
ਪਰ ਤੁਸੀ ਨਿਰਾਸ਼ ਨਾ ਹੋਣਾ, ਮੁਸਕ੍ਰਾਈ ਜਾਉ ਕਿਉਂਕਿ ਇਹ ਮਸ਼ਵਰਾ ਹੈ ਰੀਜ਼ਰਵ ਬੈਂਕ ਦੇ ਗਵਰਨਰ ਦਾ!
ਸ਼ਬਦਾਂ ਦਾ ਹੇਰ ਫੇਰ ਸਿਆਸਤਦਾਨਾਂ ਦੀ ਖੇਡ ਹੁੰਦਾ ਹੈ ਪਰ ਹੁਣ ਅਗੱਸਤ 30 ਦੇ ਨਜ਼ਦੀਕ ਆਉਂਦੇ ਹੀ, ਆਰ.ਬੀ.ਆਈ. ਗਵਰਨਰ ਵੀ ਸ਼ਸ਼ੀ ਥਰੂਰ ਵਾਂਗ ਇਕ ਸਮਝ ਵਿਚ ਨਾ ਆ ਸਕਣ ਵਾਲਾ ਸਬਕ ਭਾਰਤੀ ਅਰਥਚਾਰੇ ਦੇ ਗਲੇ ਹੇਠ ਉਤਾਰ ਗਏ। 30 ਅਗੱਸਤ ਨੂੰ ਸਾਲ ਦਾ ਤੀਜਾ ਹਿੱਸਾ ਖ਼ਤਮ ਹੋ ਜਾਵੇਗਾ ਅਤੇ ਇਸ ਸਾਲ ਦੇ ਅੱਧ ਵਿਚ ਜੀ.ਡੀ.ਪੀ. ਦਾ ਅੰਕੜਾ 5.8% ਸੀ ਜੋ ਕਿ ਪਿਛਲੇ ਪੰਜ ਸਾਲਾਂ 'ਚ ਸੱਭ ਤੋਂ ਘੱਟ ਵਿਕਾਸ ਦਰ ਰਹੀ ਹੈ।
RBI
ਆਰ.ਬੀ.ਆਈ. ਗਵਰਨਰ ਨੇ ਆਖਿਆ ਕਿ ਮਾਯੂਸੀ ਦੇ ਮਾਹੌਲ ਵਿਚ ਗੁੰਮ ਸੁੰਮ ਹੋ ਜਾਣ ਨਾਲ ਕਿਸੇ ਨੂੰ ਮਦਦ ਨਹੀਂ ਮਿਲਣੀ। ਉਨ੍ਹਾਂ ਇਕ ਨਿਵੇਕਲਾ ਸ਼ਬਦ ਇਸਤੇਮਾਲ ਕੀਤਾ 'ਪੰਗਲੋਸ਼ੀਅਨ' ਜੋ ਉਸ ਕਿਰਦਾਰ ਨੂੰ ਦਰਸਾਉਂਦਾ ਹੈ ਜੋ ਹਰ ਦੁਖੜੇ ਦੇ ਸਾਹਮਣੇ ਵੀ ਬੇਹੱਦ ਆਸ਼ਾਵਾਦੀ ਰਹੇ ਅਤੇ ਆਖਿਆ ਹੈ ਕਿ ਮੈਂ ਆਖਾਂਗਾ ਕਿ ਤੁਸੀ ਇਕ ਪੰਗਲੋਸ਼ੀਅਨ ਵਾਂਗ ਰਹੋ ਅਤੇ ਮੁਸਕ੍ਰਾ ਕੇ ਮੁਸ਼ਕਲਾਂ ਨੂੰ ਭਜਾ ਦਿਉ। ਘਰ ਦੇ ਖ਼ਰਚੇ ਪੂਰੇ ਕਰਨੇ ਵੀ ਔਖੇ ਹੋ ਜਾਣ ਤੇ ਹੱਟੀ ਬੰਦ ਹੋਣ ਤੇ ਵੀ ਆ ਜਾਵੇ, ਤਾਂ ਵੀ ਮੁਸਕ੍ਰਾਈ ਜਾਉ ਕਿਉਂਕਿ ਇਹ ਮਸ਼ਵਰਾ ਰੀਜ਼ਰਵ ਬੈਂਕ ਨੇ ਦਿਤਾ ਹੈ!
Indian Economy down
ਆਰ.ਬੀ.ਆਈ. ਗਵਰਨਰ ਭਾਰਤ ਦੇ ਅੱਤ ਦੇ ਦੋ ਵਿਰੋਧੀ ਵਿਚਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਇਕ ਤਾਂ ਨਿਰਾਸ਼ਾ ਵਿਚ ਦੇਸ਼ ਨੂੰ ਡੁਬਦਾ ਵੇਖ ਰਿਹਾ ਹੈ ਅਤੇ ਦੂਜਾ ਸਿਆਸਤਦਾਨਾਂ ਨੂੰ ਰੱਬ ਦਾ ਦਰਜਾ ਦੇ ਰਿਹਾ ਹੈ ਤੇ ਹਰ ਸਿਤਮ ਨੂੰ ਇਕ ਜੰਗ ਦੇ ਸਿਪਾਹੀ ਵਾਂਗ ਝੱਲ ਰਿਹਾ ਹੈ। ਇਹ ਸਿਪਾਹੀ 5 ਟ੍ਰਿਲੀਅਨ ਦੇ ਸੁਪਨੇ ਵੇਖ ਰਿਹਾ ਹੈ। ਇਸ ਸਿਪਾਹੀ ਨੇ ਨੋਟਬੰਦੀ, ਜੀ.ਐਸ.ਟੀ. ਦੀ ਮਾਰ ਹਸਦੇ ਹਸਦੇ ਸਹੀ ਹੈ। ਇਹ ਉਹ ਸਿਪਾਹੀ ਹੈ ਜੋ ਸਮਝਦਾ ਹੈ ਕਿ ਨੋਟਬੰਦੀ ਨੇ ਭਾਵੇਂ ਉਸ ਨੂੰ ਤਬਾਹ ਕਰ ਦਿਤਾ ਹੈ ਪਰ ਜਿਹੜੇ ਭ੍ਰਿਸ਼ਟ ਅਮੀਰ ਸਨ, ਉਨ੍ਹਾਂ ਨੂੰ ਵੀ ਕੁੱਝ ਦਰਦ ਤਾਂ ਹੋਇਆ ਹੀ ਹੈ।
Indian Economy down
ਆਰ.ਬੀ.ਆਈ. ਗਵਰਨਰ ਨੇ ਸ਼ਬਦਾਂ ਦੇ ਇਕ ਨਿਵੇਕਲੇ ਇਸਤੇਮਾਲ ਨਾਲ ਇਕ ਦੂਜੇ ਵਲ ਕੰਡ ਕਰੀ ਬੈਠੇ ਭਾਰਤੀਆਂ ਨੂੰ ਦੇਸ਼ ਦੀ ਲੰਮੀ ਸੋਚ ਵਿਚ ਯਕੀਨ ਕਰਦੇ ਹੋਏ ਅਪਣਾ ਵਿਸ਼ਵਾਸ ਬਹਾਲ ਰੱਖਣ ਵਾਸਤੇ ਆਖਿਆ ਹੈ ਤੇ ਵਿਸ਼ਵਾਸ ਵਿਚ ਬੱਝੇ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਔਖੇ ਵੇਲਿਆਂ 'ਚ ਮੌਕੇ ਲੱਭਣ ਵਲ ਧਿਆਨ ਦੇਣ ਲਈ ਆਖਿਆ ਹੈ। ਉਹ ਇਹ ਵੀ ਮੰਨਦੇ ਹਨ ਕਿ ਆਉਣ ਵਾਲਾ ਸਮਾਂ ਦੇਸ਼ ਦੀਆਂ ਅਪਣੀਆਂ ਵੀ ਤੇ ਬਾਹਰੀ ਔਕੜਾਂ ਵੀ ਲੈ ਕੇ ਆ ਰਿਹਾ ਹੈ। ਚੀਨ ਅਤੇ ਜਰਮਨੀ ਦੀ ਆਰਥਕ ਰੀਪੋਰਟ ਵਿਚ ਗਿਰਾਵਟ ਨੇ ਸਿੱਧ ਕਰ ਦਿਤਾ ਹੈ ਕਿ ਅਜੇ ਸੰਸਾਰ ਮਾਰਕੀਟ ਹੋਰ ਕਮਜ਼ੋਰ ਹੋਣੀ ਨਿਸ਼ਚਿਤ ਹੈ। ਜਿਹੜਾ ਨਿਰਯਾਤ ਦੇਸ਼ ਦੀ ਆਰਥਕਤਾ ਨੂੰ ਖੜਾ ਕਰ ਸਕਦਾ ਸੀ, ਉਹ ਪੰਜ ਸਾਲਾਂ ਵਿਚ ਡਿਗਿਆ ਹੈ ਅਤੇ ਹੋਰ ਵੀ ਡਿੱਗ ਸਕਦਾ ਹੈ।
Inflation
ਭਾਰਤ ਦਾ ਬਚਾਅ ਦੇਸ਼ ਦੀ ਅੰਦਰਲੀ ਆਰਥਕਤਾ ਦੀ ਮਜ਼ਬੂਤੀ ਉਤੇ ਨਿਰਭਰ ਕਰਦਾ ਹੈ ਪਰ ਆਰ.ਬੀ.ਆਈ. ਗਵਰਨਰ ਨੇ ਆਪ ਹੀ ਮੰਨਿਆ ਹੈ ਕਿ ਮੁਸ਼ਕਲਾਂ ਦੇਸ਼ ਦੇ ਅੰਦਰੋਂ ਆ ਰਹੀਆਂ ਹਨ। ਹਾਲਾਤ ਸਿਰਫ਼ ਕਾਰ ਉਦਯੋਗ ਵਾਸਤੇ ਹੀ ਮਾੜੇ ਨਹੀਂ ਬਲਕਿ ਅੱਜ ਬਿਸਕੁਟਾਂ ਦਾ ਪੰਜ ਰੁਪਏ ਦਾ ਪੈਕੇਟ ਖ਼ਰੀਦਣ ਤੋਂ ਪਹਿਲਾਂ ਆਮ ਇਨਸਾਨ ਸੋਚਣ ਲਗਦਾ ਹੈ। ਸਟੀਲ ਉਦਯੋਗ, ਕਾਗ਼ਜ਼, ਫ਼ਰਨੀਚਰ ਖੇਤਰਾਂ ਵਿਚ ਗਿਰਾਵਟ ਆਈ ਹੈ। ਪਰ ਜੋ 'ਪੰਗਲੋਸ਼ੀਅਨ' ਹਨ, ਉਨ੍ਹਾਂ ਨੂੰ ਮੋਬਾਈਲ, ਕਪੜੇ ਤੇ ਫ਼ਰਿੱਜਾਂ ਦੀ ਵਿਕਰੀ ਵਿਚ ਵਾਧਾ ਪੰਜ ਟ੍ਰਿਲੀਅਨ ਆਰਥਕਤਾ ਦੀ ਤਿਆਰੀ ਜਾਪਦੀ ਹੈ।
Indian Economy down
ਦੇਸ਼ ਨੂੰ ਅੱਵਲ ਅਰਥਚਾਰੇ ਦੇ ਰਾਹ ਉਤੇ ਚਲਾਉਣ ਵਾਲੇ ਵੱਡੇ ਮਾਹਰ ਭਾਰਤ ਦੀ ਆਰਥਕਤਾ ਦੀ ਗਿਰਾਵਟ ਨੂੰ ਵੇਖ ਕੇ ਚੇਤਾਵਨੀਆਂ ਦਿੰਦੇ ਆ ਰਹੇ ਹਨ ਅਤੇ ਸ਼ਾਇਦ ਅੱਜ ਭਾਰਤ ਦੇ ਇਨ੍ਹਾਂ ਦੋਹਾਂ ਅੱਤ ਦੀ ਵਿਰੋਧੀ ਸੋਚ ਦੇ ਮਾਲਕਾਂ ਨੂੰ ਇਕ ਦੂਜੇ ਨਾਲ ਇਕ ਸਾਂਝੇ ਮੰਚ ਉਤੇ ਆਉਣ ਦੀ ਜ਼ਰੂਰਤ ਹੈ। 