
Editorial: ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਵਿਚ ਬੁੱਧਵਾਰ ਸ਼ਾਮੀਂ 13 ਮੁਸਾਫ਼ਰਾਂ ਦੀਆਂ ਜਾਨਾਂ ਜਾਣੀਆਂ ਅਤੇ 15 ਹੋਰਨਾਂ ਦਾ ਜ਼ਖ਼ਮੀ ਹੋਣਾ ਤ੍ਰਾਸਦਿਕ ਘਟਨਾ ਹੈ
ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਵਿਚ ਬੁੱਧਵਾਰ ਸ਼ਾਮੀਂ ਪੁਸ਼ਪਕ ਐਕਸਪ੍ਰੈਸ ਦੇ 13 ਮੁਸਾਫ਼ਰਾਂ ਦੀਆਂ ਜਾਨਾਂ ਜਾਣੀਆਂ ਅਤੇ 15 ਹੋਰਨਾਂ ਦਾ ਜ਼ਖ਼ਮੀ ਹੋਣਾ ਤ੍ਰਾਸਦਿਕ ਘਟਨਾ ਹੈ। ਲਖਨਊ ਤੋਂ ਮੁੰਬਈ ਜਾ ਰਹੀ ਇਸ ਐਕਸਪ੍ਰੈਸ ਗੱਡੀ ਦੇ ਇਕ ਜਨਰਲ ਕੰਪਾਰਟਮੈਂਟ ਨੂੰ ਅੱਗ ਲੱਗਣ ਦੀ ਅਫ਼ਵਾਹ ਕਾਰਨ ਉਸ ਅੰਦਰਲੇ ਮੁਸਾਫ਼ਰਾਂ ਵਿਚ ਸਹਿਮ ਫ਼ੈਲ ਗਿਆ। ਉਨ੍ਹਾਂ ਵਿਚੋਂ ਕਿਸੇ ਨੇ ਜ਼ੰਜੀਰ ਖਿੱਚ ਕੇ ਜਦੋਂ ਗੱਡੀ ਰੁਕਵਾ ਲਈ ਤਾਂ ਕੰਪਾਰਟਮੈਂਟ ਅੰਦਰਲੇ ਖ਼ੌਫ਼ਜਦਾ ਮੁਸਾਫ਼ਰਾਂ ਨੇ ਦਰਵਾਜ਼ਿਆਂ ’ਚੋਂ ਬਾਹਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਬਿਨਾਂ ਇਹ ਦੇਖਿਆਂ ਕਿ ਸਮਾਨੰਤਰ ਪਟੜੀ ’ਤੇ ਦੂਜੇ ਪਾਸਿਓਂ ਕਰਨਾਟਕ ਐਕਸਪ੍ਰੈਸ ਆ ਰਹੀ ਹੈ। ਉਸ ਗੱਡੀ ਦੇ ਰੁਕਣ ਤਕ ਤਕਰੀਬਨ 30 ਮੁਸਾਫ਼ਰ ਉਸ ਦੀ ਜ਼ੱਦ ਵਿਚ ਆ ਗਏ ਅਤੇ ਕੁੱਝ ਕੁ ਦੀਆਂ ਦੇਹਾਂ ਦੇ ਚੀਥੜੇ ਹੋ ਗਏ।
ਇਹ ਸਾਰਾ ਦੁਖਾਂਤ ਵਾਪਰਨ ਵਿਚ ਪੰਜ ਮਿੰਟ ਵੀ ਨਹੀਂ ਲੱਗੇ। ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਥਾਂ ਪੁਸ਼ਪਕ ਅੇਕਸਪ੍ਰੈਸ ਰੁਕੀ, ਉਸ ਤੋਂ ਥੋੜ੍ਹੇ ਜਿਹੇ ਫ਼ਾਸਲੇ ’ਤੇ ਗੋਲਾਈਦਾਰ ਮੋੜ ਹੈ। ਹਾਲਾਂਕਿ ਰੁਕਣ ਵਾਲੀ ਗੱਡੀ ਦੇ ਪਾਇਲਟਾਂ (ਚਾਲਕ ਅਮਲੇ) ਨੇ ਗੱਡੀ ਅਚਨਚੇਤੀ ਰੁਕੀ ਹੋਣ ਦਾ ਸੰਕੇਤ ਦੇਣ ਵਾਲੀਆਂ ਫਲੈਸ਼ ਲਾਈਟਾਂ ਚਾਲੂ ਕੀਤੀਆਂ ਹੋਈਆਂ ਸਨ, ਫਿਰ ਵੀ ਗੋਲਾਈਦਾਰ ਮੋੜ ਹੋਣ ਕਾਰਨ ਦੂਜੀ ਟਰੈਕ ’ਤੇ ਆ ਰਹੀ ਬੰਗਲੌਰ ਐਕਸਪ੍ਰੈਸ ਦਾ ਚਾਲਕ ਅਮਲਾ ਇਹ ਫਲੈਸ਼ਲਾਈਟਾਂ ਨਹੀਂ ਦੇਖ ਸਕਿਆ। ਇਸੇ ਕਰ ਕੇ ਉਸ ਗੱਡੀ ਦੀਆਂ ਬਰੇਕਾਂ ਲਾਉਣ ਵਿਚ ਦੇਰੀ ਹੋਈ। ਕੰਪਾਰਟਮੈਂਟ ਵਿਚੋਂ ਛਾਲਾਂ ਮਾਰ ਕੇ ਉਤਰਨ ਵਾਲੇ ਮੁਸਾਫ਼ਰ ਵੀ ਉਸੇ ਗੋਲਾਈਦਾਰ ਮੋੜ ਕਾਰਨ ਦੂਜੇ ਪਾਸਿਓਂ ਆਉਂਦੀ ਗੱਡੀ ਨਹੀਂ ਦੇਖ ਸਕੇ।
ਰੇਲਵੇ ਬੋਰਡ ਨੇ ਇਸ ਹਾਦਸੇ ਦੇ ਕਾਰਨਾਂ ਦੀ ਭਾਵੇਂ ਜਾਂਚ ਸ਼ੁਰੂ ਕਰਵਾ ਦਿੱਤੀ ਹੈ, ਪਰ ਮੁੱਢਲੇ ਤੌਰ ’ਤੇ ਇਹ ਮੰਨਿਆ ਜਾ ਰਿਹਾ ਹੈ ਕਿ ਕੰਪਾਰਟਮੈਂਟ ਹੇਠਲਾ ਇਕ ਐਕਸਲ ਅਚਾਨਕ ਜਾਮ ਹੋਣ ਕਾਰਨ ਪਹਿਲਾਂ ਜ਼ੋਰਦਾਰ ਝਟਕਾ ਲੱਗਿਆ ਅਤੇ ਫਿਰ ਜਾਮ ਹੋਏ ਚੱਕਿਆਂ ਦੀ ਰਗੜ ਨਾਲ ਟਰੈਕ ਤੋਂ ਚੰਗਿਆੜੇ ਨਿਕਲੇ। ਇਨ੍ਹਾਂ ਚੰਗਿਆੜਿਆਂ ਨੂੰ ਦੇਖ ਕੇ ਕਿਸੇ ਮੁਸਾਫ਼ਰ ਨੂੰ ਜਾਪਿਆ ਕਿ ਕੰਪਾਰਟਮੈਂਟ ਨੂੰ ਅੱਗ ਲੱਗ ਗਈ ਹੈ। ਉਸ ਵਲੋਂ ਰੌਲਾ ਪਾਏ ਜਾਣ ’ਤੇ ਕੰਪਾਰਟਮੈਂਟ ਵਿਚ ਡਰ ਫੈਲ ਗਿਆ ਅਤੇ ਡਰ ਕਾਰਨ ਕਿਸੇ ਨੇ ਜ਼ੰਜੀਰ ਖਿੱਚ ਦਿੱਤੀ। ਰੇਲ ਅਧਿਕਾਰੀ ਮੰਨਦੇ ਹਨ ਕਿ ਕਿਸੇ ਇਕ ਕੰਪਾਰਟਮੈਂਟ ਦਾ ਐਕਸਲ ਜਾਂ ਬਰੇਕਾਂ ਜਾਮ ਹੋਣ ਵਰਗੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਨਾਲ ਚਾਲਕ ਅਮਲਾ ਆਸਾਨੀ ਨਾਲ ਸਿੱਝ ਲੈਂਦਾ ਹੈ। ਪਰ ਪੁਸ਼ਪਕ ਐਕਸਪ੍ਰੈਸ ਦੇ ਮਾਮਲੇ ਵਿਚ ਜੋ ਕੁਝ ਵਾਪਰਿਆ, ਉਸ ਨੇ ਚਾਲਕ ਅਮਲੇ ਨੂੰ ਹਰਕਤ ਵਿਚ ਆਉਣ ਦਾ ਮੌਕਾ ਹੀ ਨਹੀਂ ਦਿੱਤਾ। ਲਿਹਾਜ਼ਾ, ਹਾਦਸੇ ਲਈ ਰੇਲਵੇ ਨੂੰ ਕਸੂਰਵਾਰ ਨਹੀਂ ਦੱਸਿਆ ਜਾਣਾ ਚਾਹੀਦਾ।
