
ਲੰਡਨ ਵਿਚ ਮਹਾਰਾਣੀ ਐਲਿਜ਼ਬੈਥ ਦੇ ਅੰਤਮ ਸੰਸਕਾਰਾਂ ਤੇ ਤੈਨਾਤ ਪੁਲਿਸ ਨੂੰ ਲਾਈਸੈਸਟਰ ਬੁਲਾਇਆ ਗਿਆ।...........
ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇ ਬਾਅਦ ਵਿਦੇਸ਼ਾਂ ਵਿਚ ਬੈਠੇ ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਵਿਚਕਾਰ ਖਹਿਬਾਜ਼ੀ ਵਧਦੀ ਗਈ ਤੇ ਇਹ ਹਿੰਦੂ ਮੁਸਲਮਾਨ ਦੰਗਿਆਂ ਵਿਚ ਤਬਦੀਲ ਹੋ ਗਈ। ਹਿੰਦੂਆਂ ਵਲੋਂ ਜੈ ਸ਼੍ਰੀ ਰਾਮ ਅਤੇ ਵੰਦੇ ਮਾਤਰਮ ਦੇ ਨਾਹਰੇ ਲਗਾਉਂਦਾ ਇਕ ਮਾਰਚ ਕਢਿਆ ਗਿਆ ਅਤੇ ਦੂਜੇ ਪਾਸਿਉਂ ਫਿਰ ਉਸੇ ਤਰ੍ਹਾਂ ਦਾ ਜਵਾਬ ਦਿਤਾ ਗਿਆ। ਲੰਡਨ ਵਿਚ ਮਹਾਰਾਣੀ ਐਲਿਜ਼ਬੈਥ ਦੇ ਅੰਤਮ ਸੰਸਕਾਰਾਂ ਤੇ ਤੈਨਾਤ ਪੁਲਿਸ ਨੂੰ ਲਾਈਸੈਸਟਰ ਬੁਲਾਇਆ ਗਿਆ। ਇਕ ਪਾਸੇ ਪੁਲਿਸ ਸ਼ਾਂਤੀ ਲਿਆਉਣ ਦਾ ਯਤਨ ਕਰ ਰਹੀ ਸੀ ਤੇ ਪਿਛੇ ਇਕ ਸ਼ਖ਼ਸ ਮੰਦਰ ਤੇ ਚੜ੍ਹ ਕੇ ਝੰਡਾ ਉਤਾਰ ਰਿਹਾ ਸੀ। ਰਾਸ਼ਟਰਪਤੀ ਮੁਰਮੂ ਨਵੇਂ ਬਰਤਾਨਵੀ ਮਹਾਰਾਜੇ ਨੂੰ ਮਿਲਣ ਲਈ ਲੰਦਨ ਵਿਚ ਸਨ ਤੇ ਦੇਸ਼ ਦੇ ਪ੍ਰਵਾਸੀ ਨੌਜਵਾਨ ਦੇਸ਼ ਦੇ ਨਾਮ ਤੇ ਦੰਗੇ ਕਰ ਰਹੇ ਸਨ।
ਹਿੰਦੂ ਪ੍ਰੀਸ਼ਦ ਦੀ ਮਹਿਲਾ ਪ੍ਰਧਾਨ ਸਾਧਵੀ ਰੀਤੰਭਰਾ ਜਿਸ ਦਾ ਨਾਮ ਗੁਜਰਾਤ ਦੰਗਿਆਂ ਦੇ ਉਨ੍ਹਾਂ ਮੋਹਰੀਆਂ ਵਿਚ ਆਇਆ ਸੀ। ਜਿਨ੍ਹਾਂ ਦੇਸ਼ ਨੂੰ ਅੱਗ ਲਾਉਣ ਦਾ ਯਤਨ ਕੀਤਾ ਸੀ (ਪਰ ਸਾਲਾਂ ਬਾਅਦ ਸਬੂਤਾਂ ਦੀ ਕਮੀ ਕਾਰਨ ਅਦਾਲਤ ਨੇ ਬਰੀ ਕਰ ਦਿਤਾ ਸੀ) ਵੀ ਇੰਗਲੈਂਡ ਜਾਣ ਦੀ ਤਿਆਰੀ ਵਿਚ ਸੀ ਪਰ ਉਥੋਂ ਦੇ ਇਕ ਸਾਂਸਦ ਦੇ ਵਿਰੋਧ ਕਾਰਨ ਉਹ ਨਹੀਂ ਸੀ ਜਾ ਸਕੀ। ਪਰ ਉਹ ਅਮਰੀਕਾ ਵਿਚ ਮੁਸਲਮਾਨਾਂ ਵਿਰੁਧ ਬੋਲ ਕੇ ਪੈਸਾ ਇਕੱਠਾ ਕਰਦੀ ਆ ਰਹੀ ਹੈ ਤੇ ਜੇ ਲਾਈਸੈਸਟਰ ਪਹੁੰਚ ਜਾਂਦੀ ਤਾਂ ਹਾਲਤ ਬਹੁਤ ਹੀ ਦਰਦਨਾਕ ਤੇ ਸ਼ਰਮਨਾਕ ਬਣ ਜਾਂਦੀ।
