
ਹਰ ਮਾਮਲੇ ਵਿਚ ਸਿਆਸੀ ਦਖ਼ਲਅੰਦਾਜ਼ੀ ਕੁੱਝ ਅਜਿਹਾ ਰੂਪ ਧਾਰ ਗਈ ਕਿ ਸੁਪਰੀਮ ਕੋਰਟ ਨੂੰ ਮਜਬੂਰ ਹੋ ਕੇ ਸੀ.ਬੀ.ਆਈ. ਨੂੰ ਸਰਕਾਰੀ ਪਿੰਜਰੇ ਵਿਚ ਕੈਦ ਇਕ ਤੋਤਾ ਆਖਣ...
ਹਰ ਮਾਮਲੇ ਵਿਚ ਸਿਆਸੀ ਦਖ਼ਲਅੰਦਾਜ਼ੀ ਕੁੱਝ ਅਜਿਹਾ ਰੂਪ ਧਾਰ ਗਈ ਕਿ ਸੁਪਰੀਮ ਕੋਰਟ ਨੂੰ ਮਜਬੂਰ ਹੋ ਕੇ ਸੀ.ਬੀ.ਆਈ. ਨੂੰ ਸਰਕਾਰੀ ਪਿੰਜਰੇ ਵਿਚ ਕੈਦ ਇਕ ਤੋਤਾ ਆਖਣ ਲਈ ਮਜਬੂਰ ਹੋਣਾ ਪਿਆ ਪਰ ਅੱਜ ਸੀ.ਬੀ.ਆਈ. ਅਤੇ ਈ.ਡੀ. ਇਸ 'ਪਿੰਜਰੇ ਵਿਚ ਬੰਦ ਤੋਤੇ' ਵਾਲੀ ਹਾਲਤ ਨਾਲੋਂ ਕਿਤੇ ਅੱਗੇ ਲੰਘ ਚੁੱਕੇ ਹਨ। ਅੱਜ ਇਕ ਖ਼ੂੰਖ਼ਾਰ ਜਾਨਵਰ ਵਾਂਗ ਕੁੱਝ ਗੱਦੀਉਂ ਲੱਥੇ ਸਿਆਸਤਦਾਨਾਂ ਪਿੱਛੇ ਪਏ ਹੋਏ ਹਨ ਪਰ ਅਫ਼ਸੋਸ ਅੱਜ ਅਦਾਲਤਾਂ ਵਿਚ ਸੀ.ਬੀ.ਆਈ. ਨੂੰ ਪਹਿਲਾਂ ਵਾਂਗ ਉਨ੍ਹਾਂ ਨੂੰ ਉਨ੍ਹਾਂ ਦਾ ਚਿਹਰਾ ਵਿਖਾਉਣ ਦੀ ਤਾਕਤ ਨਹੀਂ ਰਹੀ।
Delhi High Court
ਦਿੱਲੀ ਹਾਈ ਕੋਰਟ ਨੇ ਕੇਸ ਸੁਣੇ ਬਗੈਰ ਕਾਂਗਰਸੀ ਆਗੂ ਸਾਬਕਾ ਗ੍ਰਹਿ ਮੰਤਰੀ, ਵਿੱਤ ਮੰਤਰੀ ਅਤੇ ਰਾਜ ਸਭਾ ਮੈਂਬਰ ਨੂੰ ਇਕ ਵੱਡੇ ਘਪਲੇ ਵਿਚ ਸਰਗ਼ਨਾ ਕਰਾਰ ਦਿੰਦਿਆਂ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ। ਸੁਪਰੀਮ ਕੋਰਟ ਨੇ ਮਾਮਲੇ ਨੂੰ ਛੇਤੀ ਸੁਣਨ ਤੋਂ ਇਨਕਾਰ ਕਰ ਕੇ ਅਗਲੇ ਦਿਨ ਤੇ ਪਾਇਆ ਅਤੇ ਫਿਰ ਤਿੰਨ ਜੱਜਾਂ ਦੇ ਬੈਂਚ ਨੇ ਮਾਮਲਾ ਚੀਫ਼ ਜਸਟਿਸ ਦੇ ਵਿਹੜੇ 'ਚ ਸੁਟ ਦਿਤਾ। ਚੀਫ਼ ਜਸਟਿਸ ਅਯੋਧਿਆ ਕੇਸ ਵਿਚ ਮਸਰੂਫ਼ ਹਨ ਅਤੇ ਹੁਣ ਚਿਦਾਂਬਰਮ ਦੀ ਸੁਣਵਾਈ ਕਦੋਂ ਹੋਵੇਗੀ, ਇਸ ਦਾ ਕੁੱਝ ਪਤਾ ਨਹੀਂ।
Enforcement Directorate
ਈ.ਡੀ. ਅਤੇ ਸੀ.ਬੀ.ਆਈ. ਵਾਲੇ ਚਿਦਾਂਬਰਮ ਦੇ ਘਰ ਦੇ ਚੱਕਰ ਕੱਟ ਰਹੇ ਹਨ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਵਾਸਤੇ ਉਤਾਵਲੇ ਹਨ। ਈ.ਡੀ. ਤੇ ਸੀ.ਬੀ.ਆਈ. ਚਿਦਾਂਬਰਮ ਨੂੰ ਇਕ ਵੱਡੇ ਘਪਲੇ ਪਿੱਛੇ ਕੰਮ ਕਰਦਾ ਸ਼ਾਤਰ ਦਿਮਾਗ਼ ਆਖੀ ਜਾ ਰਹੇ ਹਨ ਪਰ ਅਪਣੇ ਸਬੂਤਾਂ ਦੇ ਦਮ ਉਤੇ ਨਾ ਉਹ ਅਦਾਲਤ ਵਿਚ ਐਫ਼.ਆਈ.ਆਰ. ਪੇਸ਼ ਕਰ ਰਹੇ ਹਨ ਅਤੇ ਨਾ ਉਨ੍ਹਾਂ ਦੀਆਂ ਪਟੀਸ਼ਨਾਂ ਵਿਚ ਲਾਏ ਦੋਸ਼ ਹੀ ਸਪੱਸ਼ਟ ਹਨ। ਇਤਿਫ਼ਾਕਨ ਈ.ਡੀ. ਦੇ ਅੱਜ ਦੇ ਮੁਖੀ, ਕਿਸੇ ਸਮੇਂ ਚਿਦਾਂਬਰਮ ਦੇ ਦਫ਼ਤਰ ਵਿਚ ਕੰਮ ਕਰਦੇ ਸਨ ਅਤੇ ਆਪਸੀ ਮਤਭੇਦਾਂ ਕਾਰਨ ਉਹ ਵਾਪਸ ਅਪਣੇ ਸੂਬੇ 'ਚ ਚਲੇ ਗਏ ਸਨ। ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ ਅਤੇ ਜਦੋਂ ਅਮਿਤ ਸ਼ਾਹ ਗ੍ਰਿਫ਼ਤਾਰ ਹੋਏ ਸਨ ਤਾਂ ਚਿਦਾਂਬਰਮ ਗ੍ਰਹਿ ਮੰਤਰੀ ਸਨ।
Chidambaram
ਚਿਦਾਂਬਰਮ ਵਿਰੁਧ ਕੇਸ ਵਿਚ ਤਾਕਤ ਬੜੀ ਅਜੀਬ ਥਾਂ ਤੋਂ ਆ ਰਹੀ ਹੈ। ਉਨ੍ਹਾਂ ਵਿਰੁਧ ਮੁਖ ਗਵਾਹ ਇੰਦਰਾਣੀ ਮੁਖਰਜੀ ਨੂੰ ਬਣਾਇਆ ਜਾ ਰਿਹਾ। ਸੀ.ਬੀ.ਆਈ. ਕੋਲ ਇਕ ਮਾਮਲਾ ਆਰਥਕ ਘਪਲੇ ਦਾ ਅਤੇ ਦੂਜਾ ਇੰਦਰਾਣੀ ਮੁਖਰਜੀ ਵਲੋਂ ਉਸ ਦੀ ਅਪਣੀ ਬੇਟੀ ਦੇ ਕਤਲ ਦਾ ਪਿਆ ਹੈ। ਕਤਲ ਦੀ ਮੁਲਜ਼ਮ, ਜੋ ਅਪਣੀ ਸਕੀ ਬੇਟੀ ਨੂੰ ਮਾਰ ਸਕਦੀ ਹੈ, ਅੱਜ ਇਕ ਭਰੋਸੇਯੋਗ ਗਵਾਹ ਬਣ ਰਹੀ ਹੈ ਜਿਸ ਦੇ ਸਿਰ ਉਤੇ ਸੀ.ਬੀ.ਆਈ. ਦੇਸ਼ ਦੇ ਸਾਬਕਾ ਵਿੱਤ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਵਿਚ ਜੁਟੀ ਹੈ। ਇੰਦਰਾਣੀ ਮੁਖਰਜੀ ਨੇ ਪਹਿਲਾਂ ਹੀ ਸਰਕਾਰੀ ਗਵਾਹ ਬਣ ਕੇ, ਅਪਣੀ ਰਿਹਾਈ ਦੀ ਪੇਸ਼ਕਸ਼ ਸਰਕਾਰ ਨੂੰ ਕੀਤੀ ਹੋਈ ਹੈ।
CBI
ਸੀ.ਬੀ.ਆਈ./ਈ.ਡੀ. ਵਲੋਂ ਗ੍ਰਿਫ਼ਤਾਰੀ ਦੀ ਕਾਹਲ ਦਾ ਕਾਰਨ ਨਹੀਂ ਸਮਝ ਆ ਰਿਹਾ। ਜਦੋਂ ਚਿਦਾਂਬਰਮ ਦਾ ਪਾਸਪੋਰਟ ਅਦਾਲਤ ਵਿਚ ਹੈ, ਉਹ ਸੀ.ਬੀ.ਆਈ. ਨਾਲ ਸਹਿਯੋਗ ਕਰਨਾ ਚਾਹੁੰਦੇ ਹਨ ਤਾਂ ਗ੍ਰਿਫ਼ਤਾਰੀ ਦੀ ਕਾਹਲ ਕਿਉਂ ਹੈ? ਚਿਦਾਂਬਰਮ ਕਸੂਰਵਾਰ ਹੋ ਸਕਦੇ ਹਨ। ਉਨ੍ਹਾਂ ਦੇ ਪੁੱਤਰ ਕਾਰਤੀ ਨੇ ਅਪਣੇ ਪਿਤਾ ਦੇ ਅਹੁਦੇ ਦਾ ਫ਼ਾਇਦਾ ਜ਼ਰੂਰ ਲਿਆ ਹੋਵੇਗਾ। ਇਕ ਪ੍ਰਵਾਰ 'ਚੋਂ ਇਕ ਸਿਆਸਤਦਾਨ ਸਾਰੇ ਟੱਬਰ ਦੀ ਕਿਸਮਤ ਬਦਲ ਦਿੰਦਾ ਹੈ। ਤਾਂ ਹੀ ਹਰ ਮੰਤਰੀ ਦਾ ਪੀ.ਏ., ਬੇਟਾ, ਭਤੀਜਾ ਜਾਂ ਭਣੇਵਾ ਹੁੰਦਾ ਹੈ। ਅਮਿਤ ਸ਼ਾਹ ਦੇ ਪੁੱਤਰ ਦੀ ਕਿਸਮਤ ਵੀ ਤਾਂ 2014 ਤੋਂ ਬਾਅਦ ਬਦਲ ਗਈ ਹੈ, ਸੋ ਚਿਦਾਂਬਰਮ ਦੀ ਬੇਗੁਨਾਹੀ ਪੱਕੀ ਨਹੀਂ ਪਰ ਆਖ਼ਰ ਕਦੋਂ ਤਕ ਸੀ.ਬੀ.ਆਈ./ਈ.ਡੀ. ਅਪਣੇ ਗਲੇ ਵਿਚ ਹਰ ਪੰਜ ਸਾਲ ਬਾਅਦ ਨਵੀਂ ਸਰਕਾਰ ਦੀ ਵਫ਼ਾਦਾਰੀ ਦਾ ਪਟਾ ਬਦਲਦੇ ਰਹਿਣਗੇ?
