ਹੁਣ ਪੰਜਾਬ ਵਿਚ ਨੌਜਵਾਨ, ਸਰਕਾਰ ਦੇ ਵਿਰੋਧ ਵਿਚ ਖੜੇ ਹੋਣ ਦੀ ਤਿਆਰੀ ਵਿਚ ਹਨ ਤੇ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਮਾਨ ਧੜਾ ਹੀ ਅੱਗੇ ਆਵੇਗਾ
ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਸੰਗਰੂਰ ਤੋਂ ਸਦਨ ਵਿਚ ਭੇਜਣ ਦਾ ਫ਼ੈਸਲਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਇਸ ਭੰਬਲਭੂਸੇ ਵਿਚ ਘਿਰ ਬੈਠੇ ਹਨ ਕਿ ਹੁਣ ਇਸ ਦਾ ਸਿਆਸਤ ਉਤੇ ਕੀ ਅਸਰ ਹੋਵੇਗਾ। ਆਖਿਆ ਜਾ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਵਲੋਂ ਚੋਣ ਜਿੱਤਣ ਦਾ ਮਤਲਬ ਇਹ ਹੈ ਕਿ ਹੁਣ ਪੰਜਾਬ ਵਿਚ ਨੌਜਵਾਨ, ਸਰਕਾਰ ਦੇ ਵਿਰੋਧ ਵਿਚ ਖੜੇ ਹੋਣ ਦੀ ਤਿਆਰੀ ਵਿਚ ਹਨ ਤੇ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਮਾਨ ਧੜਾ ਹੀ ਅੱਗੇ ਆਵੇਗਾ।
ਘਬਰਾਹਟ ਵਿਚ ਆ ਕੇ ਅਕਾਲੀ ਦਲ ਬਾਦਲ ਨੇ ਰਾਸ਼ਟਰਪਤੀ ਚੋਣ ਵਿਚ ਭਾਜਪਾ ਨਾਲ ਖੜੇ ਹੋਣ ਦਾ ਫ਼ੈਸਲਾ ਕਰ ਕੇ ਭਾਜਪਾ ਦਾ ਪੱਲਾ ਫੜ ਲਿਆ ਤਾਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਉਨ੍ਹਾਂ ਤੋਂ ਮਦਦ ਮਿਲ ਸਕੇ। ਪਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੀ ਸਿਆਸਤ ਵਿਚ ਤਬਦੀਲੀਆਂ ਲਿਆਉਣ ਦੀ ਥਾਂ ਅਪਣੇ ਪ੍ਰਸ਼ੰਸਕਾਂ ਨੂੰ ਵੀ ਸ਼ਸ਼ੋਪੰਜ ਵਿਚ ਪਾ ਦਿਤਾ ਜਦ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਆਖ ਦਿਤਾ। ਆਖਿਆ ਤਾਂ ਪਹਿਲਾਂ ਵੀ ਸੀ ਪਰ ਅੱਜ ਦੇ ਦੌਰ ਵਿਚ ਬਾਤ ਦਾ ਬਤੰਗੜ ਬਣਨ ਵਿਚ ਦੇਰ ਨਹੀਂ ਲਗਦੀ।
ਸ. ਕਪੂਰ ਸਿੰਘ ਆਈ.ਸੀ.ਐਸ. ਨੇ ਸੱਭ ਤੋਂ ਪਹਿਲਾਂ ਇਹ ਗੱਲ ਇਕ ਕਿਤਾਬ ‘ਸਾਚੀ ਸਾਖੀ’ ਲਿਖ ਕੇ ਛੇੜੀ ਸੀ ਜਿਸ ਵਿਚ ਉਨ੍ਹਾਂ ਚੰਨਣ ਸਿੰਘ ਦੀ ਮੌਤ ਦੇ ਅੱਖੀਂ ਵੇਖੇ ਹਾਲਾਤ ਬਿਆਨ ਕਰ ਕੇ ਭਗਤ ਸਿੰਘ ਨੂੰ ‘ਸ਼ਹੀਦ’ ਕਹਿਣ ਤੇ ਇਤਰਾਜ਼ ਕੀਤਾ ਸੀ। ਸ. ਸਿਮਰਨਜੀਤ ਸਿੰਘ ਨੇ ਉਹ ਗੱਲ ਫਿਰ ਦੁਹਰਾ ਦਿਤੀ ਹੈ ਕਿ ਉਹ ਭਗਤ ਸਿੰਘ ਨੂੰ ਅਤਿਵਾਦੀ ਮੰਨਦੇ ਹਨ ਤੇ ਦਲੀਲ ਵਜੋਂ ਇਹ ਵੀ ਆਖਿਆ ਕਿ ਜੇ ਅੱਜ ਜਦ ਉਹ ਸਦਨ ਵਿਚ ਬੈਠੇ ਹੋਣ ਤੇ ਕੋਈ ਕਸ਼ਮੀਰ ਤੋਂ ਆ ਕੇ ਬੰਬ ਸੁੱਟ ਦੇਵੇ ਤਾਂ ਕੀ ਉਹ ਅਤਿਵਾਦੀ ਅਖਵਾਏਗਾ ਜਾਂ ਨਹੀਂ?
