
ਜਿਵੇਂ ਅੱਜ ਵੱਡੇ ਵੱਡੇ ਚੈਨਲ ਵਿਕ ਗਏ ਹਨ ਪਰ ਕੁੱਝ ਔਰਤਾਂ ਅੱਜ ਅਪਣੇ ਲੈਪਟਾਪ ਤੇ ਹੀ ਸੱਚ ਸਾਹਮਣੇ ਲਿਆਉਣ ਵਿਚ ਜੁਟੀਆਂ ਹੋਈਆਂ ਹਨ।
ਵੀਰਦਾਸ ਭਾਰਤ ਦੇ ਇਕ ਬਿਹਤਰੀਨ ਹਾਸਰਸ ਕਲਾਕਾਰ ਨੇ। ਪਿਛਲੇ ਦਿਨੀਂ ਉਹ ਅਮਰੀਕਾ ਗਏ ਤਾਂ ਉਥੋਂ ਦੇ ਕੈਨੇਡੀ ਸੈਂਟਰ ਵਿਚ ਜਾ ਕੇ ਉਨ੍ਹਾਂ ਮਜ਼ਾਕੀਆ ਲਹਿਜੇ ਵਿਚ ਭਾਰਤੀ ਲੋਕਾਂ ਬਾਰੇ ਇਕ ਟਿਪਣੀ ਕੀਤੀ ਜਿਸ ਨੂੰ ਲੈ ਕੇ ਹਾਸਰਸ ਕਲਾਕਾਰ ਉਤੇ ਪਰਚਾ ਦਰਜ ਹੋ ਗਿਆ ਹੈ। ਅੱਜਕਲ ਦੀ ਪ੍ਰਚਲਤ ਪਰਚਾ ਦਰਜ ਕਰਨ ਦੀ ਪ੍ਰਵਿਰਤੀ ਨੂੰ ਜਾਣਦੇ ਹੋਏ ਵੀ ਵੀਰਦਾਸ ਨੇ ਇਹ ਟਿਪਣੀ ਕੀਤੀ ਸੀ ਕਿ ਥੋੜ੍ਹਾ ਚਿਰ ਸੁਰਖ਼ੀਆਂ ਵਿਚ ਰਹਿਣ ਤੋਂ ਬਾਅਦ ਇਹ ਮਾਮਲਾ ਆਪੇ ਖ਼ਤਮ ਹੋ ਜਾਵੇਗਾ।
Vir Das
ਵੀਰਦਾਸ ਨੇ ਸੋਚ ਸਮਝ ਕੇ ਤੇ ਜਾਣ ਬੁਝ ਕੇ ਅਪਣੇ ਆਪ ਲਈ ਇਹ ਮੁਸੀਬਤ ਸਹੇੜੀ ਹੈ ਕਿਉਂਕਿ ਉਹ ਹਾਸਰਸ ਦੇ ਉਸ ਮੁਕਾਮ ਤੇ ਪਹੁੰਚ ਚੁਕੇ ਹਨ ਜਿਥੇ ਉਨ੍ਹਾਂ ਦੇ ਆਖੇ ਦਾ ਅਸਰ ਜ਼ਰੂਰ ਹੁੰਦਾ ਹੈ ਤੇ ਹੋਇਆ ਵੀ ਹੈ। ਵੀਰਦਾਸ ਨੇ ਬੜੇ ਮਜ਼ਾਕੀਆ ਲਹਿਜੇ ਵਿਚ ਦੋ ਭਾਰਤਾਂ ਦੀ ਗੱਲ ਕੀਤੀ ਜਿਸ ਵਿਚ ਉਨ੍ਹਾਂ ਦੇ ਇਸ ਇਕ ਵਾਕ ਨੂੰ ਲੈ ਕੇ ਪਰਚਾ ਵੀ ਦਰਜ ਹੋ ਗਿਆ ਕਿ ਉਹ ਇਕ ਅਜਿਹੇ ਦੇਸ਼ ਤੋਂ ਆਉਂਦੇ ਹਨ ਜਿਥੇ ਦਿਨ ਵਿਚ ਔਰਤ ਦੀ ਪੂਜਾ ਹੁੰਦੀ ਹੈ ਤੇ ਰਾਤ ਨੂੰ ਬਲਾਤਕਾਰ!
vir das
ਪਰਚਾ ਦਰਜ ਕਰਨ ਵਾਲੇ ਨੂੰ ਇਤਰਾਜ਼ ਸ਼ਾਇਦ ਇਸ ਕਥਨ ਦੀ ਸਚਾਈ ਤੇ ਨਹੀਂ ਹੋਵੇਗਾ ਬਲਕਿ ਇਤਰਾਜ਼ ਅਮਰੀਕਾ ਦੇ ਕੈਨੇਡੀ ਹਾਲ ਵਿਚ ਜਾ ਕੇ ਕਹਿਣ ਤੇ ਹੈ ਕਿਉਂਕਿ ਉਥੇ ਕਹੀ ਗਈ ਮਹੱਤਵਪੂਰਨ ਗੱਲ ਮਿੰਟਾਂ ਵਿਚ ਸਾਰੀ ਦੁਨੀਆਂ ਤਕ ਪਹੁੰਚ ਜਾਂਦੀ ਹੈ ਤੇ ਹੁਣ ਦੁਨੀਆਂ ਸੁਣ ਵੀ ਰਹੀ ਹੈ। ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਤਾਂ ਪਹਿਲਾਂ ਹੀ ਭਾਰਤ ਵਲ ਵੇਖ ਰਹੀ ਹੈ। ਦੁਨੀਆਂ ਇਸ ਟਿਪਣੀ ਦੇ ਬਾਅਦ ਸ਼ਾਇਦ ਇਹ ਸੋਚ ਰਹੀ ਹੋਵੇਗੀ ਕਿ ਅਜੇ ਭਾਰਤ ਵਿਚ ਇਨਸਾਨੀਅਤ ਪੂਰੀ ਤਰ੍ਹਾਂ ਮਰੀ ਨਹੀਂ ਅਤੇ ਅੱਜ ਵੀ ਅਜਿਹੇ ਲੋਕ ਮੌਜੂਦ ਹਨ ਜੋ ਭਾਰਤ ਦੀ ਅਸਲੀਅਤ ਤੇ ਵਿਅੰਗ ਕਸ ਕੇ ਇਸ ਵਿਰੁਧ ਲੋਕ-ਰਾਏ ਪੈਦਾ ਕਰ ਰਹੇ ਹਨ।
india
ਵੀਰਦਾਸ ਨੇ ਬੜੇ ਵਧੀਆ ਅੰਦਾਜ਼ ਵਿਚ ਆਖਿਆ ਕਿ ਮੈਂ ਅਜਿਹੇ ਭਾਰਤ ਤੋਂ ਆਉਂਦਾ ਹਾਂ ਜਿਥੇ ਜ਼ਿਆਦਾ ਲੋਕ ਮੀਟ ਨਹੀਂ ਖਾਂਦੇ ਪਰ ਮੈਂ ਅਜਿਹੇ ਭਾਰਤ ਤੋਂ ਵੀ ਆਉਂਦਾ ਹਾਂ ਜਿਥੇ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਨੂੰ ਗੱਡੀ ਥੱਲੇ ਦਰੜਿਆ ਜਾਂਦਾ ਹੈ। ਵੀਰਦਾਸ ਭਾਰਤ ਦੀ ਉਹ ਤਸਵੀਰ ਵਿਖਾਉਂਦਾ ਹੈ ਜੋ ਬਿਲਕੁਲ ਸੱਚੀ ਹੈ ਪਰ ਅਸੀ ਸੱਭ ਕੁੱਝ ਵੇਖ ਕੇ ਵੀ ਕੁੱਝ ਬੋਲ ਨਹੀਂ ਰਹੇ। ਜਿਵੇਂ ਅਸੀ ਅਪਣਾ ਪੈਸਾ ਪ੍ਰਧਾਨ ਮੰਤਰੀ ਦੀ ਐਨ.ਜੀ.ਓ. ਵਿਚ ਪਾ ਰਹੇ ਹਾਂ ਪਰ ਪ੍ਰਧਾਨ ਮੰਤਰੀ ਕੇਅਰ ਫ਼ੰਡ ਸਾਨੂੰ ਉਸ ਪੈਸੇ ਦਾ ਹਿਸਾਬ ਹੀ ਨਹੀਂ ਦਸ ਰਿਹਾ। ਜਿਵੇਂ ਅੱਜ ਵੱਡੇ ਵੱਡੇ ਚੈਨਲ ਵਿਕ ਗਏ ਹਨ ਪਰ ਕੁੱਝ ਔਰਤਾਂ ਅੱਜ ਅਪਣੇ ਲੈਪਟਾਪ ਤੇ ਹੀ ਸੱਚ ਸਾਹਮਣੇ ਲਿਆਉਣ ਵਿਚ ਜੁਟੀਆਂ ਹੋਈਆਂ ਹਨ।
Kangana Ranaut
ਸਾਡੇ ਦੇਸ਼ ਵਿਚ ਸ਼ੋਰ ਬਹੁਤ ਹੈ ਪਰ ਬੋਲਦਾ ਕੋਈ ਨਹੀਂ। ਇਕ ਹੱਦ ਤਕ ਤਾਂ ਹਰ ਦੇਸ਼ ਵਿਚ ਇਸ ਤਰ੍ਹਾਂ ਦੀ ਹਾਲਤ ਵੇਖ ਸਕਦੇ ਹਾਂ ਪਰ ਅੱਜ ਸਾਡੇ ਦੇਸ਼ ਵਿਚ ਦੋ ਰੂਪ ਹਨ-- ਇਕ ਦੂਜੇ ਤੋਂ ਬਹੁਤ ਵਖਰਾ। ਇਸ ਨੂੰ ਸੱਜੀ ਖੱਬੀ ਸੋਚ ਵੀ ਨਹੀਂ ਆਖ ਸਕਦੇ। ਸਾਡੇ ਦੇਸ਼ ਵਿਚ ਇਕ ਵੀਰਦਾਸ ਹੈ ਅਤੇ ਦੂਜੀ ਕੰਗਨਾ ਰਣੌਤ ਹੈ। ਜਿੰਨੇ ਲੋਕ ਵੀਰਦਾਸ ਦੀ ਸਚਾਈ ਨਾਲ ਸਹਿਮਤ ਹਨ, ਉਨੇ ਹੀ ਕੰਗਣਾ ਦੀ ਗ਼ਲਤ ਸੋਚ ਅਤੇ ਨਫ਼ਰਤ ਨਾਲ ਵੀ ਸਹਿਮਤ ਹਨ। ਜਿਥੇ ਵੀਰਦਾਸ ਵਰਗੇ ਨੌਜਵਾਨ ਹਨ ਜੋ ਅਪਣੇ ਦੇਸ਼ ਦੇ ਇਤਿਹਾਸ ਨੂੰ ਮਹਾਨ ਮੰਨਦੇ ਹਨ, ਤੇ ਅਪਣੇ ਦੇਸ਼ ਦੀ 70 ਸਾਲ ਦੀ ਉਮਰ ਦੇ ਸ਼ੁਕਰ ਗੁਜ਼ਾਰ ਹਨ ਕਿਉਂਕਿ ਇਨ੍ਹਾਂ 70 ਸਾਲਾਂ ਨੇ ਹੀ ਸਾਨੂੰ ਅੱਜ ਦੇ ਮੁਕਾਮ ਤੇ ਪਹੁੰਚਾਇਆ ਹੈ।
Kangana Ranaut
ਦੂਜੇ ਪਾਸੇ ਕੰਗਣਾ ਰਣੌਤ ਵਰਗੇ ਨੌਜਵਾਨ ਹਨ ਜੋ ਹੁਣ ਇਹ ਤਕ ਕਹਿਣ ਲੱਗ ਪਏ ਹਨ ਕਿ ਸਾਨੂੰ ਅਸਲ ਆਜ਼ਾਦੀ 2014 ਵਿਚ ਮਿਲੀ ਹੈ ਤੇ 1947 ਵਿਚ ਤਾਂ ਭੀਖ ਹੀ ਮਿਲੀ ਸੀ। ਇਸ ਬਦਦਿਮਾਗ਼ ਔਰਤ ਨੇ ਇੰਦਰਾ ਗਾਂਧੀ ਦੇ ਸੋਹਲੇ ਵੀ ਗਾਏ ਕਿਉਂਕਿ ਉਸ ਨੇ ਸਿੱਖਾਂ ਨੂੰ ‘ਜੁੱਤੀ ਹੇਠ ਦਰੜ ਕੇ’ ਸਹੀ ਸਬਕ ਸਿਖਾਇਆ ਸੀ। ਇਹ ਹਨ ਸਾਡੇ ਦੋ ਭਾਰਤਾਂ ਦੇ ਪ੍ਰਤੀਨਿਧ। ਆਉਣ ਵਾਲੇ ਸਮੇਂ ਵਿਚ ਇਨ੍ਹਾਂ ਵਿਚੋਂ ਇਕ ਭਾਰਤ ਹੀ ਅੱਗੇ ਵਧ ਸਕੇਗਾ।
Kangana Ranaut
ਇਹ ਭਾਰਤ ਦੇ ਆਮ ਇਨਸਾਨ ਤੇ ਨਿਰਭਰ ਕਰਦਾ ਹੈ ਕਿ ਉਹ ਉਸ ਭਾਰਤ ਨੂੰ ਚੁਣੇਗਾ ਜੋ ਅਪਣੀ ਅਸਲੀਅਤ ਨੂੰ ਸਮਝਦੇ ਹੋਏ ਅੱਗੇ ਵਧਣ ਦੇ ਯਤਨ ਕਰੇਗਾ ਜਾਂ ਉਹ ਭਾਰਤ ਚੁਣੇਗਾ ਜੋ ਨਫ਼ਰਤ ਨੂੰ ਅਪਣੀ ਤਾਕਤ ਬਣਾ ਕੇ ਭਾਰਤ ਨੂੰ ਅਜਿਹੀ ਗੁਲਾਮੀ ਦੇ ਰਸਤੇ ਲੈ ਜਾਵੇਗਾ ਜਿਥੇ ਔਰਤਾਂ ਕਿਸੇ ਸਮੇਂ ਸਤੀ ਹੋ ਜਾਣ ਲਈ ਆਪ ਉਤਸੁਕ ਹੁੰਦੀਆਂ ਸਨ।
-ਨਿਮਰਤ ਕੌਰ