ਇਹ ਪੱਖ ਅਪਣੇ ਆਪ ਵਿਚ ਤਰਕਪੂਰਨ ਹੈ ਪਰ ਹਕੀਕਤ ਇਹ ਵੀ ਹੈ ਕਿ ਭਾਰਤੀ ਰੇਲਵੇ ਦੇ ਆਵਾਜਾਈ ਸੁਰੱਖਿਆ ਪ੍ਰਬੰਧਾਂ ਨੇ ਮੁਸਾਫ਼ਰਾਂ ਨੂੰ ਕਦੇ ਵੀ ਨਿਸ਼ਚਿੰਤ ਨਹੀਂ ਬਣਾਇਆ। ਰੇਲਵੇ ਦਾ ਅਪਣਾ ਰਿਕਾਰਡ ਵੀ ਇਸੇ ਅਸੁਰੱਖਿਆ ਦੀ ਤਸਦੀਕ ਕਰਦਾ ਹੈ। ਦੁਨੀਆਂ ਦੇ 10 ਵੱਡੇ ਰੇਲ ਨੈੱਟਵਰਕਾਂ ਵਿਚੋਂ ਹਾਦਸਿਆਂ ਦੀ ਔਸਤ ਗਿਣਤੀ ਪੱਖੋਂ ਭਾਰਤੀ ਰੇਲਵੇ ਤੀਜੇ ਨੰਬਰ ’ਤੇ ਹੈ। ਇਹ ਸਹੀ ਹੈ ਕਿ ਭਾਰਤੀ ਰੇਲਵੇ ਰੋਜ਼ਾਨਾ 13,169 ਯਾਤਰੀ ਗੱਡੀਆਂ ਚਲਾਉਂਦੀ ਹੈ ਜੋ ਔਸਤਨ ਤਿੰਨ ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਦੀਆਂ ਹਨ ਅਤੇ 7325 ਰੇਲਵੇ ਸਟੇਸ਼ਨਾਂ ਉੱਤੇ ਰੁਕਦੀਆਂ ਹਨ। ਇਸ ਗਿਣਤੀ ਪੱਖੋਂ ਰੇਲਵੇ ਉੱਤੇ ਬੋਝ ਸੱਚਮੁਚ ਹੀ ਬਹੁਤ ਜ਼ਿਆਦਾ ਹੈ ਅਤੇ ਇਸ ਬੋਝ ਦਾ ਮੰਦਾ ਅਸਰ ਟਰੈਕਾਂ ਤੇ ਗੱਡੀਆਂ ਦੀ ਮੁਰੰਮਤ ਤੇ ਸਾਂਭ-ਸੰਭਾਲ ਉੱਤੇ ਵੀ ਪੈਂਦਾ ਹੈ।
ਪਰ ਦੂਜੇ ਪਾਸੇ ਭਾਰਤੀ ਰੇਲਵੇ ਦੁਨੀਆਂ ਵਿਚ ਸੱਭ ਤੋਂ ਵੱਡੀ ਨੌਕਰੀਦਾਤਾ ਵੀ ਹੈ ਅਤੇ ਇਸ ਵਿਚ ਨੌਕਰੀਯਾਫਤਾ ਸਥਾਈ ਤੇ ਅਸਥਾਈ ਮੁਲਾਜ਼ਮਾਂ ਦੀ ਗਿਣਤੀ ਵੀ ਲੱਖਾਂ ਵਿਚ ਹੈ। ਇਸ ਕੋਲ ਮਾਨਵ-ਸ਼ਕਤੀ, ਮਸ਼ੀਨੀ-ਸ਼ਕਤੀ ਤੇ ਤਕਨੀਕੀ ਸ਼ਕਤੀ ਪੱਖੋਂ ਉਹ ਸਾਰੇ ਸਾਧਨ ਮੌਜੂਦ ਹਨ ਜੋ ਇਸ ਨੂੰ ਮਨੁੱਖੀ ਸਫ਼ਰ ਤੇ ਮਾਲ-ਅਸਬਾਬ ਦੀ ਢੋਆ-ਢੁਆਈ ਪੱਖੋਂ ਸੁਰੱਖਿਅਤ ਅਦਾਰਾ ਬਣਾ ਸਕਦੇ ਹਨ। ਜੇ ਅਜਿਹਾ ਅਕਸ ਹੁਣ ਤਕ ਨਹੀਂ ਬਣਿਆ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਤੇ ਜਵਾਬਦੇਹੀ ਦੀ ਵੀ ਘਾਟ ਹੈ ਅਤੇ ਫ਼ਰਜ਼ਸ਼ੱਨਾਸੀ ਦੀ ਵੀ। ਉਪਰੋਂ ਭ੍ਰਿਸ਼ਟਾਚਾਰ ਵੀ ਇਸ ਅਦਾਰੇ ਲਈ ਵੱਡਾ ਘੁਣ ਬਣਿਆ ਹੋਇਆ ਹੈ।
ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਪਿਛਲੇ ਸਾਲ ਸਤੰਬਰ ਮਹੀਨੇ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਸੀ ਕਿ ਰੇਲ ਯਾਤਰਾ ਨੂੰ ਸੁਰੱਖਿਅਤ ਬਣਾਉਣ ਵਾਸਤੇ ਜੋ ਉਪਾਅ ਕੇਂਦਰ ਸਰਕਾਰ ਕਰਦੀ ਆਈ ਹੈ, ਉਹ ਹੁਣ ਕਾਰਗਰ ਸਾਬਤ ਹੋ ਰਹੇ ਹਨ। ਦਸ ਵਰ੍ਹੇ ਪਹਿਲਾਂ ਤਕ ਹਰ ਸਾਲ ਔਸਤ 171 ਹਾਦਸੇ ਹੁੰਦੇ ਸਨ, ਹੁਣ ਇਹ ਔਸਤ ਘੱਟ ਕੇ 40 ਉੱਤੇ ਆ ਗਈ ਹੈ। ਸਰਕਾਰੀ ਰਿਕਾਰਡਾਂ ਮੁਤਾਬਿਕ ਪਿਛਲੇ ਪੰਜ ਵਰਿ੍ਹਆਂ ਦੌਰਾਨ 200 ਦੇ ਕਰੀਬ ਹਾਦਸੇ ਹੋਏ। ਇਨ੍ਹਾਂ ਵਿਚ 371 ਮੌਤਾਂ ਹੋਈਆਂ ਅਤੇ 970 ਲੋਕ ਜ਼ਖ਼ਮੀ ਹੋਏ। 2002-03 ਤੋਂ 2011-12 ਤਕ ਦੇ ਦਹਾਕੇ ਦੌਰਾਨ ਸਾਲਾਨਾ ਮੌਤਾਂ ਦੀ ਔਸਤ 222 ਤੋਂ ਘੱਟ ਨਹੀਂ ਸੀ ਹੁੰਦੀ। ਇਹ ਅੰਕੜੇ ਉਨ੍ਹਾਂ ਦਿਨਾਂ ਦੇ ਮੁਕਾਬਲੇ ਮੌਜੂਦਾ ਵਰਿ੍ਹਆਂ (ਭਾਵ ਮੋਦੀ ਯੁਗ) ਦੌਰਾਨ ਰੇਲ ਸੁਰੱਖਿਆ ਦੀ ਖ਼ੁਸ਼ਨੁਮਾ ਤਸਵੀਰ ਪੇਸ਼ ਕਰਦੇ ਹਨ। ਪਰ ਪੁਸ਼ਪਕ ਐਕਸਪ੍ਰੈਸ ਵਾਲਾ ਦੁਖਾਂਤ ਇਹ ਦਰਸਾਉਂਦਾ ਹੈ ਕਿ ਅਸਲ ਤਸਵੀਰ ਅਜੇ ਵੀ ਭਾਰਤੀ ਰੇਲਵੇ ਦੇ ਮਾਟੋ ‘ਆਪ ਕੀ ਯਾਤਰਾ ਸੁਖਦ ਰਹੇ’ ਵਾਲੀ ਨਹੀਂ। ਇਸ ਸੱਚਾਈ ਤੋਂ ਸਰਕਾਰ ਵੀ ਮੁਨਕਰ ਨਹੀਂ ਹੋ ਸਕਦੀ।