'ਪੰਗਲੋਸ਼ੀਅਨ' ਏਨਾ ਖ਼ੁਸ਼ ਹੈ ਕਿ 'ਕਸ਼ਮੀਰ ਹਮਾਰਾ' ਹੋ ਗਿਆ ਹੈ। ਉਨ੍ਹਾਂ ਨੂੰ ਇਹ ਸਮਝ ਹੀ ਨਹੀਂ ਸੀ ਕਿ ਕਸ਼ਮੀਰ ਤਾਂ ਪਹਿਲਾਂ ਵੀ 'ਹਮਾਰਾ' ਹੀ ਸੀ। ਪਰ ਇਨ੍ਹਾਂ ਦੋ ਹਫ਼ਤਿਆਂ ਵਿਚ ਕਸ਼ਮੀਰ ਦਾ ਅਰਥਚਾਰਾ ਬੰਦ ਹੋ ਗਿਆ ਹੈ। ਸੋਪੋਰ, ਆਜ਼ਾਦੀ ਮਿਲਣ ਤੋਂ ਬਾਅਦ ਏਸ਼ੀਆ ਦੀ ਸੱਭ ਤੋਂ ਵੱਡੀ ਮਾਰਕੀਟ ਹੈ ਜੋ ਬੰਦ ਹੋਈ ਪਈ ਹੈ।
Inflation
ਅੱਜ ਦੇ ਹਾਲਾਤ ਵਿਚ ਸਰਕਾਰ ਨੂੰ ਅਪਣਾ ਹਰ ਕਦਮ ਸਿਰਫ਼ ਇਕ ਸੋਚ ਨੂੰ ਨਜ਼ਰ 'ਚ ਰੱਖ ਕੇ ਨਹੀਂ ਬਲਕਿ 138 'ਚੋਂ 130 ਮੱਧਮ ਅਤੇ ਕਮਜ਼ੋਰ ਭਾਰਤੀਆਂ ਦੇ ਆਰਥਕ ਹਾਲਾਤ ਨੂੰ ਨਜ਼ਰ ਵਿਚ ਰਖ ਕੇ ਕਰਨਾ ਪਵੇਗਾ। ਕਾਰਪੋਰੇਟ ਟੈਕਸ ਘੱਟ ਕਰਨ ਦੇ ਸੰਕੇਤ ਆ ਰਹੇ ਹਨ ਯਾਨੀ ਕਿ ਹੁਣ ਸਰਕਾਰ ਘਰੇਲੂ ਮਾਰਕੀਟ ਦੀ ਚੀਕ ਪੁਕਾਰ ਵੀ ਸੁਣ ਰਹੀ ਹੈ ਅਤੇ ਹੁਣ ਜੀ.ਐਸ.ਟੀ. ਨੂੰ ਇਕ ਯੂਨੀਫ਼ਾਰਮ ਕੋਡ ਵਾਂਗ ਲਿਆਉਣ ਦੀ ਪੁਕਾਰ ਵੀ ਸ਼ਾਇਦ ਸੁਣ ਲਵੇ। ਅਤੇ ਸੱਭ ਤੋਂ ਵੱਧ ਜ਼ਰੂਰੀ ਹੈ ਕਿ ਸਰਕਾਰ ਅਪਣੀ ਜਨਤਾ ਉਤੇ, ਆਉਣ ਵਾਲੇ ਸਮੇਂ ਵਿਚ ਕੋਈ ਹੋਰ ਸਰਜੀਕਲ ਸਟਰਾਈਕ ਨਾ ਕਰੇ। ਭਾਰਤ ਦੀ ਆਰਥਕਤਾ ਅੱਜ ਵੀ ਸੰਭਾਲਿਆ ਜਾ ਸਕਦਾ ਹੈ ਜੇ ਦੇਸ਼ ਵਿਚ ਇਕ ਸੰਤੁਲਿਤ ਸੋਚ ਲਾਗੂ ਕੀਤੀ ਜਾਵੇ। -ਨਿਮਰਤ ਕੌਰ