
ਕਿੱਸਾ ਪੰਜਾਬ ਦੀ ਵੱਡੀ ਕੁਰਸੀ ਦਾ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਕਾਂਗਰਸੀ ਆਗੂ ਉਨ੍ਹਾਂ ਨਾਲ ਸਿੱਧੀ ਗੱਲ ਕਰਿਆ ਕਰਨ ਨਾ ਕਿ ਮੀਡੀਆ ਵਿਚ ਜਾ ਕੇ। ਕਾਂਗਰਸ ਅੰਦਰ ਖੁਲ੍ਹ ਕੇ ਚਰਚਾ ਕਰਨ ਤੇ ਬਾਹਰ ਆ ਕੇ ਸਰਬ ਸੰਮਤ ਫ਼ੈਸਲੇ ਮੀਡੀਆ ਨੂੰ ਦਸ ਕੇ ਕਾਂਗਰਸ ਪਾਰਟੀ ਦਾ ਪੱਖ ਦਸਿਆ ਜਾਵੇ, ਅਪਣਾ ਨਹੀਂ। ਇਹ ਫ਼ੁਰਮਾਨ ਕਾਂਗਰਸ ਦੇ ਜੀ-23 ਆਗੂਆਂ ਨੇ ਤਾਂ ਮੰਨ ਲਿਆ ਪਰ ਅਗਲੇ ਹੀ ਦਿਨ ਸੋਸ਼ਲ ਮੀਡੀਆ ਰਾਹੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਪੰਜਾਬ ਦੇ 13 ਮਸਲਿਆਂ ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖਦੇ ਹੋਏ ਯਾਦ ਕਰਵਾਇਆ ਗਿਆ ਕਿ ਸਿੱਧੂ ਨੇ ਅਪਣੇ ਬਲ ਨਾਲ 56 ਸੀਟਾਂ ਤੇ ਕਾਂਗਰਸ ਵਾਸਤੇ ਚੋਣ ਪ੍ਰਚਾਰ ਕਰ ਕੇ ਜਿੱਤ ਹਾਸਲ ਕਰਵਾਈ ਸੀ।
— Navjot Singh Sidhu (@sherryontopp) October 17, 2021
ਉਨ੍ਹਾਂ ਦੀ ਇਸ ਚਿੱਠੀ ਦਾ ਮਤਲਬ ਤਾਂ ਸਾਫ਼ ਹੈ ਕਿ ਉਹ ਨਵੀਂ ਬਣੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਹਨ ਤੇ ਇਨ੍ਹਾਂ 30 ਦਿਨਾਂ ਵਿਚ ਕਿਸੇ ਵੀ ਮੁੱਦੇ ਦਾ ਹੱਲ ਹੁੰਦਾ ਨਹੀਂ ਵੇਖ ਰਹੇ। ਉਨ੍ਹਾਂ ਵਲੋਂ ਕੁੱਝ ਦਿਨ ਪਹਿਲਾਂ ਵੀ ਇਕ ਹੋਰ ਵੀਡੀਉ ਵਿਚ ਕਾਂਗਰਸ ਸਰਕਾਰ ਦੀ ਰੇਤਾ ਨੀਤੀ ਦੀ ਆਲੋਚਨਾ ਕੀਤੀ ਗਈ ਸੀ ਕਿ ਮੁਫ਼ਤ ਰੇਤੇ ਨਾਲ ਨਾ ਸਰਕਾਰ ਦਾ ਖ਼ਜ਼ਾਨਾ ਭਰਿਆ ਅਤੇ ਨਾ ਹੀ ਗਾਹਕ ਨੂੰ ਰਾਹਤ ਮਿਲੀ, ਕੇਵਲ ਰੇਤ ਵਪਾਰੀਆਂ ਨੂੰ ਹੀ ਜੇਬਾਂ ਭਰਨ ਦਾ ਮੌਕਾ ਦੇ ਦਿਤਾ ਗਿਆ।
Navjot Singh Sidhu
ਨਵਜੋਤ ਸਿੱਧੂ ਬੜੀ ਡੂੰਘੀ ਖੋਜ ਕਰ ਕੇ ਇਕ ਪੰਜਾਬ ਮਾਡਲ ਬਣਾ ਕੇ ਬੈਠੇ ਹਨ ਪਰ ਅੱਜ ਜਿਹੜੀ ਸਰਕਾਰ ਚਲਾ ਰਹੀ ਟੀਮ ਹੈ, ਉਹ ਪਿਛਲੇ ਸਾਢੇ ਚਾਰ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ ਤੇ ਅਪਣੇ ਤਜਰਬੇ ਮੁਤਾਬਕ ਅਪਣੀਆਂ ਨੀਤੀਆਂ ਬਣਾ ਕੇ ਲਾਗੂ ਕਰ ਰਹੀ ਹੈ। ਕਿਉਂਕਿ ਚੋਣਾਂ ਸਿਰ ਤੇ ਹਨ, ਸੱਭ ਅਪਣੇ ਆਪ ਨੂੰ ਨਾਇਕ ਫ਼ਿਲਮ ਦਾ ਅਨਿਲ ਕਪੂਰ ਸਾਬਤ ਕਰਨ ਵਿਚ ਮਸਰੂਫ਼ ਹਨ। ਕਦੇ ਛਾਪੇ ਮਾਰਦੇ ਹਨ ਤੇ ਕਦੇ ਲੋਕਾਂ ਨਾਲ ਘੁਲ ਮਿਲ ਵਿਚਰਨ ਦਾ ਯਤਨ ਕਰਦੇ ਹਨ। ਅਪਣੇ ਆਪ ਨੂੰ ਲੋਕਾਂ ਦਾ ਆਗੂ ਸਾਬਤ ਕਰਨ ਵਿਚ ਲੱਗੇ ਹੋਏ ਹਨ
Congress High Command
ਪਰ ਅਸਲ ਵਿਚ ਕਾਂਗਰਸ ਅੰਦਰ ਅਗਲੇ ਮੁੱਖ ਮੰਤਰੀ ਚਿਹਰੇ ਦੀ ਲੜਾਈ ਚਲ ਰਹੀ ਹੈ ਜਿਸ ਵਿਚ ਜਿੱਤ ਪ੍ਰਾਪਤ ਕਰਨ ਦੀ ਦੌੜ ਵਿਚ ਲੱਗੇ ਹੋਏ ਹੋਣ ਕਰ ਕੇ ਇਹ ਇਕ ਦੂਜੇ ਨਾਲ ਮਿਲ ਕੇ ਪਾਰਟੀ ਲਈ ਕੰਮ ਕਰਨ ਦੀ ਹਾਲਤ ਵਿਚ ਨਹੀਂ ਆ ਰਹੇ। ਨਵਜੋਤ ਸਿੱਧੂ ਵਲੋਂ ਸੋਸ਼ਲ ਮੀਡੀਆ ਤੇ ਲਗਾਤਾਰ ਅਪਣੀ ਸਰਕਾਰ ਦੀ ਆਲੋਚਨਾ ਦਰਸਾਉਂਦੀ ਹੈ ਕਿ ਉਹ ਜਾਣਦੇ ਹਨ ਕਿ ਜੇ ਇਨ੍ਹਾਂ ਚੋਣਾਂ ਵਿਚ ਉਹ ਮੁੱਖ ਮੰਤਰੀ ਦਾ ਚਿਹਰਾ ਨਾ ਬਣ ਸਕੇ ਤਾਂ ਉਨ੍ਹਾਂ ਕੋਲ ਕੋਈ ਹੋਰ ਮੌਕਾ ਬਾਕੀ ਨਹੀਂ ਰਹਿ ਜਾਵੇਗਾ। ਕਾਂਗਰਸ ਹਾਈਕਮਾਂਡ ਕੋਲ ਉਨ੍ਹਾਂ ਨੂੰ ਪਾਰਟੀ ਨਾਲ ਜੋੜੀ ਰੱਖਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਰਿਹਾ।
CM Charanjit Singh Channi
ਸੋ ਉਨ੍ਹਾਂ ਦੀ ‘ਮੈਂ ਨਾ ਮਾਨੂੰ’ ਅਤੇ ਹੁਕਮ-ਅਦੂਲੀ ਨੂੰ ਵੀ ਚੁਪਚਾਪ ਬਰਦਾਸ਼ਤ ਕਰੀ ਜਾਂਦੇ ਹਨ। ਉਨ੍ਹਾਂ ਨੂੰ ਸ਼ਾਂਤ ਰੱਖਣ ਵਾਸਤੇ ਐਤਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੈਠਕ ਵੀ ਕਰਵਾਈ ਗਈ। ਅੰਦਰ ਹੋਈਆਂ ਗੱਲਾਂ ਬਾਰੇ ਪੱਕਾ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਸੋਮਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਬਿਠਾ ਕੇ ਮੁੱਖ ਮੰਤਰੀ ਚੰਨੀ ਕੋਲੋਂ ਇਹ ਅਖਵਾ ਦਿਤਾ ਗਿਆ ਕਿ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਨਹੀਂ। ਇਸ ਦਾ ਮਤਲਬ ਜਿਨ੍ਹਾਂ ਕਾਰਨਾਂ ਕਰ ਕੇ, 6ਵੇਂ ਤਨਖ਼ਾਹ ਕਮਿਸ਼ਨ ਦੀ ਰੀਪੋਰਟ ਅੱਜ ਤਕ ਲਾਗੂ ਨਹੀਂ ਹੋਈ
Charanjit Singh Channi and Navjot Sidhu
ਜਿਹੜੇ ਅਧਿਆਪਕਾਂ, ਜਿਹੜੇ ਚੌਥੇ ਦਰਜੇ ਦੇ ਮੁਲਾਜ਼ਮਾਂ, ਟਰਾਂਸਪੋਰਟ ਮਹਿਕਮੇ ਦੇ ਮੁਲਾਜ਼ਮਾਂ ਨੂੰ ਖ਼ਜ਼ਾਨਾ ਖ਼ਾਲੀ ਹੋਣ ਦੀ ਗੱਲ ਕਹਿ ਕੇ ਪੱਕਾ ਨਹੀਂ ਕੀਤਾ ਜਾ ਰਿਹਾ ਸੀ, ਉਹ ਕਾਰਨ ਝੂਠਾ ਸੀ? ਇਹ ਵੀ ਸਵਾਲ ਉਠਦਾ ਹੈ ਕਿ ਜੇ ਖ਼ਜ਼ਾਨਾ ਖ਼ਾਲੀ ਨਹੀਂ ਹੈ ਤਾਂ ਫਿਰ ਕਿਸਾਨਾਂ ਦੇ ਕਰਜ਼ੇ ਨੂੰ ਚੋਣ ਵਾਅਦੇ ਅਨੁਸਾਰ ਮਾਫ਼ ਕਿਉਂ ਨਹੀਂ ਕੀਤਾ ਗਿਆ? ਜਾਂ ਇਹ ਸਿਰਫ਼ ਨਵਜੋਤ ਸਿੱਧੂ ਨੂੰ ਜਵਾਬ ਦੇਣ ਵਾਸਤੇ ਆਖਿਆ ਜਾ ਰਿਹਾ ਹੈ? ਜਨਤਾ ਦੀਆ ਨਜ਼ਰਾਂ ਅੱਜ ਸਰਕਾਰ ਤੇ ਟਿਕੀਆਂ ਹੋਈਆਂ ਹਨ। ਉਸ ਦੀ ਹਰ ਕਾਰਗੁਜ਼ਾਰੀ ਨੂੰ ਲੋਕ ਬੜੇ ਧਿਆਨ ਨਾਲ ਵੇਖ ਰਹੇ ਹਨ ਪਰ ਜੇ ਇਹ ਸਾਰੇ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਵਿਚ ਰੁੱਝੇ ਹੋਣ ਕਰ ਕੇ ਇਕਮੁਠ ਨਾ ਹੋ ਸਕੇ ਤਾਂ ਇਨ੍ਹਾਂ ਦੀ ਲੜਾਈ ਕਾਂਗਰਸ ਨੂੰ ਪੰਜਾਬ ਵਿਚ ਬਰਬਾਦੀ ਦੇ ਕੰਢੇ ਪਹੁੰਚਾ ਦੇਵੇਗੀ। -ਨਿਮਰਤ ਕੌਰ