
ਨਵੇਂ ਮੁੱਖ ਮੰਤਰੀ ਨੂੰ ਇਕ ਮੋਹਰਾ ਬਣਾ ਕੇ ਵਰਤਣ ਦੀ ਸੋਚ ਰਖਣ ਵਾਲੇ, ਬਹੁਤੇ ਖੁਸ਼ ਨਾ ਹੋਣ। ਚਰਨਜੀਤ ਚੰਨੀ ਇਕ ਛੁਪੇ ਰੁਸਤਮ ਸਾਬਤ ਹੋ ਸਕਦੇ ਹਨ।
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਨੀਤੀਵਾਨਾਂ ਨੇ ਭਾਵੇਂ ਜਾਤ-ਪਾਤ ਦੇ ਅਰਬੇ ਖਰਬੇ ਲਾ ਕੇ ਚੋਣ-ਮੇਲਾ ਰਚਣ ਵਾਸਤੇ ਚੁਣਿਆ ਹੈ ਪਰ ਜਾਣੇ ਅਣਜਾਣੇ ਕਾਂਗਰਸ ਪਾਰਟੀ ਕੋਲੋਂ ਬਾਬੇ ਨਾਨਕ ਦੇ ਬਰਾਬਰੀ ਵਾਲੇ ਸਿਧਾਂਤ ਵਲ ਇਕ ਚੰਗਾ ਕਦਮ ਵੀ ਚੁਕਿਆ ਗਿਆ ਹੈ। ਜੇ ਸਿਆਸਤ ਤੋਂ ਉਪਰ ਉਠ ਕੇ ਵੇਖਿਆ ਜਾਵੇ ਤਾਂ ਅੱਜ ਇਕ ਅਤਿ ਗ਼ਰੀਬ ਪ੍ਰਵਾਰ ਵਿਚ ਪੈਦਾ ਹੋ ਕੇ ਅਤੇ ਅਪਣੀ ਮਿਹਨਤ ਦੇ ਬਲਬੂਤੇ ਸਫ਼ਲ ਹੋ ਕੇ, ਅਪਣੀ ਮਿਹਨਤ ਨਾਲ ਸਿਆਸੀ ਆਕਾਸ਼ ਤੇ ਨਮੂਦਾਰ ਹੋਇਆ ਉਹ ਇਕ ਨਵਾਂ ਸਿਤਾਰਾ ਹੈ ਜੋ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਿਆ ਹੈ। ਇਹ ਅੱਜ ਤੋਂ ਕਈ ਸਾਲ ਪਹਿਲਾਂ ਪੰਜਾਬ ਵਿਚ ਹੋ ਜਾਣਾ ਚਾਹੀਦਾ ਸੀ ਕਿਉਂਕਿ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਉਸ ਦੀ ਜਨਮ ਭੂਮੀ ਤੇ ਇਹ ਸ਼ਰਧਾਂਜਲੀ ਬਹੁਤ ਪਹਿਲਾਂ ਦੇ ਦਿਤੀ ਜਾਣੀ ਚਾਹੀਦੀ ਸੀ।
Charanjeet Singh Channi
ਪਰ ਜਦ ਇਨਸਾਨ ਕੁਦਰਤ ਦਾ ਕਹਿਣਾ ਨਹੀਂ ਮੰਨਦਾ ਤਾਂ ਕੁਦਰਤ ਅਪਣੀ ਕਰਾਮਾਤ ਆਪ ਵਿਖਾ ਦੇਂਦੀ ਹੈ। ਕਾਂਗਰਸ ਹਾਈਕਮਾਂਡ ਵਾਲੇ ਤਾਂ ਪੰਜਾਬ ਵਿਚ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਆਏ ਸਨ ਪਰ ਤਿੰਨ ਮਹੀਨੇ ਲਗਾਤਾਰ ਪੰਜਾਬ ਦੇ ਵਿਧਾਇਕਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਵੀ ਉਹ ਅਪਣੇ ਵਿਧਾਇਕਾਂ ਦੀ ਨਬਜ਼ ਨਾ ਟਟੋਲ ਸਕੇ ਤੇ ਫਿਰ ਮੈਂ ਮੈਂ ਦੀਆਂ ਅਵਾਜ਼ਾਂ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰਾਂ ਵਲੋਂ ਉਠਣੀਆਂ ਸ਼ੁਰੂ ਹੋ ਗਈਆਂ। ਕਾਂਗਰਸ ਹਾਈਕਮਾਨ ਨੇ ਇਸ ਦੌੜ ਨੂੰ ਸਮਝਦੇ ਹੋਏ ਵਿਧਾਇਕਾਂ ਤੋਂ ਨਾਮ ਪੁਛਣੇ ਸ਼ੁਰੂ ਕੀਤੇ ਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਉਭਰ ਆਇਆ ਅਤੇ ਸੋਨੀਆ ਗਾਂਧੀ ਨੇ ਉਨ੍ਹਾਂ ਨਾਲ ਗੱਲ ਤਕ ਕਰ ਲਈ।
Sukhjinder Singh Randhawa
ਪਰ ਫਿਰ ਇਕ ਗੁਗਲੀ ਪਾਈ ਗਈ ਤੇ ਦਲਿਤ ਵੋਟ ਬੈਂਕ ਨੂੰ ਖ਼ੁਸ਼ ਕਰਨ ਵਾਸਤੇ ਇਕ ਦਲਿਤ ਦਾ ਨਾਮ ਵਰਤਣ ਦਾ ਖ਼ਿਆਲ, ਬਾਕੀ ਸੱਭ ਕੁੱਝ ਪਿਛੇ ਛੱਡ ਗਿਆ। ਸਹੁੰ ਚੁਕਣ ਤੋਂ ਪਹਿਲਾਂ ਹੀ ਹਰੀਸ਼ ਰਾਵਤ ਨੇ ਇਹ ਆਖ ਦਿਤਾ ਸੀ ਕਿ ਅਗਲੀਆਂ ਚੋਣਾਂ ਸਿੱਧੂ ਦੇ ਨਾਮ ਤੇ ਲੜੀਆਂ ਜਾਣਗੀਆਂ। ਹਰੀਸ਼ ਰਾਵਤ ਪੰਜਾਬ ਦੇ ਇੰਚਾਰਜ ਤਾਂ ਹਨ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਬੜੀ ਕਮਜ਼ੋਰ ਰਹੀ ਹੈ ਤੇ ਸ਼ਾਇਦ ਇਹੀ ਕਾਰਨ ਹੈ ਕਿ ਉਹ ਅਪਣੇ ਸੂਬੇ ਵਿਚ ਵੀ ਅਪਣੇ ਪੈਰ ਪੱਕੇ ਨਹੀਂ ਕਰ ਸਕੇ।
ਪਿਛਲੇ ਕਾਫ਼ੀ ਅਰਸੇ ਤੋਂ ਉਹ ਬੇਵਕਤੀ ਬਿਆਨ ਦੇ ਦੇ ਕੇ ਕਾਂਗਰਸ ਵਿਚ ਨਵੀਂ ਤੋਂ ਨਵੀਂ ਤਰਥੱਲੀ ਮਚਾਉਂਦੇ ਆ ਰਹੇ ਹਨ। ਕਦੇ ਨਵਜੋਤ ਸਿੱਧੂ, ਕਦੇ ਕੈਪਟਨ ਅਮਰਿੰਦਰ ਸਿੰਘ, ਕਦੇ ਸੁਖਜਿੰਦਰ ਰੰਧਾਵਾ। ਪਰ ਜੇ ਉਨ੍ਹਾਂ ਵਲੋਂ ਕਦੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੁੰਦਾ ਤਾਂ ਇਹ ਚਿਹਰਿਆਂ ਦੀ ਸਿਆਸਤ ਨਾ ਹੋ ਕੇ ਕੰਮ ਦੀ ਸਿਆਸਤ ਹੁੰਦੀ। ਇਸ ਤਰ੍ਹਾਂ ਕਾਂਗਰਸ ਦੀ ਸਿਆਸਤ, ਚਿਹਰਿਆਂ ਦੁਆਲੇ ਹੀ ਨਾ ਘੁੰਮਦੀ ਸਗੋਂ ਕੰਮ ਦੁਆਲੇ ਵੀ ਘੁੰਮਣ ਲਗਦੀ।
Navjot Singh Sidhu
