
ਪੰਜਾਬ ਦੇ ਸਿਆਸੀ ਉਤਾਰ ਚੜ੍ਹਾਅ ਵਿਚ ਕੁੱਝ ਗੱਲਾਂ ਉਭਰ ਕੇ ਸਾਹਮਣੇ ਆਈਆਂ, ਜੋ ਸ਼ਾਇਦ ਕਦੇ ਪਹਿਲਾਂ ਕਦੇ ਨਹੀਂ ਸਨ ਆਖੀਆਂ ਗਈਆਂ।
ਪੰਜਾਬ ਦੇ ਸਿਆਸੀ ਉਤਾਰ ਚੜ੍ਹਾਅ ਵਿਚ ਕੁੱਝ ਗੱਲਾਂ ਉਭਰ ਕੇ ਸਾਹਮਣੇ ਆਈਆਂ, ਜੋ ਸ਼ਾਇਦ ਕਦੇ ਪਹਿਲਾਂ ਕਦੇ ਨਹੀਂ ਸਨ ਆਖੀਆਂ ਗਈਆਂ। ਜਾਤ ਦੀ ਸਿਆਸਤ ਵੇਖੀ ਹੈ, ਧਰਮ ਦੀ ਸਿਆਸਤ ਵੇਖੀ ਹੈ ਪਰ ਇਸ ਤਰ੍ਹਾਂ ਦੀ ਘਬਰਾਹਟ ਪਹਿਲਾਂ ਕਦੇ ਨਹੀਂ ਵੇਖੀ ਗਈ। ਪੰਜਾਬ ਦੀ ਧਰਤੀ ਦੀ ਖ਼ਾਸੀਅਤ ਇਹ ਸੀ ਕਿ ਇਥੇ ਸੱਭ ਪੰਜਾਬੀ, ਸਿੱਖ ਧਰਮ ਦੇ ਫ਼ਲਸਫ਼ੇ ਨੂੰ ਪਹਿਲ ਤੇ ਸਤਿਕਾਰ ਦਿੰਦੇ ਸਨ। ਭਾਵੇਂ 80ਵੀਆਂ ਦੇ ‘ਅਤਿਵਾਦ’ ਦੇ ਦੌਰ ਵਿਚ ਹਿੰਦੂ ਸਿੱਖਾਂ ਵਿਚ ਦਰਾੜ ਪਾਉਣ ਦਾ ਵੱਡਾ ਯਤਨ ਕੀਤਾ ਗਿਆ ਪਰ ਉਹ ਵੱਡੇ ਪੱਧਰ ਤੇ ਕਾਮਯਾਬ ਨਾ ਹੋ ਸਕਿਆ।
Sikh
ਜਦ ਚੋਣਾਂ ਹੋਈਆਂ ਤਾਂ ਹਰ ਵਾਰ ਪੰਜਾਬ ਵਿਚ ਸਿੱਖ ਨੂੰ ਹੀ ਮੁੱਖ ਮੰਤਰੀ ਬਣਾਇਆ ਗਿਆ, ਇਸ ਕਰ ਕੇ ਨਹੀਂ ਕਿ ਇਹ ਸਿੱਖ ਸੂਬਾ ਹੈ ਸਗੋਂ ਇਸ ਕਰ ਕੇ ਕਿ ਇਥੇ ਕਿਸੇ ਦੂਜੇ ਧਰਮ ਵਾਲੇ ਨੂੰ ਕਦੇ ਇਤਰਾਜ਼ ਹੀ ਨਹੀਂ ਹੋਇਆ। ਇਕ ਸਿੱਖ ਪ੍ਰਧਾਨ ਮੰਤਰੀ ਪੂਰੇ ਦੇਸ਼ ਵਿਚ ਕਈ ਹਿੰਦੂਆਂ ਨੂੰ ਚੁਭਦਾ ਸੀ ਪਰ ਪੰਜਾਬ ਦੀ ਕਹਾਣੀ ਵਖਰੀ ਸੀ। ਅੱਜ ਪੰਜਾਬ ਦੀ ਤਸਵੀਰ ਵੀ ਬਦਲ ਰਹੀ ਹੈ।
Punjab
ਪੰਜਾਬ ਵਿਚ ਇਕ ਦੂਜੇ ਸੂਬੇ ਤੋਂ ਇਥੇ ਆ ਵਸੇ ਗ਼ੈਰ-ਪੰਜਾਬੀ, ਗ਼ੈਰ-ਸਿੱਖ ਉਮੀਦਵਾਰ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਵਿਚਾਰ ਵਟਾਂਦਰੇ ਵਿਚ ਇਕ ਸਵਾਲ ਪੁਛਿਆ ਗਿਆ ਕਿ ਕੀ ਪੰਜਾਬ ਦੇ ਲੋਕ ਕਿਸੇ ਬਾਹਰਲੇ ਨੂੰ ਵੋਟ ਪਾ ਦੇਣਗੇ? ਉਨ੍ਹਾਂ ਦਾ ਜਵਾਬ ਇਹ ਸੀ ਕਿ ਮੈਨੂੰ ਸਿੱਖ ਵੀ ਵੋਟ ਜ਼ਰੂਰ ਪਾਉਣਗੇ ਕਿਉਂਕਿ ਅੱਜ ਹਰ ਪਾਸਿਉਂ ਮੈਨੂੰ ਇਹੀ ਸੁਨੇਹਾ ਆਉਂਦਾ ਹੈ ਕਿ ‘‘ਸਿੱਖਾਂ ਦੇ ਅਪਣੇ ਸਿੱਖ ਲੀਡਰ ਤਾਂ ਸਿੱਖ ਹਿਤਾਂ ਦੀ ਰਾਖੀ ਕਰਨ ਵਿਚ ਨਾਕਾਮ ਹੋਏ ਹਨ ਪਰ ਕੁੱਝ ਗ਼ੈਰ-ਸਿੱਖ ਲਡਰਾਂ ਤੇ ਅਜੇ ਭਰੋਸਾ ਕੀਤਾ ਜਾ ਸਕਦਾ ਹੈ।’’
Sikhs
ਵਿਦੇਸ਼ਾਂ ਵਿਚਲੀਆਂ ਟੀ.ਵੀ. ਚਰਚਾਵਾਂ ਵਿਚ ਵੀ ਇਹੀ ਗੱਲ ਆਖੀ ਜਾ ਰਹੀ ਹੈ। ਹੈਰਾਨੀ ਹੋਈ ਪਰ ਯਕੀਨ ਨਾ ਆਇਆ। ਪਰ ਜਿਵੇਂ-ਜਿਵੇਂ ਅੱਜ ਦੀਆਂ ਸਿਆਸੀ ਸੁਰਾਂ ਉਠ ਰਹੀਆਂ ਹਨ, ਹੁਣ ਸਮਝ ਆ ਰਿਹਾ ਹੈ ਕਿ ਲੋਕਾਂ ਦਾ, ਸਿੱਖ ਆਗੂਆਂ ਤੋਂ ਹੀ ਵਿਸ਼ਵਾਸ ਉਠ ਚੁੱਕਾ ਹੈ। ਅੱਜ ਅਕਾਲੀ ਦਲ ਨੂੰ ਪਹਿਲਾਂ ਦਲਿਤ ਤੇ ਫਿਰ ਹਿੰਦੂ ਚਿਹਰਾ ਕਿਉਂ ਐਲਾਨਣਾ ਪਿਆ? ਇਹ ਪਾਰਟੀ ਥੋੜ੍ਹੇ ਦਿਨ ਪਹਿਲਾਂ ਹੀ ਧਰਮ ਨਿਰਪਖਤਾ ਤੋਂ ਵਾਪਸ ਪੰਥ ਵਲ ਮੁੜੀ ਸੀ ਤੇ ਹੁਣ ਫਿਰ ਇਸ ਨੇ ਇਕ ਵਖਰਾ ਰਸਤਾ ਫੜ ਲਿਆ ਹੈ? ਕਾਂਗਰਸ ਵੀ ਹਿੰਦੂ ਆਗੂਆਂ ਵਾਸਤੇ ਵੱਖ ਅਤੇ ਦਲਿਤਾਂ ਵਾਸਤੇ ਵੱਖ ਕੁਰਸੀਆਂ ਬਣਾ ਰਹੀ ਹੈ।
Parkash Singh Badal
ਇਕ ਪੰਥਕ ਪਾਰਟੀ ਤੇ ਇਕ ਧਰਮ ਨਿਰਪੱਖ ਪਾਰਟੀ ਵਲੋਂ ਇਹ ਨਾਹਰੇ ਮਾਰਨ ਦਾ ਮਤਲਬ ਕੀ ਹੈ? ਇਹੀ ਕਿ ਅੱਜ ਸਿੱਖ ਵੋਟਰਾਂ ਦਾ ਹੀ ਉਨ੍ਹਾਂ ਦੇ ਸਿੱਖ ਆਗੂਆਂ ਉਤੇ ਭਰੋਸਾ ਨਹੀਂ ਰਿਹਾ। ਸੋ ਜੇ ਅੱਜ ਦਲਿਤ ਤੇ ਹਿੰਦੂ, ਸੱਤਾ ਦੀਆਂ ਕੁਰਸੀਆਂ ਅਪਣੇ ਲਈ ਦੋਹਾਂ ਖ਼ੇਮਿਆਂ ਵਿਚ ਰਾਖਵੀਆਂ ਕਰਵਾ ਰਹੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਿਆਸਤ ਵਿਚ ਲਾਲਚੀ ਹੋ ਗਏ ਹਨ। ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਪਾਰਟੀਆਂ ਨੇ ਲੋਕਾਂ ਵਿਚੋਂ ਜ਼ਮੀਨੀ ਪੱਧਰ ਤੇ ਜਾਂਚ ਕਰਵਾਈ ਹੈ ਜੋ ਸੰਕੇਤ ਦੇਂਦੀ ਹੈ ਕਿ ਲੋਕਾਂ ਦਾ ਕਿਸੇ ਵੀ ਸਿੱਖ ਆਗੂ ਤੇ ਵਿਸ਼ਵਾਸ ਨਹੀਂ ਰਹਿ ਗਿਆ। ਇਕ ਵਕਤ ਹੁੰਦਾ ਸੀ ਜਦ ਇਕ ਸਿੱਖ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਉਨ੍ਹਾਂ ਦੀ ਕਾਬਲੀਅਤ ਉਤੇ ਵਿਸ਼ਵਾਸ ਕਰ ਕੇ ਬਣਾਇਆ ਜਾਂਦਾ ਸੀ ਪਰ ਅੱਜ ਜੇ ਸਿੱਖ ਹੀ ਅਪਣੇ ਸਿੱਖ ਆਗੂਆਂ ਤੇ ਵਿਸ਼ਵਾਸ ਕਰਨ ਦੀ ਹਿੰਮਤ ਨਹੀਂ ਵਿਖਾ ਰਹੇ ਤਾਂ ਫਿਰ ਬਾਕੀ ਕਿਸ ਤਰ੍ਹਾਂ ਕਰਨਗੇ?
ਸਿੱਖ ਫ਼ਲਸਫ਼ੇ ਵਿਚ ਦਲਿਤ ਜਾਂ ਕਿਸੇ ਵੀ ਧਰਮ ਵਾਸਤੇ ਪੂਰਾ ਸਤਿਕਾਰ ਤੇ ਬਰਾਬਰੀ ਹੈ ਪਰ ਜੇ ਇਕ ਪੰਥਕ ਪਾਰਟੀ (ਅਕਾਲੀ ਦਲ ਬਾਦਲ) ਨੂੰ ਵੀ ਦਸਣਾ ਪਵੇ ਕਿ ਅਸੀ ਇਨ੍ਹਾਂ ਵਰਗਾਂ ਨੂੰ ਨੁਮਾਇੰਦਗੀ ਦੇਵਾਂਗੇ ਤਾਂ ਕਮਜ਼ੋਰੀ ਉਨ੍ਹਾਂ ਦੇ ਵਿਸ਼ਵਾਸ ਵਿਚ ਨਹੀਂ ਬਲਕਿ ਸਿੱਖ ਆਗੂਆਂ ਵਿਚ ਹੈ। ਹੁਣ ਲਗਦਾ ਹੈ ਕਿ ਉਹ ਗ਼ੈਰ-ਪੰਜਾਬੀ ਤੇ ਗ਼ੈਰ-ਸਿੱਖ ਆਗੂ ਠੀਕ ਹੀ ਕਹਿ ਰਿਹਾ ਹੋਵੇਗਾ ਕਿ ਅੱਜ ਸਿੱਖ ਵੋਟਰ, ਅਪਣੇ ਆਗੂਆਂ ਨੂੰ ਰੱਦ ਕਰ ਕੇ, ਇਕ ਗ਼ੈਰ ਸਿੱਖ ਨੂੰ ਵੀ ਅਪਣੇ ਲਈ ਬਿਹਤਰ ਸਮਝਣ ਲੱਗ ਪਏ ਹਨ। ਕੀ ਅੱਜ ਇਕ ਆਮ ਸੱਚਾ ਸਿੱਖ ਅਪਣੇ ਕਿਸੇ ਵੀ ਸਿੱਖ ਆਗੂ ਦੀ, ਫ਼ਖ਼ਰ ਨਾਲ ਦਿਲੋਂ ਪ੍ਰਸ਼ੰਸ਼ਾ ਕਰ ਸਕਦਾ ਹੈ?
