
ਮੋਦੀ ਜੀ ਅਨੇਕਾਂ ਵਾਰ ਅਪਣੇ ਮਨ ਦੀ ਬਾਤ ਕਹਿ ਚੁੱਕੇ ਹਨ, ਪਰ ਮੋਦੀ ਜੀ ਜਿਹੜੇ ਲੋਕਾਂ ਨੇ ਤੁਹਾਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੈ, ਉਨ੍ਹਾਂ ਦੇ ਮਨ ਦੀ ਬਾਤ...
ਮੋਦੀ ਜੀ ਅਨੇਕਾਂ ਵਾਰ ਅਪਣੇ ਮਨ ਦੀ ਬਾਤ ਕਹਿ ਚੁੱਕੇ ਹਨ, ਪਰ ਮੋਦੀ ਜੀ ਜਿਹੜੇ ਲੋਕਾਂ ਨੇ ਤੁਹਾਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੈ, ਉਨ੍ਹਾਂ ਦੇ ਮਨ ਦੀ ਬਾਤ ਵੀ ਕਦੇ ਸੁਣੋ। ਸੁਣੋ ਉਨ੍ਹਾਂ ਕਰੋੜਾਂ ਭਾਰਤੀਆਂ ਦੇ ਮਨ ਦੀ ਬਾਤ ਜਿਨ੍ਹਾਂ ਦੇ ਮਨ ਕਰਜ਼ੇ ਅਤੇ ਕੰਗਾਲੀ ਨੇ ਧੁਰ ਅੰਦਰ ਤਕ ਚੀਰ ਦਿਤੇ ਹਨ। ਅੱਜ ਵੀ ਭਾਰਤ ਦੇਸ਼ ਦੇ ਕਰੋੜਾਂ ਵਾਸੀ ਕੁੱਲੀ, ਗੁੱਲੀ ਤੇ ਜੁੱਲੀ ਲਈ ਤਰਸ ਰਹੇ ਹਨ।
ਸੁਣੋ ਮੋਦੀ ਜੀ ਉਨ੍ਹਾ ਭਾਰਤੀਆਂ ਦੀ ਗੱਲ ਜਿਹੜੇ ਅਪਣੀ ਅਤੇ ਬੱਚਿਆਂ ਦੀ ਜ਼ਿੰਦਗੀ ਰੇਲਵੇ ਬਰਿੱਜਾਂ ਹੇਠ ਗੁਜ਼ਾਰ ਦਿੰਦੇ ਹਨ। ਮੋਦੀ ਜੀ ਸੁਣੋ ਉਨ੍ਹਾਂ ਭਾਰਤੀਆਂ ਦੀ ਗੱਲ ਜਿਹੜੇ ਕਰੋੜਾਂ ਭਾਰਤੀ ਸ਼ਾਮ ਵੇਲੇ ਰੋਟੀ ਤੋਂ ਬਗ਼ੈਰ ਭੁੱਖੇ ਸੌਂਦੇ ਹਨ। ਮੋਦੀ ਜੀ ਇਹ ਕਿੱਧਰ ਦਾ ਵਿਕਾਸ ਹੈ ਕਿ ਕਰੋੜਾਂ ਟਨ ਅਨਾਜ ਸਾਂਭਣ ਖੁਣੋਂ ਭਾਰਤ ਦੇ ਗੋਦਾਮਾਂ ਵਿਚ ਸੜ ਰਿਹਾ ਹੈ,
ਪਰ ਦੂਜੇ ਪਾਸੇ ਲੱਖਾਂ ਭਾਰਤੀ ਭੁੱਖ ਦੇ ਤੋੜੇ ਮਰ ਰਹੇ ਹਨ। ਅੱਜ ਭਾਰਤ ਦੇਸ਼ ਵਿਚ 10 ਕਰੋੜ ਲੋਕ ਰੋਜ਼ਾਨਾ ਭੁੱਖੇ ਸੌਂਦੇ ਹਨ। ਮੋਦੀ ਜੀ, ਭੁਖਿਆਂ ਨੂੰ ਰੋਟੀ ਦੀ ਲੋੜ ਹੈ ਨਾ ਕਿ ਤੁਹਾਡੇ ਮਨ ਦੀ ਬਾਤ ਦੀ। ਸਾਡੇ ਭਾਰਤ ਦੇਸ਼ ਵਿਚ 100 ਵਿਚੋਂ 50 ਫ਼ੀ ਸਦੀ ਲੋਕ ਹਰ ਸਾਲ ਇਲਾਜ ਖੁਣੋਂ ਮਰ ਜਾਂਦੇ ਹਨ। ਮੋਦੀ ਜੀ, ਇਹੋ ਜਿਹਾ ਭਾਰਤ ਲੈ ਕੇ ਆਉ ਜਿਸ ਭਾਰਤ ਭਾਰਤ ਦਾ ਨਾਂ ਲੈਣਾ ਵੀ ਫ਼ਖ਼ਰ ਵਾਲੀ ਗੱਲ ਹੋਵੇ।
ਕੁੱਝ ਸਾਲ ਪਹਿਲਾਂ ਹੀ ਇਹ ਦੇਸ਼ ਅਮਰੀਕਾ ਵਰਗੇ ਦੇਸ਼ ਅੱਗੇ ਅਨਾਜ ਲਈ ਤਰਲੇ ਪਾਉਂਦਾ ਸੀ। ਹਰ ਸਾਲ ਸਾਡੇ ਦੇਸ਼ ਦੇ ਲੀਡਰ ਠੂਠਾ ਫੜ ਕੇ ਬਾਹਰਲੇ ਦੇਸ਼ਾਂ ਵਿਚ ਅਨਾਜ ਮੰਗਣ ਜਾਂਦੇ ਸਨ ਪਰ ਮੈਂ ਸਦਕੇ ਜਾਵਾਂ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਜਿਨ੍ਹਾਂ ਟਿੱਬੇ ਢਾਲੇ, ਬੰਨੇ ਪੁੱਟੇ ਅਤੇ ਅਨਾਜ ਲਈ ਦੇਸ਼ ਨੂੰ ਆਤਮ ਨਿਰਭਰ ਕੀਤਾ, ਪਰ ਇਸ ਦੇ ਬਦਲੇ ਕਿਸਾਨ-ਮਜ਼ਦੂਰ ਨੂੰ ਕੀ ਮਿਲਿਆ? ਸਿਰਫ਼ ਤੇ ਸਿਰਫ਼ ਕਰਜ਼ੇ ਦੀਆਂ ਪੰਡਾਂ, ਖ਼ੁਦਕੁਸ਼ੀਆਂ, ਨਾਮੁਰਾਦ ਬਿਮਾਰੀਆਂ। ਸਾਡਾ ਭਾਰਤ 70 ਫ਼ੀ ਸਦੀ ਖੇਤੀ ਉਤੇ ਨਿਰਭਰ ਹੈ,
ਪਰ ਜੇਕਰ ਖੇਤੀ ਹੀ ਨਾ ਰਹੀ ਤਾਂ ਦੇਸ਼ ਦਾ ਕੀ ਬਣੇਗਾ? ਮੋਦੀ ਜੀ, ਬਹੁਤ ਹੋ ਗਈ ਤੁਹਾਡੇ ਮਨ ਦੀ ਬਾਤ, ਹੁਣ ਤੁਸੀ ਖ਼ੁਦਕੁਸ਼ੀਆਂ ਕਰ ਰਹੇ ਦੇਸ਼ ਦੇ ਅੰਨਦਾਤੇ ਦੀ ਬਾਤ ਸੁਣੋ। ਮੈਨੂੰ ਯਕੀਨ ਤਾਂ ਨਹੀਂ ਕਿ ਮੋਦੀ ਜੀ ਦੇਸ਼ ਦੇ ਅੰਨਦਾਤੇ ਦੀ ਬਾਤ ਸੁਣ ਕੇ ਉਸ ਦਾ ਨਿਵਾਰਨ ਕਰਨਗੇ, ਪਰ ਜੇ ਮੋਦੀ ਜੀ ਇੰਜ ਕਰਦੇ ਹਨ ਤਾਂ ਭਾਰਤ ਵਾਸੀ ਤੁਹਾਡਾ ਧਨਵਾਦ ਹੀ ਕਰਨਗੇ।
-ਸੁਖਪਾਲ ਸਿੰਘ ਮਾਣਕ ਕਣਕਵਾਲ ਜ਼ਿਲ੍ਹਾ ਸੰਗਰੂਰ, ਸੰਪਰਕ : 98722-31523