਤੁਹਾਡੇ ਬੂਹੇ ਅੱਗੇ ਖੜਾ ਰਹਿੰਦਾ ਹੈ ਤੇ ਤੁਸੀ ਕਰੋੜਪਤੀ ਤੇ ਅਰਬਪਤੀ ਬਣ ਗਏ ਹੋ ਪਰ ਤੁਹਾਡੇ ਵੋਟਰ ਉਥੇ ਦੇ ਉਥੇ, ਗ਼ਰੀਬ ਦੇ ਗ਼ਰੀਬ ਹੀ ਰਹਿ ਗਏ ਨੇ। ਹੁਣ ਤੁਹਾਨੂੰ ਦੁਬਾਰਾ ਵੋਟ ਕਿਉਂ ਦਈਏ? 

election election

ਹਾਂ ਵੋਟਰ ਹੁਣ ਲੀਡਰਾਂ ਕੋਲੋਂ ਤਾਂ ਇਹ ਸਵਾਲ ਪੁੱਛਣ ਲੱਗ ਪਏ ਹਨ ਪਰ ਵੋਟਰਾਂ ਨੇ ਆਪ ਅਪਣੇ ਕੋਲੋਂ ਕਦੀ ਕੋਈ ਸਵਾਲ ਨਹੀਂ ਪੁਛਿਆ। ਉਨ੍ਹਾਂ ਨੂੰ ਅਪਣੇ ਆਪ ਤੋਂ ਵੀ ਕੁੱਝ ਸਵਾਲ ਪੁਛਣੇ ਬਣਦੇ ਹਨ। ਮਿਸਾਲ ਵਜੋਂ :
- ਸੱਤਰ ਸਾਲਾਂ ਵਿਚ ਤੇਰੇ ਲੀਡਰ ਨਹੀਂ ਸੁਧਰੇ ਤਾਂ ਕੀ ਇਨ੍ਹਾਂ ਸੱਤਰਾਂ ਸਾਲਾਂ ਵਿਚ ਤੂੰ ਆਪ ਸੁਧਰ ਗਿਆ ਹੈਂ?
-  ਤੂੰ ਵਾਰ ਵਾਰ ਉਨ੍ਹਾਂ ਨੂੰ ਹੀ ਕਿਉਂ ਚੁਣਦਾ ਹੈਂ ਜੋ ਤੈਨੂੰ ਹਰ ਵਾਰ ਠੱਗ ਕੇ ਸੌ-ਪਤੀ ਤੋਂ ਹਜ਼ਾਰ-ਪਤੀ, ਹਜ਼ਾਰ ਪਤੀ ਤੋਂ ਲੱਖ ਪਤੀ, ਲੱਖਪਤੀ ਤੋਂ ਕਰੋੜਪਤੀ ਤੇਰੇ ਸਾਹਮਣੇ ਬਣਦੇ ਆ ਰਹੇ ਨੇ ਤੇ ਤੇਰੀ ਹਾਲਤ ਠੀਕ ਕਰਨ ਵਿਚ ਜਿਨ੍ਹਾਂ ਨੇ ਕੱਖ ਵੀ ਨਹੀਂ ਕੀਤਾ? 

election election

- ਤੈਨੂੰ ਅੱਜ ਕੋਈ ਛੋਟੇ ਮੋਟੇ ‘ਮੁਫ਼ਤ’ ਦੇ ਲਾਲਚ ਦੇਣ ਦੇ ਦਾਅਵੇ ਕਰ ਦੇਵੇ ਤਾਂ ਤੂੰ ਉਧਰ ਉਲਰ ਪੈਂਦਾ ਹੈਂ ਤੇ ਨਹੀਂ ਸੋਚਦਾ ਕਿ ਇਹ ‘ਮੁਫ਼ਤ ਦੇ ਛਣਕਣੇ’ ਉਨ੍ਹਾਂ ਅਪਣੀ ਕਮਾਈ ’ਚੋਂ ਦੇਣੇ ਹੁੰਦੇ ਤਾਂ ਹੁਣੇ ਦੇ ਦੇਂਦੇ ਪਰ ਉਹ ਤੇਰੇ ਦਿਤੇ ਟੈਕਸਾਂ ’ਚੋਂ ਕੁੱਝ ਚੀਜ਼ਾਂ ‘ਮੁਫ਼ਤ’ ਦੇ ਦੇਣਗੇ ਤੇ ਤੇਰੇ ਬੱਚਿਆਂ ਨੂੰ ਪੱਕੀਆਂ ਨੌਕਰੀਆਂ ਦੇਣੀਆਂ ਰੋਕ ਲੈਣਗੇ। ਉਨ੍ਹਾਂ ਦਾ ਕੀ ਜਾਂਦਾ ਹੈ ਜੇ ਖ਼ਜ਼ਾਨਾ ਲੁਟਾਏ ਜਾਣ ਨਾਲ ਤੂੰ ਖ਼ੁਸ਼ ਹੋ ਜਾਂਦਾ ਹੈਂ? ਦਰਅਸਲ ਸੱਚ ਇਹ ਹੈ ਕਿ ਜੇ ਸਿਆਸਤਦਾਨ ਨਹੀਂ ਸੁਧਰਿਆ ਤਾਂ ਤੂੰ ਵੀ ਤਾਂ ਨਹੀਂ ਸੁਧਰਿਆ।

-  ਸਿਆਸਤਦਾਨ ਕਹਿੰਦਾ ਹੈ, ਮੈਂ ਖ਼ਾਲਿਸਤਾਨ ਬਣਾ ਦਿਆਂਗਾ। ਤੂੰ ਉਧਰ ਉਲਰ ਜਾਂਦਾ ਹੈਂ। ਦੂਜਾ ਸਿਆਸਤਦਾਨ ਕਹਿੰਦਾ ਹੈ, ਮੈਂ ਸਾਰੇ ਦੇਸ਼ ਨੂੰ ‘ਹਿੰਦੂ ਦੇਸ਼’ ਬਣਾ ਦਿਆਂਗਾ ਤੇ ‘ਹਿੰਦੂਤਵਾ’ ਲਾਗੂ ਕਰ ਦਿਆਂਗਾ ਤੇ ਮੰਦਰ ਹੀ ਮੰਦਰ ਬਣਾਈ ਜਾਵਾਂਗਾ ਜਾਂ ਵੱਡੇ ਵੱਡੇ ਬੁੱਤ। ਤੂੰ ਫਿਰ ਉਸ ਵਲ ਝੁਕ ਜਾਂਦਾ ਹੈਂ। ਤੂੰ ਉਨ੍ਹਾਂ ਨੂੰ ਕਦੇ ਨਹੀਂ ਪੁਛਿਆ ਕਿ ਕਿਹੜੇ ਯੁਗ ਵਿਚ ਰਹਿ ਰਹੇ ਹੋ? ਇਕ ਧਰਮ ਦੇ ਰਾਜ ਦਾ ਯੁਗ ਕਈ ਸੌ ਸਾਲ ਪਹਿਲਾਂ ਬੀਤ ਗਿਆ ਸੀ। ਅੱਜ ਤਾਂ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ-ਸਭਿਆਚਾਰੀ ਰਾਜ ਉਸਾਰਨ ਦਾ ਯੁਗ ਹੈ। ਤੇਰੀ ਚੁੱਪੀ ਨੂੰ ਵੇਖ ਕੇ ਸਿਆਸਤਦਾਨ ਸਮਝ ਜਾਂਦਾ ਹੈ ਕਿ ਤੂੰ ਨਹੀਂ ਸੁਧਰਿਆ, ਤੈਨੂੰ ਬੇਵਕੂਫ਼ ਹੀ ਬਣਾਇਆ ਜਾਣਾ ਚਾਹੀਦੈ।

election election

- ਸਿਆਸਤਦਾਨ ਕਹਿੰਦਾ ਹੈ ਮੈਂ ਐਨੇ ਪੁਲ ਬਣਾਏ, ਐਨੇ ਸਟੇਡੀਅਮ ਬਣਾਏ, ਐਨੀਆਂ ਸੜਕਾਂ ਬਣਾਈਆਂ। ਤੂੰ ਕਦੀ ਉਸ ਨੂੰ ਪੁਛਿਆ ਹੈ ਕਿ ਜਿਸ ਸਮੇਂ ਤੂੰ ਇਹ ਪੁਲ, ਸਟੇਡੀਅਮ ਤੇ ਸੜਕ ਮਾਰਗ ਬਣਾਏ, ਉਸ ਸਮੇਂ ਦੌਰਾਨ ਤੂੰ ਟੈਕਸਾਂ ਦੇ ਰੂਪ ਵਿਚ ਕਿੰਨੀ ਵਾਰ ਕਿੰਨਾ-ਕਿੰਨਾ ਪੈਸਾ ਲੋਕਾਂ ਤੋਂ ਲਿਆ ਸੀ ਤੇ ਵੋਟਰਾਂ ਵਲੋਂ ਦਿਤੇ ਏਨੇ ਪੈਸੇ ਨਾਲ ਕੀ ਇਕ ਵੀ ਪੁਲ ਬਣਨੋਂ ਰਹਿ ਸਕਦਾ ਸੀ, ਇਕ ਵੀ ਸੜਕ ਟੁੱਟੀ ਰਹਿ ਸਕਦੀ ਸੀ ਤੇ ਇਕ ਵੀ ਪਿੰਡ ਸਟੇਡੀਅਮ ਤੋਂ ਬਿਨਾਂ ਰਹਿ ਸਕਦਾ ਸੀ? ਫਿਰ ਕਿਉਂ ਅੱਧੇ ਤੋਂ ਵੱਧ ਪੰਜਾਬ ਵਿਚ ਕੁੱਝ ਨਹੀਂ ਬਣਿਆ? ਤੂੰ ਤੇ ਤੇਰੇ ਯਾਰ ਠੇਕੇਦਾਰ ਹੀ ਸੱਭ ਖਾ ਗਏ। ਉਸ ਦਾ ਹਿਸਾਬ ਕਦੋਂ ਦੇਵੇਂਗਾ?

