Editorial: ਟਰੰਪ-ਮੋਦੀ ਵਾਰਤਾ.. ਲਾਹੇਵੰਦੀ ਵੀ, ਚੁਣੌਤੀਪੂਰਨ ਵੀ...
Published : Jun 19, 2025, 9:31 am IST
Updated : Jun 19, 2025, 9:41 am IST
SHARE ARTICLE
Trump-Modi talks Editorial in punjabi
Trump-Modi talks Editorial in punjabi

ਮੋਦੀ ਨੇ ਅਜਿਹੇ ਇਜ਼ਹਾਰ ਰਾਹੀਂ ਦਰਸਾ ਦਿਤਾ ਕਿ ਭਾਰਤ ਕਿਸੇ ਦਾ ਪਿੱਛਲੱਗ ਜਾਂ ਖ਼ੁਸ਼ਾਮਦੀ ਨਹੀਂ। ਉਹ ਅਪਣੇ ਹਿੱਤਾਂ ਦੀ ਰਾਖੀ ਕਰਨ ਦੇ ਖ਼ੁਦ ਸਮਰੱਥ ਹੈ।

Trump-Modi talks Editorial in punjabi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਭਾਰਤ ਨੇ ਕਸ਼ਮੀਰ ਜਾਂ ਪਾਕਿਸਤਾਨ ਬਾਰੇ ਨਾ ਤਾਂ ਅਮਰੀਕੀ ਵਿਚੋਲਗਿਰੀ ਮੰਗੀ ਸੀ ਅਤੇ ਨਾ ਹੀ ਉਹ ਇਸ ਦੁਵੱਲੇ ਮਸਲੇ ਬਾਰੇ ਕਿਸੇ ਤੀਜੀ ਧਿਰ ਦੀ ਵਿਚੋਲਗਿਰੀ ਪ੍ਰਵਾਨ ਕਰੇਗਾ। ਇਸ ਸਿੱਧੇ ਸਪੱਸ਼ਟੀਕਰਨ ਰਾਹੀਂ ਮੋਦੀ ਨੇ ਉਨ੍ਹਾਂ ਸਾਰੇ ਵਿਵਾਦਾਂ ਦਾ ਅੰਤ ਕਰਨਾ ਚਾਹਿਆ ਹੈ ਜੋ ਡੋਨਲਡ ਟਰੰਪ ਦੇ ਇਨ੍ਹਾਂ ਦਾਅਵਿਆਂ ਨਾਲ ਜੁੜੇ ਹੋਏ ਸਨ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਹਾਲੀਆ ਗੋਲੀਬੰਦੀ ਉਨ੍ਹਾਂ ਨੇ ਸੰਭਵ ਬਣਾਈ ਅਤੇ ਦੋਵਾਂ ਮੁਲਕਾਂ ਨੂੰ ਗੋਲੀਬੰਦੀ ਦੇ ਫ਼ੈਸਲੇ ਲਈ ਰਾਜ਼ੀ ਕਰਨ ਵਾਸਤੇ ਉਨ੍ਹਾਂ ਨੇ ਦੋਵਾਂ ਨਾਲ ਵਪਾਰ ਵਧਾਉਣ ਦੇ ਵਾਅਦੇ ਨੂੰ ‘ਚਾਰੇ’ ਜਾਂ ਪ੍ਰਲੋਭਨ ਵਾਂਗ ਵਰਤਿਆ।

ਇਹ ਦਾਅਵਾ ਭਾਰਤ ਦੇ ਅਪਮਾਨ ਵਾਂਗ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੰਪ ਦੇ ਦਾਅਵਿਆਂ ਦਾ ਭਾਵੇਂ ਕਈ ਵਾਰ ਖੰਡਨ ਕੀਤਾ, ਫਿਰ ਵੀ ਅਮਰੀਕੀ ਰਾਸ਼ਟਰਪਤੀ ਨੇ ਅਪਣਾ ਦਾਅਵਾ ਦੁਹਰਾਉਣਾ ਜਾਰੀ ਰਖਿਆ। ਉਨ੍ਹਾਂ ਨੇ ਅਲਬਰਟਾ, ਕੈਨੇਡਾ ਵਿਚ ਜੀ-7 ਸਿਖ਼ਰ ਸੰਮੇਲਨ ਦੌਰਾਨ ਵੀ ਅਜਿਹਾ ਹੀ ਕੀਤਾ। ਹੁਣ ਸ੍ਰੀ ਮੋਦੀ ਨੇ ਟਰੰਪ ਨੂੰ ਸਿੱਧੇ ਤੌਰ ’ਤੇ ਕਹਿ ਦਿਤਾ ਹੈ ਕਿ ਗੋਲੀਬੰਦੀ, ਪਾਕਿਸਤਾਨੀ ਡੀ.ਜੀ.ਐਮ.ਓ. ਦੀ ਬੇਨਤੀ ’ਤੇ ਕੀਤੀ ਗਈ ਅਤੇ ਇਹ ਸਿਰਫ਼ ਤੇ ਸਿਰਫ਼ ਗੋਲੀਬੰਦੀ ਹੈ, ਅਪਰੇਸ਼ਨ ਸਿੰਧੂਰ ਤੋਂ ਉਪਜੀ ਜੰਗ ਦਾ ਖ਼ਾਤਮਾ ਨਹੀਂ। ਅਜਿਹੀ ਸਾਫ਼ਗੋਈ ਦਾ ਸਵਾਗਤ ਹੋਣਾ ਚਾਹੀਦਾ ਹੈ।

ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵਲੋਂ ਮੀਡੀਆ ਨੂੰ ਦਿਤੀ ਗਈ ਜਾਣਕਾਰੀ ਮੁਤਾਬਿਕ ਟਰੰਪ ਨੇ ਜੀ-7 ਸਿਖ਼ਰ ਸੰਮੇਲਨ ਦੌਰਾਨ ਮੋਦੀ ਨਾਲ ਗ਼ੈਰ-ਰਸਮੀ ਮੁਲਾਕਾਤ ਕਰਨੀ ਸੀ, ਪਰ ਕਿਸੇ ਹੰਗਾਮੀ ਹਾਲਾਤ ਕਾਰਨ ਉਨ੍ਹਾਂ ਨੂੰ ਜਲਦੀ ਵਾਸ਼ਿੰਗਟਨ ਡੀ.ਸੀ. ਪਰਤਣਾ ਪਿਆ। ਇਸ ’ਤੇ ਉਨ੍ਹਾਂ ਨੇ ਮੋਦੀ ਨੂੰ ਕਿਹਾ ਕਿ ਉਹ ਜੀ-7 ਦੀ ਸਮਾਪਤੀ ਮਗਰੋਂ ਕੁੱਝ ਘੰਟਿਆਂ ਲਈ ਅਮਰੀਕਾ ਆ ਜਾਣ। ਪਰ ਭਾਰਤੀ ਪ੍ਰਧਾਨ ਮੰਤਰੀ ਨੇ ਅਪਣੀ ਕਰੋਏਸ਼ੀਆ ਫੇਰੀ ਦੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਕਰਨ ਪ੍ਰਤੀ ਅਸਮਰਥਤਾ ਪ੍ਰਗਟਾਈ। ਸਫ਼ਾਰਤੀ ਹਲਕਿਆਂ ਵਲੋਂ ਅਜਿਹੀ ਸਿੱਧੀ ਨਾਂਹ ਨੂੰ ਅਮਰੀਕੀ ਰਾਸ਼ਟਰਪਤੀ ਪ੍ਰਤੀ ਨਾਖੁਸ਼ੀ ਦਾ ਅਸਿੱਧਾ ਇਜ਼ਹਾਰ ਮੰਨਿਆ ਜਾ ਰਿਹਾ ਹੈ।

ਮੋਦੀ ਨੇ ਅਜਿਹੇ ਇਜ਼ਹਾਰ ਰਾਹੀਂ ਦਰਸਾ ਦਿਤਾ ਕਿ ਭਾਰਤ ਕਿਸੇ ਦਾ ਪਿੱਛਲੱਗ ਜਾਂ ਖ਼ੁਸ਼ਾਮਦੀ ਨਹੀਂ। ਉਹ ਅਪਣੇ ਹਿੱਤਾਂ ਦੀ ਰਾਖੀ ਕਰਨ ਦੇ ਖ਼ੁਦ ਸਮਰੱਥ ਹੈ। ਮਿਸਰੀ ਦੇ ਦੱਸਣ ਅਨੁਸਾਰ ਫ਼ੋਨ ਵਾਰਤਾ ਦੀ ਤਜਵੀਜ਼ ਵੀ ਟਰੰਪ ਦੀ ਸੀ। ਇਸ ਨੂੰ ਸਵੀਕਾਰ ਕੀਤਾ ਗਿਆ। ਇਹ ਵਾਰਤਾ 35 ਮਿੰਟ ਚੱਲੀ ਅਤੇ ਇਸ ਰਾਹੀਂ ਜਿਥੇ ਦੋਵਾਂ ਨੇਤਾਵਾਂ ਨੇ ਇਰਾਨ-ਇਜ਼ਰਾਈਲ ਜੰਗ, ਯੂਕਰੇਨ-ਰੂਸ ਯੁੱਧ ਤੇ ਅਜਿਹੇ ਹੋਰ ਕੌਮਾਂਤਰੀ ਮਾਮਲੇ ਵਿਚਾਰੇ, ਉੱਥੇ ਮੋਦੀ ਨੇ ਅਮਰੀਕੀ ਨੇਤਾ ਨੂੰ ਪਾਕਿਸਤਾਨ ਪ੍ਰਤੀ ਭਾਰਤੀ ਸੰਵੇਦਨਾਵਾਂ ਤੇ ਸੋਚ ਤੋਂ ਵੀ ਵਾਕਫ਼ ਕਰਵਾਇਆ। ਉਨ੍ਹਾਂ ਨੇ ਇਹ ਤੱਥ ਸਪੱਸ਼ਟ ਕੀਤਾ ਕਿ ਪਾਕਿਸਤਾਨ ਚਾਹੇ ਕੁੱਝ ਵੀ ਕਹੇ, ਕਸ਼ਮੀਰ ਬਾਰੇ ਕਿਸੇ ਤੀਜੀ ਧਿਰ ਦੀ ਵਿਚੋਲਗਿਰੀ ਪ੍ਰਵਾਨ ਨਾ ਕਰਨ ਬਾਰੇ ਸਮੁੱਚਾ ਭਾਰਤ ਇਕਜੁੱਟ ਹੈ। ਇਸ ਫ਼ੋਨ ਵਾਰਤਾ ਦਾ ਮਹੱਤਵ ਇਸ ਗੱਲੋਂ ਵੀ ਹੈ ਕਿ ਇਹ ਪਾਕਿਸਤਾਨੀ ਫ਼ੌਜੀ ਮੁਖੀ, ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਟਰੰਪ ਨਾਲ ਮੀਟਿੰਗ ਤੋਂ ਪਹਿਲਾਂ ਹੋਈ ਅਤੇ ਇਸ ਰਾਹੀਂ ਮੋਦੀ, ਮੁਨੀਰ ਬਾਰੇ ਭਾਰਤੀ ਪੱਖ ਤੋਂ ਵੀ ਅਮਰੀਕੀ ਰਾਸ਼ਟਰਪਤੀ ਨੂੰ ਜਾਣੂੰ ਕਰਵਾ ਸਕੇ।

