ਜਿਸ ਧਰਤੀ ਨੇ ਬਾਦਲ ਨੂੰ 5 ਵਾਰ CM ਬਣਾਇਆ, ਉਸ ਮਿੱਟੀ ਲਈ ਬਾਦਲ ਨੇ ਜ਼ਰਾ ਵੀ ਦਰਦ ਨਹੀਂ ਵਿਖਾਇਆ
Published : Feb 25, 2019, 9:33 am IST
Updated : Feb 25, 2019, 9:33 am IST
SHARE ARTICLE
Raja Warring Interview
Raja Warring Interview

ਬਾਦਲ ਅਕਾਲੀ ਦਲ ਤਾਂ ਹੁਣ ਨਹੀਂ ਉਠ ਸਕਦਾ, ਕੋਈ ਨਵਾਂ ਅਕਾਲੀ ਦਲ ਭਾਵੇਂ ਜੰਮ ਪਵੇ

ਸਵਾਲ - ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ 'ਚ ਇਕ ਬਾਗ਼ੀ ਲੀਡਰ ਵਜੋਂ ਜਾਣਿਆ ਜਾਂਦਾ ਹੈ, ਇਹ ਇਲਜ਼ਾਮ ਤੁਹਾਡੇ 'ਤੇ ਹਮੇਸ਼ਾ ਲਗਦਾ ਹੈ, ਕਿਉਂ ?

ਜਵਾਬ - ਨਹੀਂ, ਮੈਨੂੰ ਬਾਗ਼ੀ ਤਾਂ ਨਹੀਂ ਆਖਿਆ ਜਾਂਦਾ। ਹਾਂ, ਏਨਾ ਜ਼ਰੂਰ ਹੈ ਕਿ ਮੈਂ ਅਪਣੀ  ਆਤਮਾ ਦੀ ਅਵਾਜ਼ ਸੁਣ ਕੇ ਹਮੇਸ਼ਾ ਉਥੇ ਬੋਲਦਾ ਹਾਂ ਜਿਥੇ ਲੋਕਾਂ ਨੂੰ ਮੇਰੀ ਲੋੜ ਹੁੰਦੀ ਹੈ। ਜਿਥੇ ਮੇਰੇ ਪਰਵਾਰ ਨਾਲ, ਮੇਰੀ ਪਾਰਟੀ ਨਾਲ ਜਾਂ ਮੇਰੇ ਲੋਕਾਂ ਨਾਲ ਧੱਕਾ ਹੋ ਰਿਹਾ ਹੁੰਦਾ ਹੈ, ਮੈਂ ਉਥੇ ਹਮੇਸ਼ਾ ਅਪਣੀ ਆਵਾਜ਼ ਬੁਲੰਦ ਕਰਦਾ ਹਾਂ। 

ਸਵਾਲ - ਤੁਸੀਂ ਵਿਧਾਨ ਸਭਾ ਵਿਚ ਪ੍ਰਾਈਵੇਟ ਬਸਾਂ ਦਾ ਮੁੱਦਾ ਚੁਕਿਆ, ਤੁਸੀਂ ਕੀ ਸਮਝਦੇ ਹੋ ਕਿ ਇਹ ਮੁੱਦਾ ਇਸ ਤਰੀਕੇ ਨਾਲ ਚੁਕਿਆ ਜਾਣਾ ਚਾਹੀਦਾ ਹੈ ? 

ਜਵਾਬ - ਜੀ ਬਿਲਕੁਲ, ਅਜੇ ਪਰਸੋਂ ਹੀ ਇਕ ਹਾਦਸੇ ਵਿਚ ਤਿੰਨ ਜਣਿਆਂ ਦੀ ਜਾਨ ਚਲੀ ਗਈ। ਮੈਂ ਪਿਛਲੇ ਕਈ ਸਾਲਾਂ ਤੋਂ ਦੇਖਦਾ ਆ ਰਿਹਾ ਹਾਂ ਕਿ ਵੱਡੀਆਂ-ਵੱਡੀਆਂ ਬਸਾਂ ਗ਼ਰੀਬ ਲੋਕਾਂ ਨੂੰ ਕੁਚਲ ਰਹੀਆਂ ਹਨ। ਧਨਾਢ ਲੋਕਾਂ ਦੀਆਂ ਬਸਾਂ ਲਈ ਕੋਈ ਨਿਯਮ ਨਹੀਂ, ਇਨ੍ਹਾਂ ਦੇ ਪਰਮਿਟਾਂ ਦੀ ਕੋਈ ਜਾਂਚ ਨਹੀਂ, ਮੇਰਾ ਅਵਾਜ਼ ਚੁੱਕਣ ਦਾ ਮਤਲਬ ਇਹੀ ਹੈ

ਕਿ ਇਨ੍ਹਾਂ ਬਸਾਂ ਲਈ ਕੋਈ ਨਿਯਮ ਬਣੇ ਕਿਉਂਕਿ ਪਿਛਲੇ 2 ਸਾਲਾਂ ਵਿਚ 11 ਲੋਕਾਂ ਦੀ ਜਾਨ ਇਨ੍ਹਾਂ ਬਸਾਂ ਨੇ ਲਈ ਹੈ। ਤੁਸੀਂ ਮੋਗਾ ਬੱਸ ਕਾਂਡ ਬਾਰੇ ਤਾਂ ਜਾਣਦੇ ਹੀ ਹੋ, 24 ਲੱਖ ਰੁਪਏ ਵਿਚ ਧਨਾਢ ਬਸਾਂ ਦੇ ਮਾਲਕਾਂ ਨੇ ਇਕ ਗ਼ਰੀਬ ਕੁੜੀ ਦੀ ਜਾਨ ਦਾ ਸੌਦਾ ਕੀਤਾ ਸੀ। ਡਰਾਈਵਰਾਂ, ਕੰਡਕਟਰਾਂ ਦਾ ਡੋਪ ਟੈਸਟ ਵੀ ਲਾਜ਼ਮੀ ਹੋਣਾ ਚਾਹੀਦਾ ਹੈ।