ਸੱਚੀ ਗੱਲ ਇਹ ਹੈ ਕਿ ਜੇ ਵੋਟਰ ਸੁਧਰ ਜਾਏ ਤਾਂ ਲੀਡਰ ਜ਼ਰੂਰ ਸੁਧਰੇਗਾ। ਲੀਡਰ ਨੂੰ ਜਦ ਤਕ ਪਤਾ ਹੈ ਕਿ ਵੋਟਰ ਸ਼ਰਾਬ, ਪੈਸਾ ਤੇ ਛੋਟੀਆਂ ਛੋਟੀਆਂ ਚੀਜ਼ਾਂ ਲੈ ਕੇ ਖ਼ੁਸ਼ ਹੋ ਜਾਂਦਾ ਹੈ ਤਾਂ ਉਹਨੂੰ ਕੀ ਲੋੜ ਪਈ ਹੈ ਸੁਧਰਨ ਦੀ? ਤੂੰ ਤਾਂ ਸ਼੍ਰੋਮਣੀ ਕਮੇਟੀ ਦੇ ਗੁਰਦਵਾਰਾ ਪ੍ਰਬੰਧ ਲਈ ਵੀ ਸ਼ਰਾਬ ਲੈ ਕੇ ਮੈਂਬਰ ਚੁਣ ਲੈਂਦਾ ਹੈਂ। ਜਿਸ ਦੀ ਗੱਡੀ, ਮੁਰੰਮਤ ਕਰਵਾਏ ਬਿਨਾਂ ਚਲਦੀ ਜਾਂਦੀ ਹੈ, ਉਹ ਕਿਉਂ ਰੁਕ ਕੇ ਗੱਡੀ ਦੀ ਮੁਰੰਮਤ ਵਲ ਧਿਆਨ ਦੇਵੇਗਾ?

electionelection

ਵੋਟਾਂ ਦੇ ਇਸ ਮੌਸਮ ਵਿਚ ਵੋਟਰ ਦਾ ਇਮਤਿਹਾਨ ਲਿਆ ਜਾਂਦਾ ਹੈ ਤੇ ਵੇਖਿਆ ਜਾਂਦਾ ਹੈ ਕਿ ਉਹ ਸੁਧਰਿਆ ਹੈ ਜਾਂ ਨਹੀਂ। ਹਾਲੇ ਤਕ ਤਾਂ ਲੀਡਰਾਂ ਨੂੰ ਯਕੀਨ ਹੈ ਕਿ ਵੋਟਰ ਆਪ ਨਹੀਂ ਸੁਧਰਿਆ, ਇਸ ਲਈ ਉਨ੍ਹਾਂ (ਲੀਡਰਾਂ) ਦੇ ਸੁਧਰਨ ਦੀ ਕੋਈ ਲੋੜ ਨਹੀਂ। 70 ਸਾਲ ਦੇ ‘ਚੋਣ ਮੇਲਿਆਂ’ ਮਗਰੋਂ ਵੋਟਰ ਨੇ ਜਵਾਬ ਦੇਣਾ ਹੈ ਕਿ ਉਹ ਆਪ ਸੁਧਰਿਆ ਤੇ ਸਿਆਣਾ ਹੋਇਆ ਹੈ ਜਾਂ ਨਹੀਂ? ਨਹੀਂ ਸੁਧਰਨਾ ਤਾਂ ਰੋਣਾ ਤੇ ਸ਼ਿਕਾਇਤ ਕਰਨੀ ਬੰਦ ਕਰ ਦੇਵੇ। ਸੁਧਰਨਾ ਹੈ ਤਾਂ ਗ਼ਰੀਬ ਨੂੰ ਚੁਣ ਕੇ ਵਿਖਾਵੇ, ਇਕ ਵੀ ਕਰੋੜਪਤੀ ਨੂੰ ਨਾ ਚੁਣਿਆ ਜਾਵੇ। ਪਰ ਕੀ ਏਨੀ ਕੁ ਗੱਲ ਦੀ ਆਸ ਵੀ ਵੋਟਰ ਤੋਂ ਰੱਖੀ ਜਾ ਸਕਦੀ ਹੈ? 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement