
ਖ਼ਬਰਾਂ ਹਨ ਕਿ ਅਕਾਲ ਤਖ਼ਤ ਉਤੇ ਬੈਠਣ ਵਾਲੇ ਅੱਜ ਪਹਿਲ ਉਨ੍ਹਾਂ ਨੂੰ ਦੇ ਰਹੇ ਹਨ ਜਿਨ੍ਹਾਂ ਨੇ ਔਰਤਾਂ ਦੀ ਪੱਤ ਲੁੱਟੀ ਤੇ ਉਨ੍ਹਾਂ ਬਾਰੇ ਗੱਲ ਠੰਢੇ ਬਸਤੇ ਵਿਚ ਸੁਟ ਰਹੇ...
ਖ਼ਬਰਾਂ ਹਨ ਕਿ ਅਕਾਲ ਤਖ਼ਤ ਉਤੇ ਬੈਠਣ ਵਾਲੇ ਅੱਜ ਪਹਿਲ ਉਨ੍ਹਾਂ ਨੂੰ ਦੇ ਰਹੇ ਹਨ ਜਿਨ੍ਹਾਂ ਨੇ ਔਰਤਾਂ ਦੀ ਪੱਤ ਲੁੱਟੀ ਤੇ ਉਨ੍ਹਾਂ ਬਾਰੇ ਗੱਲ ਠੰਢੇ ਬਸਤੇ ਵਿਚ ਸੁਟ ਰਹੇ ਹਨ ਜਿਨ੍ਹਾਂ ਉਤੇ ਔਰਤ ਦਾ ਅਪਮਾਨ ਕਰਨ ਦੀ ਕੋਈ ਊਜ ਨਹੀਂ ਲਗਦੀ। ਬਾਬਾ ਨਾਨਕ ਨੇ ਗ੍ਰਹਿਸਥ ਨੂੰ ਪੂਰਾ ਸਤਿਕਾਰ ਦਿਤਾ ਹੈ, ਅਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਅਪਣੀਆਂ ਪਤਨੀਆਂ ਨਾਲ ਬੇਵਫ਼ਾਈ, ਔਰਤਾਂ ਦਾ ਚੀਜ਼ਾਂ ਵਾਂਗ ਇਸਤੇਮਾਲ ਕੋਈ ਛੋਟਾ ਜਾਂ ਆਮ ਜਿਹਾ ਗੁਨਾਹ ਨਹੀਂ ਹੁੰਦਾ।
Joginder Singh
ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਸ. ਜੋਗਿੰਦਰ ਸਿੰਘ (ਬਾਨੀ ਸੰਪਾਦਕ ਰੋਜ਼ਾਨਾ ਸਪੋਕਸਮੈਨ), ਪ੍ਰੋ. ਦਰਸ਼ਨ ਸਿੰਘ ਨੇ ਤਾਂ ਅਪਣੀਆਂ ਜੀਵਨ-ਸਾਥਣਾਂ ਦਾ ਪੂਰਾ ਸਤਿਕਾਰ ਕੀਤਾ, ਅਪਣੇ ਜੀਵਨ ਵਿਚ ਔਰਤਾਂ ਦਾ ਸਨਮਾਨ ਕੀਤਾ, ਸੱਚ ਲਿਖਣ ਦੀ ਤਾਕਤ ਰੱਖੀ, ਫਿਰ ਉਨ੍ਹਾਂ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਚੁੱਪੀ ਕਿਉਂ ਧਾਰ ਜਾਂਦੇ ਹਨ? ਪਿਛਲੇ ਜਥੇਦਾਰ ਨੇ ਤਾਂ ਆਪ ਸਪੋਕਸਮੈਨ ਦੇ ਬਾਨੀ ਨੂੰ ਟੈਲੀਫ਼ੋਨ ਕਰ ਕੇ ਕਿਹਾ, ''ਚਲੋ ਹੁਣ ਪੰਥ ਦੀ ਖ਼ਾਤਰ ਮਾਮਲਾ ਖ਼ਤਮ ਕਰੋ। ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਤੁਹਾਡੇ ਨਾਲ ਇਸ ਗੱਲ ਦੀ ਖ਼ਾਰ ਇਕ ਜਥੇਦਾਰ ਨੇ ਕੱਢੀ ਸੀ ਕਿ ਤੁਸੀ ਕਾਲਾ ਅਫ਼ਗਾਨਾ ਨੂੰ ਕਿਉਂ ਛਾਪਦੇ ਸੀ।''
Gurbaksh Singh Kala Afghana
ਕੀ ਉਸ ਜਥੇਦਾਰ ਦਾ ਕਿਹਾ ਅੱਜ ਦੇ ਜਥੇਦਾਰ ਨੂੰ ਪ੍ਰਵਾਨ ਨਹੀਂ? ਇਸ ਤਰ੍ਹਾਂ ਕੀ ਅਕਸ ਬਣਾ ਰਹੇ ਨੇ ਅਪਣੇ 'ਤਖ਼ਤ' ਦਾ, ਸਾਡੇ ਅੱਜ ਦੇ 'ਜਥੇਦਾਰ'? ਬੇਕਸੂਰਾਂ ਦਾ ਕਸੂਰ ਕੀ ਦਸਦੇ ਹਨ ਅੱਜ ਦੇ ਜਥੇਦਾਰ? ਇਹੀ ਕਿ ਉਨ੍ਹਾਂ ਨੇ ਬਾਬੇ ਨਾਨਕ ਦੀਆਂ ਲਿਖਤਾਂ ਮੁਤਾਬਕ ਅਪਣੀ ਬੁੱਧੀ ਦਾ ਇਸਤੇਮਾਲ ਕਿਉਂ ਕੀਤਾ ਅਤੇ ਸਵਾਲ ਕਿਉਂ ਚੁਕਿਆ ਜਿਸ ਨਾਲ ਸੱਚੀ ਸੁੱਚੀ ਸਿੱਖੀ ਦੀ ਸੋਚ ਮਿਟ ਨਾ ਜਾਵੇ। ਜਦ ਬਾਬਾ ਨਾਨਕ ਨੇ ਆਖਿਆ ਸੀ ਕਿ ਰੱਬ ਅਤੇ ਇਨਸਾਨ ਦੇ ਦਰਮਿਆਨ ਕੋਈ ਪੁਜਾਰੀ ਨਹੀਂ ਆ ਸਕਦਾ, ਅਤੇ ਕਿਸੇ ਇਨਸਾਨ ਅੱਗੇ ਨਹੀਂ ਝੁਕਣਾ ਤਾਂ ਉਸ ਦੇ ਸਿੱਖਾਂ ਨੇ ਇਹੀ ਕੁੱਝ ਕਰ ਕੇ ਕੀ ਗੁਨਾਹ ਕਰ ਦਿਤਾ?
Darshan Singh
ਨਾ ਕਿਸੇ ਸਿਆਸਤਦਾਨ ਤੇ ਨਾ ਕਿਸੇ ਗ੍ਰੰਥੀ ਤੋਂ ਮਾਫ਼ੀ ਮੰਗੀ, ਦੌਲਤ ਦੇ ਬੇਅੰਤ ਲਾਲਚ ਠੁਕਰਾ ਕੇ ਵੀ ਸਿੱਖੀ ਸਿਧਾਂਤ ਨਾਲ ਖੜੇ ਰਹੇ। ਫਿਰ ਗ਼ਲਤ ਕੌਣ ਹੈ, ਉਹ ਪੁਜਾਰੀ ਤੇ ਸਿਆਸਤਦਾਨ ਜੋ ਇਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਹਿੰਦੇ ਰਹੇ ਹਨ ਜਾਂ ਇਹ? ਕੀ ਲੰਗਾਹ ਸਿੱਖ ਅਖਵਾਉਣ ਦਾ ਹੱਕਦਾਰ ਹੈ ਜਾਂ ਇਹ ਲੋਕ? ਮਾਮਲਾ ਮਾਫ਼ ਕਰਨ ਦਾ ਨਹੀਂ, ਅਪਣੀ ਗ਼ਲਤੀ ਉਸ ਤਰ੍ਹਾਂ ਹੀ ਸੁਧਾਰਨ ਦਾ ਹੈ ਜਿਵੇਂ ਜਥੇਦਾਰ ਟੌਹੜਾ ਨੇ ਗਿ: ਦਿਤ ਸਿੰਘ ਵਿਰੁਧ ਪੁਜਾਰੀਆਂ ਦਾ ਹੁਕਮਨਾਮਾ ਗੱਜ ਵੱਜ ਕੇ ਵਾਪਸ ਲਿਆ ਸੀ ਤੇ ਗ਼ਲਤੀ ਮੰਨੀ ਸੀ।
Ucha dar Babe Nanak Da
ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਮਨੁੱਖਤਾ ਵਾਸਤੇ ਅਜਿਹਾ ਮੀਲ ਪੱਥਰ ਹੈ ਕਿ ਸੰਯੁਕਤ ਰਾਸ਼ਟਰ ਵੀ ਉਸ ਦਾ ਸਤਿਕਾਰ ਕਰ ਰਿਹਾ ਹੈ। ਇਸ ਦਿਹਾੜੇ ਦੀ ਆੜ ਵਿਚ ਅਪਣੀਆਂ ਨਿਜੀ ਤੇ ਸਿਆਸੀ ਗ਼ਰਜ਼ਾਂ ਦੀ ਪੂਰਤੀ ਲਈ ਬਾਬੇ ਨਾਨਕ ਦਾ ਨਾਂ ਨਹੀਂ ਵਰਤਣਾ ਚਾਹੀਦਾ! ਜੋ ਕਰਨਾ ਹੈ ਤੇ ਸੱਚ ਨੂੰ ਕਬੂਲ ਕਰ ਕੇ ਨਹੀਂ ਤਾਂ ਕੁੱਝ ਨਾ ਕਰੋ। -ਨਿਮਰਤ ਕੌਰ