P Chidambaram
2ਜੀ ਘਪਲੇ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿਤਾ, ਅਮਿਤ ਸ਼ਾਹ ਵਿਰੁਧ ਕੇਸ ਅਦਾਲਤ ਵਿਚ ਖ਼ਤਮ ਹੋ ਗਿਆ। ਪਰ ਸੀ.ਬੀ.ਆਈ./ਈ.ਡੀ. ਅਪਣਾ ਸਬਕ ਸਿਖਣ ਨੂੰ ਤਿਆਰ ਹੀ ਨਹੀਂ ਹਨ। ਜਦੋਂ ਸੀ.ਬੀ.ਆਈ./ਈ.ਡੀ. ਦੇ ਕੇਸ ਰੱਦ ਹੁੰਦੇ ਹਨ ਤਾਂ ਸੱਭ ਤੋਂ ਵੱਡਾ ਨੁਕਸਾਨ ਦੇਸ਼ ਦੇ ਅਕਸ ਨੂੰ ਹੁੰਦਾ ਹੈ। ਅੱਜ ਚਿਦਾਂਬਰਮ ਨੂੰ ਦੁਨੀਆਂ ਵਿਚ ਭਾਰਤ ਦੀ ਨਵੀਂ ਆਰਥਕ ਤਰੱਕੀ ਦੀ ਕਹਾਣੀ ਦਾ ਇਕ ਉਸਰਈਆ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਵਲ ਇਸ਼ਾਰਾ ਕਰ ਕੇ ਭਾਰਤ ਦੀ ਆਰਥਕ ਨਿਪੁੰਨਤਾ ਨੂੰ ਸਤਿਕਾਰ ਮਿਲਦਾ ਹੈ।
Amit Shah
ਜੇ ਇਹ ਕੇਸ ਵੀ ਬਾਕੀਆਂ ਵਾਂਗ ਖ਼ਤਮ ਹੋ ਗਿਆ ਤਾਂ ਫਿਰ ਦੁਨੀਆਂ ਸਿਰਫ਼ ਸੀ.ਬੀ.ਆਈ. ਦੀ ਨਹੀਂ ਬਲਕਿ ਭਾਰਤ ਦੇ ਨਿਆਂ ਪ੍ਰਬੰਧ ਉਤੇ ਹੀ ਭਰੋਸਾ ਕਰਨਾ ਛੱਡ ਦੇਵੇਗੀ। ਨਿਵੇਸ਼ ਨੂੰ ਵਾਜਾਂ ਮਾਰਦੀ ਭਾਰਤ ਸਰਕਾਰ ਅਪਣਾ ਅਕਸ ਆਪ ਹੀ ਕਮਜ਼ੋਰ ਕਰ ਰਹੀ ਹੈ। ਜੇ ਸੀ.ਬੀ.ਆਈ. ਅਪਣਾ ਕੇਸ ਮਜ਼ਬੂਤ ਕਰ ਕੇ ਚਿਦਾਂਬਰਮ ਨੂੰ ਫੜੇ ਤਾਂ ਭ੍ਰਿਸ਼ਟਾਚਾਰ ਨੂੰ ਇਕ ਸੁਨੇਹਾ ਦੇਣ ਦਾ ਕੰਮ ਕਰੇਗਾ ਪਰ ਜਿਸ ਤਰ੍ਹਾਂ ਅੱਜ ਉਹ ਦੁਨੀਆਂ ਵਿਚ ਭਾਰਤ ਦੇ ਕਮਜ਼ੋਰ ਸਿਸਟਮ ਦਾ ਅਕਸ ਪੱਕਾ ਕਰ ਰਹੇ ਹਨ, ਉਸ ਨਾਲ ਤਾਂ ਇਹੀ ਵਿਚਾਰ ਜਾਏਗਾ ਕਿ ਇਸ ਦੇਸ਼ ਵਿਚ ਵਿਰੋਧੀ ਦਲਾਂ ਲਈ ਕੋਈ ਥਾਂ ਨਹੀਂ ਅਤੇ ਵਿਰੋਧੀ ਨੇਤਾਵਾਂ ਨੂੰ ਕੰਮ ਕਰਨੋਂ ਰੋਕਣ ਲਈ ਹੀ ਭਾਰਤ ਸਰਕਾਰ ਨੇ ਪਿੰਜਰੇ ਦੇ ਦੋ ਤੋਤੇ ਪਾਲੇ ਹੋਏ ਹਨ। -ਨਿਮਰਤ ਕੌਰ