ਸਵਾਲ - ਪੀਆਰਟੀਸੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਤੇ ਧਨਾਢ ਲੋਕਾਂ ਦੀਆਂ ਨਿਜੀ ਬਸਾਂ ਲਗਾਤਾਰ ਮੁਨਾਫ਼ਾ ਕਮਾਉਂਦੀਆਂ ਜਾ ਰਹੀਆਂ ਨੇ, ਆਖ਼ਰ ਕੀ ਕਾਰਨ ਹੈ ਕਿ ਹੁਣ ਤੁਹਾਡੀ ਸਰਕਾਰ ਹੈ ਫਿਰ ਵੀ ਕੁਝ ਨਹੀਂ ਹੋ ਰਿਹਾ ?

ਜਵਾਬ - ਦੇਖੋ ਟਰਾਂਸਪੋਰਟ ਨੀਤੀ ਲਾਗੂ ਕਰਨ ਵਿਚ ਕਾਫ਼ੀ ਦਿਕਤਾਂ ਆ ਰਹੀਆਂ ਨੇ। ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ, ਦੋ-ਤਿੰਨ ਵਾਰ ਸਟੇਅ ਵੀ ਹੋ ਚੁਕਿਆ ਹੈ। ਅਕਾਲੀਆਂ ਦੀ ਮਲਕੀਅਤ ਵਾਲੀਆਂ ਬਸਾਂ ਨੂੰ 5000 ਤੋਂ ਵੱਧ ਐਕਸਟੈਂਸ਼ਨਾਂ ਮਿਲੀਆਂ ਹੋਈਆਂ ਹਨ। ਇਨ੍ਹਾਂ ਅਕਾਲੀਆਂ ਨੇ ਹੀ ਸੂਬੇ ਦੀ ਟਰਾਂਸਪੋਰਟ ਪ੍ਰਣਾਲੀ ਦਾ ਸੱਤਿਆਨਾਸ ਕਰ ਕੇ ਰੱਖ ਦਿਤਾ ਹੈ। ਸਾਡੀ ਸਰਕਾਰ ਨੇ ਪਿਛਲੇ ਕੁੱਝ ਸਮੇਂ ਦੌਰਾਨ ਇਨ੍ਹਾਂ ਨੂੰ ਨੋਟਿਸ ਵੀ ਦਿਤੇ ਪਰ ਹੇਠਲੇ ਦਰਜੇ ਦੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਇਹ ਅਕਾਲੀ ਲੀਡਰ ਬਚਦੇ ਜਾ ਰਹੇ ਹਨ।   

ਸਵਾਲ - ਪਰ ਸਰਕਾਰ ਤਾਂ ਤੁਹਾਡੀ ਹੈ। ਅਜਿਹੇ ਵਿਚ ਇਹ ਕਹਿਣਾ ਕਿ ਅਫ਼ਸਰਾਂ ਦੀ ਮਿਲੀਭੁਗਤ ਨਾਲ ਅਕਾਲੀ ਦਲ ਦੇ ਕੁੱਝ ਲੀਡਰ ਨਿਯਮਾਂ ਨੂੰ ਛਿੱਕੇ ਟੰਗ ਕੇ ਅਪਣੀਆਂ ਬਸਾਂ ਚਲਾਉਂਦੇ ਆ ਰਹੇ ਹਨ। ਕੀ ਇਹ ਜਾਇਜ਼ ਹੈ ?

ਜਵਾਬ - 100 ਫ਼ੀ ਸਦੀ ਸਹੀ ਕਿਹਾ ਤੁਸੀਂ। ਅਸੀਂ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਵਿਚ ਆਏ ਹਾਂ। ਸਰਕਾਰ ਨੇ ਕੁੱਝ ਚੰਗੇ ਕੰਮ ਵੀ ਕੀਤੇ ਹਨ ਪਰ ਜਿਥੇ-ਜਿਥੇ ਕਮੀਆਂ ਨੇ ਉਥੇ ਕੰਮ ਕਰਨ ਦੀ ਲੋੜ ਹੈ। ਸਾਰਿਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਲੋੜ ਹੈ। ਕਿਉਂਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ 3 ਸਾਲਾਂ ਬਾਅਦ ਅਸੀਂ ਫਿਰ ਲੋਕਾਂ ਵਿਚ ਜਾਣਾ ਹੈ ਤੇ ਬਿਨਾਂ ਕੰਮ ਕੀਤੇ ਅਸੀਂ ਕਿਹੜੇ ਮੂੰਹ ਨਾਲ ਦੁਬਾਰਾ ਲੋਕਾਂ ਦੀ ਕਚਿਹਰੀ ਵਿਚ ਜਾਵਾਂਗੇ? ਹਾਂ, ਕਮਜ਼ੋਰੀਆਂ ਜ਼ਰੂਰ ਹਨ ਪਰ ਮੈਂ ਉਮੀਦ ਕਰਦਾ ਹਾਂ ਕਿ ਕੈਪਟਨ ਸਰਕਾਰ ਜਿਵੇਂ ਯਤਨਸ਼ੀਲ ਹੈ ਤਾਂ ਆਉਣ ਵਾਲੇ ਸਮੇਂ ਵਿਚ ਹਰ ਤਰ੍ਹਾਂ ਦੇ ਮਾਫ਼ੀਏ ਉਤੇ ਨਕੇਲ ਕਸੀ ਜਾਵੇਗੀ। 

ਸਵਾਲ - ਲੋਕਾਂ ਦੀ ਅਵਾਜ਼ ਮੰਨੇ ਜਾਂਦੇ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਪਟਨ ਸਰਕਾਰ ਦੇ ਹਾਲ ਹੀ ਵਿਚ ਪੇਸ਼ ਕੀਤੇ ਤੀਜੇ ਬਜਟ ਨੂੰ ਕਿਹੜੀ ਨਜ਼ਰ ਨਾਲ ਵੇਖਦੇ ਹਨ ?

ਜਵਾਬ - ਬਜਟ ਕਾਫ਼ੀ ਵਧੀਆ ਹੈ। ਪਿਛਲੀ ਵਾਰ ਵੀ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲਈ ਚੰਗਾ ਪੈਸਾ ਰਖਿਆ ਸੀ। ਐਤਕੀ ਫੇਰ ਅਸੀਂ ਵੱਡੀ ਰਕਮ ਕਿਸਾਨਾਂ ਲਈ ਰੱਖੀ ਹੈ ਤਾਂ ਜੋ ਉਨ੍ਹਾਂ ਦਾ ਕਰਜ਼ਾ ਮਾਫ਼ ਹੋ ਸਕੇ। ਸਮਾਰਟ ਫ਼ੋਨ ਦੇਣ ਦੇ ਵਾਅਦੇ ਨੂੰ ਵੀ ਅਸੀਂ ਬਜਟ ਵਿਚ ਥਾਂ ਦਿਤੀ ਹੈ। ਪਿੰਡਾਂ-ਸ਼ਹਿਰਾਂ ਦੇ ਵਿਕਾਸ ਲਈ ਵੀ ਪੈਸੇ ਰੱਖੇ ਗਏ ਹਨ। ਮੈਨੂੰ ਉਮੀਦ ਨਹੀਂ ਕਿ ਜਿਹੜੇ ਸੂਬੇ ਉਤੇ 2 ਲੱਖ 8 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਹੋਵੇ ਉਥੋਂ ਦੀ ਸਰਕਾਰ ਇੰਨੇ ਵਧੀਆ ਤਰੀਕੇ ਨਾਲ ਸਾਰੇ ਵਰਗਾਂ ਲਈ ਕੁੱਝ ਨਾ ਕੁੱਝ ਕਰ ਰਹੀ ਹੋਵੇ, ਵਾਕਿਆ ਹੀ ਚੰਗੇ ਭਵਿੱਖ ਦੀ ਨਿਸ਼ਾਨੀ ਹੈ। 

ਸਵਾਲ - ਕਾਂਗਰਸ ਸਰਕਾਰ ਨੇ ਨਸ਼ੇ ਦੇ ਮੁੱਦੇ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਦੇ ਨੂੰ ਲੈ ਕੇ ਲੋਕਾਂ ਤੋਂ ਵੋਟਾਂ ਮੰਗੀਆਂ, ਕੀ ਤੁਹਾਨੂੰ ਨਹੀਂ ਲਗਦਾ ਕਿ ਸਰਕਾਰ ਇਹੋ ਜਿਹੇ ਸੰਵੇਦਨਸ਼ੀਲ ਮੁੱਦਿਆਂ ਉਤੇ ਹੌਲੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ ? 

ਜਵਾਬ - ਜਿਥੋਂ ਤਕ ਨਸ਼ੇ ਦੀ ਗੱਲ ਹੈ ਹਰ ਕੋਈ ਇਹੀ ਕਹਿੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਨਸ਼ਾ ਖ਼ਤਮ ਕਰ ਦੀ ਗੱਲ ਕਹੀ ਸੀ ਤੇ ਅਸਲੀਅਤ ਇਹੀ ਹੈ ਕਿ ਕੈਪਟਨ ਸਾਬ੍ਹ ਅਪਣੇ ਇਸ ਵਾਅਦੇ 'ਤੇ ਲਗਾਤਾਰ ਪਹਿਰਾ ਦੇ ਰਹੇ ਹਨ। ਪਰ ਇਹ ਵੀ ਕਹਿਣਾ ਗ਼ਲਤ ਹੈ ਕਿ ਨਸ਼ੇ ਨੂੰ ਰੋਕਣ ਦੀ ਜ਼ਿੰਮੇਵਾਰੀ ਸਿਰਫ਼ ਮੁੱਖ ਮੰਤਰੀ, ਐਸਟੀਐਫ਼ ਜਾਂ ਫਿਰ ਪੰਜਾਬ ਪੁਲਿਸ ਦੀ ਹੈ, ਸਾਨੂੰ ਸੱਭ ਨੂੰ ਅਪਣੇ ਆਲੇ-ਦੁਆਲੇ ਨਜ਼ਰ ਰਖਣੀ ਪਵੇਗੀ ਤੇ ਨਸ਼ਾ ਕਰਨ ਵਾਲਿਆਂ ਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਪਵੇਗੀ। 

ਸਵਾਲ - ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਚਿੱਟੇ ਦੇ ਵੱਡੇ ਮਗਰਮੱਛਾਂ ਨੂੰ ਫੜਨ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰ ਤਾਂ ਬਣ ਗਈ ਪਰ ਵੱਡੇ ਮਗਰਮੱਛਾਂ ਦੀ ਬਜਾਏ ਸਰਕਾਰ ਛੋਟੀਆਂ ਮੱਛੀਆਂ ਨੂੰ ਹੀ ਹੱਥ ਪਾ ਰਹੀ ਹੈ। ਅਜਿਹਾ ਕਿਉਂ ?

ਜਵਾਬ - ਦੇਖੋ ਨਸ਼ੇ ਦੇ ਧੰਦੇ ਵਿਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਫੜਨ ਲਈ ਸਬੂਤ ਹੋਣੇ ਜ਼ਰੂਰੀ ਹਨ। ਜੇਕਰ ਸਬੂਤ ਨਹੀਂ ਹੋਣਗੇ ਤਾਂ ਤੁਸੀਂ ਉਨ੍ਹਾਂ ਨੂੰ ਕਿਵੇਂ ਫੜੋਗੇ। ਜੇ ਫੜ ਵੀ ਲਿਆ ਤਾਂ ਉਹ ਚੋਰ ਮੋਰੀਆਂ ਰਾਹੀਂ ਕਾਨੂੰਨ ਦੇ ਸ਼ਿਕੰਜੇ ਵਿਚੋਂ ਰਿਹਾਅ ਹੋ ਜਾਣਗੇ। ਸੋ, ਮੈਨੂੰ ਲਗਦਾ ਹੈ ਕਿ ਵੱਡੇ ਮਗਰਮੱਛ ਹੁਣ ਸ਼ਾਂਤ ਹੋ ਗਏ ਨੇ, ਹਵਾਵਾਂ ਦਾ ਰੁਖ ਦੇਖ ਕੇ, ਕਿ ਹੁਣ ਸਾਡੇ ਨਾਲ ਬੁਰਾ ਹੋਣ ਵਾਲਾ ਹੈ। ਅਸੀਂ ਵੀ ਮੌਕੇ ਦੀ ਭਾਲ ਵਿਚ ਹਾਂ ਤੇ ਇਹ ਸਮਾਂ ਵੀ ਜਲਦ ਆਏਗਾ। 

ਸਵਾਲ - ਕੀ ਇਹੋ ਜਿਹੇ ਪੰਥਕ ਮੁੱਦਿਆਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਪੇਸ਼ ਕਰ ਕੇ ਸਿਆਸੀ ਲਾਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ?

ਜਵਾਬ - ਅਕਾਲੀ ਦਲ ਹੁਣ ਖ਼ਤਮ ਹੋ ਚੁੱਕਿਆ ਹੈ। ਜਦੋਂ ਤੋਂ ਅਕਾਲੀ ਦਲ ਹੋਂਦ ਵਿਚ ਆਇਆ ਹੈ ਜਾਂ ਦੇਸ਼ ਆਜ਼ਾਦ ਹੋਇਆ ਹੈ, ਪਹਿਲੀ ਵਾਰੀ ਇਹੋ ਜਿਹੇ ਹਾਲਾਤ ਬਣੇ ਹਨ ਕਿ ਅਕਾਲੀ ਦਲ ਅਪਣੀ ਹੋਂਦ ਲਈ ਹੱਥ-ਪੈਰ ਮਾਰ ਰਿਹਾ ਹੋਵੇ। ਹੁਣ ਕੋਈ ਨਵਾਂ ਅਕਾਲੀ ਦਲ ਤਾਂ ਬਣ ਸਕਦਾ ਹੈ ਪਰ ਬਾਦਲਾਂ ਦੇ ਕਬਜ਼ੇ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਮੁਕੰਮਲ ਖ਼ਾਤਮੇ ਵਲ ਵਧ ਰਿਹਾ ਹੈ।

ਸਵਾਲ - ਜੇ ਮੌਜੂਦਾ ਅਕਾਲੀ ਦਲ, ਟਕਸਾਲੀ ਅਕਾਲੀ ਦਲ ਤੇ ਬੀਜੇਪੀ ਮਿਲ ਜਾਣ ਜਿਵੇਂ ਪਿਛਲੇ ਕੁੱਝ ਦਿਨਾਂ ਤੋਂ ਬੀਜੇਪੀ ਤੇ ਸੁਖਦੇਵ ਸਿੰਘ ਢੀਂਡਸਾ ਦੀ ਨੇੜਤਾ ਦੀਆਂ ਕਨਸੋਆਂ ਨੇ ਫਿਰ ਕੀ ਕਰੋਗੇ, ਕੀ ਕਾਂਗਰਸ ਦਾ ਇਹ ਆਤਮ-ਵਿਸ਼ਵਾਸ ਲੋੜ ਤੋਂ ਵੱਧ ਨਹੀਂ ਦਿਖ ਰਿਹਾ ?

ਜਵਾਬ - ਦੇਖੋ, ਕੂੜੇ ਦੇ ਢੇਰ ਵਿਚ ਜਿਸ ਮਰਜ਼ੀ ਚੀਜ਼ ਨੂੰ ਸੁੱਟ ਦਿਉ, ਉਹ ਖ਼ਰਾਬ ਹੋ ਜਾਏਗੀ। ਸੋ, ਮੈਨੂੰ ਨਹੀਂ ਲਗਦਾ ਕਿ ਟਕਸਾਲੀ ਅਕਾਲੀ ਦਲ ਜਾਂ ਕੋਈ ਹੋਰ ਪਾਰਟੀ ਪੁਰਾਣੇ ਅਕਾਲੀ ਦਲ ਨਾਲ ਰਿਸ਼ਤਾ ਜੋੜੇਗੀ। ਜੇ ਅਜਿਹਾ ਹੁੰਦਾ ਹੈ ਤਾਂ ਉਸ ਦਾ ਵੀ ਮੁਕੰਮਲ ਖ਼ਾਤਮਾ ਹੋਣਾ ਲਾਜ਼ਮੀ ਹੈ। 

ਸਵਾਲ - ਫੇਰ ਤੁਸੀਂ ਮੁੱਖ ਵਿਰੋਧੀ ਕਿਸ ਨੂੰ ਮੰਨਦੇ ਹੋ? 

ਜਵਾਬ - ਜੇਕਰ  ਸੀਟਾਂ ਦੀ ਗੱਲ ਕਰੀਏ ਤਾਂ ਫਿਲਹਾਲ ਆਮ ਆਦਮੀ ਪਾਰਟੀ ਹੀ ਵਿਰੋਧੀ ਧਿਰ ਵਿਚ ਹੈ। ਵਿਰੋਧੀ ਧਿਰ ਦਾ ਆਗੂ ਵੀ ਆਪ ਦਾ ਹੀ ਹੈ।

ਸਵਾਲ - ਕੀ ਤੁਸੀਂ ਇਹ ਮੰਨਦੇ ਹੋ ਐਤਕੀ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ਕਾਂਗਰਸ ਨੂੰ ਮਿਲਣਗੀਆਂ? 

ਜਵਾਬ - ਲਗਦਾ ਨਹੀਂ ਜੀ, ਪੱਕਾ ਹੈ ਕਿ ਐਤਕੀ ਪੰਜਾਬ ਦੇ ਲੋਕ ਇਤਿਹਾਸ ਸਿਰਜਣਗੇ ਤੇ ਸਾਰੀਆਂ ਸੀਟਾਂ ਕਾਂਗਰਸ ਦੀ ਝੋਲੀ ਪੈਣਗੀਆਂ। ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਰੇ ਲੋਕ ਸਾਨੂੰ ਪਿਆਰ ਕਰਦੇ ਹਨ, ਸਾਡੇ ਵਿਚ ਵੀ ਕੁੱਝ ਕਮੀਆਂ ਰਹੀਆਂ ਹੋਣਗੀਆਂ, ਪਰ ਲੋਕ ਸਾਨੂੰ ਹੀ ਚੁਣਨਗੇ।

ਸਵਾਲ - ਕੀ ਤੁਸੀਂ ਵੀ ਲੋਕ ਸਭਾ ਦੀ ਟਿਕਟ ਦੇ ਚਾਹਵਾਨ ਹੋ, ਕੀ ਤੁਸੀਂ ਐਮਪੀ ਚੋਣ ਲਈ ਕਿਸੇ ਹਲਕੇ ਤੋਂ ਅਪਲਾਈ ਕੀਤਾ ਹੈ ?

ਜਵਾਬ - ਨਹੀਂ ਜੀ, ਮੈਂ ਲੋਕ ਸਭਾ ਚੋਣ ਲੜਨ ਦਾ ਇਛੁੱਕ ਨਹੀਂ ਹਾਂ। ਇਹ ਵੀ ਨਹੀਂ ਕਿ ਲੋਕ ਪਿਆਰ ਨਹੀਂ ਕਰਦੇ ਪਰ ਬਾਦਲਾਂ ਦੇ ਗੜ੍ਹ ਤੋਂ ਚੋਣ ਜਿੱਤਣਾ ਬੜਾ ਔਖਾ ਕੰਮ ਹੈ।

ਸਵਾਲ - ਪਰ ਰੈਲੀਆਂ ਵਿਚ ਤੁਸੀਂ ਬਾਦਲਾਂ ਨੂੰ ਬਿਲਕੁਲ ਵੀ ਨਹੀਂ ਬਖ਼ਸ਼ਦੇ, ਕਿਤੇ ਇਹ ਨਿਜੀ ਰੰਜ਼ਿਸ਼ ਤਾਂ ਨਹੀਂ ?

ਜਵਾਬ - ਬਾਦਲਾਂ ਨੂੰ ਬਖਸ਼ਣਾ ਵੀ ਨਹੀਂ ਚਾਹੀਦਾ। ਨਹੀਂ, ਮੇਰੀ ਨਿਜੀ ਰੰਜਿਸ਼ ਨਹੀਂ ਕੋਈ, ਮੈਂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿਚ ਚਲਾ ਜਾਂਦਾ ਸੀ ਤੇ ਇਹੀ ਸਵਾਲ ਕਰਦਾ ਸੀ ਤੁਸੀਂ ਸਿਰਫ਼ ਲੰਬੀ, ਗਿੱਦੜਬਾਹਾ ਜਾਂ ਜਲਾਲਾਬਾਦ ਦੇ ਮੁੱਖ ਮੰਤਰੀ ਨਹੀਂ ਹੋ, ਤੁਸੀਂ ਪੂਰੇ ਪੰਜਾਬ ਦੇ ਮੁੱਖ ਮੰਤਰੀ ਹੋ। ਬਾਦਲ ਸਾਬ੍ਹ ਦਾ ਏਜੰਡਾ ਹੁੰਦਾ ਸੀ ਤੇ ਸੰਗਤ ਦਰਸ਼ਨਾਂ ਦੇ ਜ਼ਰੀਏ ਅਪਣੇ ਚਹੇਤਿਆਂ ਨੂੰ ਖੁਲ੍ਹੇ ਗੱਫੇ ਦਿਤੇ ਜਾਂਦੇ ਸੀ।

ਜਾਣਬੁੱਝ ਕੇ ਪਿੰਡਾਂ ਦੇ ਅਕਾਲੀ ਲੀਡਰਾਂ ਨੂੰ ਲੱਖਾਂ ਰੁਪਏ ਵੰਡੇ ਜਾਂਦੇ ਸੀ ਤਾਂ ਜੋ ਉਹ ਅਕਾਲੀ ਦਲ ਦੀਆਂ ਰੈਲੀਆਂ ਵਿਚ ਭੀੜ ਜੁਟਾ ਸਕਣ। ਹੈਰਾਨੀ ਦੀ ਗੱਲ ਇਹ ਹੈ ਜਿਹੜੀ ਧਰਤੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਮੁੱਖ ਮੰਤਰੀ ਬਣਾਇਆ ਉਨ੍ਹਾਂ ਨੇ ਇਸ ਮਿੱਟੀ ਲਈ ਰੱਤੀ ਭਰ ਵੀ ਦਰਦ ਨਹੀਂ ਦਿਖਾਇਆ। 

ਸਵਾਲ - ਤੁਹਾਡਾ ਕੀ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਹੁੰਦਿਆਂ ਲੋਕਾਂ ਨੂੰ ਸੰਗਤ ਦਰਸ਼ਨਾਂ ਵਿਚ ਮਿਲਦੇ ਜ਼ਰੂਰ ਸੀ ਪਰ ਕੰਮ ਨਹੀਂ ਸੀ ਕਰਦੇ ਤੇ ਕੈਪਟਨ ਅਮਰਿੰਦਰ ਸਿੰਘ ਕੰਮ ਕਰਦੇ ਹਨ ਪਰ ਉਹ ਲੋਕਾਂ ਨੂੰ ਉਨਾ ਨਹੀਂ ਮਿਲਦੇ ?

ਜਵਾਬ - ਬਾਦਲ ਸਾਬ੍ਹ ਨੇ ਤਾਂ ਦੁਧ ਵੇਚਣ ਵਾਲੇ ਦਿਆਲ ਸਿੰਘ ਕੋਲਿਆਂਵਾਲੀ ਵਰਗਿਆਂ ਨੂੰ ਧਨਾਢ ਬਣਾ ਦਿਤਾ, ਜਿਨ੍ਹਾਂ ਦੇ ਹੁਣ 15 ਕਿੱਲਿਆਂ ਵਿਚ ਮਹਿਲ ਬਣੇ ਹੋਏ ਹਨ। ਇਹ ਨੀਤੀ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ। ਉਹ ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਸੱਭ ਲਈ ਵਿਕਾਸ ਨੀਤੀਆਂ ਬਣਾ ਕੇ ਉਨ੍ਹਾਂ ਨੂੰ ਲਾਗੂ ਕਰਨ ਵਿਚ ਯਕੀਨ ਰਖਦੇ ਹਨ। ਪ੍ਰਕਾਸ਼ ਸਿੰਘ ਬਾਦਲ ਤਾਂ ਲੋਕਾਂ ਦੇ ਭੋਗ ਤੇ ਵੀ ਹੈਲੀਕਾਪਟਰ 'ਤੇ ਚੜ੍ਹ ਕੇ ਜਾਂਦੇ ਸੀ।

ਸਵਾਲ - ਤੁਸੀਂ ਗ਼ੈਰ-ਸਿਆਸੀ ਪਿਛੋਕੜ ਵਾਲੇ ਪਰਵਾਰ ਤੋਂ ਹੋ। ਤੁਸੀਂ ਸਿਆਸਤ ਵਿਚ ਕਿਉਂ ਆਏ?

ਜਵਾਬ - ਮੈਂ ਧਨਵਾਦੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬਾ ਨਾਨਕ ਜੀ ਦਾ। ਮੈਂ ਤਾਂ ਕਦੇ ਸੋਚ ਵੀ ਨਹੀਂ ਸੀ ਸਕਦਾ ਕਿ ਮੈਂ ਸਿਆਸਤ ਵਿਚ ਆਵਾਂਗਾ। ਮੈਨੂੰ ਵਿਧਾਇਕ ਬਣਨ ਮਗਰੋਂ ਇਕ ਵਾਰ ਰਾਹੁਲ ਗਾਂਧੀ ਨੇ ਪੁਛਿਆ ਸੀ ਕਿ ਰਾਜਾ, ਤੁਸੀਂ ਕੀ ਬਣਨਾ ਚਾਹੁੰਦੇ ਹੋ ਤਾਂ ਮੇਰਾ ਜਵਾਬ ਸੀ, ''ਜਦੋਂ ਮੈਂ ਬਜ਼ੁਰਗ ਹੋ ਜਾਵਾਂਗਾ ਤਾਂ ਅਪਣੇ ਪੋਤਿਆਂ ਨੂੰ ਕਿਹਾ ਕਰਾਂਗਾ ਕਿ ਦੇਖੋ ਤੁਹਾਡਾ ਦਾਦਾ ਇਕ ਵਾਰ ਐਮਐਲਏ ਬਣ ਗਿਆ ਸੀ ਜਿਹੜਾ ਆਮ ਘਰ ਤੋਂ ਉਠਿਆ ਜਿਸ ਦਾ ਪਿਉ ਚੌਕੀਦਾਰ ਵੀ ਨਹੀਂ ਸੀ। ਤੁਸੀਂ ਮੈਨੂੰ 33 ਸਾਲ ਦੀ ਉਮਰ ਵਿਚ ਐਮਐਲਏ ਬਣਾ ਦਿਤਾ। ਹੁਣ ਮੈਨੂੰ ਕਿਸੇ ਹੋਰ ਚੀਜ਼ ਦੀ ਲਾਲਸਾ ਨਹੀਂ। 

ਸਵਾਲ - ਪਰ ਸਿਆਸਤ ਵਿਚ ਆਉਣ ਦੀ ਚਿੰਗਾਰੀ ਆਖ਼ਰ ਲੱਗੀ ਕਿਵੇਂ ?

ਜਵਾਬ - ਮੈਂ ਛੋਟੇ ਹੁੰਦਿਆਂ ਬੜਾ ਸ਼ਰਾਰਤੀ ਸੀ। ਸਕੂਲ ਵੇਲੇ ਵੀ ਮੈਂ ਵੱਡਿਆਂ ਮੁੰਡਿਆਂ ਦੀ ਅਗਵਾਈ ਕੀਤੀ ਹੈ। ਬਸ ਇਹੋ ਜਿਹੇ ਵਿਵਹਾਰ ਕਰ ਕੇ ਮੇਰਾ ਘੇਰਾ ਵੱਡਾ ਹੁੰਦਾ ਗਿਆ ਤੇ ਇਸ ਤਰ੍ਹਾਂ ਰਾਜਾ ਦੀ ਸ਼ੁਰੂਆਤ ਹੋਈ। ਮੈਂ ਖੁਸ਼ਕਿਸਮਤ ਵੀ ਹਾਂ, ਮੈਂ ਤਾਂ ਅਕਾਲੀ ਰਾਜ ਵਿਚ ਵੀ ਅਪਣੇ ਸੁਭਾਅ ਨਾਲ ਅਧਿਕਾਰੀਆਂ ਕੋਲੋਂ ਕੰਮ ਕਰਵਾ ਲੈਂਦਾ ਸੀ।

ਸਵਾਲ - ਸਿਆਸਤ ਵਿਚ ਤੁਹਾਡੇ ਕੀ ਸੁਪਨੇ ਹਨ? ਕੀ ਤੁਸੀਂ ਮੰਤਰੀ ਬਣਨਾ ਚਾਹੁੰਦੇ ਹੋ ? 

ਜਵਾਬ - ਦੇਖੋ ਸੁਪਨੇ ਸਾਰਿਆਂ ਦੇ ਹੁੰਦੇ ਹਨ। ਮੁੱਖ ਮੰਤਰੀ ਬਣਨਾ ਵੀ ਔਖਾ ਨਹੀਂ ਪਰ ਅਜਿਹਾ ਇਨਸਾਨ ਬਣਨਾ ਚਾਹੀਦਾ ਹੈ ਜਿਵੇਂ ਦੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਸਨ। ਲੋਕ ਸਾਰੇ ਮੰਤਰੀਆਂ ਨੂੰ ਸਮਾਂ ਪੈਣ 'ਤੇ ਭੁੱਲ ਜਾਂਦੇ ਨੇ ਪਰ ਉਹੀ ਲੋਕ ਹਮੇਸ਼ਾ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਨੇ ਜਿਨ੍ਹਾਂ ਨੇ ਕੁੱਝ ਵਖਰਾ ਕੀਤਾ ਹੁੰਦਾ ਹੈ। 

ਸਵਾਲ - ਸਿਆਸਤਦਾਨ ਨੂੰ ਅਪਣੀ ਕੁਰਸੀ ਬੜੀ ਪਿਆਰੀ ਹੁੰਦੀ ਹੈ। ਯੂਥ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਜਾਣ ਮਗਰੋਂ ਕਿਵੇਂ ਦਾ ਮਹਿਸੂਸ ਕੀਤਾ ? 

ਜਵਾਬ - ਹਾਂ ਇਹ ਗੱਲ ਤਾਂ ਹੈ ਕਿਉਂਕਿ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਕਿਸੇ ਮੁੱਖ ਮੰਤਰੀ ਦੀ ਕੁਰਸੀ ਤੋਂ ਘੱਟ ਨਹੀਂ। ਮੁੱਖ ਮੰਤਰੀ ਤਾਂ ਸਿਰਫ਼ ਅਪਣੇ ਸੂਬੇ ਤਕ ਹੀ ਸੀਮਤ ਹੁੰਦਾ ਹੈ ਪਰ ਯੂਥ ਕਾਂਗਰਸ ਪ੍ਰਧਾਨ ਵਜੋਂ ਮੈਨੂੰ ਸਾਰੇ ਭਾਰਤ ਵਿਚ ਲੋਕ ਜਾਣਦੇ ਹਨ, ਤੇ ਇਹ ਸਿਰਫ਼ ਰਾਹੁਲ ਗਾਂਧੀ ਸਦਕਾ ਹੀ ਹੋ ਸਕਿਆ। ਮੈਨੂੰ ਇਸ ਦੀ ਕਮੀ ਕਾਫੀ ਰੜਕਦੀ ਹੈ।

ਸਵਾਲ - ਪੰਜਾਬ ਦੇ ਨੌਜਵਾਨ ਇਸ ਵੇਲੇ ਬਹੁਤ ਨਿਰਾਸ਼ ਨੇ। ਨੌਜਵਾਨ ਆਗੂ ਹੋਣ ਨਾਤੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ?

ਜਵਾਬ - ਇਹ ਗੱਲ ਸਹੀ ਹੈ ਕਿ ਨੌਜਵਾਨਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ। ਜਦੋਂ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਉਹ ਨਸ਼ਿਆਂ ਵਲ ਚਲੇ ਜਾਂਦੇ ਹਨ। ਪਰ ਨੌਜਵਾਨਾਂ ਨੂੰ ਗਿਆਨੀ ਜ਼ੈਲ ਸਿੰਘ ਤੇ ਡਾ. ਮਨਮੋਹਨ ਸਿੰਘ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਮੇਰੀ ਨੌਜਵਾਨਾਂ ਨੂੰ ਇਹੀ ਸਲਾਹ ਹੈ ਕਿ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਉ। 

ਸਵਾਲ - ਕੀ ਤੁਸੀਂ ਵੀ ਕਦੇ ਨਿਰਾਸ਼ ਹੋਏ ਹੋ ? ਅਜਿਹੇ ਮਾਹੌਲ ਵਿਚੋਂ ਤੁਸੀਂ ਅਪਣੇ ਆਪ ਨੂੰ ਕਿਵੇਂ ਬਾਹਰ ਕਢਦੇ ਰਹੇ ਹੋ ?

ਜਵਾਬ - ਨਿਮਰਤ ਜੀ, ਮੈਂ ਤੁਹਾਡੇ ਸਾਹਮਣੇ ਜ਼ਿੰਦਾ ਜਾਗਦਾ ਉਦਾਹਰਣ ਹਾਂ। ਮੈਂ ਮਹਿਜ਼ 6 ਸਾਲ ਦਾ ਸੀ ਜਦੋਂ ਮੇਰੇ ਮਾਤਾ-ਪਿਤਾ ਮੇਰੇ ਕੋਲੋਂ ਦੂਰ ਹੋ ਗਏ। ਉਸ ਵੇਲੇ ਮੈਨੂੰ ਕੁੱਝ ਵੀ ਨਹੀਂ ਪਤਾ ਸੀ। ਮੇਰੇ ਨਾਨੀ ਜੀ ਨੇ ਮੈਨੂੰ ਪੜ੍ਹਾਇਆ ਲਿਖਾਇਆ ਤੇ ਇਸ ਜੋਗਾ ਕੀਤਾ ਕਿ ਮੈਂ ਅਪਣਾ ਚੰਗਾ-ਬੁਰਾ ਸਮਝ ਸਕਾਂ। ਮੇਰੀ ਇਕ ਭੈਣ ਵੀ ਹੈ, ਇਸ ਵੇਲੇ ਉਹ ਕੈਨੇਡਾ ਵਿਚ ਰਹਿੰਦੇ ਹਨ। ਮੈਂ ਹਮੇਸ਼ਾ ਅਪਣੇ ਮਨ ਵਿਚ ਸੱਚਾਈ ਤੇ ਮਿਹਨਤ ਲੈ ਕੇ ਚਲਿਆ ਹਾਂ। ਬਾਕੀ ਮੇਰੇ ਨਾਨੀ ਜੀ ਨੇ ਮੈਨੂੰ ਔਖੇ ਪਲਾਂ ਵਿਚੋਂ ਬਾਹਰ ਨਿਕਲਣ ਦਾ ਵੀ ਹੌਸਲਾ ਸਿਖਾਇਆ। ਜੇ ਤੁਹਾਡੇ ਅੰਦਰ ਲੜਾਈ ਲੜਨ ਦਾ ਜਜ਼ਬਾ ਹੈ ਤਾਂ ਬਾਬਾ ਨਾਨਕ ਹਮੇਸ਼ਾ ਤੁਹਾਡੀ ਅਗਵਾਈ ਕਰਦੇ ਹਨ। 

ਸਵਾਲ - ਤੁਸੀਂ ਸਿਆਸੀ ਜ਼ਿੰਦਗੀ ਤੇ ਪਰਿਵਾਰਕ ਜ਼ਿੰਦਗੀ ਨੂੰ ਕਿਵੇਂ ਬਰਾਬਰ ਕਰਦੇ ਹੋ ?

ਜਵਾਬ - ਸਿਆਸਤ ਮੇਰਾ ਜਨੂੰਨ ਹੈ। ਮੇਰੀ ਪਤਨੀ ਕਈ ਵਾਰ ਨਰਾਜ਼ ਵੀ ਹੁੰਦੀ ਹੈ। ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਮਾਂ ਕੱਢ ਕੇ ਉਹਨਾਂ ਨੂੰ ਮਿਲਾਂ। ਸਵੇਰੇ ਸਕੂਲ ਜਾਣ ਵੇਲੇ ਅਪਣੇ ਬੱਚਿਆਂ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਰਾਤ ਨੂੰ ਵੀ ਗੱਲਬਾਤ ਕਰਦਾ ਹਾਂ। ਪਰ ਹਾਂ ਇਕ ਗੱਲ ਜ਼ਰੂਰ ਹੈ ਕਿ ਮੇਰੇ ਬੱਚੇ ਹੁਣ ਵੱਡੇ ਹੋ ਰਹੇ ਹਨ ਤੇ ਜਿਹੜੇ ਪਲ ਮੈਂ ਅਪਣੇ ਬੱਚਿਆਂ ਨਾਲ ਬਿਤਾਏ ਨੇ, ਇਹ ਮੁੜ ਕੇ ਨਹੀਂ ਆਉਣੇ। 

ਸਵਾਲ - ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ-ਬਹੁਤ ਸ਼ੁਕਰੀਆ।

ਜਵਾਬ -  ਨਿਮਰਤ ਜੀ, ਤੁਹਾਡਾ ਵੀ ਸ਼ੁਕਰੀਆ। ਤੁਸੀਂ ਹਮੇਸ਼ਾ ਹੱਕ-ਸੱਚ ਦੀ ਲੜਾਈ ਲੜਦੇ ਆ ਰਹੇ ਹੋ। ਭਾਵੇਂ ਅੱਜ ਬਹੁਤ ਸਾਰੇ ਅਖ਼ਬਾਰ ਤੇ ਹੋਰ ਪੋਰਟਲ ਚਲਾ ਰਹੇ ਨੇ ਪਰ ਇਕ ਗੱਲ ਜ਼ਰੂਰ ਹੈ ਤੁਹਾਡੇ ਵਾਂਗ ਤੁਹਾਡੇ ਦਰਸ਼ਕ ਨੇ ਜਿਹੜੇ ਤੁਹਾਡੇ ਨਾਲ ਹਮੇਸ਼ਾ ਖੜੇ ਨੇ ਤੇ ਇਹ ਸਿਰਫ਼ ਤੁਹਾਡੇ ਹੱਕ-ਸੱਚ ਨਾਲ ਲੜਨ ਕਰ ਕੇ ਹੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM
Advertisement