ਜੋ ਰੀਪੋਰਟਾਂ ਤੇ ਵੀਡੀਉ ਸਾਹਮਣੇ ਆ ਰਹੇ ਹਨ, ਉਨ੍ਹਾਂ ਵਿਚ ਇਸ ਐਤਵਾਰ ਹਿੰਦੂ ਨੌਜਵਾਨਾਂ ਨੇ ਨਾਹਰੇ ਮਾਰਦਿਆਂ, ਮਸਜਿਦ ਦੇ ਅੱਗੇ ਜਾ ਕੇ ਇਕ ਮਾਰਚ ਕਢਿਆ। ਜੇ ਉਹ ਅਪਣੇ ਦੇਸ਼ ਦਾ ਨਾਮ ਉਜਾਗਰ ਕਰ ਰਹੇ ਹੁੰਦੇ ਜਾਂ ਹਿੰਦੂ ਧਰਮ ਦੀ ਸ਼ਾਨ ਵਿਚ ਮਾਰਚ ਕੱਢ ਰਹੇ ਹੁੰਦੇ ਤਾਂ ਉਹ ਅਪਣੇ ਮੂੰਹ ਢੱਕ ਕੇ ਇਹ ਕੰਮ ਨਾ ਕਰਦੇ। ਪਰ ਉਹ ਸ਼ਾਇਦ ਜਾਣਦੇ ਸਨ ਕਿ ਉਹ ਦੰਗੇ ਤੇ ਨਫ਼ਰਤ ਪੈਦਾ ਕਰਨ ਦਾ ਕੰਮ ਇੰਗਲੈਂਡ ਵਿਚ ਕਰ ਰਹੇ ਹਨ ਅਤੇ ਜੇ ਪਛਾਣੇ ਜਾਂਦੇ ਹਨ ਤਾਂ ਬਰਤਾਨਵੀ ਸਰਕਾਰ ਵਲੋਂ ਉਨ੍ਹਾਂ ਨੂੰ ਵਾਪਸ ਭੇਜ ਦਿਤਾ ਜਾਵੇਗਾ। ਉਹ ਜਾਣਦੇ ਸਨ ਕਿ ਹਾਲਾਤ ਕੀ ਬਣ ਰਹੇ ਹਨ ਪਰ ਫਿਰ ਵੀ ਨਫ਼ਰਤ ਦੀ ਬੇੜੀ ਤੇ ਸਵਾਰ ਸਨ ਤੇ ਮੁਸਲਿਮ ਫ਼ੋਬੀਆ ਦੇ ਗਹਿਰੇ ਪਾਣੀਆਂ ਵਿਚ ਠਿਲ੍ਹ ਚੁੱਕੇ ਸਨ।
ਇਕ ਤਾਂ ਕ੍ਰਿਕਟ ਦੇ ਮਿੱਟੀ ਦੇ ਪੈਰਾਂ ਵਾਲਿਆਂ ਨੂੰ ਰੱਬ ਮੰਨਣ ਦੀ ਬੀਮਾਰੀ ਜੋ ਇਸ ਦੇਸ਼ ਨੂੰ ਲੱਗੀ ਹੋਈ ਹੈ, ਉਸ ਦਾ ਇਲਾਜ ਪਤਾ ਨਹੀਂ ਕੀ ਕਰਨਾ ਪਵੇਗਾ। ਕਬੱਡੀ ਦੇ ਖਿਡਾਰੀਆਂ ਨੂੰ ਯੂ.ਪੀ. ਵਿਚ ਗੁਸਲਖ਼ਾਨਿਆਂ ਵਿਚ ਖਾਣਾ ਖੁਆਇਆ ਗਿਆ ਤਾਂ ਕ੍ਰਿਕਟ ਦੇ ਪਿਛੇ ਅਪਣੀ ਜ਼ਿੰਦਗੀ ਦਾਅ ਤੇ ਲਗਾਉਣ ਵਾਲੇ ਦੇਸ਼ ਨਾਲ ਸਮਝਦਾਰੀ ਵਾਲੀ ਗੱਲ ਕਿਸ ਤਰ੍ਹਾਂ ਕੀਤੀ ਜਾਵੇ? ਇਸ ਨਫ਼ਰਤ ਨੂੰ ਸਾਧਵੀ ਰੀਤੰਭਰਾ ਵਰਗੇ ਲੋਕ, ਭਾਰਤ-ਪਾਕਿਸਤਾਨ ਤੇ ਹਿੰਦੂ ਮੁਸਲਮਾਨ ਖ਼ਾਨਾਜੰਗੀ ਵਿਚ ਤਬਦੀਲ ਕਰਨ ਵੇਲੇ ਇਹ ਨਹੀਂ ਸੋਚਦੇ ਕਿ ਉਹ ਅਪਣੇ ਹੀ ਦੇਸ਼ ਦਾ ਨੁਕਸਾਨ ਕਰ ਰਹੇ ਹਨ।