ਹਿੰਦ-ਪਾਕਿ ਗੋਲੀਬੰਦੀ ਬਾਰੇ ਟਰੰਪ ਦੇ ਦਾਅਵਿਆਂ ਤੋਂ ਭਾਰਤੀ ਪ੍ਰਧਾਨ ਮੰਤਰੀ ਦੀ ਸਾਖ਼ ਨੂੰ ਖੋਰਾ ਲਗਿਆ, ਇਹ ਇਕ ਜਾਣੀ-ਪਛਾਣੀ ਹਕੀਕਤ ਹੈ। ਭਾਵੇਂ ਬਹੁਤੀਆਂ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਵਿਚ ਖ਼ਾਮੋਸ਼ੀ ਅਖ਼ਤਿਆਰ ਕਰਨੀ ਬਿਹਤਰ ਸਮਝੀ, ਫਿਰ ਵੀ ਕਾਂਗਰਸ ਨੇ ਮੋਦੀ ਨੂੰ ਵਾਰ-ਵਾਰ ਨਿਸ਼ਾਨੇ ’ਤੇ ਧਰਿਆ ਅਤੇ ਉਨ੍ਹਾਂ ਉੱਤੇ ਟਰੰਪ ਤੋਂ ਭੈਅ ਖਾਣ ਦੇ ਦੋਸ਼ ਲਾਏ। ਮੋਦੀ ਦੇ ਅਪਣੇ ਹਮਾਇਤੀ ਵੀ ਪ੍ਰਧਾਨ ਮੰਤਰੀ ਦੀ ਖ਼ਾਮੋਸ਼ੀ ਤੋਂ ਫ਼ਿਕਰਮੰਦ ਜਾਪਣ ਲੱਗੇ। ਇਹ ਕੋਈ ਅਤਿਕਥਨੀ ਨਹੀਂ ਕਿ ਮੋਦੀ ਨੇ ਅਪਣੇ ਨਿੰਦਕਾਂ-ਆਲੋਚਕਾਂ ਨੂੰ ਜਵਾਬ ਦੇਣ ਲਈ ਇਕ ਵਾਰ ਫਿਰ ਬਿਹਤਰ ਵਿਧੀ ਅਪਣਾਈ ਹੈ। ਅਜਿਹੀ ਬਿਹਤਰ ਪੈਂਤੜੇਬਾਜ਼ੀ ਦੇ ਬਾਵਜੂਦ ਅਸਲੀਅਤ ਇਹ ਵੀ ਹੈ ਕਿ ਅਮਰੀਕਾ ਤੇ ਕੁੱਝ ਹੋਰ ਤਾਕਤਵਰ ਦੇਸ਼ ਭਾਰਤ ਤੇ ਪਾਕਿਸਤਾਨ ਨੂੰ ਇਕੋ ਰੱਸੇ ਨਾਲ ਨੂੜਨ ਜਾਂ ਦੋਵਾਂ ਦਰਮਿਆਨ ਸਮਤੋਲ ਬਿਠਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਉਨ੍ਹਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਭਾਰਤੀ ਦਿਸਹੱਦੇ ਸਿਰਫ਼ ਪਾਕਿਸਤਾਨ ਤਕ ਸੀਮਤ ਨਹੀਂ। ਨਾ ਹੀ ਉਹ ਧਾਕੜਪੁਣੇ ਰਾਹੀਂ ਪਾਕਿਸਤਾਨ ’ਤੇ ਛਾਅ ਜਾਣਾ ਚਾਹੁੰਦਾ ਹੈ। ਉਹ ‘ਜੀਓ ਤੇ ਜਿਊਣ ਦਿਉ’ ਵਾਲੀ ਨੀਤੀ ਵਿਚ ਯਕੀਨ ਰਖਦਾ ਹੈ। ਇਹ ਸੁਨੇਹਾ ਹਰ ਤਾਕਤਵਰ ਤੇ ਕਮਜ਼ੋਰ ਮੁਲਕ ਤਕ ਪਹੁੰਚਾਉਣਾ ਮੋਦੀ ਲਈ ਵੀ ਚੁਣੌਤੀ ਹੈ ਅਤੇ ਭਾਰਤੀ ਵਿਦੇਸ਼ ਮੰਤਰਾਲੇ ਲਈ ਵੀ। 

(For more news apart from 'Trump-Modi talks Editorial in punjabi', stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement