
ਤੇਜਾ ਦੀ ਮਾਂ ਦਾ ਦਰਦ ਸਮਝ ਆਉਂਦਾ ਹੈ ਭਾਵੇਂ ਕਿ ਉਸ ਦੇ ਮੁੰਡੇ ਵਿਰੁਧ 38 ਪਰਚੇ ਦਰਜ ਹਨ ਤੇ ਭਰਾ ਪਹਿਲਾਂ ਹੀ ਸਜ਼ਾ ਭੁਗਤ ਰਿਹਾ ਹੈ।
ਅੱਜ ਮੈਨੂੰ ਦੋ ਮਾਵਾਂ ਦੀ ਕੁਰਲਾਹਟ ਸੁਣਾਈ ਦੇ ਰਹੀ ਹੈ। ਇਕ ਪਾਸੇ ਕਾਂਸਟੇਬਲ ਕੁਲਦੀਪ ਸਿੰਘ ਦੀ ਮਾਂ ਦੇ ਹੌਕੇ ਹਨ ਅਤੇ ਦੂਜੇ ਪਾਸੇ ਗੈਂਗਸਟਰ ਤੇਜਾ ਦੀ ਮਾਂ ਦੀਆਂ ਚੀਕਾਂ ਹਨ। ਉਹ ਅਪਣੇ ਆਪ ਨੂੰ ਕੋਸ ਰਹੀ ਹੈ ਕਿ ਉਸ ਨੇ ਅਪਣੇ ਪੁੱਤਰ ਨੂੰ ਘਰੋਂ ਬਾਹਰ ਕਿਉਂ ਜਾਣ ਦਿਤਾ? ਕਈ ਵਾਰ ਮਾਵਾਂ ਦਾ ਦਿਲ ਕਰਦਾ ਹੈ ਕਿ ਅਪਣੇ ਬੱਚਿਆਂ ਨੂੰ ਮੁੜ ਤੋਂ ਕੁੱਖਾਂ ਵਿਚ ਛੁਪਾ ਲੈਣ ਕਿਉਂਕਿ ਦੁਨੀਆਂ ਵਿਚ ਸਾਡੇ ਸਾਰਿਆਂ ਦੇ ਬੱਚੇ ਉਚਾਈਆਂ ਤੇ ਨਹੀਂ ਪਹੁੰਚ ਸਕਦੇ। ਕਈਆਂ ਦੇ ਬੱਚੇ ਇਸ ਦੁਨੀਆਂ ਵਿਚ ਬੜਾ ਦਰਦਨਾਕ ਅੰਤ ਵੇਖ ਕੇ ਜਾਂਦੇ ਹਨ ਤੇ ਅੱਜ ਮੁੜ ਤੋਂ ਪੰਜਾਬ ਦੀਆਂ ਮਾਵਾਂ ਦਾ ਵਿਰਲਾਪ ਮੈਨੂੰ ਸਤਾ ਰਿਹਾ ਹੈ।
ਜਿਥੇ ਸਾਡੇ ਕਈ ਨੌਜਵਾਨ ਸਮਾਜ ਦੀਆਂ ਉਚਾਈਆਂ ਨੂੰ ਛੂਹ ਕੇ ਚਮਕਣ ਲਗਦੇ ਹਨ, ਉਥੇ ਹੋਰ ਬਹੁਤ ਸਾਰੇ ਹਨ ਜੋ ਨਸ਼ੇ ਅਤੇ ਵੱਖ ਵੱਖ ਮਾਫ਼ੀਆ ਗਰੁੱਪਾਂ ਦੀ ਦਲਦਲ ਵਿਚ ਧਸੀ ਜਾ ਰਹੇ ਹਨ। ਪੰਜਾਬ ਵਿਚ ਪੰਜਵੀਂ ਨਿਵੇਸ਼ ਸਮਿਟ ਵਾਲੇ ਦਿਨ ਨੌਜਵਾਨਾਂ ਅੰਦਰ ਨਵੀਂ ਉਦਯੋਗ ਨੀਤੀ ਪ੍ਰਤੀ ਜਾਣੂ ਹੋਣ, ਮਾਹਰਾਂ ਅਤੇ ਪ੍ਰਮੁੱਖ ਉਦਯੋਗਪਤੀਆਂ ਨਾਲ ਮਿਲਣ ਦੇ ਮੌਕੇ ਦਾ ਉਤਸ਼ਾਹ ਘੱਟ ਹੀ ਨਜ਼ਰ ਆ ਰਿਹਾ ਸੀ ਕਿਉਂਕਿ ਨੌਜਵਾਨ ਤਾਂ ਇਕ ਸਦਮੇ ਵਿਚ ਚਲੇ ਗਏ ਲਗਦੇ ਹਨ। ਜਦ ਵੀ ਕਿਸੇ ਨੌਜਵਾਨ ਨੂੰ ਮਾਰਿਆ ਜਾਂਦਾ ਹੈ (ਭਾਵੇਂ ਤੇਜਾ ਵਾਂਗ ਕਾਂਸਟੇਬਲ ਕੁਲਦੀਪ ਦਾ ਕਤਲ ਹੀ ਕਿਉਂ ਹੀ ਨਾ ਕੀਤਾ ਹੋਵੇ) ਉਨ੍ਹਾਂ ਦੀਆਂ ਮਾਵਾਂ ਰੋਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ 80ਵਿਆਂ ਵਿਚ ਗੁਆਚੇ ਅਪਣੇ ਬਾਪ ਤੇ ਭਰਾ ਯਾਦ ਆ ਜਾਂਦੇ ਹਨ ਅਤੇ ਇਸ ਪਿਛੋਕੜ ਵਿਚ, ਅੱਜ ਪੰਜਾਬ ਨੂੰ ਕੁੱਝ ਸਵਾਲ ਅਪਣੇ ਆਪ ਨੂੰ ਹੀ ਪੁਛਣੇ ਪੈਣਗੇ। ਕੀ ਉਹ ਲੋਕ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਤੇ ਰਾਜਧਾਨੀ ਦੀ ਲੜਾਈ ਲੜੀ ਸੀ ਤੇ ਜੋ ਅੱਜ ਨਸ਼ਾ ਅਤੇ ਗੈਂਗਸਟਰਵਾਦ ਨੂੰ ਅਪਣਾ ਪੇਸ਼ਾ ਬਣਾ ਚੁੱਕੇ ਹਨ, ਕੀ ਉਹ ਇਕੋ ਹੀ ਤਰਾਜ਼ੂ ਵਿਚ ਤੋਲੇ ਜਾ ਸਕਦੇ ਹਨ?
ਤੇਜਾ ਦੀ ਮਾਂ ਦਾ ਦਰਦ ਸਮਝ ਆਉਂਦਾ ਹੈ ਭਾਵੇਂ ਕਿ ਉਸ ਦੇ ਮੁੰਡੇ ਵਿਰੁਧ 38 ਪਰਚੇ ਦਰਜ ਹਨ ਤੇ ਭਰਾ ਪਹਿਲਾਂ ਹੀ ਸਜ਼ਾ ਭੁਗਤ ਰਿਹਾ ਹੈ। ਉਸ ਦਾ ਘਰ ਤਾਂ ਖ਼ਾਲੀ ਹੋ ਗਿਆ ਹੈ ਪਰ ਕਾਂਸਟੇਬਲ ਕੁਲਦੀਪ ਦਾ ਪਿਤਾ ਵੀ ਕੰਮ ਤੇ ਮਾਰਿਆ ਗਿਆ ਤੇ ਮਾਂ ਦਾ ਇਕਲੌਤਾ ਪੁੱਤਰ ਵੀ ਮਾਰਿਆ ਗਿਆ ਤੇ ਘਰ ਉਸ ਦਾ ਵੀ ਖ਼ਾਲੀ ਹੋ ਚੁਕਿਆ ਹੈ। ਪਰ ਇਨ੍ਹਾਂ ਦੋਹਾਂ ਮੁੰਡਿਆਂ ਵਿਚ ਅੰਤਰ ਕੀ ਸੀ ਅਤੇ ਕੀ ਉਸ ਅੰਤਰ ਨੂੰ 80ਵਿਆਂ ਦੇ ਨੌਜਵਾਨਾਂ ਨਾਲ ਮਿਲਾਇਆ ਜਾ ਸਕਦਾ ਹੈ ਜਾਂ ਉਸ ਵੇਲੇ ਦੀ ਪੁਲਿਸ ਨੂੰ ਅੱਜ ਦੀ ਪੁਲਿਸ ਨਾਲ ਹੀ ਮਿਲਾਇਆ ਜਾ ਸਕਦਾ ਹੈ?
ਜਦ 5ਵੀਂ ਪੰਜਾਬ ਸਮਿਟ ਤੇ ਪੁਰਾਣੇ ਪੰਜਾਬੀ ਉਦਯੋਗਪਤੀ, ਦੇਸ਼ ਵਿਦੇਸ਼ ਤੋਂ ਆਏ ਨਵੇਂ ਉਦਯੋਗਪਤੀਆਂ ਨੂੰ ਅਪਣੇ ਤਜਰਬਿਆਂ ਸਮੇਤ ਇਹ ਦਸ ਰਹੇ ਸਨ ਕਿ ਪੰਜਾਬ ਸੁਰੱਖਿਅਤ ਹੈ ਤੇ ਪੰਜਾਬ ਵਿਚ ਸਫ਼ਲ ਹੋਣਾ ਮੁਸ਼ਕਲ ਨਹੀਂ ਹੈ ਤਾਂ ਸਾਰੇ ਦੇਸ਼ ਵਿਚ ਟੀਵੀ ਚੈਨਲਾਂ ਤੇ ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾਈਆਂ ਜਾ ਰਹੀਆਂ ਸਨ।
ਟੀ.ਵੀ. ਤੇ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੁਲਿਸ ਤੇ ਹਾਵੀ ਹੋਣ ਦੀਆਂ ਤਸਵੀਰਾਂ ਵਿਖਾਈਆਂ ਜਾ ਰਹੀਆਂ ਸਨ ਜਿਥੇ ਡਾਂਗਾਂ ਤੇ ਨੰਗੀਆਂ ਤਲਵਾਰਾਂ ਦੀ ਪ੍ਰਦਰਸ਼ਨੀ ਹੋ ਰਹੀ ਸੀ ਅਤੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਅਪਣੀ ਢਾਲ ਬਣਾ ਰਹੇ ਸਨ। ਉਨ੍ਹਾਂ ਨੇ ਪੁਲਿਸ ਨੂੰ ਹੀ ਘੇਰ ਕੇ ਪੰਜਾਬ ਦੀ ਇਹ ਗ਼ਲਤ ਤਸਵੀਰ ਸਾਰੇ ਭਾਰਤ ਵਿਚ ਫੈਲਣ ਦਾ ਰਸਤਾ ਕੱਢ ਲਿਆ। ਪਰ ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਪਾਲ ਸਿੰਘ ਅਪਣੇ ਆਪ ਨੂੰ ਭਾਈ ਅਖਵਾਉਂਦੇ ਹਨ ਜੋ ਕਿ ਇਕ ਸਿਆਣਾ ਮਾਰਗ ਦਰਸ਼ਕ ਮੰਨਿਆ ਜਾਂਦਾ ਹੈ ਪਰ ਉਹ ਜਿਸ ਗੱਲ ਨੂੰ ਕਾਰਨ ਬਣਾ ਕੇ ਤਾਕਤ ਦਾ ਵਿਖਾਵਾ ਕਰਨ ਕਰ ਰਹੇ ਹਨ, ਉਹ ਇਕ ਹੋਰ ਨੌਜਵਾਨ ਦੀ, ਅਪਣੇ ਉਤੇ ਹੋਏ ਤਸ਼ੱਦਦ ਦੀ ਸ਼ਿਕਾਇਤ ਹੈ, ਨਾ ਕਿ ਪੰਜਾਬ ਦੇ ਹੱਕਾਂ ਅਧਿਕਾਰਾਂ ਦੀ ਗੱਲ।