ਸਾਫ਼ ਹੈ ਕਿ ਕਾਂਗਰਸ ਹਾਈਕਮਾਂਡ ਹਰ ਵਾਰ ਫ਼ੇਲ੍ਹ ਹੁੰਦੀ ਆ ਰਹੀ ਹੈ। ਜੇ ਨਵਜੋਤ ਸਿੰਘ ਨੂੰ ਕਾਬਲ ਆਗੂ ਮੰਨਦੇ ਹੋ ਤਾਂ ਅੱਜ ਤੋਂ ਹੀ ਤਬਦੀਲੀ ਕਿਉਂ ਨਹੀਂ? ਜੇ ਇਹ ਸਾਰੀ ਉਥਲ ਪੁਥਲ ਸਿਰਫ਼ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਲਈ ਹੀ ਸੀ ਤਾਂ ਫਿਰ ਉਨ੍ਹਾਂ ਤੇ ਪੂਰਾ ਵਿਸ਼ਵਾਸ ਕਰਦੇ। ਅੱਜ ਹੀ ਮੁੱਖ ਮੰਤਰੀ ਬਣਾਉਣ ਦੀ ਹਿੰਮਤ ਹੋਣੀ ਚਾਹੀਦੀ ਸੀ। ਹਰੀਸ਼ ਰਾਵਤ ਦੀ ਅਗਵਾਈ ਤੇ ਪਿਛਲੇ ਪਾਸਿਉਂ ਤਾਰਾਂ ਹਿਲਾਉਣ ਵਾਲੇ ਆਗੂਆਂ ਸਦਕੇ ਅੱਜ ਸੱਭ ਨਾਲ ਹੀ ਮਾੜਾ ਹੋਇਆ ਹੈ। ਇਸ ਸਦਕੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਅੰਦਰ ਦਰਾੜਾਂ ਵਧਣਗੀਆਂ ਹੀ ਵਧਣਗੀਆਂ।
Charanjit Singh Channi
ਹਾਲ ਦੀ ਸਚਾਈ ਇਹੀ ਹੈ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਮੋਹਰਾ ਬਣਾ ਕੇ ਵਰਤਣ ਦੀ ਸੋਚ ਰਖਣ ਵਾਲੇ, ਬਹੁਤੇ ਖੁਸ਼ ਨਾ ਹੋਣ। ਚਰਨਜੀਤ ਚੰਨੀ ਇਕ ਛੁਪੇ ਰੁਸਤਮ ਸਾਬਤ ਹੋ ਸਕਦੇ ਹਨ। ਜਿਸ ਤਰ੍ਹਾਂ ਉਨ੍ਹਾਂ ਨੇ ਇਕ ਬਿਲਕੁਲ ਬੰਦ ਪਏ ਤਕਨੀਕੀ ਸਿਖਿਆ ਮਹਿਕਮੇ ਨੂੰ ਨਵਾਂ ਜੀਵਨ ਦਿਤਾ ਹੈ ਤੇ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲੇ ਭਾਸ਼ਣ ਵਿਚ ਪੰਜਾਬੀਆਂ ਨੂੰ ਸੰਬੋਧਨ ਕੀਤਾ ਹੈ, ਸਾਫ਼ ਹੈ ਕਿ ਉਹ ਬਦਲਾਅ ਵਾਸਤੇ ਉਤਾਵਲੇ ਹਨ। ਜੋ ਬਗ਼ਾਵਤ ਮੁੱਦਿਆਂ ਨੂੰ ਲੈ ਕੇ, ਕਾਂਗਰਸ ਦੇ ਅੰਦਰੋਂ ਸ਼ੁਰੂ ਹੋਈ ਸੀ, ਚੰਨੀ ਉਸ ਦੇ ਮੋਢੀ ਸਨ ਅਤੇ ਅਪਣੇ ਸਾਥੀਆਂ ਨਾਲ ਆਖ਼ਰੀ ਮੌਕੇ ਤਕ ਖੜੇ ਰਹੇ। ਜੇ ਉਹ ਮੁੱਦਿਆਂ ਦੀ ਲੜਾਈ ਨੂੰ ਅੱਗੇ ਲਿਜਾ ਕੇ ਲੋਕਾਂ ਨੂੰ ਜਿੱਤ ਸਕੇ ਤਾਂ ਇਨ੍ਹਾਂ ਨੂੰ ਪਿਛੇ ਕਰਨਾ ਮੁਮਕਿਨ ਨਹੀਂ ਹੋਵੇਗਾ। ਬਾਬੇ ਨਾਨਕ ਦੇ ਬਰਾਬਰੀ ਦੇ ਫ਼ਲਸਫ਼ੇ ਦੀ ਸਾਰਥਕਤਾ ਦਾ ਇਕ ਝਲਕਾਰਾ ਅੱਜ ਪੰਜਾਬ ਦੀ ਸਿਆਸਤ ਵਿਚ ਚੁਕਿਆ ਗਿਆ ਹੈ।
-ਨਿਮਰਤ ਕੌਰ