
ਦੁਖ ਇਸ ਗੱਲ ਦਾ ਨਹੀਂ ਕਿ ਇਸ ਨਾਲ SGPC ਦਾ ਰੁਤਬਾ ਘਟਦਾ ਹੈ ਸਗੋਂ ਇਸ ਗੱਲ ਦਾ ਹੈ ਕਿ ਅੱਜ ਨੌਜਵਾਨ ਅਪਣੀਆਂ ਸੰਸਥਾਵਾਂ ਨਾਲ ਇਸ ਕਦਰ ਨਾਰਾਜ਼ ਕਿਉਂ ਹੁੰਦੇ ਜਾ ਰਹੇ ਹਨ।
ਐਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਹਮਲਾ ਬੜਾ ਹੀ ਨਿੰਦਾਜਨਕ ਹੈ ਕਿਉਂਕਿ ਇਹ ਹਮਲਾ ਉਨ੍ਹਾਂ ਉਤੇ ਵਿਅਕਤੀਗਤ ਤੌਰ ਤੇ ਨਹੀਂ ਹੋਇਆ ਸਗੋਂ ਸਿੱਖਾਂ ਦੀ ਸਰਬਉਚ ਧਾਰਮਕ ਸੰਸਥਾ ਪ੍ਰਤੀ ਉਸ ਸੰਸਥਾ ਨਾਲ ਨੌਜਵਾਨ ਵਰਗ ਦੀ ਨਰਾਜ਼ਗੀ ਦਾ ਨਤੀਜਾ ਹੈ ਤੇ ਇਸ ਤਰ੍ਹਾਂ ਦਾ ਹਮਲਾ ਜਦ ਉਚ ਸਿੱਖ ਸੰਸਥਾਵਾਂ ਤੇ ਹੁੰਦਾ ਹੈ ਤਾਂ ਸਾਰੀ ਕੌਮ ਨੂੰ ਦਰਦ ਹੁੰਦਾ ਹੈ। ਦੁਖ ਇਸ ਗੱਲ ਦਾ ਨਹੀਂ ਕਿ ਇਸ ਨਾਲ ਸ਼੍ਰੋਮਣੀ ਕਮੇਟੀ ਦਾ ਰੁਤਬਾ ਘਟਦਾ ਹੈ ਸਗੋਂ ਦੁਖ ਇਸ ਗੱਲ ਦਾ ਹੈ ਕਿ ਅੱਜ ਨੌਜਵਾਨ ਅਪਣੀਆਂ ਸੰਸਥਾਵਾਂ ਨਾਲ ਇਸ ਕਦਰ ਨਾਰਾਜ਼ ਕਿਉਂ ਹੁੰਦੇ ਜਾ ਰਹੇ ਹਨ।
ਇਹ ਬੜੀ ਵਿਅੰਗਾਤਮਕ ਗੱਲ ਹੈ ਕਿ ਡਾਂਗਾਂ ਨਾਲ ਹਮਲਾ ਉਨ੍ਹਾਂ ਤੇ ਹੋਇਆ ਜੋ ਆਪ ਹੀ ਆਖਦੇ ਆ ਰਹੇ ਹਨ ਕਿ ਸਿੱਖ ਨੌਜਵਾਨਾਂ ਨੂੰ ਅੱਜ ਦੇ ਸਮੇਂ ਵਿਚ ਹਥਿਆਰਾਂ ਦੀ ਲੋੜ ਹੈ। ਜਦ ਨਰਾਜ਼ ਅਤੇ ਬੇਇਨਸਾਫ਼ੀ ਦੇ ਸ਼ਿਕਾਰ ਨੌਜਵਾਨਾਂ ਦੇ ਹੱਥਾਂ ਵਿਚ ਹਥਿਆਰ ਫੜਾ ਦੇਵੋ ਤਾਂ ਉਹੀ ਕੁਝ ਹੋਵੇਗਾ ਜੋ ਬੰਦੀ ਸਿੰਘਾਂ ਦੇ ਮੋਰਚੇ ਤੇ ਕੁੱਝ ਨੌਜਵਾਨਾਂ ਨੇ ਕੀਤਾ। ਜੇ ਸਿੱਖ ਸੰਸਥਾਵਾਂ ਨੇ ਪਿਛਲੇ 34 ਸਾਲਾਂ ਵਿਚ ਇਨ੍ਹਾਂ ਦੇ ਹੱਥਾਂ ਵਿਚ ਕਲਮਾਂ ਫੜਾਈਆਂ ਹੁੰਦੀਆਂ ਤਾਂ ਇਨਸਾਫ਼ ਤੋਂ ਵਾਂਝੇ ਬੰਦੀ ਸਿੰਘਾਂ ਦੀ ਲੜਾਈ ਵਾਸਤੇ ਅੱਜ ਅਦਾਲਤਾਂ ਵਿਚ ਕੇਸ ਲੜ ਰਹੇ ਹੁੰਦੇ।
ਜੇ ਸਾਡੇ ਨੌਜਵਾਨਾਂ ਦੀ ਸਿਖਿਆ ਦਾ ਮਿਆਰ ਵਧੀਆ ਹੁੰਦਾ ਤਾਂ ਉਹ ਦੁਨੀਆਂ ਨਾਲ ਮੁਕਾਬਲਾ ਕਰਨ ਵਾਸਤੇ ਤਿਆਰ ਹੁੰਦੇ ਤੇ ਅੱਜ ਸੰਯੁਕਤ ਰਾਸ਼ਟਰ ਵਿਚ ਜਾ ਕੇ ਡਾ. ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਪੇਸ਼ ਕਰ ਕੇ ਭਾਰਤ ਸਰਕਾਰ ਦੀ ਮਨੁੱਖੀ ਅਧਿਕਾਰਾਂ ਪ੍ਰਤੀ ਅਣਗਹਿਲੀ ਵਾਲਾ ਰਵਈਆ ਬੇਨਕਾਬ ਕਰ ਰਹੇ ਹੁੰਦੇ, ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਅੱਜ ਦੇ ਆਧੁਨਿਕ ਸਮਾਜ ਨਾਲ ਲੜਨ ਦੇ ਮਾਡਰਨ ਹਥਿਆਰਾਂ ਅਥਵਾ ਅੰਤਰਰਾਸ਼ਟਰੀ ਕਾਨੂੰਨ ਅਤੇ ਗਿਆਨ ਨਾਲ ਲੈਸ ਨਹੀਂ ਕੀਤਾ ਗਿਆ, ਉਹ ਅਪਣਾ ਗੁੱਸਾ ਉਸ ਸੰਸਥਾ ਉਤੇ ਕੱਢ ਰਹੇ ਹਨ ਜਿਸ ਪਾਸੋਂ ਮਦਦ ਦੀ ਆਸ ਉਹ ਸੱਭ ਤੋਂ ਜ਼ਿਆਦਾ ਕਰ ਸਕਦੇ ਸਨ।
ਅਸੀ ਬੜੇ ਖ਼ੁਸ਼ ਹੁੰਦੇ ਹਾਂ ਜਦ ਕੋਈ ਸਿੱਖ ਦੂਰ ਕਿਤੇ ਵਿਦੇਸ਼ ਵਿਚ ਚਮਕਦਾ ਹੈ ਕਿਉਂਕਿ ਹੁਣ ਸਾਡੇ ਵਿਚ ਘੱਟ ਹੀ ਹਨ ਉਹ ਲੋਕ ਜਿਨ੍ਹਾਂ ਦੀ ਅੱਗੇ ਵਧਣ ਦੀ ਆਸ ਤੇ ਚਾਹਤ ਬਾਕੀ ਰਹਿ ਗਈ ਹੈ। ਇਸ ਚਾਹਤ ਦੀ ਸ਼ੁਰੂਆਤ ਬਚਪਨ ਵਿਚ ਹੁੰਦੀ ਹੈ ਤੇ ਇਥੇ ਪੰਜਾਬ ਵਿਚ ਰਹਿੰਦੇ ਨੌਜਵਾਨ ਨੂੰ ਸਮਰੱਥ ਨਹੀਂ ਬਣਾਇਆ ਜਾਂਦਾ। ਜਿੰਨਾ ਵੱਡਾ ਬਜਟ ਸ਼੍ਰੋਮਣੀ ਕਮੇਟੀ ਕੋਲ ਹੈ, ਸ਼੍ਰੋਮਣੀ ਕਮੇਟੀ ਅਪਣੇ ਸਕੂਲਾਂ ਅਤੇ ਕਾਲਜਾਂ ਨੂੰ ਦੁਨੀਆਂ ਦੇ ਬਿਹਤਰੀਨ ਸਕੂਲ ਕਾਲਜ ਬਣਾ ਕੇ ਵਿਖਾ ਸਕਦੀ ਹੈ। ਪਰ ਅਫ਼ਸੋਸ ਵਾਲੀ ਗੱਲ ਹੈ ਕਿ ਪੰਜਾਬ ਵਿਚ ਇਹ ਰੁਤਬਾ ਡੀ.ਏ.ਵੀ. ਸਕੂਲਾਂ ਕਾਲਜਾਂ ਨੇ ਪ੍ਰਾਪਤ ਕਰ ਲਿਆ ਹੈ ਤੇ ਖ਼ਾਲਸਾ ਸਕੂਲਾਂ ਕਾਲਜਾਂ, ਦਾ ਸਿਖਿਆ ਦੇ ਖੇਤਰ ਵਿਚ ਕੋਈ ਨਾਮਣਾ ਸ਼੍ਰੋਮਣੀ ਕਮੇਟੀ ਨਹੀਂ ਬਣਾ ਸਕੀ।