BSP Chief Mayawati
ਸਿੱਖਾਂ ਦੇ ਕਿਰਦਾਰ ਦੀ ਗੱਲ ਕਰਨੀ ਹੋਵੇ ਤਾਂ ਇਤਿਹਾਸ ਵਿਚੋਂ ਕਿਰਦਾਰ ਕੱਢ ਕੇ ਲਿਆਉਣੇ ਪੈਂਦੇ ਹਨ। ਵਿਦੇਸ਼ਾਂ ਵਿਚ ਉਚ ਅਹੁਦਿਆਂ ਤੇ ਸਥਾਪਤ ਸਿੱਖ ਸਿਆਸਤਦਾਨ ਸਾਨੂੰ ਫ਼ਖ਼ਰ ਕਰਨ ਦਾ ਮੌਕਾ ਦੇਂਦੇ ਹਨ ਪਰ ਸਾਡੇ ਦੇਸ਼ ਵਿਚ ਤਾਂ ਸਿੱਖ ਆਗੂਆਂ ਦੇ ਕਿਰਦਾਰ ਨੂੰ ਜਿਵੇਂ ਦੀਮਕ ਚੱਟ ਗਈ ਹੈ। ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਆਮ ਸਿੱਖ ਬੜੀ ਵਧੀਆ ਕਾਰਗੁਜ਼ਾਰੀ ਵਿਖਾ ਰਹੇ ਹਨ ਜਿਸ ਨਾਲ ਸਮੁੱਚੇ ਸਿੱਖ ਜਗਤ ਵਿਚ ਉਨ੍ਹਾਂ ਦਾ ਅਕਸ ਚੰਗਾ ਬਣ ਰਿਹਾ ਹੈ। ਅੱਜ ਰਾਸ਼ਟਰੀ ਅੰਤਰਰਾਸ਼ਟਰੀ ਮੀਡੀਆ ਵਿਚ ਚਰਚਾਵਾਂ ਹੋਈਆਂ ਹਨ ਜਿਥੇ ਸਿੱਖ ਫ਼ਲਸਫ਼ੇ ਦੇ ਸੇਵਾ ਤੇ ਦਸਵੰਧ ਦੇ ਸੰਕਲਪਾਂ ਉਤੇ ਹੋਏ ਅਮਲੀ ਕੰਮਾਂ ਨੂੰ ਵੇਖ ਕੇ ਸਿੱਖਾਂ ਦੀ ਭਰਪੂਰ ਸਿਫ਼ਤ ਹੋ ਰਹੀ ਹੈ। ਇਹ ਦੋ ਅੱਡ-ਅੱਡ ਤਸਵੀਰਾਂ ਕਿਸ ਤਰ੍ਹਾਂ? ਸਿੱਖ ਲੀਡਰਾਂ ਨੂੰ, ਸਿੱਖਾਂ ਅੰਦਰ ਹੀ ਅਪਣੇ ਖ਼ਰਾਬ ਹੋ ਰਹੇ ਅਕਸ ਨੂੰ ਸੁਧਾਰਨ ਲਈ ਕੁੱਝ ਕਰਨਾ ਚਾਹੀਦਾ ਹੈ। -ਨਿਮਰਤ ਕੌਰ