
ਬਰਸਾਤੀ ਮੌਸਮ ਦੇ ਬਦਲਾਵਾਂ ਨੂੰ ਜਦ ਤਕ ਅਸੀ ‘ਕੁਦਰਤੀ ਆਫ਼ਤ’ ਆਖਦੇ ਰਹਾਂਗੇ, ਰਸਤਾ ਤੇ ਰਾਹਤ ਦੋਵੇਂ ਹੀ ਮੁਮਕਿਨ ਨਹੀਂ ਹੋਣਗੇ।
13 ਅਗੱਸਤ ਨੂੰ ਕਿਸੇ ਕੰਮ ਵਾਸਤੇ ਹਿਮਾਚਲ ਜਾਣਾ ਪਿਆ। ਬਾਰਸ਼ ਬਹੁਤ ਹੋ ਰਹੀ ਸੀ। ਰਾਹ ਵਿਚ ਗੱਡੀ ਖ਼ਰਾਬ ਹੋ ਗਈ ਤੇ ਮੈਂ ਇਕ ਝਰਨੇ ਦੇ ਪਾਣੀ ਵਿਚ ਪੈਰ ਪਾ ਕੇ ਬੈਠ ਗਈ। ਅਸੀ ਤਾਂ ਘਰ ਪਹੁੰਚ ਗਏ ਪਰ ਜਿਹੜੇ ਲੋਕ ਹਿਮਾਚਲ ਤੋਂ ਸਾਡੇ ਨਾਲ ਰਲੇ ਸਨ, ਉਨ੍ਹਾਂ ਨੇ ਅੱਧੇ ਘੰਟੇ ਬਾਅਦ ਉਸੇ ਪਾਣੀ ਦੇ ਪਿਆਰੇ ਜਿਹੇ ਝਰਨੇ ਦੀ ਵੀਡੀਉ ਬਣਾ ਕੇ ਭੇਜੀ ਤਾਂ ਵੇਖ ਕੇ ਰੂਹ ਕੰਬ ਗਈ। ਉਹੀ ਝਰਨਾ ਪਲਾਂ ਵਿਚ ਹੀ ਸੜਕ ਹੇਠਲੀ ਜ਼ਮੀਨ ਅਪਣੇ ਨਾਲ ਲੈ ਕੇ ਧਰਤੀ ਵਿਚ ਧੱਸ ਗਿਆ ਤੇ ਸੜਕ ਇਸ ਤਰ੍ਹਾਂ ਭੁਰ ਗਈ ਜਿਵੇਂ ਪਾਪੜ ਸਾਡੇ ਹੱਥ ਵਿਚ ਭੁਰਦੇ ਹਨ।
ਉਸ ਦਿਨ ਤੋਂ ਬਾਅਦ ਬਾਰਸ਼ ਨਾਲ ਹਿਮਾਚਲ, ਉਤਰਾਖੰਡ ਤੇ ਪੰਜਾਬ ਵਿਚ ਜਾਨ ਮਾਲ ਦਾ ਨੁਕਸਾਨ ਵੇਖ ਕੇ ਕੁਦਰਤ ਦੀ ਤਾਕਤ ਤੇ ਇਨਸਾਨ ਦੇ ਘੁਮੰਡ ਦਾ ਅਹਿਸਾਸ ਹੋ ਰਿਹਾ ਹੈ। ਸਰਕਾਰਾਂ ਵਲੋਂ ਕੁਦਰਤੀ ਆਫ਼ਤਾਂ ਵਾਸਤੇ ਫ਼ੰਡ ਮੰਗੇ ਜਾ ਰਹੇ ਹਨ ਤੇ ਆਉਣ ਵਾਲੇ ਸਮੇਂ ਵਾਸਤੇ ਵੀ ਆਫ਼ਤ ਨਾਲ ਨਜਿੱਠਣ ਲਈ ਸੈਂਕੜੇ ਕਰੋੜ ਰੱਖੇ ਜਾ ਰਹੇ ਹਨ। ਪਰ ਕਿਸੇ ਸਿਆਣੇ ਸਰਕਾਰੀ ਅਫ਼ਸਰ ਜਾਂ ਸਿਆਸਤਦਾਨ ਨੇ ਇਹ ਨਹੀਂ ਆਖਿਆ ਕਿ ਇਹ ਆਫ਼ਤ ਕੁਦਰਤੀ ਨਹੀਂ ਬਲਕਿ ‘ਆਫ਼ਤ’ ਇਨਸਾਨ ਦੀ ਗ਼ਫ਼ਲਤ ਸਦਕਾ ਆਈ ਹੈ ਤੇ ਹੁਣ ਇਸ ਨਾਲ ਇਸ ਤਰ੍ਹਾਂ ਨਜਿੱਠ ਵਿਖਾਵਾਂਗੇ ਜਿਸ ਨਾਲ ਇਸ ਗ਼ਫ਼ਲਤ ਦੀ ਮਾਫ਼ੀ ਮਿਲ ਸਕੇ।
ਬਰਸਾਤੀ ਮੌਸਮ ਦੇ ਬਦਲਾਵਾਂ ਨੂੰ ਜਦ ਤਕ ਅਸੀ ‘ਕੁਦਰਤੀ ਆਫ਼ਤ’ ਆਖਦੇ ਰਹਾਂਗੇ, ਰਸਤਾ ਤੇ ਰਾਹਤ ਦੋਵੇਂ ਹੀ ਮੁਮਕਿਨ ਨਹੀਂ ਹੋਣਗੇ। ਇਨਸਾਨ ਅਪਣੇ ਆਪ ਨੂੰ ਬੜਾ ਚਤੁਰ ਮੰਨਦਾ ਹੈ ਤੇ ਸੋਚਦਾ ਹੈ ਕਿ ਮੈਂ ਦੁਨੀਆਂ ਨੂੰ ਅਪਣੇ ਵਸ ਵਿਚ ਕਰ ਸਕਦਾ ਹਾਂ। ਜੇ ਅਸੀ ਸ੍ਰਿਸ਼ਟੀ ਦੇ ਪੱਖੋਂ ਅੱਜ ਦੇ ਹਾਲਾਤ ਨੂੰ ਸਮਝਣ ਦਾ ਯਤਨ ਕਰੀਏ ਤਾਂ ਇਨਸਾਨ ਤਾਂ ਉਸ ਲਈ ਆਪ ਹੀ ਇਕ ਵੱਡੀ ਆਫ਼ਤ ਹੈ। ਕੁਦਰਤ ਨੇ ਇਕ ਵਿਸ਼ਾਲ ਹਿਰਦੇ ਵਾਲੀ ਹਸਤੀ ਵਾਂਗ ਇਕ ਨਿੱਕੇ ਜਿਹੇ ਇਨਸਾਨ ਨੂੰ ਅਪਣੇ ਅਨੇਕਾਂ ਗ੍ਰਹਿਾਂ ’ਚੋਂ ਇਕ ਗ੍ਰਹਿ ’ਤੇ ਵਸਣ ਦਿਤਾ, ਸ਼ਾਇਦ ਉਸ ਤਰ੍ਹਾਂ ਹੀ ਜਿਵੇਂ ਸਾਡੇ ਸਰੀਰ ਨੂੰ ਕਿਸੇ ਛੋਟੇ ਜਹੇ ਕੀੜੇ ਵਲੋਂ ਕੱਟੇ ਜਾਣ ਨੂੰ ਅਸੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਰ ਜਦ ਜ਼ਿਆਦਾ ਤਕਲੀਫ਼ ਹੋਵੇ ਤਾਂ ਅਸੀ ਕੀੜੇ ਨੂੰ ਤਾਂ ਮਾਰਦੇ ਹੀ ਹਾਂ ਪਰ ਨਾਲ ਹੀ ਅਪਣੇ ਘਰ ਵਿਚ ਕੀੜੇ ਮਾਰ ਦਵਾਈ ਦਾ ਛਿੜਕਾਅ ਕਰਵਾ ਕੇ ਅਪਣੇ ਆਪ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਵਿਚ ਵੀ ਲੱਗ ਜਾਂਦੇ ਹਾਂ।
ਇਨਸਾਨ ਵੀ ਕੁਦਰਤ ਵਾਸਤੇ ਹੁਣ ਇਕ ਜ਼ਹਿਰੀਲੀ ਆਫ਼ਤ ਬਣ ਗਿਆ ਹੈ। ਜਿਸ ਪਹਾੜ ’ਤੇ ਅਸੀ ਅਨੰਦ ਮਾਣਦੇ ਸੀ ਤੇ ਜਿਸ ਨੂੰ ਅਸੀ ਜੰਨਤ ਸਮਝਦੇ ਸੀ, ਉਹੀ ਸਾਡੇ ਵਾਸਤੇ ਜਾਨਲੇਵਾ ਬਣ ਗਿਆ ਤੇ ਗ਼ਲਤੀ ਇਨਸਾਨ ਨਾਮ ਦੀ ਆਫ਼ਤ ਦੀ ਹੈ ਜਿਸ ਨੇ ਲਾਲਚ ਕਾਰਨ ਪਹਾੜਾਂ ਨੂੰ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤਿਆਂ, ਬਾਰੂਦ ਨਾਲ ਤੋੜ ਤੋੜ ਕੇ ਅਪਣੇ ਲਈ ਸੜਕਾਂ ਬਣਾ ਦਿਤੀਆਂ ਤੇ ਜਵਾਬ ਵਿਚ ਇਕ ਛੋਟੇ ਜਹੇ ਝਰਨੇ ਨੂੰ ਤਬਾਹ ਕਰਨ ਵਿਚ ਕੁਦਰਤ ਨੂੰ ਦੋ ਪਲ ਵੀ ਨਾ ਲੱਗੇ।
ਸਾਨੂੰ ਚੇਤਾਵਨੀ ਦੇਣ ਵਾਲੇ ਬੜੇ ਮਾਹਰ ਲੋਕ ਸਨ। ਗਰੀਟਾ ਖੇਨਬਰਗ ਵਰਗੇ ਬੱਚੇ ਵੀ ਸਾਨੂੰ ਸਮਝਾਉਣ ਲਈ ਅੱਗੇ ਆਏ। ਪਰ ਇਨਸਾਨ ਨੇ ਨਹੀਂ ਸੁਣੀ ਤੇ ਅੱਜ ਵੀ ਉਹ ਕੁਦਰਤ ਨੂੰ ਹੀ ਆਫ਼ਤ ਮੰਨ ਰਿਹਾ ਹੈ। ਜਦ ਤਕ ਇਨਸਾਨ, ਸਰਕਾਰਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਆਫ਼ਤ ਨਹੀਂ ਕਰਾਰ ਦਿਤਾ ਜਾਂਦਾ, ਅਸੀ ਤਬਾਹੀ ਦੇ ਕਈ ਰੂਪ ਬੇਬਸੀ ਨਾਲ ਵੇਖਣ ਨੂੰ ਮਜਬੂਰ ਹੋਵਾਂਗੇ।
- ਨਿਮਰਤ ਕੌਰ