ਸ਼੍ਰੋਮਣੀ ਕਮੇਟੀ ਨੇ ਅਪਣੇ ਧਨ ਦੀ ਵਰਤੋਂ ਸਿੱਖ ਮਸਲਿਆਂ ਦੀ ਪੈਰਵੀ ਕਰਨ ਵਾਸਤੇ ਵੱਡੇ ਵਕੀਲਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਵਾਸਤੇ ਵੀ ਨਹੀਂ ਕੀਤੀ। ਸ਼੍ਰੋਮਣੀ ਕਮੇਟੀ ਵਲੋਂ ਬੰਦੀ ਸਿੱਖਾਂ ਵਾਸਤੇ ਅੱਜ ਵਿਖਾਵੇ ਦੀ ਜੰਗ ਵੀ ਇਸ ਲਈ ਲੜੀ ਜਾ ਰਹੀ ਹੈ ਕਿਉਂਕਿ ਅੱਜ ਅਕਾਲੀ ਦਲ ਬਾਦਲ ਦੀ ਹੋਂਦ ਬਚਾਉਣ ਦੀ ਰਣਨੀਤੀ ਵਿਚ ਬੰਦੀ ਸਿੰਘਾਂ ਦੀ ਰਿਹਾਈ ਇਕ ਵਧੀਆ ਪ੍ਰਚਾਰ ਢਾਸਣਾ ਹੈ। ਜੇ ਅਸਲ ਵਿਚ ਸਿੱਖ ਮਸਲਿਆਂ ਦੀ ਪੈਰਵੀ ਉਨ੍ਹਾਂ ਦਾ ਟੀਚਾ ਹੁੰਦਾ ਤਾਂ ਪਹਿਲਾਂ ਤਾਂ ਉਹ ਪੀ.ਟੀ.ਸੀ. ਤੇ ਗੁਰਬਾਣੀ ਪ੍ਰਸਾਰਣ ਦਾ ਏਕਾਧਿਕਾਰ ਖ਼ਤਮ ਕਰਦੇ ਤੇ ਫਿਰ ਸੱਚ ਸਾਹਮਣੇ ਲਿਆਉਂਦੇ ਕਿ ਹੱਥ ਲਿਖਤ ਗ੍ਰੰਥਾਂ ਨੂੰ ਕਿਸ ਨੇ ਚੋਰੀ ਕੀਤਾ, 328 ਸਰੂਪਾਂ ਬਾਰੇ ਜਾਂਚ ਪੂਰੀ ਕਰਦੇ ਅਤੇ ਸੌਦਾ ਸਾਧ ਦੀ ਮਾਫ਼ੀ ਤੋਂ ਲੈ ਕੇ ਬਰਗਾੜੀ ਵਿਚ ਦੋ ਨਿਹੱਥੇ ਸਿੰਘਾਂ ਦੀ ਮੌਤ ਬਾਰੇ ਫ਼ਤਵੇ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲ ਕਰਦੇ। ਪਰ ਉਨ੍ਹਾਂ ਅਪਣੇ ਕਿਰਦਾਰ ਨੂੰ ਸਿਆਸੀ ਪਾਰਟੀ ਦੀ ਕਿਸਮਤ ਨਾਲ ਜੋੜ ਕੇ ਸਿੱਖ ਸੰਸਥਾਵਾਂ ਤੇ ਪੜ੍ਹੇ ਲਿਖੇ ਸਿਆਣੇ ਵਰਗ ਨੂੰ ਅਪਣੇ ਤੋਂ ਦੂਰ ਕਰਨ ਦੀ ਵੱਡੀ ਗ਼ਲਤੀ ਕੀਤੀ ਹੈ। ਫਿਰ ਵੀ ਅੰਬ ਸਾਹਿਬ ਵਿਚ ਜੋ ਕੁੱਝ ਹੋਇਆ, ਉਹ ਠੀਕ ਨਹੀਂ ਤੇ ਅਰਦਾਸ ਕਰਦੇ ਹਾਂ ਕਿ ਨੌਜਵਾਨ ਇਸ ਨਰਾਜ਼ਗੀ ਨੂੰ ਸਹੀ ਦਿਸ਼ਾ ਵਲ ਮੋੜਾ ਦੇਣਗੇ।
- ਨਿਮਰਤ ਕੌਰ