ਪਿਛਲੀ ਵਾਰ ਨੂਪੁਰ ਸ਼ਰਮਾ ਕਾਰਨ ਉਪ ਰਾਸ਼ਟਰਪਤੀ ਵਿਦੇਸ਼ੀ ਦੌਰੇ ਸਮੇਂ ਸ਼ਰਮਿੰਦਾ ਹੋ ਕੇ ਆਏ ਸਨ ਤੇ ਇਸ ਵਾਰ ਰਾਸ਼ਟਰਪਤੀ ਮੁਰਮੂ ਦਾ ਸਿਰ ਵੀ ਝੁਕਿਆ ਹੋਵੇਗਾ। ਜੇ ਇਹ ਇੰੰਗਲੈਂਡ ਨਾ ਹੁੰਦੇ ਤੇ ਕੋਈ ਮੁਸਲਮਾਨ ਦੇਸ਼ ਜਾਂ ਅਮਰੀਕਾ ਹੁੰਦਾ ਤਾਂ ਇਹ ਗੱਲ ਅਖ਼ਬਾਰਾਂ ਵਿਚ ਜ਼ਰੂਰ ਆਉਂਦੀ। ਅਸੀ ਦੇਸ਼ ਦੇ ਨੌਜਵਾਨਾਂ ਅੰਦਰ ਨਫ਼ਰਤ ਪਨਪਦੀ ਵੇਖਦੇ ਹਾਂ ਤੇ ਸੋਚਦੇ ਹਾਂ ਕਿ ਇਹ ਬੇਰੁਜ਼ਗਾਰੀ ਕਾਰਨ ਇਸ ਪਾਸੇ ਜਾ ਰਹੇ ਹਨ ਪਰ ਜੇ ਵਿਦੇਸ਼ਾਂ ਵਿਚ ਅਪਣੀਆਂ ਪੁਸ਼ਤੈਨੀ ਜ਼ਮੀਨਾਂ ਵੇਚ ਕੇ ਗਏ ਨੌਜਵਾਨ ਵੀ ਇਸ ਨਫ਼ਰਤ ਦਾ ਝੰਡਾ ਚੁਕ ਰਹੇ ਹਨ ਤਾਂ ਫਿਰ ਇਸ ਦਾ ਮਤਲਬ ਕੀ ਲਿਆ ਜਾਵੇ?
ਕੀ ਸਾਡੇ ਨੌਜਵਾਨਾਂ ਦੇ ਮਨਾਂ ਅੰਦਰ ਸਿਆਸਤਦਾਨਾਂ ਨੇ ਅਜਿਹੀ ਨਫ਼ਰਤ ਦੇ ਬੀਜ ਬੀਜ ਦਿਤੇ ਹਨ ਕਿ ਆਉਣ ਵਾਲੇ ਸਮਿਆਂ ਵਿਚ ਲੋਕ ਤਾਲਿਬਾਨ ਤੋਂ ਨਹੀਂ ਬਲਕਿ ਹਿੰਦੁਸਤਾਨ ਦੇ ਨੌਜਵਾਨਾਂ ਤੋਂ ਡਰਿਆ ਕਰਨਗੇ? ਕੀ ਉਨ੍ਹਾਂ ਨੂੰ ਵੇਦਾਂ ਤੇ ਗ੍ਰੰਥਾਂ ਵਿਚ ਭਗਵਾਨਾਂ ਦੀ ਸਿਖਿਆ ਨਾਲੋਂ ਜ਼ਿਆਦਾ ਕ੍ਰਿਕਟ ਦੇ ‘ਰੱਬਾਂ’ ਦੀ ਗੱਲ ਜਾਂ ਨਫ਼ਰਤ ਉਗਲਦੇ ਸਿਆਸਤਦਾਨਾਂ ਦੀ ਗੱਲ ਮੰਨਣੀ ਜ਼ਿਆਦਾ ਸਹੀ ਲਗਦੀ ਹੈ? ਹਿੰਦੂ ਧਰਮ ਨੂੰ ਮੰਨਣ ਵਾਲਿਆਂ ਤੇ ਨੌਜਵਾਨਾਂ ਨੂੰ ਸਹੀ ਰਸਤੇ ਲਿਆਉਣ ਦੀ ਜ਼ਿੰਮੇਵਾਰੀ ਭਾਰਤ ਦੇ ਵੱਡੇ ਲੀਡਰਾਂ ਦੀ ਬਣਦੀ ਹੈ ਕਿਉਂਕਿ ਜਦ ਨੌਜਵਾਨ ਵਿਦੇਸ਼ੀ ਜੇਲਾਂ ਵਿਚ ਜਾਣਗੇ ਤਾਂ ਉਨ੍ਹਾਂ ਨੂੰ ਤਾਂ ਬਚਾਉਣ ਵਾਸਤੇ ਹੋਰ ਕੋਈ ਅੱਗੇ ਨਹੀਂ ਆਵੇਗਾ।
-ਨਿਮਰਤ ਕੌਰ