ਬੜੀ ਅਜੀਬ ਦਲੀਲ ਹੈ ਕਿਉਂਕਿ ਸਿਮਰਨਜੀਤ ਮਾਨ ਅੰਗਰੇਜ਼ ਹਾਕਮ ਨਹੀਂ ਹਨ। ਪਰ ਸ਼ਾਇਦ ਉਨ੍ਹਾਂ ਦੇ ਵਿਚਾਰ ਵਿਚ ਸਰਕਾਰ ਹਾਕਮਾਂ ਦੀ ਹੀ ਹੁੰਦੀ ਹੈ ਤੇ ਇਸ ਕਰ ਕੇ ਉਨ੍ਹਾਂ ਇਹ ਵੀ ਬਿਆਨ ਦਿਤਾ ਕਿ ਉਹ ਅੱਜ ਵੀ ਗ਼ੁਲਾਮ ਹਨ। ਸ਼ਾਇਦ ਗ਼ੁਲਾਮੀ ਉਨ੍ਹਾਂ ਦੇ ਦਿਲ ਵਿਚੋਂ ਨਿਕਲੀ ਨਹੀਂ ਤੇ ਇਸ ਕਰ ਕੇ ਉਹ ਅਪਣੇ ਨਾਨੇ ਸ. ਅਰੂੜ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਤੇ ਜਲਿਆਂ ਵਾਲੇ ਬਾਗ਼ ਦੇ ਹਮਲੇ ਤੋਂ ਬਾਅਦ ਸਿਰੋਪਾਉ ਦੇਣ ਦੇ ਕਦਮ ਨੂੰ ਸਹੀ ਆਖਦੇ ਹਨ। ਭਾਵੇਂ ਸ. ਅਰੂੜ ਸਿੰਘ ਨੇ ਬਾਅਦ ਵਿਚ ਇਸ ਵਾਸਤੇ ਮਾਫ਼ੀ ਵੀ ਮੰਗ ਲਈ ਸੀ ਪਰ ਸਿਮਰਨਜੀਤ ਸਿੰਘ ਅਜੇ ਵੀ ਆਖਦੇ ਹਨ ਕਿ ਉਨ੍ਹਾਂ ਦੇ ਨਾਨਾ ਜੀ ਸਹੀ ਸਨ ਤੇ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇੰਦਰਾ ਗਾਂਧੀ ਨੂੰ ਸਿਰੋਪਾਉ ਦੇਣਾ ਚਾਹੀਦਾ ਸੀ ਜਿਸ ਨਾਲ ਉਹ ਵੀ ਠੰਢੀ ਪੈ ਜਾਂਦੀ।
ਸਾਨੂੰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਮਰ ਗਾਥਾਵਾਂ ਨੇ ਅਮਰ ਸੰਦੇਸ਼ ਦਿਤਾ ਕਿ ਸਾਡੀ ਜਾਨ ਤੋਂ ਉਪਰ ਸੱਚ ਤੇ ਹੱਕ ਹਨ ਪਰ ਸਾਡੇ ਆਗੂ ਆਖਦੇ ਹਨ ਕਿ ਤੁਸੀਂ ਲੋੜ ਪਵੇ ਤਾਂ ਜਨਰਲ ਡਾਇਰ ਅੱਗੇ ਵੀ ਝੁਕ ਜਾਉ। ਸਿਮਰਨਜੀਤ ਮਾਨ ਕ੍ਰਿਪਾਨ ਦੀ ਗੱਲ ਕਰਦੇ ਰਹੇ, ਸੰਵਿਧਾਨ ਤੇ ਸਵਾਲ ਚੁਕਦੇ ਹਨ, ਖ਼ਾਲਿਸਤਾਨ ਦੀ ਗੱਲ ਕਰਦੇ ਹਨ ਪਰ ਜਦ ਸਦਨ ਵਿਚ ਜਾਣ ਦਾ ਸਮਾਂ ਆਉਂਦਾ ਹੈ ਤਾਂ ਚੁੱਪ ਚਾਪ ਅਪਣੀ ਕ੍ਰਿਪਾਨ ਘਰ ਅੰਦਰ ਰੱਖ ਆਉਂਦੇ ਹਨ ਤੇ ਸੰਵਿਧਾਨ ਦੀ ਰਾਖੀ ਕਰਨ ਦੀ ਸਹੁੰ ਚੁਕ ਲੈਂਦੇ ਹਨ। ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਕਰਦੇ ਹਨ
ਪਰ ਫਿਰ ਉਸੇ ਸਰਕਾਰ ਦੇ ਸਾਰੇ ਕਾਨੂੰਨਾਂ ਤੇ ਨਿਯਮਾਂ ਦੀ ਰਾਖੀ ਵੀ ਕਰਨ ਦੀ ਸਹੁੰ ਚੁਕਦੇ ਹਨ। ਹੁਣ ਜਾਂ ਤਾਂ ਉਨ੍ਹਾਂ ਦੇ ਦਾਅਵੇ ਝੂਠੇ ਸਨ ਜਾਂ ਉਨ੍ਹਾਂ ਦੀਆਂ ਸਹੁੰਆਂ ਝੂਠੀਆਂ ਸਨ। ਜਿਥੇ ਘੱਟ ਗਿਣਤੀਆਂ ਅਪਣੀ ਹੋਂਦ ਬਚਾਈ ਰਖਣ ਵਾਸਤੇ ਅਪਣੇ ਦੇਸ਼ ਵਾਸਤੇ ਦਿਤੀਆਂ ਕੁਰਬਾਨੀਆਂ ਦਾ ਵਾਸਤਾ ਪਾਉਂਦੀਆਂ ਰਹਿੰਦੀਆਂ ਹਨ, ਉਥੇ ਘੱਟ ਗਿਣਤੀ ਦੇ ਆਗੂ ਹੀ ਅਪਣੇ ਸ਼ਹੀਦਾਂ ਨੂੰ ਅਤਿਵਾਦੀ ਕਰਾਰ ਦੇ ਕੇ ਸਿੱਖ ਕੌਮ ਦਾ ਨੁਕਸਾਨ ਕਰਨ ਦੇ ਭਾਗੀਦਾਰ ਬਣ ਜਾਂਦੇ ਹਨ।
ਸਾਨੂੰ ਚਿੰਤਾ ਸਿਰਫ਼ ਉਨ੍ਹਾਂ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਦਿਤਾ। ਕੀ ਕਾਰਨ ਸੀ ਇਸ ਸਮਰਥਨ ਦਾ ਤੇ ਅੱਜ ਉਨ੍ਹਾਂ ਨੂੰ ਬਦਲੇ ਵਿਚ ਮਿਲ ਕੀ ਰਿਹਾ ਹੈ? ਇਸ ਨਾਜ਼ੁਕ ਦੌਰ ਵਿਚ ਉਨ੍ਹਾਂ ਨੂੰ ਮਾਰਗ ਦਰਸ਼ਨ ਵਾਸਤੇ ਇਕ ਆਗੂ ਦੀ ਤਲਾਸ਼ ਹੈ ਪਰ ਹਰ ਪਾਸੇ ਨਿਰਾਸ਼ਾ ਦਾ ਸਾਹਮਣਾ ਹੀ ਕਰਨਾ ਪੈ ਰਿਹਾ ਹੈ। ਗੁਰੂ ਦੇ ਸ਼ਬਦਾਂ ਨੂੰ ਸਮਝਣ ਦਾ ਮਾਰਗ ਔਖਾ ਹੈ ਪਰ ਜੇ ਨੌਜਵਾਨ ਉਸ ਤੇ ਚਲ ਪਏ ਤਾਂ ਫਿਰ ਮਿੱਟੀ ਦੇ ਬਣੇ ਆਗੂਆਂ ਪਿਛੇ ਲੱਗਣ ਵਰਗੀ ਨਿਰਾਸ਼ਾ ਪੱਲੇ ਨਹੀਂ ਪਵੇਗੀ।
-ਨਿਮਰਤ ਕੌਰ